ਅੰਮ੍ਰਿਤਪਾਲ ਦੇ ਸਾਥੀਆਂ ਦੀ ਗ੍ਰਿਫਤਾਰੀ ਜਾਰੀ, ਗਨਮੈਨ ਵਰਿੰਦਰ ਸਿੰਘ ਗ੍ਰਿਫਤਾਰ

Amritpal Singh

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਜਾਰੀ ਹੈ। ਅੱਜ ਖਬਰ ਮਿਲੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਵਰਿੰਦਰ ਸਿੰਘ ਨੂੰ ਪੱਟੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਦਾ ਗੰਨਮੈਨ ਸੀ। ਉਧਰ ਅੰਮ੍ਰਿਤਪਾਲ ਸਿੰਘ ਅਜੇ ਵੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਤਲਾਸ਼ੀ ਮੁਹਿੰਮ ਦੌਰਾਨ 18 ਮਾਰਚ ਤੋਂ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ 353 ਨੌਜਵਾਨਾਂ ਵਿੱਚੋਂ 197 ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਹੈ। ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ।

ਅੰਮ੍ਰਿਤਪਾਲ ਅਭਿਆਨ : 353 ਗਿ੍ਰਫਤਾਰ, 197 ਰਿਹਾਅ

ਵਾਰਿਸ ਪੰਜਾਬ ਡੇ ਦੇ ਮੁਖੀ ਅੰਮ੍ਰਿਤਪਾਲ ਅਤੇ ਉਸ ਦੇ ਸਮਰਥਕਾਂ ਵਿਰੁੱਧ ਪਿਛਲੇ ਸ਼ਨੀਵਾਰ ਤੋਂ ਪੰਜਾਬ ਪੁਲਿਸ ਵੱਲੋਂ ਰੋਕਥਾਮ ਕਾਰਵਾਈ ਦੇ ਹਿੱਸੇ ਵਜੋਂ ਗ੍ਰਿਫਤਾਰ ਕੀਤੇ ਗਏ 353 ਵਿਅਕਤੀਆਂ ਵਿੱਚੋਂ 197 ਨੂੰ ਐਤਵਾਰ ਸ਼ਾਮ ਤੱਕ ਰਿਹਾਅ ਕਰ ਦਿੱਤਾ ਗਿਆ। ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਪਿਛਲੇ ਅੱਠ ਦਿਨਾਂ ਵਿੱਚ ਉਪਰੋਕਤ 353 ਤੋਂ ਇਲਾਵਾ 40 ਲੋਕ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਹਨ ਅਤੇ ਸੱਤ ‘ਤੇ ਰਾਸ਼ਟਰੀ ਸੁਰੱਖਿਆ ਐਕਟ ਲਗਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਦੇ ਸਮੂਹ ਪੁਲਿਸ ਸੁਪਰਡੈਂਟਾਂ ਅਤੇ ਪੁਲਿਸ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਵੀ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਜਾਂਚ ਅਧਿਕਾਰੀ ਅਤੇ ਉਸ ਦੇ ਉੱਚ ਅਧਿਕਾਰੀ ਉਪਲਬਧ ਸਬੂਤਾਂ ਦੀ ਜਾਂਚ ਕਰਕੇ ਆਪਣੀ ਤਸੱਲੀ ਕਰ ਲੈਣ। ਲੋਕਾਂ ਨੂੰ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਮਾਹੌਲ ਬਣਾਈ ਰੱਖਣ ਅਤੇ ਅਫ਼ਵਾਹਾਂ ਜਾਂ ਝੂਠੀਆਂ ਖ਼ਬਰਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਕਰਦਿਆਂ ਡਾਇਰੈਕਟਰ ਜਨਰਲ ਨੇ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਪੂਰੀ ਤਰ੍ਹਾਂ ਕਾਬੂ ਹੇਠ ਹੈ। ਪੁਲਿਸ ਨੇ ਅੱਜ ਵੀ ਕਈ ਇਲਾਕਿਆਂ ਵਿੱਚ ਫਲੈਗ ਮਾਰਚ, ਨਾਕਾਬੰਦੀ, ਗਸ਼ਤ ਵਰਗੀਆਂ ਗਤੀਵਿਧੀਆਂ ਜਾਰੀ ਰੱਖੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।