ਨਿਊਜ਼ੀਲੈਂਡ ਖਿਲਾਫ ਦੱ. ਅਫਰੀਕਾ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ

Against, Newzealand, South Africa

ਨਿਊਜ਼ੀਲੈਂਡ ਖਿਲਾਫ ਦੱ. ਅਫਰੀਕਾ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ

ਏਜੰਸੀ, ਬਰਮਿੰਘਮ

ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਚੱਲ ਰਹੀ ਨਿਊਜ਼ੀਲੈਂਡ ਖਿਲਾਫ ਆਈਸੀਸੀ ਕ੍ਰਿਕਟ ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ਦਾ ਬੁੱਧਵਾਰ ਨੂੰ ਬਰਮਿੰਘਮ ‘ਚ ‘ਕਰੋ ਜਾਂ ਮਰੋ’ ਦਾ ਮੁਕਾਬਲਾ ਹੋਵੇਗਾ। ਟੂਰਨਾਮੈਂਟ ‘ਚ ਬਣੇ ਰਹਿਣ ਅਤੇ ਸੈਮੀਫਾਈਨਲ ਦੀ ਦੌੜ ‘ਚ ਕਾਇਮ ਰਹਿਣ ਲਈ ਦੱਖਣੀ ਅਫਰੀਕਾ ਨੂੰ ਨਿਊਜ਼ੀਲੈਂਡ ਖਿਲਾਫ ਹਰ ਹਾਲ ‘ਚ ਮੁਕਾਬਲਾ ਜਿੱਤਣਾ ਹੋਵੇਗਾ। ਦੱਖਣੀ ਅਫਰੀਕਾ ਦੇ ਪੰਜ ਮੈਚਾਂ ‘ਚ ਤਿੰਨ ਹਾਰ, ਇੱਕ ਜਿੱਤ ਅਤੇ ਇੱਕ ਰੱਦ ਨਤੀਜੇ ਨਾਲ ਤਿੰਨ ਅੰਕ ਹਨ ਅਤੇ ਉਹ ਫਿਲਹਾਲ ਅੰਕ ਸੂਚੀ ‘ਚ ਅੱਠਵੇਂ ਸਥਾਨ ‘ਤੇ ਹੈ ਜਦੋਂਕਿ ਟੂਰਨਾਮੈਂਟ ‘ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਨਿਊਜ਼ੀਲੈਂਡ ਦੇ ਚਾਰ ਮੈਚਾਂ ‘ਚ ਤਿੰਨ ਜਿੱਤ ਅਤੇ ਇੱਕ ਮੈਚ ਰੱਦ ਹੋਣ ਜਾਣ ਕਾਰਨ ਸੱਤ ਅੰਕ ਹਨ।

ਭਾਵੇਂ ਹੀ ਨਿਊਜ਼ੀਲੈਂਡ ਇਸ ਮੁਕਾਬਲੇ ਦਾ ਦਾਅਵੇਦਾਰ ਹੈ ਪਰ ਦੱਖਣੀ ਅਫਰੀਕਾ ਕੋਲ ਵੀ ਵਧੀਆ ਟੀਮ ਹੈ ਤੇ ਅਜਿਹੇ ਖਿਡਾਰੀ ਹਨ ਜੋ ਮੈਚ ਦਾ ਰੁਖ ਆਪਣੇ ਵੱਲ ਮੋੜਨ ‘ਚ ਸਮਰਥ ਹਨ। ਹਾਲਾਂਕਿ ਦੱਖਣੀ ਅਫਰੀਕਾ ਇਸ ਵਿਸ਼ਵ ਕੱਪ ‘ਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਕਰ ਸਕਣ ‘ਚ ਹੁਣ ਤੱਕ ਨਾਕਾਮ ਰਹੀ ਹੈ। ਦੱਖਣੀ ਅਫਰੀਕਾ ਨੂੰ ਪਹਿਲੇ ਮੈਚ ‘ਚ ਮੇਜ਼ਬਾਨ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਮੈਚ ‘ਚ ਉਸ ਨੂੰ ਬੰਗਲਾਦੇਸ਼ ਨੇ ਵੱਡਾ ਉਲਟਫੇਰ ਕਰਦਿਆਂ 21 ਦੌੜਾਂ ਨਾਲ ਹਰਾਇਆ ਸੀ। ਦੱਖਣੀ ਅਫਰੀਕਾ ਦਾ ਤੀਜਾ ਮੁਕਾਬਲਾ ਭਾਰਤ ਨਾਲ ਸੀ ਅਤੇ ਉੱਥੇ ਵੀ ਊਸ ਨੂੰ ਮੂੰਹ ਦੀ ਖਾਣੀ ਪਈ ਸੀ ਹਾਲਾਂਕਿ ਵੈਸਟਇੰਡੀਜ਼ ਖਿਲਾਫ ਉਨ੍ਹਾਂ ਦਾ ਮੁਕਾਬਲਾ ਮੀਂਹ ਕਾਰਨ ਰੱਦ ਕਰਨਾ ਪਿਆ ਸੀ ਅਤੇ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ ਸੀ।

ਦੱਖਣੀ ਅਫਰੀਕਾ ਨੇ ਪਿਛਲੇ ਮੁਕਾਬਲੇ ‘ਚ ਅਫਗਾਨਿਸਤਾਨ ਨੂੰ ਹਰਾ ਕੇ ਇਸ ਵਿਸ਼ਵ ਕੱਪ ‘ਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਸੀ। ਦੱਖਣੀ ਅਫਰੀਕਾ ਦੇ ਹੁਣ ਚਾਰ ਮੈਚ ਬਾਕੀ ਹਨ ਅਤੇ ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਉਸ ਨੂੰ ਸਾਰੇ ਮੁਕਾਬਲੇ ਜਿੱਤਣੇ ਹੋਣਗੇ। ਅਜਿਹੇ ‘ਚ ਨਿਊਜ਼ੀਲੈਂਡ ਜਿਹੀ ਸੰਤੁਲਿਤ ਟੀਮ ਖਿਲਾਫ ਉਨ੍ਹਾਂ ਨੂੰ ਹਰ ਵਿਭਾਗ ‘ਚ ਵਧੀਆ ਪ੍ਰਦਰਸ਼ਨ ਕਰਕੇ ਟੂਰਨਾਮੈਂਟ ‘ਚ ਵਾਪਸੀ ਕਰਨੀ ਹੋਵੇਗੀ। ਨਿਊਜ਼ੀਲੈਂਡ ਦੀ ਟੀਮ ਦਾ ਵਿਸ਼ਵ ਕੱਪ ‘ਚ ਹੁਣ ਤੱਕ ਬਿਹਤਰੀਨ ਪ੍ਰਦਰਸ਼ਨ ਰਿਹਾ ਹੈ ਅਤੇ ਉਸ ਨੂੰ ਇੱਕ ਵੀ ਮੁਕਾਬਲੇ ‘ਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਨਿਊਜ਼ੀਲੈਂਡ ਨੇ ਪਹਿਲੇ ਮੁਕਾਬਲੇ ‘ਚ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ ਸੀ ਜਦੋਂਕਿ ਦੂਜੇ ਮੁਕਾਬਲੇ ‘ਚ ਉਨ੍ਹਾਂ ਦਾ ਸਾਹਮਣਾ ਉਲਟਫੇਰ ਕਰਨ ‘ਚ ਮਾਹਿਰ ਬੰਗਲਾਦੇਸ਼ ਨਾਲ ਸੀ, ਜਿੱਥੇ ਉਸ ਨੂੰ ਦੋ ਵਿਕਟਾਂ ਨਾਲ ਜਿੱਤ ਮਿਲੀ ਸੀ।

ਤੀਜੇ ਮੁਕਾਬਲੇ ‘ਚ ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ ਹਰਾਇਆ ਸੀ। ਭਾਰਤ ਖਿਲਾਫ ਉਨ੍ਹਾਂ ਦਾ ਚੌਥਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ, ਹਾਲਾਂਕਿ ਨਿਊਜ਼ੀਲੈਂਡ ਦਾ ਹੁਣ ਤੱਕ ਕਿਸੇ ਵੀ ਵੱਡੀ ਟੀਮ ਨਾਲ ਮੁਕਾਬਲਾ ਨਹੀਂ ਹੋਇਆ ਹੈ। ਅਜਿਹੇ ‘ਚ ਬੁੱਧਵਾਰ ਨੂੰ ਦੱਖਣੀ ਅਫਰੀਕਾ ਜਿਹੀ ਮਜ਼ਬੂਤ ਟੀਮ ਖਿਲਾਫ ਉਨ੍ਹਾਂ ਦੀ ਵੀ ਪ੍ਰੀਖਿਆ ਹੋਵੇਗੀ। ਨਿਊਜ਼ੀਲੈਂਡ ਦੀ ਟੀਮ ਦੇ ਜ਼ਿਆਦਾਤਰ ਖਿਡਾਰੀ ਫਾਰਮ ‘ਚ ਹਲ ਜੋ ਵੱਡਾ ਸਕੋਰ ਬਣਾ ਕੇ ਵਿਰੋਧੀ ਟੀਮ ਨੂੰ ਦਬਾਅ ‘ਚ ਲਿਆ ਸਕਦੇ ਹਨ। ਦੱਖਣੀ ਅਫਰੀਕਾ ਨੂੰ ਮੁਕਾਬਲੇ ‘ਚ ਆਪਣੀ ਮਜ਼ਬੂਤ ਛਾਪ ਛੱਡਣ ਲਈ ਨਿਊਜ਼ੀਲੈਂਡ ਦੇ ਸਿਖਰਲੇ ਕ੍ਰਮ ਨੂੰ ਜਲਦ ਨਬੇੜਨ ਦੀ ਚੁਣੌਤੀ ਹੋਵੇਗੀ। ਦੋਵਾਂ ਟੀਮਾਂ ਦਰਮਿਆਨ ਹੁਣ ਤੱਕ 70 ਵੰਨਡੇ ਮੁਕਾਬਲੇ ਖੇਡੇ ਗਏ ਹਨ ਜਿਨ੍ਹਾਂ ‘ਚ ਨਿਊਜ਼ੀਲੈਂਡ ਨੇ 24 ਜਿੱਤੇ ਹਨ ਜਦੋਂਕਿ ਦੱਖਣੀ ਅਰਫੀਕਾ ਨੇ 41 ਜਿੱਤੇ ਹਨ। ਪੰਜ ਮੈਚਾਂ ‘ਚ ਕੋਈ ਨਤੀਜਾ ਨਹੀਂ ਨਿਕਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।