ਪਿੰਜਰੇ ਤੋੜੋ ਤੇ ਖੁੱਲ੍ਹਾ ਆਸਮਾਨ ਦਿਓ

ਪਿੰਜਰੇ ਤੋੜੋ ਤੇ ਖੁੱਲ੍ਹਾ ਆਸਮਾਨ ਦਿਓ

ਹਰ ਰੋਜ਼ ਸਕੂਲ ਸਮੇਂ ਤੋਂ ਪੰਦਰ੍ਹਾਂ ਕੁ ਮਿੰਟ ਪਹਿਲਾਂ ਪਹੁੰਚਣਾ ਜਿਵੇਂ ਮੇਰੀ ਆਦਤ ਹੀ ਬਣ ਗਈ ਆ। ਮੇਰੇ ਸਕੂਲ ਪਹੁੰਚਣ ਸਾਰ ਹੀ ਸਕੂਲ ਦੇ ਗੇਟ ’ਤੇ ਪਿੰਡਾ ਵਾਲੇ ਰੂਟ ਦੀ ਬੱਸ ਵੀ ਆ ਖੜ੍ਹਦੀ ਆ। ਛੋਟੀਆਂ ਵੱਡੀਆਂ ਜਮਾਤਾਂ ਦੇ ਬਹੁਤ ਬੱਚੇ ਇਸ ਬੱਸ ਵਿਚ ਸਕੂਲ ਆਉਂਦੇ ਨੇ। ਨੰਨੇ ਮੁੰਨੇ ਬੱਚਿਆਂ ਦੇ ਬੱਸ ਤੋਂ ਉੱਤਰ ਕੇ ਮੋਢਿਆਂ ’ਤੇ ਚੁੱਕੇ ਭਾਰੇ ਭਾਰੇ ਬਸਤੇ ਵੇਖ ਕੇ ਆਪਣੇ ਬੋਰੀ ਆਲੇ ਝੋਲੇ ਮੋਢੇ ਤੇ ਟੰਗੇ ਹੋਏ ਚੇਤੇ ਆ ਜਾਂਦੇ ਨੇ। ਇਸ ਸਕੂਲ ਵਿਚ ਇਹ ਮੇਰਾ ਪਹਿਲਾ ਸਾਲ ਏ। ਸਾਰੇ ਬੱਚੇ ਮੇਰੇ ਲਈ ਨਵੇਂ ਨੇ, ਕਿਸੇ ਵੀ ਚਿਹਰੇ ਦੀ ਕੋਈ ਬਹੁਤ ਖਾਸ ਪਹਿਚਾਣ ਨਹੀਂ ਆ ਮੈਨੂੰ। ਹਾਂ ਪਰ ਜਿਨ੍ਹਾਂ ਜਮਾਤਾਂ ਨੂੰ ਪੜ੍ਹਾਉਣਾ ਹਾਂ ਓਹ ਯਾਦ ਨੇ।

ਹਰ ਰੋਜ਼ ਦੀ ਤਰ੍ਹਾ ਅੱਜ ਵੀ ਕੁਛ ਕੁੜੀਆਂ ਮੇਰੇ ਤੋਂ ਅੱਖਾਂ ਚੁਰਾ ਕੇ ਸਕੂਲ ਦੀ ਛੱਤ ’ਤੇ ਜਾਣ ਨੂੰ ਕਾਹਲੀਆਂ ਸਨ। ਮੈਂ ਨਹੀਂ ਜਾਣਦਾ ਕਿ ਓਹ ਕਿਹੜੀ ਜਮਾਤ ਦੀਆਂ ਸਨ। ਪਰ ਹਰ ਰੋਜ ਚੋਰੀ ਚੋਰੀ ਛੱਤ ਤੇ ਚਲੇ ਜਾਂਦੀਆਂ ਸਨ, ਕਿਉਂਕਿ ਸਾਡੇ ਸਕੂਲ ਦੀ ਛੱਤ ਦੇ ਨਾਲ ਜਾਮਣਾਂ ਅਤੇ ਅਮਰੂਦਾਂ ਦੇ ਬੂਟੇ ਦੀਆਂ ਕੁਛ ਟਾਹਣੀਆਂ ਖਹਿੰਦੀਆਂ ਨੇ। ਫੇਰ ਕੀ ਉਹਨਾਂ ਕੁੜੀਆਂ ਨੇ ਕੱਚੇ ਪੱਕੇ ਅਮਰੂਦ ਤੋੜ ਕੇ ਬਹੁਤ ਖੁਸ ਹੋ ਕੇ ਖਾਣੇ। ਭਾਂਵੇ ਮੁੱਲ ਖਰੀਦ ਕੇ ਵੀ ਖਾ ਲੈਣ ਪਰ ਚੋਰੀ ਤੋੜ ਕੇ ਖਾਣ ਦਾ ਕਿੰਨਾ ਸਵਾਦ ਆਉਂਦਾ ਏ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਹਰ ਇਕ ਨੇ ਇਹ ਬਚਪਣ ਹੰਢਾਇਆ ਹੋਣਾ ਏ। ਅੱਜ ਵੀ ਚੋਰੀ ਜੇਹੀ ਅੱਖ ਬਚਾ ਕੇ ਓਹ ਅਮਰੂਦ ਤੋੜ ਲਿਆਈਆਂ।

ਪਰ ਅੱਜ ਓਹਨਾਂ ਨੇ ਸਾਰੇ ਅਮਰੂਦ ਨਹੀਂ ਖਾਧੇ। ਓਹਨਾਂ ਵਿਚੋਂ ਕਿਸੇ ਇਕ ਕੁੜੀ ਨੇ, ਜਿਸ ਦਾ ਮੈਨੂੰ ਨਾਮ ਜਾਂ ਜਮਾਤ ਨਹੀਂ ਪਤਾ ਇਕ ਅਮਰੂਦ ਮੈਨੂੰ ਦੇ ਦਿੱਤਾ। ਮੈਂ ਅਮਰੂਦਾਂ ਦਾ ਕੋਈ ਬਹੁਤ ਸ਼ੌਕੀਨ ਨਹੀਂ ਆ, ਫੇਰ ਵੀ ਉਹ ਅਮਰੂਦ ਮੈਂ ਰੱਖ ਲਿਆ ਤੇ ਬਾਅਦ ਵਿਚ ਖਾ ਵੀ ਲਿਆ। ਉਸ ਕੁੜੀ ਨੂੰ ਪਿਆਰ ਦਿੱਤਾ ਤੇ ਦੁਆ ਕੀਤੀ ਕੇ ਹਰ ਕੁੜੀ ਹੱਸਦੀ ਵੱਸਦੀ ਰਹੇ। ਉਸ ਦਿਨ ਕਾਫੀ ਦੇਰ ਮੈਂ ਇਹ ਸੋਚਦਾ ਰਿਹਾ, ਕਿ ਕੀ ਓਹਨਾਂ ਨੂੰ ਛੱਤ ਤੋਂ ਅਮਰੂਦ ਤੋੜਨੋਂ ਰੋਕਣਾ ਚਾਹੀਦਾ ਸੀ ? ਕੀ ਓਹ ਅਨੁਸਾਸਨ ਭੰਗ ਕਰ ਰਹੀਆਂ ਸਨ? ਜੇਕਰ ਉਸ ਬੂਟੇ ਦੇ ਮਾਲਕ ਓਹਨਾਂ ਦੀ ਸ਼ਿਕਾਇਤ ਕਰਨ ਫੇਰ? ਇਹਨਾਂ ਸਾਰੇ ਸਵਾਲਾਂ ਦੇ ਬਾਵਜੂਦ ਮੇਰੇ ਕੋਲੋਂ ਓਹਨਾਂ ਨੂੰ ਰੋਕ ਨਾ ਹੋਇਆ।

ਕਿਉਂ ਕਿ ਸਾਡੀਆਂ ਧੀਆਂ ਤੇ ਤਾਂ ਪਹਿਲਾਂ ਹੀ ਬਹੁਤ ਰੋਕਾਂ ਟੋਕਾਂ ਹੁੰਦੀਆਂ ਨੇ। ਓਹਨਾਂ ਨੂੰ ਤਾਂ ਅਜ਼ਾਦੀਂ ਵੀ ਪਿੰਜਰੇ ਨੂੰ ਜਿੰਦਰਾ ਮਾਰ ਕੇ ਦਿੱਤੀ ਜਾਂਦੀ ਆ। ਮੁੰਡਿਆਂ ਵਾਂਗ ਓਹ ਦੂਜੇ ਪਿੰਡ ਕਿ੍ਰਕੇਟ ਖੇਡਣ ਨਹੀਂ ਜਾ ਸਕਦੀਆਂ, ਆਪਣੀਆਂ ਸਹੇਲੀਆਂ ਨਾਲ ਘੁੰਮਣ ਨਹੀਂ ਜਾ ਸਕਦੀਆਂ, ਖੁੱਲ੍ਹ ਕੇ ਹੱਸਣਾ ਜਾਂ ਨੱਚਣਾ ਵੀ ਤਾਂ ਵਰਿ੍ਹਆਂ ਮਗਰੋਂ ਹੀ ਨਸੀਬ ਹੁੰਦਾ ਏ ਤੇ ਸ਼ਾਇਦ ਕਿਸੇ ਕਿਸੇ ਨੂੰ ਉਹ ਵੀ ਨਹੀਂ। ਇਹ ਸਾਰੀਆਂ ਗੱਲਾਂ ਮੇਰੇ ਖਿਆਲਾਂ ਨੂੰ ਖਿਲਾਰ ਰਹੀਆਂ ਸਨ, ਤੇ ਮੈਂ ਜੋੜ ਰਿਹਾਂ ਸੀ ਧੀਆਂ ਦੇ ਸੁਫਨਿਆਂ ਦੀਆਂ ਲੀਰਾਂ ਨੂੰ। ਓਹ ਇਕ ਧੀ ਹੀ ਸੀ

ਜਿਸ ਨੇ ਇੱਕ ਚੋਰੀ ਤੋੜਿਆ ਹੋਇਆ ਪੱਕਾ ਅਮਰੂਦ ਲਿਆ ਕਿ ਮੈਨੂੰ ਦੇ ਦਿੱਤਾ, ਮੁੰਡਾ ਹੁੰਦਾ ਤਾਂ ਸ਼ਾਇਦ ਨਾਂ ਦਿੰਦਾ। ਧੀਆਂ ਨੂੰ ਅਸੀਂ ਕਮਜੋਰ ਸਮਝਦੇ ਆ ਇਸ ਕਰ ਕੇ ਉਨ੍ਹਾਂ ਦੀ ਫਿਕਰ ਜ਼ਿਆਦਾ ਕਰਦੇ ਹਾਂ। ਹਰ ਪਿਓ ਦਾ ਦਿਲ ਡਰਦਾ ਏ ਜਦੋਂ ਵੀ ਉਸਦੀ ਧੀ ਘਰੋਂ ਸਕੂਲ ਜਾਂ ਕਾਲਜ ਪੜ੍ਹਨ ਭੇਜਦਾ ਏ। ਅਜਿਹਾ ਕਿਉਂ..? ਹਰ ਮਾਂ ਨੂੰ ਓਨਾ ਚਿਰ ਭੁੱਖ ਨਹੀਂ ਲੱਗਦੀ ਜਿੰਨ੍ਹਾ ਚਿਰ ਉਸ ਦੀ ਧੀ ਟਿਉਸਨ ਪੜ੍ਹ ਕੇ ਵਾਪਿਸ ਘਰ ਨਹੀਂ ਆ ਜਾਂਦੀ। ਅਜਿਹਾ ਕਿਉਂ..? ਕਿਉਂ ਮੋੜਾਂ ਤੇ ਖੜ੍ਹੀ ਮੁੰਡੀਹਰ ਤੇ ਬੱਸਾਂ ਦੀ ਭੀੜ ਤੋਂ ਡਰ ਜਾਂਦੇ ਆ ਇੱਕ ਧੀ ਦੇ ਮਾਂ ਬਾਪ..? ਸਾਇਦ ਇਸ ਲਈ ਕਿ ਅਸੀਂ ਧੀ ਨੂੰ ਜਨਮ ਤਾਂ ਦੇ ਦਿੱਤਾ ਪਰ ਉਸ ਲਈ ਮਹਿਫੂਜ਼ ਸਮਾਜ ਦੀ ਸਿਰਜਣਾ ਵਿਚ ਅਸੀਂ ਅਸਫਲ ਰਹਿ ਗਏ। ਅਸੀਂ ਆਪਣੀ ਧੀ ਨੂੰ ਤਾਂ ਸਿਖਾ ਦਿੱਤਾ ਕੇ ਪੁੱਤ ਨੀਵੀਂ ਪਾ ਕੇ ਰੱਖੀਂ, ਸਿਰ ਤੇ ਚੁੰਨੀ ਸਵਾਰ ਕੇ ਲਵੀਂ।

ਪਰ ਅਸੀਂ ਆਪਣੇ ਪੁੱਤ ਨੂੰ ਨਹੀਂ ਸਿਖਾਇਆ ਕੇ ਕਿਸੇ ਧੀ ਨੂੰ ਦੇਖ ਕੇ ਆਪਣੀ ਭੈਣ ਦੀ ਇੱਜਤ ਨਾ ਭੁੱਲ ਜਾਵੀਂ। ਅਸੀਂ ਆਪਣੇ ਪੁੱਤ ਨੂੰ ਇਹ ਨਹੀਂ ਦੱਸਿਆ ਕਿ ਰਾਹ ਜਾਂਦੀ ਕੁੜੀ ਨੂੰ ਉਸ ਨਿਗਾਹ ਨਾਲ ਵੇਖੀਂ, ਜਿਸ ਨਿਗਾਹ ਨਾਲ ਤੂੰ ਉਮੀਦ ਕਰਦਾ ਏ ਕੇ ਕੋਈ ਤੇਰੀ ਭੈਣ ਨੂੰ ਵੇਖੇ। ਮੇਰੇ ਕੋਈ ਧੀ ਨਹੀਂ ਆ। ਪਰ ਮੈਂ ਦੁਆ ਕਰਦਾ ਹਾਂ ਕਿ ਸਾਡੇ ਘਰ ਇਕ ਧੀ ਜੰਮੇ। ਉਸ ਨੂੰ ਉਹ ਸਮਾਜ ਮਿਲੇ ਜਿਸ ਵਿਚ ਓਹ ਆਪਣੀ ਜਿੰਦਗੀ ਖੁੱਲ੍ਹ ਕੇ ਜੀ ਸਕੇ, ਨਾ ਕੇ ਡਰ-ਡਰ ਕੇ। ਇਸ ਲਈ ਜੇਕਰ ਮੈਂ ਇਸ ਸਮਾਜ ਦੀ ਕਲਪਨਾ ਕਰਦਾ ਹਾਂ ਤਾਂ ਇਸ ਦੀ ਸਿਰਜਣਾ ਵਿਚ ਯੋਗਦਾਨ ਪਾਉਣਾ ਵੀ ਮੇਰਾ ਫਰਜ ਹੈ। ਜਦੋਂ ਅਸੀਂ ਧੀਆਂ ਨਾਲੋ ਜਿਆਦਾ ਆਪਣੇ ਮੁੰਡਿਆਂ ਨੂੰ ਸਲੀਕਾਂ ਸਿਖਾਵਾਂਗੇ ਓਦੋਂ ਸਾਡੀਆਂ ਧੀਆਂ

ਆਪਣੇ ਆਪ ਸਿਆਣੀਆਂ ਹੋ ਜਾਣਗੀਆਂ।
ਪਿੰਜਰੇ ਤੋੜੋ ਤੇ ਖੁੱਲ੍ਹਾ ਆਸਮਾਨ ਦਿਓ,
ਜਿੰਨਾ ਆਉਂਦਾ ਹਿੱਸੇ ਓਹ ਜਹਾਨ ਦਿਓ…

90415-27623
ਅਜੈ ਗੜ੍ਹਦੀਵਾਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ