ਸੁਪਰ ਸੀਡਰ ਬਾਰੇ ਖੇਤੀਬਾੜੀ ਵਿਭਾਗ ਨੇ ਜਾਰੀ ਕੀਤੀ ਸਲਾਹ, ਅਪਣਾਉਣ ‘ਤੇ ਹੋਵੇਗਾ ਫ਼ਾਇਦਾ!

Department of Agriculture

ਫਾਜ਼ਿਲਕਾ (ਸੱਚ ਕਹੂੰ ਨਿਊਜ਼)। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਸੰਭਾਲ ਸਬੰਧੀ ਵਰਤੀਆਂ ਜਾਂਦੀਆਂ ਮਸ਼ੀਨਾਂ ਸਬੰਧੀ ਜਾਣਕਾਰੀ ਦੇਣ ਲਈ ਉਪਰਾਲੇ ਜਾਰੀ ਹਨ। ਖੇਤੀਬਾੜੀ ਵਿਭਾਗ ਲਗਾਤਾਰ ਕਿਸਾਨਾਂ ਨੂੰ ਮਸ਼ੀਨਾਂ ’ਤੇ ਸਬਸਿਡੀ ਵੀ ਦੇ ਰਿਹਾ ਹੈ।ਇਸ ਲਈ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਅਤੇ ਖੇਤੀਬਾੜੀ ਇੰਜਨੀਅਰ ਸ੍ਰੀ ਕਮਲ ਗੋਇਲ ਨੇ ਸੁਪਰ ਸੀਡਰ ਸਬੰਧੀ ਸਲਾਹ ਜਾਰੀ ਕਰਦਿਆਂ ਦੱਸਿਆ ਕਿ ਸੁਪਰ ਸੀਡਰ ਨਾਲ ਬਿਨਾਂ ਵਹਾਈ ਕਣਕ ਦੀ ਬਿਜਾਈ ਝੋਨੇ ਦੇ ਵੱਢ ਵਿੱਚ ਪਰਾਲੀ ਨੂੰ ਖੇਤ ਵਿਚੋਂ ਕੱਢੇ ਬਿਨ੍ਹਾ ਹੀ ਕੀਤੀ ਜਾ ਸਕਦੀ ਹੈ। (Department of Agriculture)

ਇਸ ਨਾਲ ਕਣਕ ਦੀ ਬਿਜਾਈ ਬਿਨਾ ਪਰਾਲੀ ਸਾੜੇ ਹੋ ਜਾਂਦੀ ਹੈ। ਮਸ਼ੀਨ ਦੀ ਬਣਤਰ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੁਪਰ ਸੀਡਰ ਮਸ਼ੀਨ ਵਿੱਚ ਅੱਗੇ ਰੋਟਾਵੇਟਰ ਲੱਗਾ ਹੁੰਦਾ ਹੈ, ਜਿਸ ’ਤੇ ‘ਐਲ’ ਜਾਂ ‘ਜੇ’ ਜਾਂ ‘ਸੀ ਟਾਈਪ ਦੇ ਬਲੇਡ ਲੱਗੇ ਹੁੰਦੇ ਹਨ ਅਤੇ ਮਗਰ ਫਾਲੇ ਲੱਗੇ ਹੁੰਦੇ ਹਨ। ਰੋਟਾਵੇਟਰ ਅਤੇ ਫ਼ਾਲਿਆਂ ਵਿਚਕਾਰ ਇੱਕ ਰੋਲਰ ਲੱਗਾ ਹੁੰਦਾ ਹੈ, ਜਿਸ ’ਤੇ ਡਿਸਕਾਂ ਲੱਗੀਆਂ ਹੁੰਦੀਆਂ ਹਨ ਅਤੇ ਇਹ ਰੋਲਰ 50-60 ਚੱਕਰ ਪ੍ਰਤੀ ਮਿੰਟ ’ਤੇ ਘੁੰਮਦਾ ਹੈ। ਰੋਟਾਵੇਟਰ ਪਰਾਲੀ ਨੂੰ ਜ਼ਮੀਨ ਵਿੱਚ ਦਬਾਉਂਦਾ ਹੈ। ਡਿਸਕ ਫ਼ਾਲੇ ਅੱਗੇ ਜ਼ਮੀਨ ਵਿੱਚ ਲਾਈਨ ਬਣਾਉਂਦੀ ਹੈ ਅਤੇ ਫ਼ਾਲੇ ’ਤੇ ਲੱਗੇ ਬੂਟ ਰਾਹੀਂ ਖਾਦ ਅਤੇ ਬੀਜ ਲਾਈਨਾਂ ਵਿੱਚ ਕੇਰੀ ਜਾਂਦੀ ਹੈ।

Department of Agriculture

ਸੁਪਰ ਸੀਡਰ ਨਾਲ ਬੀਜਾਈ ਸਮੇਂ ਪ੍ਰਤੀ ਏਕੜ 45 ਕਿਲੋ ਬੀਜ ਪਾਉਣਾ ਚਾਹੀਦਾ ਹੈ ਅਤੇ 65 ਕਿਲੋ ਡੀਏਪੀ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਉਨ੍ਹਾਂ ਸੁਪਰ ਸੀਡਰ ਦੀ ਸਾਂਭ-ਸੰਭਾਲ ਬਾਰੇ ਸਲਾਹ ਦਿੰਦਿਆਂ ਕਿਹਾ ਕਿ ਇਸ ਵਿਧੀ ਨਾਲ ਕਣਕ ਦੀ ਬਿਜਾਈ ਜਿਆਦਾ ਅਗੇਤੀ ਨਹੀਂ ਕਰਣੀ ਚਾਹੀਦੀ।ਖੇਤ ਵਿੱਚ ਕੂਲਾ ਵੱਤਰ ਹੋਣਾ ਚਾਹੀਦਾ ਹੈ।ਮਸ਼ੀਨ ਦੇ ਫਾਲਿਆਂ ਦੇ ਹਿਸਾਬ ਨਾਲ ਟਰੈਕਟਰ ਦੀ ਹਾਰਸ ਪਾਵਰ ਦੀ ਚੋਣ ਕਰੋ। ਟਰੈਕਟਰ ਨੂੰ ਹੌਲੀ ਸਪੀਡ ’ਤੇ ਚਲਾਉ। ਬਿਜਾਈ ਸਮੇਂ ਟਰੈਕਟਰ ਨੂੰ ਖੇਤ ਵਿਚ ਚਲਾਉਣ ਤੋਂ ਪਹਿਲਾਂ ਪੀਟੀਓ ਨੂੰ ਚਲਾਓ।

Also Read : ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਦੀ ਲੜਾਈ ’ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ

ਬਿਜਾਈ ਦੇ ਸਮੇਂ ਮੌੜਾਂ ’ਤੇ ਮਸ਼ੀਨ ਨੂੰ ਥੋੜ੍ਹਾ ਉੱਪਰ ਚੁੱਕੋ ਨਹੀਂ ਤਾਂ ਮਸ਼ੀਨ ਦੇ ਫਾਲੇ, ਡਿਸਕਾਂ ਟੇਡੇ ਹੋ ਸਕਦੇ ਹਨ ਅਤੇ ਬਲੇਡਾਂ ਅਤੇ ਮਸ਼ੀਨ ਨੂੰ ਨੁਕਸਾਨ ਹੋ ਸਕਦਾ ਹੈ। ਘਸੇ ਹੋਏ ਬਲੇਡਾਂ ਨੂੰ ਬਦਲੋ। ਚੇਨਾਂ ਨੂੰ ਗਰੀਸ ਕਰੋ ਅਤੇ ਨਿੱਪਲਾਂ ਵਿਚ ਗਰੀਸ ਭਰੋ। ਬੀਜ ਅਤੇ ਖਾਦ ਬਕਸੇ ਨੂੰ ਬਿਜਾਈ ਦੇ ਸੀਜ਼ਨ ਤੋਂ ਬਾਅਦ ਖਾਲੀ ਕਰਕੇ ਸਾਫ ਕਰੋ।ਜੇਕਰ ਇੰਨ੍ਹਾਂ ਸਾਵਧਾਨੀਆਂ ਨਾਲ ਇਸ ਮਸ਼ੀਨ ਦੀ ਵਰਤੋਂ ਕੀਤੀ ਜਾਵੇ ਤਾਂ ਕਿਸਾਨ ਬਿਨਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਇਸ ਮਸ਼ੀਨ ਨਾਲ ਕਰ ਸਕਦੇ ਹਨ।