… ਤੇ ਜਦੋਂ ਸਰਕਾਰੀ ਮੁਲਾਜ਼ਮਾਂ ਦੀ ਗੈਰ- ਮੌਜੂਦਗੀ ’ਚ ਸਰਕਾਰੀ ਦਫ਼ਤਰਾਂ ’ਚ ਪੱਖਿਆਂ ਨੇ ਨਿਭਾਈ ਡਿਊਟੀ

ਪੰਜਾਬ ’ਚ ਥੁੜ ਦੇ ਬਾਵਜੂਦ ਸਰਕਾਰੀ ਦਫ਼ਤਰਾਂ ’ਚ ਪੱਖੇ ਖਾਲੀ ਕੁਰਸੀਆਂ ਨੂੰ ਦਿੰਦੇ ਰਹੇ ਹਵਾ

(ਜਸਵੀਰ ਗਹਿਲ/ਰਾਜਿੰਦਰ ਸ਼ਰਮਾ) ਬਰਨਾਲਾ। ਆਪਣੀਆਂ ਵੱਖ-ਵੱਖ ਮੰਗਾਂ ਦੇ ਸਬੰਧ ’ਚ ਧਰਨੇ ’ਤੇ ਗਏ ਜ਼ਿਲ੍ਹਾ ਦਫ਼ਤਰ ਦੇ ਮੁਲਾਜ਼ਮਾਂ ਦੀ ਗੈਰ- ਮੌਜੂਦਗੀ ਕਾਰਨ ਬੇਸ਼ੱਕ ਸਮੂਹ ਦਫ਼ਤਰਾਂ ’ਚ ਸੁੰਨਸਾਨ ਪੱਸਰੀ ਰਹੀ ਪਰ ਇੱਥੇ ਸਰਕਾਰੀ ਦਫ਼ਤਰਾਂ ’ਚ ਪੱਖਿਆਂ ਨੇ ਖਾਲੀ ਕੁਰਸੀਆਂ ਨੂੰ ਹਵਾ ਦੇ ਕੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ। ਸਮੂਹਿਕ ਮੁਲਾਜ਼ਮਾਂ ਦੇ ਛੁੱਟੀ ’ਤੇ ਹੋਣ ਕਾਰਨ ਖਾਲੀ ਪਏ ਦਫ਼ਤਰਾਂ ਵਿੱਚ ਆਪਣੇ ਕੰਮਕਾਰ ਲਈ ਆਏੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਛੇਵੇਂ ਤਨਖ਼ਾਹ ਕਮਿਸ਼ਨ ਦੇ ਵਿਰੋਧ ’ਚ ਪੰਜਾਬ – ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪਟਿਆਲਾ ਵਿਖੇ ਕੀਤੀ ਗਈ ‘ਹੱਲਾ ਬੋਲ’ ਰੈਲੀ ਦੇ ਸਬੰਧ ਵਿੱਚ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਮੂਹ ਮੁਲਾਜ਼ਮ ਅੱਜ ਸਮੂਹਿਕ ਛੁੱਟੀ ’ਤੇ ਸਨ ਪਰ ਥੁੜ ਦੇ ਬਾਵਜੂਦ ਸਮੂਹ ਸਰਕਾਰੀ ਦਫ਼ਤਰਾਂ ’ਚ ਬਿਜਲੀ ਦੀ ਸ਼ਰੇਆਮ ਦੁਰਵਰਤੋਂ ਹੁੰਦੀ ਦੇਖੀ ਗਈ। ਜਿੱਥੇ ਮੁਲਾਜ਼ਮਾਂ ਦੀ ਗੈਰ- ਹਾਜ਼ਰੀ ’ਚ ਛੱਤ ਵਾਲੇ ਪੱਖੇ ਤੇ ਕੂਲਰ ਖਾਲੀ ਕੁਰਸੀਆਂ ਨੂੰ ਠੰਢਕ ਦੇਣ ਲਈ ਹਵਾ ਦਿੰਦੇ ਨਜ਼ਰ ਆਏ। ਬੇਸ਼ੱਕ ਇੰਨ੍ਹਾਂ ਦਫ਼ਤਰਾਂ ਵਿੱਚ ਇੱਕਾ-ਦੁੱਕਾ ਮੁਲਾਜ਼ਮ ਮੌਜੂਦ ਸਨ ਪ੍ਰੰਤੂ ਉਨ੍ਹਾਂ ਵੱਲੋਂ ਵੀ ਬਿਜਲੀ ਬਚਾਉਣ ਦੇ ਮੰਤਵ ਨਾਲ ਪੱਖਿਆਂ ਨੂੰ ਬੰਦ ਕਰਨਾ ਮੁਨਾਸਿਬ ਨਹੀਂ ਸਮਝਿਆ ਗਿਆ। ਜਦ ਇਸ ਪ੍ਰਤੀਨਿਧ ਦੁਆਰਾ ਹਾਜਰੀਨ ਮੁਲਾਜ਼ਮਾਂ ਨੂੰ ਚਲਦੇ ਪੱਖਿਆਂ ਸਬੰਧੀ ਪੁੱਛਿਆ ਗਿਆ ਤਾਂ ਅੱਗੋਂ ਉਨ੍ਹਾਂ ਜਵਾਬ ਦੇਣ ਦੀ ਬਜਾਇ ਪੱਖੇ ਬੰਦ ਕਰਨ ਨੂੰ ਤਰਜੀਹ ਦਿੱਤੀ। ਇੱਕ ਪਾਸੇ ਬਿਜਲੀ ਦੀ ਥੁੜ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਦੂਜੇ ਪਾਸੇ ਸਰਕਾਰੀ ਬਾਬੂ ਬੇਖੌਫ਼ ਬਿਜਲੀ ਦੀ ਦੁਰਵਰਤੋਂ ਕਰ ਰਹੇ ਹਨ।

ਮੁਲਾਜ਼ਮਾਂ ਦੇ ਸਮੂਹਿਕ ਛੁੱਟੀ ’ਤੇ ਜਾਣ ਕਾਰਨ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿੱਤ ਤਹਿਸੀਲਦਾਰ ਦਫਤਰ ਦੇ ਤਹਿਸੀਲ ਕੋਰਟ, ਕਾਨੂੰਗੋ ਦਫ਼ਤਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਐਸਡੀਐੱਮ ਤੋਂ ਇਲਾਵਾ ਡੀਸੀ ਦਫਤਰ ਦੇ ਸਮੂਹ ਮੁਲਾਜ਼ਮ ਤੇ ਕਰਮਚਾਰੀ ਛੁੱਟੀ ’ਤੇ ਹੋਣ ਕਾਰਨ ਠੇਕਾ ਅਧਾਰਿਤ ਮੁਲਾਜ਼ਮ ਬੈਠੇ ਹੋਣ ਦੇ ਬਾਵਜੂਦ ਦਫ਼ਤਰਾਂ ’ਚ ਪੂਰਾ ਦਿਨ ਚੁੱਪ ਪੱਸਰੀ ਰਹੀ ਪ੍ਰੰਤੂ ਆਪਣੇ ਕੰਮਕਾਰਾਂ ਲਈ ਆਉਣ ਵਾਲਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਰਦੀਪ ਸਿੰਘ ਬਰਨਾਲਾ ਤੇ ਗੁਰਮੇਲ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਕੁੱਝ ਸਮਾਂ ਕੱਢਿਆ ਸੀ ਕਿ ਆਪਣਾ ਕੰਮ ਕਰਵਾ ਲਵਾਂਗੇ ਪ੍ਰੰਤੂ ਸਮੂਹਿਕ ਮੁਲਾਜ਼ਮਾਂ ਦੇ ਛੁੱਟੀ ’ਤੇ ਹੋਣ ਕਾਰਨ ਅੱਜ ਉਨ੍ਹਾਂ ਦਾ ਕੰਮ ਨਹੀਂ ਹੋ ਸਕਿਆ, ਜਿਸ ਕਾਰਨ ਜਿੱਥੇ ਉਨ੍ਹਾਂ ਦਾ ਕੰਮ ਅਗਲੇ ਦਿਨ ਤੱਕ ਲਟਕ ਗਿਆ ਹੈ ਉੱਥੇ ਹੀ ਉਨ੍ਹਾਂ ਦਾ ਅੱਜ ਦਿਨ ਵੀ ਬੇਕਾਰ ਚਲਾ ਗਿਆ ਹੈ।

ਸਬੰਧਿਤ ਮੁਲਾਜ਼ਮਾਂ ’ਤੇ ਹੋਵੇ ਵਿਭਾਗੀ ਕਾਰਵਾਈ

ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਤੇ ਭਾਕਿਯੂ ਏਕਤਾ ਉਗਰਾਹਾਂ ਦੇ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਇੱਕ ਪਾਸੇ ਕਿਸਾਨਾਂ ਨੂੰ ਬਿਜਲੀ ਦੀ ਮੰਗ ਦੇ ਸਿਖਰ ਦੌਰਾਨ ਵੀ ਲੋੜੀਂਦੀ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ ਤੇ ਦੂਜੇ ਪਾਸੇ ਬਿਨ੍ਹਾਂ ਲੋੜ ਦੇ ਸਰਕਾਰੀ ਦਫ਼ਤਰਾਂ ’ਚ ਬਿਜਲੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਜੋ ਬਰਦਾਸਤ ਤੋਂ ਪਰ੍ਹੇ ਹੈ। ਉਨ੍ਹਾਂ ਕਿਹਾ ਕਿ ਖਾਲੀ ਕੁਰਸੀਆਂ ਨੂੰ ਹਵਾ ਦੇ ਰਹੇ ਪੱਖਿਆਂ ਦੇ ਮਾਮਲੇ ਵਿੱਚ ਸਬੰਧਿਤ ਦਫਤਰਾਂ ਦੇ ਜਿੰਮੇਵਾਰ ਮੁਲਾਜ਼ਮਾਂ ’ਤੇ ਬਣਦੀ ਵਿਭਾਗੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਸਰਕਾਰੀ ਮੁਲਾਜ਼ਮ ਸਰਕਾਰੀ ਦਫ਼ਤਰ ਨੂੰ ਆਪਣੇ ਘਰ ਦੀ ਤਰ੍ਹਾਂ ਸਮਝ ਕੇ ਹਰ ਤਰ੍ਹਾਂ ਦੇ ਨੁਕਸਾਨ ਤੋਂ ਬਚਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ