ਦੁਬਈ ‘ਚ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ

Deceased, Body, Dubai

ਰੁਜਗਾਰ ਦੀ ਭਾਲ ‘ਚ ਵਿਦੇਸ਼ ਗਏ ਨੌਜਵਾਨ ਦੇ ਮਾਪਿਆਂ ‘ਤੇ ਕਹਿਰ

ਰਾਜਨ ਮਾਨ, ਅੰਮ੍ਰਿਤਸਰ

ਰੋਜੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜੇ ਦੇ ਭਾਰ ਤੋਂ ਮੁਕਤ ਕਰਨ ਦੇ ਸੁਪਨੇ ਲੈ ਕੇ ਦੁਬਈ ਪੁੱਜੇ 28 ਸਾਲਾ ਗੁਰਭੇਜ ਸਿੰਘ ਸਿੱਧੂ ਪੁੱਤਰ ਜਗਤਾਰ ਸਿੰਘ ਜੋ ਪਿਛਲੇ ਦਿਨੀਂ ਦੁਬਈ ਵਿਖੇ ਹੀ ਮੌਤ ਦੇ ਮੂੰਹ ਜਾ ਪਿਆ, ਉਸ ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਫਿਰੋਜਪੁਰ ਜ਼ਿਲ੍ਹੇ ਨਾਲ ਸੰਬੰਧਿਤ ਮ੍ਰਿਤਕ ਗੁਰਭੇਜ ਸਿੰਘ ਹਾਲੇ ਢਾਈ ਸਾਲ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਪਨੇ ਦਿਲ ‘ਚ ਸਮੋਈ ਤੇ ਬਜੁਰਗ ਮਾਂ-ਪਿਓ ਦੀ ਮੰਦਹਾਲੀ ਦੂਰ ਕਰਨ ਲਈ ਮਜ਼ਦੂਰੀ ਕਰਨ ਦੁਬੱਈ ਗਿਆ ਸੀ ਕਿ ਅਚਾਨਕ ਬੀਤੀ 29 ਮਈ ਨੂੰ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ।

ਜਦ ਭਾਰਤ ਰਹਿੰਦੇ ਉਸ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਦੁਬੱਈ ਰਹਿੰਦੇ ਉਸ ਦੇ ਰਿਸ਼ਤੇਦਾਰਾਂ ਨੂੰ ਗੁਰਭੇਜ ਸਿੰਘ ਦੀ ਮੌਤ ਦੇ ਆਏ ਸੁਨੇਹੇ ਤੋਂ ਆਪਣੇ ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਪਤਲੀ ਆਰਥਿਕ ਹਾਲਤ ਦਾ ਵਾਸਤਾ ਪਾਉਂਦਿਆਂ ਟਰੱਸਟ ਦੇ ਸਰਪ੍ਰਸਤ ਡਾ. ਓਬਰਾਏ ਨਾਲ ਸੰਪਰਕ ਕਰਕੇ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ ਸੀ ਜਿਸ ‘ਤੇ ਕਾਰਵਾਈ ਕਰਦਿਆਂ ਡਾ. ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ ਹੈ।

ਹਵਾਈ ਅੱਡੇ ‘ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਦੁਖ ਪ੍ਰਗਟ ਕਰਨ ਪੁੱਜੇ ਟਰੱਸਟ ਦੇ ਸੇਵਾਦਾਰ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਹਰਜਿੰਦਰ ਸਿੰਘ ਹੇਰ, ਸਿਸ਼ਪਾਲ ਸਿੰਘ ਲਾਡੀ, ਪਰਮਿੰਦਰ ਸਿੰਘ ਕੜਿਆਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਮ੍ਰਿਤਕ ਲੜਕੇ ਸਮੇਤ ਟਰੱਸਟ ਵਲੋਂ ਹੁਣ ਤੱਕ 117 ਬਦਨਸੀਬ ਨੌਜਵਾਨ ਮੁੰਡੇ ਕੁੜੀਆਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ‘ਚ ਭਾਰਤੀ ਦੂਤਾਵਾਸ ਤੋਂ ਇਲਾਵਾ ਸ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਜਿਕਰਯੋਗ ਭੂਮਿਕਾ ਨਿਭਾਈ ਹੈ।

ਇਸੇ ਦੌਰਾਨ ਦੁਬਈ ਤੋਂ ਮ੍ਰਿਤਕ ਦੇਹ ਨਾਲ ਆਏ ਮ੍ਰਿਤਕ ਨੌਜਵਾਨ ਦੇ ਮਾਸੜ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਭੇਜ ਸਿੰਘ ਦੀ ਮੌਤ 14 ਮਈ ਨੂੰ ਹੋ ਚੁੱਕੀ ਸੀ ਜਦਕਿ ਮ੍ਰਿਤਕ ਸਰੀਰ 19 ਮਈ ਨੂੰ ਮਿਲਿਆ ਤੇ ਉਸ ਦੀ ਸਨਾਖਤ 29 ਮਈ ਨੂੰ ਹੋਈ ਇਸ ਸਮੇਂ ਬਲਵਿੰਦਰ ਸਿੰਘ ਤੋਂ ਇਲਾਵਾ ਮਾਮਾ ਭੁਪਿੰਦਰ ਸਿੰਘ, ਚਾਚਾ ਬਖਸੀਸ਼ ਸਿੰਘ, ਭਰਾ ਗੁਰਜੀਤ ਸਿੰਘ, ਦਲਜਿੰਦਰ ਸਿੰਘ, ਸਤਨਾਮ ਸਿੰਘ, ਜੀਜਾ ਸੁਖਵਿੰਦਰ ਸਿੰਘ ਤੇ ਅਮਰਬੀਰ ਸਿੰਘ ਆਦਿ ਪਰਿਵਾਰਕ ਮੈਂਬਰਾਂ ਨੇ ਸ. ਓਬਰਾਏ ਦਾ ਧੰਨਵਾਦ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।