ਵਿਸਥਾਰ ਅਫਸਰਾਂ ਦੀਆਂ ਬਦਲੀਆਂ ਨਾਲ ਨਰਮੇ ਦੀ ਫਸਲ ਹੋਵੇਗੀ ਪ੍ਰਭਾਵਿਤ: ਆਗੂ

Cotton
ਟਰੈਕਟਰ ਰਾਹੀਂ ਨਰਮੇ ਦੀ ਫਸਲ ਦੀ ਗੋਡੀ ਕਰਦਾ ਕਿਸਾਨ।

ਕਿਹਾ, ਨਰਮੇ ਨੂੰ ਪ੍ਰਫੁੁੱਲਿਤ ਕਰਨਾ ਸਿਰਫ ਡਰਾਮਾ

(ਮੇਵਾ ਸਿੰਘ) ਲੰਬੀ/ਕਿੱਲਿਆਂਵਾਲੀ ਮੰਡੀ। ਨਰਮੇ ਦੀ ਫਸਲ ਨੂੰ ਪ੍ਰਫੁਲਿਤ ਕਰਨਾ ਸਰਕਾਰ ਦਾ ਇਕ ਮਹਿਜ ਡਰਾਮ ਸਾਬਿਤ ਹੋ ਰਿਹਾ ਹੈ। ਸਰਕਾਰ ਕਿਸਾਨਾਂ ਨੂੰ ਭਰਮਾਉਣ ਲਈ ਸਿਰਫ ਗੋਗਲੂਆਂ ਤੋਂ ਮਿੱਟੀ ਹੀ ਝਾੜ ਰਹੀ ਹੈ। (Cotton Crop) ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਲਖਵੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਏ ਦਿਨ ਖੇਤੀਬਾੜੀ ਵਿਸਥਾਰ ਅਫਸਰਾਂ ਦੀਆਂ ਬਦਲੀਆਂ ਨਿਯਮਾਂ ਦੇ ਉਲਟ ਆਪਣੀਆਂ ਸੀਟਾਂ ਤੋਂ ਦੂਜੇ ਕਾਡਰ ਵਿਚ ਗਲਤ ਢੰਗ ਨਾਲ ਆਪਣੀਆਂ ਲਿਹਾਜਾਂ ਪੁਗਾਉਣ ਲਈ ਕੀਤੀਆਂ ਜਾ ਰਹੀਆਂ ਹਨ। ਲਖਵੀਰ ਸਿੰਘ ਨੇ ਹੋਰ ਦੱਸਿਆ ਕਿ ਬਲਾਕ ਲੰਬੀ ਦੇ ਸਰਕਲ ਰੋੜਾਂਵਾਲੀ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਖੇਤੀਬਾੜੀ ਵਿਸਥਾਰ ਅਫਸਰ ਮਨਜਿੰਦਰ ਸਿੰਘ ਦੀ ਬਦਲੀ ਹੋਈ, ਅਤੇ ਹੁਣ 9 ਮਈ ਨੂੰ ਫਿਰ ਲਾਲਬਾਈ ਸਰਕਲ ਦੇ ਖੇਤੀਬਾੜੀ ਵਿਸਥਾਰ ਅਫਸਰ ਮਨਮੋਹਨ ਸਿੰਘ ਦੀ ਬਦਲੀ ਹੋ ਗਈ ਹੈ।

ਇਹ ਵੀ ਪੜ੍ਹੋ : ਭੱਠਲ ਕਾਲਜ ਦੇ ਸਟਾਫ ਦੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣੀਆਂ ਸਮੱਸਿਆਵਾਂ

ਉਨ੍ਹਾਂ ਦੱਸਿਆ ਕਿ ਇਹ ਦੋਵੇਂ ਬਦਲੀਆਂ ਮੰਤਰੀ ਦੇ ਹੁਕਮ ਨਾਲ ਹੋਈਆਂ ਹਨ। ਇਨ੍ਹਾਂ ਦੋਵੇਂ ਸਰਕਲਾਂ ’ਚ ਘੱਟੋ ਘੱਟ 10-10 ਪਿੰਡ ਨਰਮੇ ਵਾਲੇ ਹਨ। ਇਸ ਅਹਿਮ ਸਮੇਂ ’ਚ ਇਨ੍ਹਾਂ ਗਲਤ ਬਦਲੀਆਂ ਨਾਲ ਉਪਰੋਕਤ ਪਿੰਡਾਂ ’ਚ ਨਰਮੇ ਦੀ ਫਸਲ ਦਾ ਪ੍ਰਭਾਵਿਤ ਹੋਣਾ ਕੁਦਤਰੀ ਗੱਲ ਹੈ। ਜਿਸ ਕਰਕੇ ਨਰਮੇ ਦੀ ਫਸਲ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਇਕ ਡਰਾਮੇ ਤੋਂ ਵੱਧ ਹੋਰ ਕੁਝ ਵੀ ਨਹੀਂ ਹਨ।

ਜਦੋਂ ਇਸ ਸਬੰਧੀ ਡਾ. ਸੁਖਚੈਨ ਸਿੰਘ ਜ਼ਿਲ੍ਹਾ ਪ੍ਰਧਾਨ ਪਲਾਂਟ ਡਾਕਟਰਜ਼ ਸਰਵਿਸਜ਼ ਐਸ਼ੋਸੀਏਸ਼ਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਦਾ ਧਰਨਾ ਜਦੋਂ ਦਫਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮੋਹਾਲੀ ਵਿਖੇ ਲੱਗਿਆ ਸੀ ਤਾਂ ਉਸ ਸਮੇਂ ਕੁਲਦੀਪ ਸਿੰਘ ਧਾਲੀਵਾਲ ਮੰਤਰੀ ਖੇਤੀਬਾੜੀ ਨੇ ਖੁਦ ਧਰਨੇ ਵਿਚ ਆ ਕੇ ਵਾਅਦਾ ਕੀਤਾ ਸੀ ਕਿ ਇਹ ਬਦਲੀਆਂ ਰੱਦ ਹੋਣਗੀਆਂ ਅਤੇ ਅੱਗੇ ਤੋਂ ਅਜਿਹੀਆਂ ਗਲਤ ਬਦਲੀਆਂ ਨਹੀਂ ਹੋਣਗੀਆਂ। ਪਰ ਬਾਅਦ ਵਿਚ ਮੰਤਰੀ ਆਪਣੇ ਵਾਅਦੇ ਤੋਂ ਕੋਰਟ ਵਿਚ ਵੀ ਮੁੱਕਰ ਗਏ। ਉਨ੍ਹਾਂ ਦੱਸਿਆ ਕਿ ਅਜਿਹੀਆਂ ਗਲਤ ਬਦਲੀਆਂ ਜੋ ਇਕ ਕਾਡਰ ਤੋਂ ਦੂਜੇ ਕਾਡਰ ਵਿਚ ਲਗਾਤਾਰ ਨਿੱਜੀ ਸਵਾਰਥ ਖਾਤਰ ਹੋ ਰਹੀਆਂ ਹਨ, ਕਿਉਂਕਿ ਖੇਤੀਬਾੜੀ ਵਿਸਥਾਰ ਅਫਸਰ ਤੇ ਖੇਤੀਬਾੜੀ ਵਿਕਾਸ ਅਫਸਰ ਅਲੱਗ ਅਲੱਗ ਕਾਡਰ ਹਨ, ਜਿਸ ਕਰਕੇ ਖੇਤੀਬਾੜੀ ਵਿਸਥਾਰ ਅਫਸਰਾਂ ਦੀਆਂ ਅਸਾਮੀਆਂ ਸਾਰੇ ਪੰਜਾਬ ਵਿਚ ਵੰਡੀਆਂ ਹੋਈਆਂ ਹਨ। ਪਰ ਇਹ ਨਰਮਾ ਪੱਟੀ ਵਿਚ ਕੰਮ ਕਰਨ ਦੇ ਮਾਰੇ ਮਾਝੇ ਵੱਲ ਜਾ ਰਹੇ ਹਨ, ਜਿਥੇ ਸਿਰਫ ਝੋਨਾ ਹੀ ਹੁੰਦਾ ਹੈ।

ਨਰਮਾ ਪੱਟੀ ਦੇ ਕਿਸਾਨਾਂ ਦੀ ਬਾਂਹ ਫੜਨ ਦੀ ਜ਼ਰੂਰਤ (Cotton Crop)

ਡਾ. ਸੁਖਚੈਨ ਸਿੰਘ ਨੇ ਕਿਹਾ ਜਦੋਂ ਕਿ ਅਜਿਹੇ ਸਮੇਂ ਵਿਚ ਨਰਮਾ ਪੱਟੀ ਦੇ ਕਿਸਾਨਾਂ ਦੀ ਬਾਂਹ ਫੜਨ ਦੀ ਜਰੂਰਤ ਹੈ। ਉਸ ਸਮੇਂ ਨਰਮਾ ਪੱਟੀ ਵਿਚ ਖੇਤੀਬਾੜੀ ਵਿਸਥਾਰ ਅਫਸਰਾਂ ਨਾਲ ਸਬੰਧਤ ਸਾਰੇ ਸਰਕਲ ਖਾਲੀ ਹਨ। ਜੋ ਕਿ ਮੰਤਰੀ ਦੇ ਹੁਕਮਾਂ ਨਾਲ ਖਾਲੀ ਹੋਏ ਹਨ। ਜਿਸ ਤੋਂ ਲੱਗਦਾ ਹੈ ਕਿ ਸਰਕਾਰ ਦੀ ਕਹਿਣੀ ਤੇ ਕਥਨੀ ਵਿਚ ਬਹੁਤ ਵੱਡਾ ਅੰਤਰ ਹੈ। ਉਨ੍ਹਾਂ ਆਖਰ ਵਿਚ ਆਖਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਨ ਕਿ ਪਿਛਲੀਆਂ ਸਰਕਾਰਾਂ ਸਮੇਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮੁੱਖ ਮੰਤਰੀ ਦੇ ਕੋਲ ਹੀ ਹੁੰਦਾ ਸੀ, ਇਸ ਲਈ ਪੰਜਾਬ ਦੇ ਮੁੱਖ ਮੰੰਤਰੀ ਵਿਭਾਗ ਨੂੰ ਆਪਣੇ ਕੋਲ ਲੈ ਕੇ ਇਸ ਦੇ ਸਾਰੇ ਕੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਅਤੇ ਗਲਤ ਬਦਲੀਆਂ ਰੱਦ ਕੀਤੀਆਂ ਜਾਣ।