ਵਿਭਾਗ ਦੀ ਅਣਗਹਿਲੀ : ਸੈਂਕੜੇ ਸਾਈਕਲ ਹੋਣ ਦੇ ਬਾਵਜ਼ੂਦ ਵਿਦਿਆਰਥੀ ਸਾਈਕਲ ਸਕੀਮ ਤੋਂ ਵਾਂਝੇ

Bicycle Scheme

ਬੰਦ ਕਮਰੇ ’ਚ ਸੈੇਂਕੜੇ ਸਾਈਕਲ ਹੋ ਰਹੇ ਹਨ ਖਰਾਬ

(ਅਨਿਲ ਲੁਟਾਵਾ) ਅਮਲੋਹ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਂਗਰਸ ਸਰਕਾਰ ਸਮੇਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਲੋਕਾਂ ਨੂੰ ਭਰਮਾਉਣ ਲਈ ਜਿੱਥੇ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਉੱਥੇ ਹੀ ਵਿਦਿਆਰਥੀ ਵਰਗ ਨੂੰ ਖੁਸ਼ ਕਰਨ ਲਈ ਪੰਜਾਬ ਨਿਰਮਾਣ ਸਕੀਮ ਅਧੀਨ ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਾਇਕਲ (Bicycle Scheme) ਦੇਣ ਦੀ ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ ਬਲਾਕ ਅਮਲੋਹ ਵਿਚ ਵੀ ਵੱਡੇ ਪੱਧਰ ’ਤੇ ਵਿਦਿਆਰਥੀਆਂ ਨੂੰ ਇਹ ਸਾਇਕਲ ਦਿੱਤੇ ਗਏ ਸਨ ਪ੍ਰੰਤੂ ਬਲਾਕ ਅਮਲੋਹ ਦੇ ਪਿੰਡ ਅੰਨ੍ਹੀਆਂ ਦੇ ਜੰਝ ਘਰ ਵਿਖੇ ਇੱਕ ਬੰਦ ਕਮਰੇ ਵਿਚ ਖੜ੍ਹੇ ਸੈਂਕੜੇ ਸਾਇਕਲ ਵਿਭਾਗ ਦੀ ਅਣਗਹਿਲੀ ਕਾਰਨ ਖਰਾਬ ਹੋ ਰਹੇ ਹਨ ।

ਇਹ ਵੀ ਪੜ੍ਹੋ : ਕਰਵਾ ਚੌਥ ‘ਤੇ ਪੂਜਨੀਕ ਗੁਰੂ ਜੀ ਦੇ ਬਚਨ

ਅਨਿਲ : ਪਿੰਡ ਅੰਨ੍ਹੀਆਂ ਦੇ ਜੰਝ ਘਰ ਵਿਚ ਖੜ੍ਹੇ ਸਾਇਕਲਾਂ ਦਾ ਦ੍ਰਿਸ਼। ਤਸਵੀਰ :ਅਨਿਲ ਲੁਟਾਵਾ

ਲੋਕਾਂ ਦਾ ਕਹਿਣਾ ਹੈ ਕਿ ਬੰਦ ਕਮਰੇ ਵਿਚ ਖੜ੍ਹੇ ਇਹ ਸਾਇਕਲ ਜਿੱਥੇ ਖ਼ਰਾਬ ਹੋ ਰਹੇ ਹਨ ਉੱਥੇ ਸਰਕਾਰੀ ਪੈਸੇ ਦੀ ਵੀ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਾਇਕਲਾਂ ਨੂੰ ਬੰਦ ਕਮਰੇ ਦਾ ਸ਼ਿੰਗਾਰ ਬਣਾਏ ਜਾਣ ਦੀ ਥਾਂ ਜਲਦ ਲੋੜਵੰਦ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਵੇ।

ਕੀ ਕਹਿਣਾ ਹੈ ਪਿੰਡ ਦੇ ਸਰਪੰਚ ਸਮਸ਼ੇਰ ਸਿੰਘ ਦਾ :

ਜਦੋਂ ਇਸ ਸਬੰਧੀ ਪਿੰਡ ਅੰਨ੍ਹੀਆ ਦੇ ਸਰਪੰਚ ਸਮਸ਼ੇਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬਲਾਕ ਅਮਲੋਹ ਵਿਚ ਵੰਡੇ ਜਾਣ ਵਾਲੇ ਸਾਇਕਲ ਉਨ੍ਹਾਂ ਦੇ ਪਿੰਡ ਜੰਝ ਘਰ ਵਿਚ ਫਿੱਟ ਕੀਤੇ ਗਏ ਸਨ ਅਤੇ ਵੱਖ-ਵੱਖ ਸਕੂਲਾਂ ਨੂੰ ਇੱਥੋਂ ਹੀ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜੰਝ ਘਰ ਵਿਚ ਖੜ੍ਹੇ ਸਾਇਕਲਾਂ ਵਾਲੇ ਕਮਰੇ ਦੀ ਚਾਬੀ ਅਤੇ ਜਾਣਕਾਰੀ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਕੋਲ ਹੀ ਹੈ।

ਕੀ ਕਹਿਣਾ ਹੈ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦੇ ਸੁਪਰਡੈਂਟ ਦਾ :

ਜਦੋਂ ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦੇ ਸੁਪਰਡੈਂਟ ਬਲਕਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਪੰਜਾਬ ਨਿਰਮਾਣ ਸਕੀਮ ਅਧੀਨ ਬਲਾਕ ਅਮਲੋਹ ਦੇ ਸਕੂਲਾਂ ਲਈ 4137 ਸਾਇਕਲ ਆਏ ਸਨ, ਜਿਨ੍ਹਾਂ ਵਿਚੋਂ 4022 ਸਾਇਕਲ ਵਿਦਿਆਰਥੀਆਂ ਨੂੰ ਵੰਡੇ ਜਾ ਚੁੱਕੇ ਹਨ ਜਦੋਂਕਿ ਬਾਕੀ ਬਚੇ 115 ਸਾਇਕਲ ਦਫ਼ਤਰ ਦੇ ਸਟਾਕ ਰਜਿਸਟਰ ਦਰਜ ਵਿਚ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਲੋੜਵੰਦ ਵਿਦਿਆਰਥੀਆਂ ਦੀਆਂ ਲਿਸਟਾਂ ਮੰਗਵਾ ਕੇ ਉਨ੍ਹਾਂ ਨੂੰ ਇਹ ਸਾਇਕਲ ਵੰਡੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ