ਹੈਦਰਾਬਾਦ ਬੰਬ ਧਮਾਕੇ ਦੇ ਸਾਰੇ ਮੁਲਜ਼ਮ ਬਰੀ

bomb blast

ਹੈਦਰਾਬਾਦ: ਸੰਨ 2005 ਵਿੱਚ ਹੈਦਰਾਬਾਦ ਵਿੱਚ ਹੋਏ ਆਤਮਘਾਤੀ ਹਮਲੇ ਮਾਮਲੇ ਵਿੱਚ ਇੱਥੋਂ ਦੀ ਸੈਸ਼ਨ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਸਾਰੇ 10 ਮੁਲਜ਼ਮਾਂ ਨੂੰ ਅੱਜ ਬਰੀ ਕਰ ਦਿੱਤਾ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਇਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਕਲੀਮ ਪਿਛਲੇ 12 ਸਾਲਾਂ  ਤੱਕ ਜੇਲ੍ਹ ਵਿੱਚ ਬੰਦ ਰਿਹਾ। ਉਸ ਦਾ ਪਰਿਵਾਰਿਕ ਜੀਵਨ ਖਤਮ ਹੋ ਚੁੱਕਿਆ ਹੈ। ਔਖੇ ਹਾਲਾਤਾਂ ਨੂੰ ਵੇਖਦੇ ਹੋਏ ਕਲੀਮ ਨੇ ਇੱਕ ਵਾਰ ਆਪਣੀ ਪਤਨੀ ਨੂੰ ਦੂਜਾ ਵਿਆਹ ਕਰਨ ਤੱਕ ਲਈ ਕਹਿ ਦਿੱਤਾ ਸੀ।

12 ਅਕਤੂਬਰ 2005 ਨੂੰ ਹੋਇਆ ਵੀ  ਬੰਬ ਧਮਾਕਾ

ਹੈਦਰਾਬਾਦ ਦੇ ਬੇਗਮਪੇਟ ਇਲਾਕੇ ਵਿੱਚ 12 ਅਕਤੂਬਰ 2005 ਨੂੰ ਕਾਰਬਲ ਸਥਾਨ ‘ਚ ਇੱਕ ਬੰਗਲਾਦੇਸ਼ੀ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਗਏ ਬੰਬ ਧਮਾਕੇ ਵਿੱਚ ਇੱਕ ਹੋਮਗਾਰਡ ਦੀ ਮੌਤ ਹੋ ਗਈ ਸੀ, ਜਦੋਂਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਸੀ।

ਐਸਆਈਟੀ ਕਰ ਰਹੀ ਸੀ ਮਾਮਲੇ ਦੀ ਜਾਂਚ

ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਦਾਅਵਾ ਕੀਤਾ ਕਿ ਇਸ ਹਮਲੇ ਪਿੱਛੇ ਬੰਗਲਾਦੇਸ਼ੀ ਸੰਗਠਨ ਹਰਕਤ-ਉਲ-ਜੇਹਾਦ-ਅਲ-ਇਸਲਾਮੀ (ਹੂਜੀ) ਦਾ ਹੱਥ ਸੀ। ਹਮਲਾਵਰ ਦੀ ਪਛਾਣ ਹੂਜੀ ਦੇ ਮੈਂਬਰ ਦਾਲਿਨ ਵਜੋਂ ਕੀਤੀ ਗਈ ਸੀ।

10 ਜਣਿਆਂ ਨੂੰ ਕੀਤਾ ਸੀ ਗ੍ਰਿਫ਼ਤਾਰ

ਐਸਆਈਟੀ ਨੇ ਇਸ ਮਾਮਲੇ ਵਿੱਚ 10 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਉਨ੍ਹਾਂ ਦੇ ਖਿਲਾਫ਼ ਦੋਸ਼ ਪੱਤਰ ਆਇਦ ਕੀਤਾ ਸੀ। ਐਸਆਈਟੀ ਨੇ ਇਹ ਵੀ ਦੱਸਿਆ ਕਿ ਹਮਲੇ ਦਾ ਮਾਸਟਰ ਮਾਈਂਡ ਮੁਹੰਮਦ ਅਬਦੁਲ ਸ਼ਾਹਿਦ ਉਰਫ਼ ਬਿਲਾਲ ਪਾਕਿਸਤਾਨ ਵਿੱਚ ਮਾਰਿਆ ਗਿਆ। ਉੱਥੇ ਹੀ ਇੱਕ ਮੁਲਜ਼ਮ ਗੁਲਾਮ ਯਜਦਾਨੀ ਦਿੱਲੀ ਵਿੱਚ ਮਾਰਿਆ ਗਿਆ।

ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਕੀਤਾ ਬਰੀ

ਬਚਾਅ ਧਿਰ ਦੇ ਵਕੀਲ ਅਬਦੁਲ ਅਜ਼ੀਮ ਨੇ ਦੱਸਿਆ ਕਿ ਮੁਦਈ ਧਿਰ ਸਬੂਤ ਪੇਸ਼ ਕਰਨ ਵਿੱਚ ਅਸਫ਼ਲ ਰਹੀ। ਲਿਹਾਜਾ ਅਦਾਲਤ ਨੇ ਸਾਰੇ 10 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਬਿਨਾਂ ਕਿਸੇ ਸਬੂਤਾਂ ਤੋਂ ਗ੍ਰਿਫ਼ਤਾਰ ਕੀਤਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।