ਪੰਜਾਬ ਦੇ 13 ਜ਼ਿਲ੍ਹਿਆਂ ‘ਚ ਵਿਛਾਈ ਜਾਵੇਗੀ ਰਸੋਈ ਗੈਸ ਪਾਈਪਲਾਈਨ : ਧਰਮਿੰਦਰ ਪ੍ਰਧਾਨ

LPG, Pipeline, Released, 13, Districts, Punjab, Dharmendra, Pradhan

ਕੇਂਦਰੀ ਮੰਤਰੀ ਨੇ ਕੌਮੀ ਹੁਨਰ ਸਿਖਲਾਈ ਸੰਸਥਾ ਦਾ ਨੀਂਹ ਪੱਥਰ ਰੱਖਿਆ

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਕੇਂਦਰ ਸਰਕਾਰ, ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਰਸੋਈ ਗੈਸ ਪਾਈਪਲਾਈਨ ਵਿਛਾਉਣ ਦੀ ਯੋਜਨਾ ਬਣਾ ਰਹੀ ਹੈ ਤੇ ਸਭ ਤੋਂ ਪਹਿਲਾਂ ਇਹ ਸਹੂਲਤ ਜ਼ਿਲ੍ਹਾ ਐਸ.ਏ.ਐਸ.ਨਗਰ ਨੂੰ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਲਈ ਚਮਕੌਰ ਸਾਹਿਬ ਵਿਖੇ ਬਣਾਈ ਜਾਣ ਵਾਲੀ ਹੁਨਰ ਵਿਕਾਸ ਯੂਨੀਵਰਸਿਟੀ ਲਈ ਕੇਂਦਰ ਸਰਕਾਰ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਹੁਨਰ ਵਿਕਾਸ ਤੇ ਉਦਮਿਤਾ  ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਨੇ ਪਿੰਡ ਸਨੇਟਾ ਵਿਖੇ ਲੜਕੀਆਂ ਲਈ ਬਣਾਈ ਜਾਣ ਵਾਲੀ ਪੰਜਾਬ ਦੀ ਪਹਿਲੀ ਕੌਮੀ ਹੁਨਰ ਸਿਖਲਾਈ ਸੰਸਥਾ ਦਾ ਨੀਂਹ ਪੱਥਰ ਰੱਖਣ ਅਤੇ ਮੋਹਾਲੀ ਵਿਖੇ ਦਿਵਿਆਂਗਾਂ ਲਈ ਪ੍ਰਧਾਨ ਮੰਤਰੀ ਹੁਨਰ ਕੇਂਦਰ ਦਾ ਰਸਮੀ ਉਦਘਾਟਨ ਕਰਨ ਮੌਕੇ ਕੀਤਾ।

ਪੰਜਾਬ ਸਰਕਾਰ ਵੱਲੋਂ ਇਸ ਸੰਸਥਾ ਲਈ ਜ਼ਮੀਨ ਮੁਹੱਈਆ ਕਰਵਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਪ੍ਰਧਾਨ ਨੇ ਕਿਹਾ ਕਿ ਇਹ ਸੰਸਥਾ ਕੇਵਲ ਵਿਦਿਆਰਥੀਆਂ ਲਈ ਹੀ ਨਹੀਂ ਹੋਵੇਗੀ, ਸਗੋਂ ਜਿਹੜੇ ਟਰੇਨਰਜ਼ ਵੱਖ-ਵੱਖ ਖੇਤਰਾਂ ਵਿੱਚ ਟਰੇਨਿੰਗ ਦੇ ਰਹੇ ਹਨ, ਉਹ ਵੀ ਇਸ ਸੰਸਥਾ ਵਿੱਚ ਆ ਕੇ ਆਪਣੇ ਹੁਨਰ ਨੂੰ ਹੋਰ ਨਿਖਾਰ ਸਕਣਗੇ। ਇਥੇ ਹੁਨਰ ਸਿਖਲਾਈ ਸਬੰਧੀ ਆਧੁਨਿਕ ਕੋਰਸ ਕਰਵਾਏ ਜਾਣਗੇ ਅਤੇ ਇਸ ਸੰਸਥਾ ਦਾ ਲਾਹਾ ਪੰਜਾਬ ਦੇ ਨਾਲ ਨਾਲ ਗੁਆਂਢੀ ਸੂਬਿਆਂ ਨੂੰ ਵੀ ਹੋਵੇਗਾ। ਇਸ ਦੇ ਨਿਰਮਾਣ ਉਤੇ 17 ਕਰੋੜ ਰੁਪਏ ਖਰਚੇ ਜਾਣੇ ਹਨ ਤੇ ਇਥੇ 240 ਲੜਕੀਆਂ ਸਿਖਲਾਈ ਲੈ ਸਕਣਗੀਆਂ।

ਉਨਾਂ ਇਹ ਵੀ ਵਾਅਦਾ ਕੀਤਾ ਕਿ ਰਸੋਈ ਗੈਸ ਪਾਈਲਾਈਨ ਵਿਛਾਉਣ ਦੇ ਪ੍ਰੋਜੈਕਟ ਨੂੰ ਆਧੁਨਿਕ ਤਕਨੀਕਾਂ ਨਾਲ ਅਮਲੀ ਰੂਪ ਦਿੱਤਾ ਜਾਵੇਗਾ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਪਾਈਪ ਰਾਹੀਂ ਗੈਸ ਸਪਲਾਈ ਹੋਣ ਨਾਲ ਲੋਕਾਂ ‘ਤੇ ਆਰਥਿਕ ਬੋਝ ਵੀ ਘਟੇਗਾ। ਉਨਾਂ ਵਾਅਦਾ ਕੀਤਾ ਕਿ ਇਸ ਸੰਸਥਾ ਵਿਚਲੀਆਂ ਨੌਕਰੀਆਂ ਅਤੇ ਕੋਰਸਾਂ ‘ਚ ਦਾਖ਼ਲੇ ਲਈ ਪਿੰਡ ਸਨੇਟਾ ਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸਮਾਗਮ ਦੌਰਾਨ ਕੇਂਦਰੀ ਮੰਤਰੀ ਦਾ ਸਵਾਗਤ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ, ਪੰਜਾਬ ਸ.ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਕਰਾਰ ਵੱਲੋਂ ਇਸ ਸਿਖਲਾਈ ਸੰਸਥਾ ਸਬੰਧੀ ਸਹਿਯੋਗ ਦਿੱਤੇ ਜਾਣ ਲਈ ਧੰਨਵਾਦ ਕੀਤਾ।