ਸਾਬਕਾ ਮੰਤਰੀ ਆਸ਼ੂ ਦਾ ਭਗੌੜਾ ਪੀ.ਏ. ਇੰਦਰਜੀਤ ਇੰਦੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

Tender Scams

ਭਗੌੜੇ ਹੋਣ ਦੀ ਅਦਾਲਤੀ ਕਾਰਵਾਈ ਕਾਰਨ ਵਿਜੀਲੈਂਸ ਬਿਊਰੋ ਅੱਗੇ ਕੀਤਾ ਆਤਮ ਸਮਰਪਣ

  • ਆਸ਼ੂ ਦੇ ਘਰੋਂ ਮਿਲਿਆ ਗਹਿਣਿਆਂ ਤੇ ਦਸਤਾਵੇਜ਼ਾਂ ਵਾਲਾ ਬੈਗ ਲੈ ਕੇ ਇੰਦੀ ਹੋਇਆ ਸੀ ਫਰਾਰ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਹੋਏ ਬਹੁ-ਕਰੋੜੀ ਢੋਆ-ਢੁਆਈ ਸਬੰਧੀ ਟੈਂਡਰ ਘੁਟਾਲੇ (Tender Scams) ਦੇ ਭਗੌੜੇ ਮੁਲਜ਼ਮ ਇੰਦਰਜੀਤ ਸਿੰਘ ਇੰਦੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਉਸ ਵੇਲੇ ਗਿ੍ਰਫ਼ਤਾਰ ਕਰ ਲਿਆ ਗਿਆ ਜਦੋਂ ਉਸ ਨੇ ਲੁਧਿਆਣਾ ਸਥਿਤ ਬਿਊਰੋ ਦੇ ਦਫ਼ਤਰ ਵਿਖੇ ਆਤਮ-ਸਮਰਪਣ ਕੀਤਾ। ਇਹ ਮੁਲਜ਼ਮ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਪ੍ਰਾਈਵੇਟ ਤੌਰ ‘ਤੇ ਨਿੱਜੀ ਸਹਾਇਕ (ਪੀ.ਏ.) ਵਜੋਂ ਕੰਮ ਕਰਦਾ ਰਿਹਾ ਹੈ।

ਭਲਕੇ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਚਲਾਈ ਗਈ ਕਾਨੂੰਨੀ ਕਾਰਵਾਈ ਕਾਰਨ ਉਸ ਨੂੰ ਖਦਸ਼ਾ ਸੀ ਕਿ ਅਦਾਲਤ ਉਸ ਨੂੰ ਇਸ ਘੁਟਾਲੇ (Tender Scams) ਵਿੱਚ ਭਗੌੜਾ (ਪੀ.ਓ.) ਘੋਸ਼ਿਤ ਕਰ ਸਕਦੀ ਹੈ ਕਿਉਂਕਿ ਵਿਜੀਲੈਂਸ ਬਿਊਰੋ ਨੇ ਪਹਿਲਾਂ ਹੀ ਉਸ ਵਿਰੁੱਧ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਕੇਸ ਦੀ ਅਗਲੀ ਸੁਣਵਾਈ 04 ਜਨਵਰੀ 2023 ਨੂੰ ਨਿਰਧਾਰਤ ਕੀਤੀ ਗਈ ਸੀ। ਉਸ ਨੂੰ ਭਲਕੇ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਪਹਿਲਾਂ ਹੀ ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ, ਸੰਦੀਪ ਭਾਟੀਆ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕਾਂ/ਭਾਈਵਾਲਾਂ ਦੇ ਨਾਲ-ਨਾਲ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਵੱਖ-ਵੱਖ ਅਨਾਜ ਮੰਡੀਆਂ ਵਿੱਚ ਲੇਬਰ ਅਤੇ ਢੋਆ-ਢੁਆਈ ਦੇ ਟੈਂਡਰ ਅਲਾਟ ਕਰਨ ਲਈ ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 420, 409, 467, 468, 471, 120-ਬੀ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13(2) ਤਹਿਤ ਐਫ.ਆਈ.ਆਰ. ਨੰਬਰ 11 ਮਿਤੀ 16 ਅਗਸਤ 2022 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ।

Bharat Bhushan Ashu Bail

ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਤੇਲੂ ਰਾਮ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਦੇ ਨਿੱਜੀ ਪੀ.ਏ. ਪੰਕਜ ਕੁਮਾਰ ਉਰਫ਼ ਮੀਨੂੰ ਮਲਹੋਤਰਾ, ਕਿ੍ਰਸ਼ਨ ਲਾਲ ਧੋਤੀਵਾਲਾ ਅਤੇ ਅਨਿਲ ਜੈਨ (ਦੋਵੇਂ ਆੜਤੀਏ) ਨੂੰ ਪਹਿਲਾਂ ਹੀ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਸਮੇਂ ਸਾਰੇ ਨਿਆਂਇਕ ਹਿਰਾਸਤ ਵਿੱਚ ਹਨ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਭਾਰਤ ਭੂਸ਼ਣ ਆਸ਼ੂ, ਤੇਲੂ ਰਾਮ ਅਤੇ ਕਿ੍ਰਸ਼ਨ ਲਾਲ ਵਿਰੁੱਧ ਸਪਲੀਮੈਂਟਰੀ ਚਲਾਣ ਪੇਸ਼ ਕੀਤਾ ਜਾ ਚੁੱਕਾ ਹੈ।

ਇੰਦਰਜੀਤ ਇੰਦੀ ਗਹਿਣੇ, ਦਸਤਾਵੇਜ਼ ਆਦਿ ਵਾਲਾ ਬੈਗ ਲੈ ਕੇ ਹੋਇਆ ਸੀ ਫਰਾਰ

ਵੇਰਵੇ ਦਿੰਦਿਆਂ ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਗਹਿਨ ਪੜਤਾਲ ਅਤੇ ਸਬੂਤਾਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ਼ੀ ਭਾਰਤ ਭੂਸ਼ਣ ਆਸ਼ੂ ਕੋਲ ਪੀ.ਏ. ਵਜੋਂ ਕੰਮ ਕਰ ਰਿਹਾ ਸੀ ਅਤੇ ਵਿਜੀਲੈਂਸ ਬਿਊਰੋ ਨੂੰ 24 ਅਗਸਤ 2022 ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਭਾਰਤ ਭੂਸ਼ਣ ਆਸ਼ੂ ਦੀ ਗਿ੍ਰਫ਼ਤਾਰੀ ਉਪਰੰਤ, ਦੋਸ਼ੀ ਇੰਦਰਜੀਤ ਇੰਦੀ ਨੂੰ ਕਿਸੇ ਅਣਪਛਾਤੇ ਵਿਅਕਤੀ ਤੋਂ ਗਹਿਣੇ, ਦਸਤਾਵੇਜ਼ ਆਦਿ ਵਾਲਾ ਬੈਗ ਮਿਲਿਆ ਸੀ ਜੋ ਉਹ ਆਸ਼ੂ ਦੇ ਘਰੋਂ 22 ਅਗਸਤ 2022 ਨੂੰ ਲੈ ਕੇ ਆਇਆ ਸੀ।

ਇਸ ਬੈਗ ਨੂੰ ਹਾਸਲ ਕਰਕੇ ਇੰਦੀ ਇਸ ਨੂੰ ਅਣਪਛਾਤੇ ਟਿਕਾਣੇ ‘ਤੇ ਛੁਪਾਉਣ ਲਈ ਫਰਾਰ ਹੋ ਗਿਆ। ਪੜਤਾਲ ਉਪਰੰਤ ਪਤਾ ਲੱਗਾ ਕਿ ਇਹ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਸੀ, ਜਿਸ ਉਪਰੰਤ ਇੰਦਰਜੀਤ ਇੰਦੀ ਨੂੰ 26 ਅਗਸਤ 2022 ਨੂੰ ਉਕਤ ਮੁਕੱਦਮੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ। ਉਨਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ