ਆਪ ਨੂੰ ਵੱਜਾ ਜਲ ਤੋਪਾਂ ਦਾ ‘ਕਰੰਟ’

aap protest

ਭਗਵੰਤ ਮਾਨ ਸਣੇ ਅੱਧੀ ਦਰਜਨ ਤੋਂ ਜਿਆਦਾ ਵਿਧਾਇਕ ਗ੍ਰਿਫ਼ਤਾਰ, ਅਮਨ ਅਰੋੜਾ ਨੂੰ ਲੱਗੀਆਂ ਸੱਟਾਂ

ਬਿਜਲੀ ਦੀਆਂ ਦਰਾਂ ‘ਚ ਵਾਧੇ ਖ਼ਿਲਾਫ਼ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਣ ਜਾਣਾ ਸੀ ਪਾਰਟੀ ਲੀਡਰਸ਼ਿਪ ਨੇ

ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ‘ਚ ਬਿਜਲੀ ਦੀਆਂ ਦਰਾਂ ਦੇ ਵਾਧੇ ‘ਚ ਖ਼ਿਲਾਫ਼ ਸ਼ੁੱਕਰਵਾਰ ਨੂੰ ਮੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਲਈ ਜਾ ਰਹੀ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੂੰ ਪਾਣੀ ਦੀਆਂ ਤੋਪਾਂ ਨੇ ਫੱਟੜ ਕਰ ਦਿੱਤਾ। ਪਾਣੀਆਂ ਵਾਛੜਾਂ ਅੱਗੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਗੁੱਸਾ ਕੁਝ ਹੀ ਮਿੰਟਾਂ ਵਿੱਚ ਠੰਢਾ ਹੋ ਗਿਆ ਤਾਂ ਮੁੜ ਤੋਂ ਭਗਵੰਤ ਮਾਨ ਨੇ ਜੋਸ਼ ਭਰਦੇ ਹੋਏ ਬੈਰੀਕੇਡ ਨੂੰ ਤੋੜਨ ਦੀ ਕੋਸ਼ਸ਼ ਕੀਤੀ, ਇਸ ਦੌਰਾਨ ਚੰਡੀਗੜ ਪੁਲਿਸ ਨੂੰ ਮੁੜ ਤੋਂ ਪਾਣੀ ਦੀਆਂ ਤੋਪਾ ਦੀ ਵਰਤੋਂ ਕੀਤੀ। ਇਸ ਦੌਰਾਨ ਪਾਣੀ ਦੀਆਂ ਤੋਪਾ ਨੇ ਵੀ ਪਾਣੀ ਖ਼ਤਮ ਹੋਣ ਦੇ ਕਾਰਨ ਹੱਥ ਖੜ ਕਰ ਦਿੱਤੇ ਤਾਂ ਫਾਇਰ ਬ੍ਰਿਗੇਡ ਰਾਹੀਂ ਪਾਣੀ ਦੀਆਂ ਤੋਪਾ ਵਿੱਚ ਪਾਣੀ ਭਰ ਕੇ ਮੁੜ ਤੋਂ ਆਮ ਆਦਮੀ ਪਾਰਟੀ ਦੇ ਲੀਡਰਾਂ ‘ਤੇ ਪਾਣੀ ਰਾਹੀਂ ਹਮਲਾ ਬੋਲਿਆ।

ਚੰਡੀਗੜ ਪੁਲਿਸ ਵਲੋਂ ਤਿਆਰ ਕੀਤੇ ਗਏ ਕਿਲੇ ਨੂੰ ਤੋੜਨ ਵਿੱਚ ਨਾਕਾਮ

ਕਾਫ਼ੀ ਦੇਰ ਤੱਕ ਚੰਡੀਗੜ ਪੁਲਿਸ ਦਾ ਸਾਹਮਣਾ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੀ ਗ੍ਰਿਫ਼ਤਾਰੀ ਦਿੰਦੇ ਹੋਏ ਅੱਜ ਦੇ ਰੋਸ ਧਰਨੇ ਨੂੰ ਖ਼ਤਮ ਕਰ ਦਿੱਤਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇਸ ਗੱਲ ਦਾ ਜਰੂਰ ਮਲਾਲ ਰਿਹਾ ਕਿ ਉਹ ਚੰਡੀਗੜ ਪੁਲਿਸ ਵਲੋਂ ਤਿਆਰ ਕੀਤੇ ਗਏ ਕਿਲੇ ਨੂੰ ਤੋੜਨ ਵਿੱਚ ਨਾਕਾਮ ਹੋਣ ਕਾਰਨ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਵੱਲ ਵੱਧ ਨਹੀਂ ਸਕੇ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਲਗਾਤਾਰ ਵੱਧ ਰਹੀ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ 10 ਜਨਵਰੀ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਸੀ।

aap protest 1

ਜਿਸ ਲਈ ਪਾਰਟੀ ਦੀ ਲੀਡਰਸ਼ਿਪ ਅਤੇ ਵਰਕਰਾਂ ਨੂੰ ਵਿਧਾਇਕ ਹੋਸਟਲ ਸੈਕਟਰ 4 ਵਿਖੇ ਇਕੱਠੇ ਹੋਣ ਬਾਰੇ ਕਿਹਾ ਗਿਆ ਸੀ। ਬਾਅਦ ਦੁਪਹਿਰ ਤੱਕ ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਵਿਧਾਇਕ ਦਲ ਦੇ ਲੀਡਰ ਹਰਪਾਲ ਚੀਮਾ ਸਣੇ ਅੱਧੀ ਦਰਜਨ ਤੋਂ ਜਿਆਦਾ ਵਿਧਾਇਕ ਸਣੇ ਵੱਡੇ ਪੱਧਰ ‘ਤੇ ਲੀਡਰਸ਼ਿਪ ਵਿਧਾਇਕ ਹੋਸਟਲ ਵਿਖੇ ਤਾਂ ਪੁੱਜ ਗਏ ਪਰ ਇਸੇ ਦੌਰਾਨ ਚੰਡੀਗੜ ਪੁਲਿਸ ਨੇ ਵਿਧਾਇਕ ਹੋਸਟਲ ਨੂੰ ਚਾਰੇ ਪਾਸਿਓਂ ਇੱਕ ਕਿਲ੍ਹੇ ਦਾ ਰੂਪ ਦੇ ਦਿੱਤਾ।

ਇਸ ਦੌਰਾਨ ਵੱਡੇ ਪੱਧਰ ‘ਤੇ ਬੈਰੀਕੇਡ ਵੀ ਲਗਾਏ ਗਏ ਸਨ।

  • ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਸੰਬੋਧਨ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ
  • ਪਹਿਲਾਂ ਤੋਂ ਤਿਆਰ ਖੜੀ ਪੁਲਿਸ ਨੇ ਇਨਾਂ ਨੂੰ ਵਿਧਾਇਕ ਹੋਸਟਲ ਤੋਂ ਬਾਹਰ ਨਹੀਂ ਨਿਕਲਣ ਦਿੱਤਾ।
  • ਇਸ ਦੌਰਾਨ ਭਗਵੰਤ ਮਾਨ ਅਤੇ ਪਾਰਟੀ ਦੇ ਵਿਧਾਇਕਾਂ ਨੇ ਸਭ ਤੋਂ ਅੱਗੇ ਹੋ ਕੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤੋਂ ਤੈਨਾਤ ਪਾਣੀ ਦੀਆਂ ਤੋਪਾ ਨੇ ਇਨਾਂ  ਪਾਣੀ ਦੀਆਂ ਵਾਛੜਾਂ ਮਾਰੀਆਂ।
  • ਜਿਸ ਦੌਰਾਨ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਣੇ ਵਰਕਰਾਂ ਨੂੰ ਕਾਫ਼ੀ ਸੱਟਾ ਲੱਗਣ ਦੇ ਨਾਲ ਹੀ ਉਨਾਂ ਨੂੰ ਖਦੇੜ ਦਿੱਤਾ ਗਿਆ।  
  • ਆਮ ਆਦਮੀ ਪਾਰਟੀ ਵਲੋਂ ਬੈਰੀਕੇਡ ਤੋੜਨ ਦੀ ਤਿੰਨ ਵਾਰ ਅਸਫ਼ਲ ਕੋਸ਼ਸ਼ ਕੀਤੀ ਗਈ,
  • ਜਿਸ ਦੌਰਾਨ ਪਾਣੀ ਦੀਆਂ ਤੋਪਾ ਨੇ ਪਾਣੀ ਮਾਰਦੇ ਹੋਏ ਇਨਾਂ ਨੂੰ ਖਦੇੜਦੇ ਹੋਏ ਪਿੱਛੇ ਸੁੱਟ ਦਿੱਤਾ।
  • ਕਾਫ਼ੀ ਜਦੋਂ ਜਹਿਦ ਤੋਂ ਬਾਅਦ ਪਾਰਟੀ ਦੇ ਲੀਡਰਾਂ ਨੇ ਚੰਡੀਗੜ ਪੁਲਿਸ ਨੂੰ ਆਪਣੀ ਗ੍ਰਿਫ਼ਤਾਰੀ ਦੇ ਦਿੱਤਾ।
  • ਜਿਥੇ ਕਿ ਕੁਝ ਘੰਟੇ ਬਾਅਦ ਇਨਾਂ ਲੀਡਰਾਂ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ।
  • ਅਮਨ ਅਰੋੜਾ ਸਣੇ ਦਰਜਨ ਭਰ ਫੱਟੜ

ਪਾਰਟੀ ਵਿਧਾਇਕ ਅਮਨ ਅਰੋੜਾ ਸਣੇ ਦਰਜਨ ਭਰ ਆਮ ਆਦਮੀ ਪਾਰਟੀ ਦੇ ਲੀਡਰ ਫੱਟੜ ਹੋ ਗਏ ਹਨ। ਜਿਨਾਂ ਦਾ ਚੰਡੀਗੜ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਵੀ ਕਰਵਾਇਆ ਗਿਆ ਹੈ। ਅਮਨ ਅਰੋੜਾ ਦੀ ਸੱਜੀ ਬਾਂਹ ‘ਤੇ ਸੱਟ ਲੱਗੀ ਹੈ, ਉਹ ਬਾਂਹ ਉੱਤਰਨ ਜਾਂ ਫਿਰ ਹੱਡੀ ਟੁੱਟਣ ਦੀ ਸ਼ਿਕਾਇਤ ਕਰ ਰਹੇ ਹਨ ਇਥੇ ਹੀ ਕਈ ਬਜ਼ੁਰਗਾਂ ਦੇ ਵੀ ਸੱਟ ਲਗੀ ਹੈ ਅਤੇ ਇੱਕ ਬਜ਼ੁਰਗ ਦੇ ਸਿਰ ਵਿੱਚੋਂ ਖੂਨ ਵੀ ਨਿਕਲ ਰਿਹਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।