ਸਹਿਕਾਰੀ ਸਭਾਵਾਂ ਦੇ 12 ਸਕੱਤਰਾਂ ਖਿਲਾਫ਼ ਹੋਵੇਗੀ ਅਨੁਸਾਸ਼ਨੀ ਕਾਰਵਾਈ

cooperative societies

ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਸਬੰਧੀ ਲਗਾਈ ਡਿਊਟੀ ਦੌਰਾਨ ਵਰਤੀ ਸੀ ਅਣਗਹਿਲੀ

ਸੰਗਰੂਰ (ਗੁਰਪ੍ਰੀਤ ਸਿੰਘ) ਡੀਸੀ ਸੰਗਰੂਰ ਵੱਲੋਂ ਜ਼ਿਲ੍ਹਾ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਉਨ੍ਹਾਂ ਸਕੱਤਰਾਂ ਖਿਲਾਫ਼ ਅਨੁਸਾਸ਼ਨੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਆਦੇਸ਼ ਦਿੱਤੇ ਹਨ ਜਿਨ੍ਹਾਂ ਵੱਲੋਂ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਸਬੰਧੀ ਲਗਾਈ ਗਈ ਸਰਕਾਰੀ ਡਿਊਟੀ ਨਿਭਾਉਣ ਪ੍ਰਤੀ ਅਣਗਹਿਲੀ ਵਰਤੀ ਹੈ। ਡਿਪਟੀ ਕਮਿਸ਼ਨਰ ਨੇ ਉਪ ਮੰਡਲ ਮੈਜਿਸਟਰੇਟ ਦਿੜਬਾ ਅਤੇ ਉਪ ਮੰਡਲ ਮੈਜਿਸਟਰੇਟ ਭਵਾਨੀਗੜ ਦੀ ਰਿਪੋਰਟ ਦੇ ਆਧਾਰ ‘ਤੇ ਸਹਿਕਾਰੀ ਸਭਾਵਾਂ ਦੇ ਜ਼ਿਲ੍ਹਾ ਰਜਿਸਟਰਾਰ ਨੂੰ ਅਣਗਹਿਲੀ ਵਰਤਣ ਵਾਲੇ ਕਰਮਚਾਰੀਆਂ ਖਿਲਾਫ਼ ਅਨੁਸਾਸ਼ਨੀ ਕਾਰਵਾਈ ਲਈ ਲਿਖ਼ਤੀ ਹਦਾਇਤ ਕੀਤੀ ਹੈ। ਇਨ੍ਹਾਂ ਸਕੱਤਰਾਂ ਨੂੰ ਸਟੱਬਲ ਬਰਨਿੰਗ ਰਿਪੋਰਟਿੰਗ ਦੀ ਅਹਿਮ ਜ਼ਿੰਮੇਵਾਰੀ ਸੌਂਪਦਿਆਂ ਨੋਡਲ ਅਧਿਕਾਰੀ ਵਜੋਂ ਤਾਇਨਾਤ ਕੀਤਾ ਗਿਆ ਸੀ।

ਉਪ ਮੰਡਲ ਮੈਜਿਸਟਰੇਟ ਦਿੜ੍ਹਬਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਭੇਜੀ ਰਿਪੋਰਟ ਮੁਤਾਬਕ ਪਿੰਡ ਬਘਰੌਲ ਵਿਖੇ ਨੋਡਲ ਅਫ਼ਸਰ ਵਜੋਂ ਤਾਇਨਾਤ ਜਗਪਾਲ ਸਿੰਘ ਸਕੱਤਰ, ਸਹਿਕਾਰੀ ਸਭਾਵਾਂ ਸੁਨਾਮ ਅਤੇ ਪਿੰਡ ਲਾਡਬੰਜਾਰਾ ਕਲਾਂ ਵਿਖੇ ਨੋਡਲ ਅਫ਼ਸਰ ਵਜੋਂ ਤਾਇਨਾਤ  ਗੁਰਤੇਜ ਸਿੰਘ ਸਕੱਤਰ, ਸਹਿਕਾਰੀ ਸਭਾਵਾਂ ਸੁਨਾਮ ਵੱਲੋਂ ਆਪਣੀ ਡਿਊਟੀ ਦੌਰਾਨ ਵਾਰ ਵਾਰ ਫੋਨ ਕਰਨ ‘ਤੇ ਵੀ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਰਿਪੋਰਟਾਂ ਨਹੀਂ ਭੇਜੀਆਂ ਗਈਆਂ ਜਿਸ ਕਾਰਨ ਉਚ ਅਧਿਕਾਰੀਆਂ ਨੂੰ ਰਿਪੋਰਟਾਂ ਭੇਜਣ ਵਿੱਚ ਦੇਰੀ ਹੁੰਦੀ ਹੈ।

ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ ਭਵਾਨੀਗੜ ਦੀ ਰਿਪੋਰਟ ਦੇ ਆਧਾਰ ‘ਤੇ ਡਿਪਟੀ ਕਮਿਸ਼ਨਰ ਵੱਲੋਂ ਸਬ-ਡਵੀਜ਼ਨ ਦੇ 10 ਪਿੰਡਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਦੇ ਸਕੱਤਰਾਂ ਵਿਰੁੱਧ ਜ਼ਿਲ੍ਹਾ ਰਜਿਸਟਰਾਰ ਨੂੰ ਨਿਯਮਾਂ ਮੁਤਾਬਕ ਬਣਦੀ ਅਨੁਸਾਸ਼ਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਸਾਗਰ ਸਿੰਘ ਸਕੱਤਰ ਅਕਬਰਪੁਰ, ਅਮਰਜੀਤ ਸਿੰਘ ਸਕੱਤਰ ਭੜੋ, ਜਸਕਰਨ ਸਿੰਘ ਗੇਹਲਾਂ, ਪਰਮਜੀਤ ਸਿੰਘ ਸਕੱਤਰ ਨਰੈਣਗੜ, ਜੋਗਿੰਦਰ ਸਿੰਘ ਸਕੱਤਰ ਨਾਗਰਾ, ਸੁਖਚੈਨ ਸਿੰਘ ਸਕੱਤਰ ਫੱਗੂਵਾਲਾ, ਮੇਜਰ ਸਿੰਘ ਸਕੱਤਰ ਭੱਟੀਵਾਲ ਕਲਾਂ, ਜਗਮੇਲ ਸਿੰਘ ਸਕੱਤਰ ਆਲੋ ਅਰਖ਼, ਚੇਤਨ ਸਿੰਘ ਸਕੱਤਰ ਬਾਲਦ ਖੁਰਦ ਅਤੇ ਸੁਖਜਿੰਦਰ ਸਿੰਘ ਸਕੱਤਰ ਭਵਾਨੀਗੜ ਸ਼ਾਮਲ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।