ਹੜ੍ਹਾਂ ਤੋਂ ਬਾਅਦ ਹੁਣ ਡਾਇਰੀਆ ਦਾ ਪ੍ਰਕੋਪ ਜਾਰੀ, ਲੋਕ ਘਬਰਾਏ

Medical Camp
ਸਿਹਤ ਵਿਭਾਗ ਵੱਲੋਂ ਲਾਏ ਮੈਡੀਕਲ ਚੈੱਕਅਪ ਕੈਂਪ

 ਸਿਹਤ ਵਿਭਾਗ ਵੱਲੋਂ ਮੈਡੀਕਲ ਕੈਂਪ ਲਾਇਆ  (Medical Camp)

  • ਪੀਜੀਆਈ ਅਤੇ ਏਮਜ਼ ਮੋਹਾਲੀ ਦੀ ਟੀਮ ਨੇ ਪੀਣ ਦੇ ਪਾਣੀ ਦੇ ਸੈਂਪਲ ਲਏ

ਮੋਹਾਲੀ/ਖਰੜ (ਐੱਮ ਕੇ ਸ਼ਾਇਨਾ) ਬਲੌਂਗੀ ਵਿੱਚ ਡਾਇਰੀਆ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਵਿੱਚ ਲੋਕ ਘਬਰਾਏ ਹੋਏ ਹਨ। ਇਸ ਸਬੰਧੀ ਐਸਡੀਐਮ ਮੋਹਾਲੀ ਸਰਬਜੀਤ ਕੌਰ, ਮੋਹਾਲੀ ਐਮ ਸੀ ਦੇ ਜੁਆਇੰਟ ਕਮਿਸ਼ਨਰ ਕਿਰਨ ਸ਼ਰਮਾ ਤੇ ਸਿਵਲ ਸਰਜਨ ਡਾਕਟਰ ਮਹੇਸ਼ ਅਹੂਜਾ ਵੱਲੋਂ ਅੱਜ ਸਾਂਝੇ ਤੌਰ ’ਤੇ ਦੌਰਾ ਕਰਕੇ ਪ੍ਰਭਾਵਿਤ ਖੇਤਰਾਂ ਵਿੱਚ ਦੂਸ਼ਿਤ ਪਾਣੀ ਅਤੇ ਮੱਛਰਾਂ ਆਦਿ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਲੋਕਾਂ ਦੇ ਘਰਾਂ ਵਿੱਚ ਆ ਰਹੇ ਪਾਣੀ ਦੇ ਸੈਂਪਲ ਲਏ (Medical Camp)

ਐਸ ਡੀ ਐਮ ਨੇ ਦੱਸਿਆ ਕਿ ਸਾਵਧਾਨੀ ਦੇ ਤੌਰ ’ਤੇ ਬਲੌਂਗੀ ਪਿੰਡ ਵਿੱਚ ਪਾਣੀ ਦੇ ਟੈਂਕਰ ਉਪਲੱਬਧ ਕਰਵਾਏ ਗਏ ਹਨ ਅਤੇ ਲੋਕਾਂ ਦੇ ਘਰਾਂ ਵਿੱਚ ਆ ਰਹੇ ਪਾਣੀ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿਚ ਸਿਹਤ ਵਿਭਾਗ ਵੱਲੋਂ ਐਸ ਐਮ ਓ ਘੜੂੰਆਂ ਡਾ. ਸੁਰਿੰਦਰਪਾਲ ਕੌਰ ਦੀ ਨਿਗਰਾਨੀ ਹੇਠ ਮੈਡੀਕਲ ਟੀਮਾਂ ਵੱਲੋਂ ਕੈਂਪ ਲਾ ਕੇ ਮਰੀਜਾਂ ਦਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ ਅਤੇ ਮੁਫ਼ਤ ਦਵਾਈਆਂ ਵੰਡੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਬਲਾਕ ਡੇਰਾਬੱਸੀ ਦੀ ਸਾਧ-ਸੰਗਤ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ’ਚ ਜੁਟੀ

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਹੋਰਨਾਂ ਵਿਭਾਗਾਂ ਨਾਲ ਤਾਲਮੇਲ ਬਣਾਇਆ ਹੋਇਆ ਹੈ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਤੇ ਭਾਰੀ ਮੀਂਹ ਤੋਂ ਬਾਅਦ ਪਾਣੀ ਤੋਂ ਪੈਦਾ ਹੋਣ ਵਾਲੀਆਂ ਟਾਈਫਾਈਡ, ਡਾਇਰੀਆ, ਬੁਖਾਰ ਅਤੇ ਲੈਪਟੋਸਪਾਇਰੋਸਿਸ ਅਤੇ ਵੈਕਟਰ ਬੋਰਨ (ਮਲੇਰੀਆ, ਡੇਂਗੂ) ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ, ਜਿਸ ਤੋਂ ਰੱਖਿਆ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਚੌਕਸੀ ਵਰਤੀ ਜਾ ਰਹੀ ਹੈ। ਐਮ ਸੀ ਮੋਹਾਲੀ ਦੇ ਜੁਆਇੰਟ ਕਮਿਸ਼ਨਰ ਕਿਰਨ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਆਦੇਸ਼ਾਂ ਤਹਿਤ ਪੀਣ ਵਾਲੇ ਪਾਣੀ ਲਈ ਟੈਂਕਰ ਉਪਲਬਧ ਕਰਵਾਏ ਗਏ ਹਨ।

ਡਾਇਰੀਆ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ

ਸਿਵਲ ਸਰਜਨ ਡਾਕਟਰ ਮਹੇਸ਼ ਕੁਮਾਰ ਅਹੂਜਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵਿਸ਼ੇਸ਼ ਤੌਰ ਉਤੇ ਮੈਡੀਕਲ ਚੈੱਕਅਪ ਕੈਂਪ ਜਾਰੀ ਹਨ। ਡਾਇਰੀਆ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਆਸ਼ਾ ਵਰਕਰਾਂ ਵਲੋਂ ਘਰ-ਘਰ ਜਾ ਕੇ ਓ ਆਰ ਐਸ ਦੇ ਪੈਕੇਟ ਅਤੇ ਜ਼ਿੰਕ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ। ਪੀਣ ਵਾਲਾ ਤੇ ਖਾਣਾ ਬਣਾਉਣ ਲਈ ਵਰਤਿਆ ਜਾਣ ਵਾਲਾ ਪਾਣੀ ਪਹਿਲਾਂ ਉਬਾਲ ਕੇ ਪੀਣ ਜਾਂ ਬੋਤਲਬੰਦ ਪਾਣੀ ਇਸਤੇਮਾਲ ਕਰਨ ਸਬੰਧੀ ਮੁਨਿਆਦੀ ਵੀ ਕਰਵਾਈ ਗਈ ਹੈ। ਪੀਣ ਦਾ ਪਾਣੀ ਟੈਂਕਰਾਂ ਰਾਹੀਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੀ ਜੀ ਆਈ ਅਤੇ ਏਮਜ਼ (ਅੰਬਦੇਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼) ਮੋਹਾਲੀ ਦੀ ਟੀਮ ਵਲੋਂ ਦਾਊਂ ਤੇ ਬਲੌਂਗੀ ਖੇਤਰ ਵਿਚ ਪੀਣ ਦੇ ਪਾਣੀ ਦੇ ਸੈਂਪਲ ਵੀ ਲਏ ਗਏ।

ਸਿਹਤ ਵਿਭਾਗ ਵੱਲੋਂ ਲਾਏ ਮੈਡੀਕਲ ਚੈੱਕਅਪ ਕੈਂਪ

Medical Camp

ਹੜ੍ਹ ਤੋਂ ਬਾਅਦ ਬਿਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ (Medical Camp)

ਐਸ ਐਮ ਓ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਹੜ੍ਹ ਤੇ ਭਾਰੀ ਮੀਂਹ ਤੋਂ ਬਾਅਦ ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਵੈਕਟਰ ਬੋਰਨ ਬਿਮਾਰੀਆਂ ਤੋਂ ਸੁਰੱਖਿਅਤ ਰਹਿਣ ਲਈ ਪਾਣੀ ਕਿਸੇ ਸਾਫ਼ ਤੇ ਸੁਰੱਖਿਅਤ ਸਰੋਤ ਵਿਚੋਂ ਹੀ ਪੀਣਾ ਚਾਹੀਦਾ ਹੈ। ਬਰਸਾਤ ਦੌਰਾਨ ਪਾਣੀ ਪ੍ਰਦੂਸ਼ਿਤ ਹੋਣ ਦਾ ਖਤਰਾ ਰਹਿੰਦਾ ਹੈ, ਜਿਸ ਕਰਕੇ ਪੀਣ ਵਾਲਾ ਤੇ ਖਾਣਾ ਬਣਾਉਣ ਲਈ ਵਰਤਿਆ ਜਾਣ ਵਾਲਾ ਪਾਣੀ ਪਹਿਲਾਂ ਉਬਾਲ ਲੈਣਾ ਚਾਹੀਦਾ ਹੈ ਜਾਂ ਬੋਤਲਬੰਦ ਪਾਣੀ ਇਸਤੇਮਾਲ ਕਰਨਾ ਚਾਹੀਦਾ ਹੈ। ਖਾਣ-ਪੀਣ ਦੀਆਂ ਚੀਜ਼ਾਂ ਢਕ ਕੇ ਰੱਖੋ।

ਬਿਮਾਰੀ ਦੀ ਰੋਕਥਾਮ, ਆਪਣਾ ਖਾਣ-ਪੀਣ ਠੀਕ ਰੱਖਣ ਤੇ ਸਾਫ਼ ਸਫ਼ਾਈ ਦਾ ਵਧੇਰੇ ਧਿਆਨ ਰੱਖਣ ਨਾਲ ਕੀਤੀ ਜਾ ਸਕਦੀ ਹੈ। ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਸਾਥਣ ਤੇ ਪਾਣੀ ਨਾਲ ਧੋਣਾ ਜ਼ਰੂਰੀ ਹੈ। ਪਖਾਨਾ ਜਾਣ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਸਾਬਣ ਤੇ ਪਾਣੀ ਨਾਲ ਧੋਵੋ। ਮੱਛਰ ਪੈਦਾ ਹੋਣ ਤੋਂ ਰੋਕਣ ਲਈ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖੋ ਅਤੇ ਮਲੇਰੀਆ ਅਤੇ ਡੇਂਗੂ ਤੋਂ ਬਚਣ ਲਈ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਖ਼ਰਾਬ ਹੋਏ ਭੋਜਨ ਜਾਂ ਹੜ੍ਹ/ਮੀਂਹ ਵਾਲੇ ਪਾਣੀ ਦੇ ਸੰਪਰਕ ਵਿਚ ਆਉਣ ਵਾਲੇ ਭੋਜਨ ਦੀ ਵਰਤੋਂ ਨਾ ਕੀਤੀ ਜਾਵੇ। ਇੰਨਫੈਕਸ਼ਨ ਦੇ ਲੱਛਣ ਸਾਹਮਣੇ ਆਉਣ ‘ਤੇ ਡਾਕਟਰ ਤੋਂ ਸਿਹਤ ਜਾਂਚ ਜਰੂਰ ਕਰਵਾਈ ਜਾਵੇ।