ਗੁਰਦਾਸਪੁਰ ‘ਚ ਗੈਂਗਵਾਰ, ਤਿੰਨ ਮੌਤਾਂ

firing

ਗੁਰਦਾਸਪੁਰ (ਸੱਚ ਕਹੂੰ ਨਿਊਜ਼) । ਗੁਰਦਾਸਪੁਰ ਸ਼ਹਿਰ ‘ਚ ਅੱਜ ਦੁਪਹਿਰ ਵੇਲੇ ਕੁਝ ਅਣਪਛਾਤੇ ਵਿਅਕਤੀਆਂ ਨੇ ਕਾਰ ‘ਚ ਸਵਾਰ ਪੰਜ ਨੌਜਵਾਨਾਂ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਭੱਜਣ ‘ਚ ਕਾਮਯਾਬ ਰਿਹਾ ਅਤੇ ਦੂਜੇ ਨੇ ਕਾਰ ਹੇਠਾਂ ਲੁਕ ਕੇ ਜਾਨ ਬਚਾਈ। ਮ੍ਰਿਤਕਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਸੂਬੇਦਾਰ ਨਿਵਾਸੀ ਮੁਸਤਫ਼ਾਬਾਦ, ਸੁਖਚੈਨ ਸਿੰਘ ਲਾਡੀ ਉਰਫ਼ ਜੱਟ ਵਾਸੀ ਸੰਗਲਪੁਰਾ ਅਤੇ ਹੈਪੀ ਪੁੱਤਰ ਗੁਰਦੇਵ ਸਿੰਘ ਵਾਸੀ ਪੁਲ ਤਿੱਬੜੀ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਸੂਬੇਦਾਰ ਨਾਂਅ ਦਾ ਨੌਜਵਾਨ ਨਾਮਵਰ ਗੈਂਗਸਟਰ ਦੱਸਿਆ ਜਾ ਰਿਹਾ ਹੈ ਅਤੇ ਇਸੇ ਕਰਕੇ ਪੁਲਿਸ ਵੱਲੋਂ ਵਾਰਦਾਤ ਨੂੰ ਗੈਂਗਵਾਰ ਮੰਨਿਆਂ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਕਾਹਨੂੰਵਾਨ ਬਾਈਪਾਸ ਦੇ ਕੋਲ ਪਿੰਡ ਕੋਠੇ ਨੇੜੇ ਅੱਜ ਕੁਝ ਅਣਪਛਾਤੇ ਹਮਲਾਵਰਾਂ ਨੇ ਕਾਰ ਸਵਾਰ ਨੌਜਵਾਨਾਂ ਨੂੰ ਉਸ ਵੇਲੇ ਘੇਰ ਕੇ ਗੋਲੀਆਂ ਨਾਲ ਭੁੰਨ ਸੁੱਟਿਆ ਜਦੋਂ ਉਹ ਗੁਰਦਾਸਪੁਰ ਸ਼ਹਿਰ ਤੋਂ ਕਾਹਨੂੰਵਾਨ ਵੱਲ ਨੂੰ ਕਿਸੇ ਕੰਮ ਲਈ ਜਾ ਰਹੇ ਸਨ। ਸੂਤਰਾਂ ਅਨੁਸਾਰ ਹਮਲਾਵਰਾਂ ਨੇ ਕਾਰ ਨੂੰ ਕਿਸੇ ਬਹਾਨੇ ਰੋਕ ਲਿਆ ਅਤੇ ਫ਼ਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਜਿਸ ਵਿੱਚ ਹਰਪ੍ਰੀਤ ਸਿੰਘ ਉਰਫ਼ ਸੂਬੇਦਾਰ ਅਤੇ ਸੁਖਚੈਨ ਸਿੰਘ ਲਾਡੀ ਉਰਫ਼ ਜੱਟ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ।

ਜਦਕਿ ਹੈਪੀ ਤੇ ਉਸਦੇ ਇੱਕ ਹੋਰ ਸਾਥੀ ਨੂੰ ਜ਼ਖ਼ਮੀ ਹਾਲਤ ‘ਚ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਹੈਪੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਪਰ ਉਹ ਰਸਤੇ ਵਿੱਚ ਦਮ ਤੋੜ ਗਿਆ। ਸੂਤਰਾਂ ਅਨੁਸਾਰ ਪੰਜਾਂ ਵਿੱਚੋਂ ਇੱਕ ਨੌਜਵਾਨ ਫ਼ਾਇਰਿੰਗ ਮੌਕੇ ਭੱਜਣ ‘ਚ ਕਾਮਯਾਬ ਰਿਹਾ ਜਦਕਿ ਦੂਜੇ ਨੇ ਕਾਰ ਹੇਠਾਂ ਲੁਕ ਕੇ ਜਾਨ ਬਚਾਈ। ਹਾਲਾਂਕਿ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨੂੰ ਹਮਲਾਵਰਾਂ ਵੱਲੋਂ ਅਗਵਾ ਕਰਕੇ ਲਿਜਾਣ ਦੀ ਅਫ਼ਵਾਹ ਵੀ ਫੈਲੀ ਹੋਈ ਪਰ ਪੁਲਿਸ ਨੇ ਇਸਨੂੰ ਝੂਠਾ ਦੱਸਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਗੁਰਦਾਸਪੁਰ ਭੁਪਿੰਦਰਜੀਤ ਸਿੰਘ ਵਿਰਕ ਅਤੇ ਹੋਰ ਆਲਾ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਇਸ ਮਾਮਲੇ ‘ਤੇ ਕੁਝ ਵੀ ਬੋਲਣ ਤੋਂ ਕਤਰਾ ਰਹੀ ਸੀ ਅਤੇ ਉਸ ਵੱਲੋਂ ਮੁੱਢਲੀ ਜਾਂਚ ਦੌਰਾਨ ਇਸ ਘਟਨਾ ਨੂੰ ਗੈਂਗਵਾਰ ਮੰਨਿਆਂ ਜਾ ਰਿਹਾ ਹੈ। ਵਾਰਦਾਤ ਨੂੰ ਲੈ ਕੇ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਹੈ ਅਤੇ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਚੱਲਣ ਕਾਰਨ ਲੋਕ ਕਾਫ਼ੀ ਖੌਫ਼ ਵਿੱਚ ਹਨ ।

ਸੂਤਰਾਂ ਅਨੁਸਾਰ ਕਾਰ ਹੇਠਾਂ ਲੁਕ ਕੇ ਜਾਨ ਬਚਾਉਣ ਵਾਲਾ ਨੌਜਵਾਨ ਪੁਲਿਸ ਹਿਰਾਸਤ ਵਿੱਚ ਹੈ ਅਤੇ ਉਸ ਕੋਲੋਂ ਵਾਰਦਾਤ ਸਬੰਧੀ ਗੰਭੀਰਤਾ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਉਸਦੇ ਬਚ ਜਾਣ ਨੂੰ ਵੀ ਸ਼ੱਕ ਦੀ ਨਿਗ੍ਹਾ ਨਾਲ ਦੇਖ ਰਹੀ ਹੈ ਅਤੇ ਭੱਜੇ ਨੌਜਵਾਨ ਦਾ ਵੀ ਕੋਈ ਥਹੁ ਪਤਾ ਨਹੀਂ ਲੱਗਾ ਹੈ। ਜਿਸ ਕਾਰਨ ਮਾਮਲਾ ਬੇਹੱਦ ਪੇਚੀਦਾ ਬਣਿਆ ਹੋਇਆ ਹੈ। ਲੋਕਾਂ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਤਾਬੜਤੋੜ ਗੋਲੀਬਾਰੀ ਦੌਰਾਨ ਇੱਕ ਨੌਜਵਾਨ ਕਿਵੇਂ ਭੱਜ ਗਿਆ ਅਤੇ ਦੂਜੇ ਦੀ ਜਾਨ ਕਾਰ ਹੇਠਾਂ ਲੁਕਣ ਕਾਰਨ ਕਿਵੇਂ ਬਚ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।