ਦੁੱਖ

ਇੱਕ ਦੰਦ ਕਥਾ

ਕਹਿੰਦੇ ਨੇ, ਜਦੋਂ ਰੱਬ ਨੇ ਆਦਮ ਅਤੇ ਹਵਾ ਬਣਾਏ ਤਾਂ… ਉਨ੍ਹਾਂ ਦੇ ਮਨ-ਪ੍ਰਚਾਵੇ ਲਈ, ਸੁੱਖਾਂ ਦਾ ਖ਼ਜ਼ਾਨਾ ਵੀ ਬਖ਼ਸ਼ ਦਿੱਤਾ ਅਤੇ ਹੁਕਮ ਕੀਤਾ ਕਿ, ਦੋਨੋਂ ਧਰਤੀ ਉੱਪਰ ਜਾ ਵੱਸਣ।
ਇੱਕ ਕੋਨੇ ਵਿੱਚ ਖੜ੍ਹਾ ਦੁੱਖ, ਦੰਦਾਂ ਨਾਲ ਆਪਣੇ ਨਹੁੰ ਚਿੱਥਦਾ ਹੋਇਆ, ਗਹਿਰੀ ਸੋਚ ਵਿੱਚ ਡੁੱਬਿਆ ਹੋਇਆ ਸੀ। … ਤੇ ਫੇਰ ਉਹ ਅਛੋਪਲੇ ਜਿਹੇ, ਸੁੱਖ ਦੇ ਬਰਾਬਰ ਆਣ ਖੜ੍ਹਾ ਹੋਇਆ ।
ਜਦੋਂ ਆਦਮ ਦੀ ਨਜ਼ਰ, ਮੂੰਹ ਲੁਕੋਈ ਖੜ੍ਹੇ ਦੁੱਖ ਉੱਪਰ ਪਈ, ਤਾਂ ਉਹਨੇ ਦੁੱਖ ਨੂੰ ਮੋਢਿਓਂ ਫੜ੍ਹ, ਪਾਸੇ ਕਰਦਿਆਂ ਤੇ ਅੱਖਾਂ ਦਿਖਾਉਂਦੇ ਹੋਏ ਕਿਹਾ, ‘‘ਭਲਿਆ ਮਾਣਸਾ! ਤੈਨੂੰ ਕੀਹਨੇ ਕਿਹਾ ਬਈ! ਮੇਰੇ ਨਾਲ ਜਾਣ ਲਈ?¿; ਹਟ ਪਰ੍ਹਾਂ।’’

ਦੁੱਖ ਨੇ ਇਨਕਾਰ ਕਰਦੇ ਹੋਏ, ਸਿਰ ਮਾਰਦਿਆਂ ਕਿਹਾ, ‘‘ਜਾਊਂਗਾ ਯਾਰ! ਤੂੰ ਕੌਣ ਹੁੰਨੈ ਮੈਨੂੰ ਰੋਕਣ ਵਾਲਾ?’’
ਮਨੁੱਖ ਨੇ ਖੁਦਾ ਕੋਲ, ਉਹਦੀ ਸ਼ਿਕਾਇਤ ਕੀਤੀ ਤਾਂ ਉਹ ਰੱਬ ਜੀ ਅੱਗੇ ਜਾ ਹਾਜ਼ਿਰ ਹੋਇਆ ਅਤੇ ਅਰਜ਼ ਕੀਤੀ, ‘‘ਰੱਬ ਜੀ! ਤੁਸਾਂ ਹਰ ਚੀਜ਼ ਜੋੜੇ ’ਚ ਬਣਾਈ ਏ। ਮਰਦ-ਔਰਤ, ਰੌਸ਼ਨੀ-ਹਨ੍ਹੇਰਾ, ਗਰਮੀ-ਸਰਦੀ, ਉੱਚਾ- ਨੀਵਾਂ, ਰੰਗ-ਬੇਰੰਗ ਵਗੈਰਾ ਵਗੈਰਾ….! ਤੁਸੀਂ ਸੁੱਖ ਬਣਾਇਆ, ਤਾਂ ਮੈਂ ਵੀ ਨਾਲ ਹੀ ਪੈਦਾ ਹੋ ਗਿਆ ਹਾਂ… ਜਦੋਂ ਹਰ ਚੀਜ਼ ਧਰਤੀ ਉੱਪਰ ਜਾ ਰਹੀ ਹੈ ਤਾਂ, ਮੈਂ ਕਿਉਂ ਪਿੱਛੇ ਰਹਾਂ? ਮੈਂ ਵੀ ਜਾਊਂ ਜ਼ਰੂਰ … ਸਭ ਦੇ ਨਾਲ।’’
ਰੱਬ ਜੀ ਸੋਚੀਂ ਪੈ ਗਏ।

ਉਨ੍ਹਾਂ ਆਦਮ ਤੇ ਹਵਾ ਨੂੰ, ਸਦਾ ਹੱਸਦਿਆਂ ਵੇਖਣ ਲਈ, ਸਾਰੇ ਸੁੱਖ ਪਰੋਸ ਦਿੱਤੇ ਸਨ ਅਤੇ ਦੁੱਖ ਵੀ ਅਚੇਤ ਹੀ ਉਨ੍ਹਾਂ ਵੱਲੋਂ ਸਿਰਜਿਆ ਗਿਆ ਸੀ, ਜਿਹੜਾ ਹੁਣ ਧਰਤੀ ਉੱਪਰ ਜਾਣ ਦੀ ਅੜੀ ਕਰੀ ਬੈਠਾ ਸੀ।

ਕਾਫ਼ੀ ਸੋਚ-ਵਿਚਾਰ ਬਾਅਦ, ਰੱਬ ਜੀ ਦਾ ਹੁਕਮ ਹੋਇਆ, ‘‘ਆਦਮ-ਜ਼ਾਤ! ਜਦੋਂ ਬਾਕੀ ਸਾਰਾ ਕੁਝ, ਮੈਂ ਤੇਰੇ ਨਾਲ ਭੇਜ ਰਿਹਾ ਹਾਂ ਤਾਂ ਦੁੱਖ ਦਾ ਵੀ, ਤੇਰੇ ਨਾਲ ਹੀ ਜਾਣਾ ਬਣਦੈ… ਇਹ ਵੀ ਧਰਤੀ ਉੱਪਰ ਹੀ ਰਹੇਗਾ ਪਰ ਇਹ ਕਦੇ ਵੀ, ਇੱਕੋ ਰੂਪ ਵਿੱਚ ਨਹੀਂ ਰਹਿ ਸਕੇਗਾ… ਇਹਨੂੰ ਲਗਾਤਾਰ, ਆਪਣਾ ਹੁਲੀਆ ਬਦਲਣਾ ਪਵੇਗਾ।

ਇੱਕ ਹੋਰ ਬਖਸ਼ੀਸ਼, ਜੋ ਮੈਂ ਤੈਨੂੰ ਦੇਣਾ ਚਾਹਾਂਗਾ, ਉਹ ਹੈ¿; ਹੌਂਸਲਾ ।
ਇਹ ਉਹ ਸ਼ੈਅ ਹੈ, ਜਿਸ ਦੇ ਆਸਰੇ ਤੂੰ ਦੁੱਖ ਉੱਪਰ ਕਾਬੂ ਪਾ ਸਕੇਂਗਾ… ਹੁਣ ਜਾਓ ਅਤੇ ਐਸ਼ ਕਰੋ।’’ ਆਦਮ ਤੇ ਹਵਾ ਨੂੰ ਕਹਿੰਦਿਆਂ, ਰੱਬ ਜੀ ਅੰਤਰ ਧਿਆਨ ਹੋ ਗਏ ।

ਆਦਮ ਅਤੇ ਹਵਾ ਨੇ ਧਰਤੀ ਉੱਪਰ ਆਣ ਵਾਸਾ ਕੀਤਾ… ਉਨ੍ਹਾਂ ਦੇ ਬੱਚੇ ਹੋਏ… ਫੇਰ, ਉਨ੍ਹਾਂ ਬੱਚਿਆਂ ਦੇ ਹੋਰ ਬੱਚੇ… ਅਤੇ ਇਹ ਗਿਣਤੀ ਲਗਾਤਾਰ ਵਧਦੀ ਗਈ।
ਸਮੇਂ ਦੇ ਨਾਲ-ਨਾਲ, ਦੁੱਖ ਨੇ ਵੀ ਆਪਣੇ- ਆਪ ਦਾ ਵਿਸਥਾਰ ਕੀਤਾ। ਉਹਨੇ ਆਪਣੀਆਂ ਕਈ ਕਿਸਮਾਂ ਪੈਦਾ ਕੀਤੀਆਂ ਅਤੇ ਦਿਨੋ-ਦਿਨ ਬਲਵਾਨ ਹੁੰਦਾ ਗਿਆ ।

ਮਨੁੱਖ ਨਾਲ ਉਹਦੀ ਖਹਿਬਾਜ਼ੀ ਸੀ, ਕਿਉਂਕਿ ਉਹਨੇ ਆਪਣੇ ਨਾਲ ਦੁੱਖ ਨੂੰ ਲਿਜਾਣੋਂ ਇਨਕਾਰ ਜੋ ਕੀਤਾ ਸੀ!
ਜਦੋਂ ਮਨੁੱਖ, ਖੁਸ਼ੀਆਂ ’ਚ ਮਸਤ ਹੁੰਦੈ ਤਾਂ ਦੁੱਖ ਅਛੋਪਲੇ ਜਿਹੇ ਆਉਂਦੈ ਤੇ ਸੱਪ ਵਾਂਗ ਵਲੇਵਾਂ ਮਾਰ, ਆਦਮ-ਜ਼ਾਤ ਨੂੰ ਜਕੜ ਲੈਂਦਾ ਹੈ ਅਤੇ ਉਹਨੂੰ ਬੇਵੱਸ ਕਰ ਛੱਡਦੈ… ਕਦੀ ਕਿਸੇ ਰੂਪ ਵਿੱਚ ਅਤੇ ਫੇਰ ਕਿਸੇ ਹੋਰ ਰੂਪ ’ਚ ।

ਮਨੁੱਖ ਦੀ ਛਟਪਟਾਹਟ ਵੇਖ, ਉਹਨੂੰ ਅਕਹਿ ਖ਼ੁਸ਼ੀ ਮਹਿਸੂਸ ਹੁੰਦੀ ਹੈ ਅਤੇ ਉਹ ਆਪਣਾ ਸ਼ਿਕੰਜਾ ਕੱਸਦਾ ਚੱਲਿਆ ਜਾਂਦੈ।
ਪਰ… ਜੇ ਮਨੁੱਖ, ਰੱਬ ਜੀ ਵੱਲੋਂ ਬਖ਼ਸ਼ਿਆ ਹਥਿਆਰ ‘ਹੌਂਸਲਾ’ ਵਰਤ ਲਵੇ ਤਾਂ ਦੁੱਖ ਦਾ ਪਹਾੜ ਰੇਤ ਵਾਂਗ ਕਿਰਦਾ ਹੋਇਆ, ਭੱਜ ਖੜ੍ਹਾ ਹੁੰਦੈ।

ਦੁੱਖ , ਆਦਮ-ਜ਼ਾਤ ਉੱਪਰ ਆਪਣਾ ਕਬਜ਼ਾ ਸਦਾ ਲਈ ਨਹੀਂ ਜਮਾ ਸਕਦਾ… ਉਹਨੂੰ ਟਿਕਣਾ ਮੁਹਾਲ ਹੋ ਜਾਂਦੈ… ਬੱਸ ਸ਼ਰਤ ਇੱਕੋ ਹੈ ‘ਹਿੰਮਤ-ਏ-ਮਰਦਾਂ, ਮੱਦਦ-ਏ-ਖੁਦਾ ।’
ਅਮੀਨ!
ਐੱਸ ਇੰਦਰ ਰਾਜੇਆਣਾ
ਮੋ. 98032-74712

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ