ਕਦਮ ਨਾਲ ਕਦਮ ਮਿਲਾ ਕੇ ਸਰ ਹੁੰਦੀਆਂ ਤਰੱਕੀ ਦੀਆਂ ਮੰਜ਼ਿਲਾਂ

Success, Walking, Hand in hand, Article

ਇਸ ਪਿੰਡ ਦੀ ਕੁੱਲ 2000 ਅਬਾਦੀ ‘ਚੋਂ 500-600 ਤਾਂ ਗੱਭਰੂ ਜਵਾਨ ਹੋਣਗੇ

ਸਿੰਗਾਪੁਰ ਤੋਂ ਯੰਗ ਸਿੱਖ ਐਸੋਸੀਏਸ਼ਨ ਨਾਮਕ ਸੰਸਥਾ ਦੇ 21 ਨੌਜਵਾਨ ਮਾਲਵੇ ਦੇ ਇੱਕ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਕਾਇਆ ਕਲਪ ਕਰਨ ਲਈ ਆਏ ਹੋਏ ਹਨ। ਉਹਨਾਂ ਨੇ ਸਕੂਲ ਅਤੇ ਹੋਰ ਸਮਾਜ ਭਲਾਈ ਦੇ ਕੰਮਾਂ ਲਈ 15 ਲੱਖ ਰੁਪਈਆ ਖਰਚਣਾ ਹੈ। ਉਹ ਨੌਜਵਾਨ ਸਕੂਲ ਨੂੰ ਪੇਂਟ ਕਰਨ ਤੋਂ ਇਲਾਵਾ ਸਟਾਫ ਲਈ ਦਫਤਰ ਅਤੇ ਬੱਚਿਆਂ ਲਈ ਟਾਇਲਟ-ਬਾਥਰੂਮ ਆਦਿ ਦੀ ਉਸਾਰੀ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਲਾਇਬ੍ਰੇਰੀ ਲਈ 3000 ਕਿਤਾਬਾਂ ਲੈ ਕੇ ਆਏ ਹਨ (ਇਹਨਾਂ ਨੂੰ ਸਿਊਂਕ ਨੇ ਖਾ ਜਾਣਾ ਹੈ, ਪੜ੍ਹਨੀਆਂ ਕਿਸੇ ਨੇ ਨਹੀਂ)। ਇਸ ਪਿੰਡ ਦੀ ਕੁੱਲ 2000 ਅਬਾਦੀ ‘ਚੋਂ 500-600 ਤਾਂ ਗੱਭਰੂ ਜਵਾਨ ਹੋਣਗੇ ਹੀ।

ਚਾਹੀਦਾ ਤਾਂ ਇਹ ਸੀ ਕਿ ਇਹਨਾਂ ਵਿਦੇਸ਼ੀ ਮਹਿਮਾਨਾਂ ਦੀ ਮੱਦਦ ਵਾਸਤੇ ਪਿੰਡ ਦੇ ਨੌਜਵਾਨ ਧਾ ਕੇ ਪੈ ਜਾਂਦੇ ਤੇ ਮਿੰਟੋ-ਮਿੰਟੀ ਸਾਰਾ ਕੰਮ ਨਿਪਟਾ ਕੇ ਔਹ ਮਾਰਦੇ। ਪਰ ਅਖਬਾਰਾਂ ਵਿੱਚ ਛਪ ਰਹੀਆਂ ਤਸਵੀਰਾਂ ਵਿੱਚ ਪਿੰਡ ਦੇ ਨੌਜਵਾਨ ਉਹਨਾਂ ਦੀ ਮੱਦਦ ਕਰਦੇ ਕਿਤੇ ਵੀ ਦਿਖਾਈ ਨਹੀਂ ਦੇ ਰਹੇ। ਪੁਰਾਣੇ ਸਮਿਆਂ ਵਿੱਚ ਇਹ ਬਹੁਤ ਵੱਡੀ ਬੇਇੱਜ਼ਤੀ ਸਮਝੀ ਜਾਂਦੀ ਸੀ ਕਿ ਕਿਸੇ ਦੂਸਰੇ ਪਿੰਡ ਦਾ ਬੰਦਾ ਆ ਕੇ ਸਾਡੇ ਪਿੰਡ ਦੇ ਸਾਂਝੇ ਕੰਮ ਕਰੇ। ਅੱਜ ਤੋਂ 40-50 ਸਾਲ ਪਹਿਲਾਂ ਲੋਕਾਂ ਵਿੱਚ ਸਾਂਝੇ ਕੰਮ ਕਰਨ ਦਾ ਬਹੁਤ ਸ਼ੌਂਕ ਹੁੰਦਾ ਸੀ। ਅਮੀਰ-ਗਰੀਬ ਦੇ ਖੁਸ਼ੀ-ਗਮੀ ਦੇ ਕਾਰਜ ਹੱਥੋ-ਹੱਥੀ ਭੁਗਤਾ ਦਿੱਤਾ ਜਾਂਦੇ ਸਨ। ਕੈਟਰਿੰਗ ਅਤੇ ਵੇਟਰਾਂ ਦਾ ਕਿਸੇ ਨੇ ਨਾਂਅ ਵੀ ਨਹੀਂ ਸੀ ਸੁਣਿਆ। ਨਹਿਰੀ ਕੱਸੀਆਂ-ਖਾਲ ਚੰਡਣੇ, ਪਹਿਆਂ ਦੇ ਟੋਇਆਂ ‘ਚ ਮਿੱਟੀ ਪਾਉਣੀ, ਸਕੂਲਾਂ ਦੇ ਗਰਾਊਂਡਾਂ ਨੂੰ ਲਿਸ਼ਕਾਉਣਾ, ਧਾਰਮਿਕ ਸਥਾਨਾਂ ਵਿੱਚ ਭਰਤ ਪਾਉਣੀ ਅਤੇ ਟੋਭੇ ਸਾਫ ਕਰਨ ਲਈ ਲੋਕਾਂ ਨੂੰ ਚਾਅ ਚੜ੍ਹ ਜਾਂਦਾ ਸੀ।

ਗਰੀਬ ਗਰੁੱਬੇ ਦੀ ਲੜਕੀ ਦੇ ਵਿਆਹ ਵੇਲੇ ਸਾਰਾ ਪਿੰਡ ਆਪਣੀ ਧੀ ਸਮਝ ਕੇ ਮੱਦਦ ਕਰਦਾ

ਹਰੇਕ ਘਰ ਆਪਣਾ ਇੱਕ ਬੰਦਾ ਸਾਂਝੇ ਕੰਮ ਲਈ ਭੇਜਦਾ ਸੀ। ਲਿਸ਼ਕਦੇ ਜੁੱਸਿਆਂ ਵਾਲੇ ਕੜੀਅਲ ਜਵਾਨ ਵਧ-ਵਧ ਕੇ ਕਹੀਆਂ ਦੇ ਟੱਪ ਮਾਰਦੇ। ਕਿਤੇ ਕਿਸੇ ਦੇ ਖੇਤ ਅੱਗ ਲੱਗ ਜਾਣੀ ਤਾਂ ਸਾਰੇ ਪਿੰਡ ਨੇ ਬੋਰੀਆਂ-ਬਾਲਟੀਆਂ ਲੈ ਕੇ ਦੌੜ ਪੈਣਾ। ਪਲਾਂ ਵਿੱਚ ਫਾਇਰ ਬ੍ਰਿਗੇਡ ਤੋਂ ਵੱਧ ਮੋਟੀਆਂ ਪਾਣੀ ਦੀਆਂ ਬੁਛਾੜਾਂ ਅੱਗ ‘ਤੇ ਪੈਣ ਲੱਗ ਜਾਣੀਆਂ। ਇੱਕ ਦੀ ਮੁਸੀਬਤ ਸਾਰੇ ਪਿੰਡ ਦੀ ਮੁਸੀਬਤ ਸਮਝੀ ਜਾਂਦੀ ਸੀ। ਗਰੀਬ ਗਰੁੱਬੇ ਦੀ ਲੜਕੀ ਦੇ ਵਿਆਹ ਵੇਲੇ ਸਾਰਾ ਪਿੰਡ ਆਪਣੀ ਧੀ ਸਮਝ ਕੇ ਮੱਦਦ ਕਰਦਾ, ਬਰਾਤ ਸੰਭਾਲੀ ਜਾਂਦੀ ਤੇ ਸਰਦਾ-ਬਣਦਾ ਦਹੇਜ਼ ਵੀ ਦਿੱਤਾ ਜਾਂਦਾ। ਲੋਕ ਬਰਾਤੀਆਂ ਦੀਆਂ ਘੋੜੀਆਂ-ਊਠ ਵੰਡ ਕੇ ਆਪੋ-ਆਪਣੇ ਘਰਾਂ ਵਿੱਚ ਬੰਨ੍ਹ ਲੈਂਦੇ ਤੇ ਰੱਜਵਾਂ ਦਾਣਾ-ਪੱਠਾ ਪਾਉਂਦੇ। ਇੱਕ-ਦੂਸਰੇ ਦੀ ਫਸਲ ਸੰਭਾਲਣ ਵਿੱਚ ਮੱਦਦ ਕਰਦੇ। ਹੁਣ ਤਾਂ ਲੋਕ ਗਲੀਆਂ-ਨਾਲੀਆਂ ਦੀ ਸਫਾਈ ਲਈ ਵੀ ਸਰਕਾਰੀ ਗਰਾਂਟ ਭਾਲਦੇ ਹਨ।

ਪਿੰਡ ਦੀ ਇੱਜ਼ਤ ਲਈ ਲੋਕ ਮਰ ਮਿਟਦੇ ਸਨ

ਪਿੰਡ ਦੀ ਇੱਜ਼ਤ ਲਈ ਲੋਕ ਮਰ ਮਿਟਦੇ ਸਨ। ਸਾਡੇ ਲਾਗੇ ਨੌਸ਼ਹਿਰਾ ਢਾਲਾ ਪਿੰਡ ਕਿਸੇ ਵੇਲੇ ਸਮਗਲਿੰਗ ਲਈ ਬਹੁਤ ਮਸ਼ਹੂਰ ਹੁੰਦਾ ਸੀ। ਉਸ ਪਿੰਡ ਦੇ ਇੱਕ ਵਿਅਕਤੀ ਨੇ ਕਿਤੇ ਪਾਕਿਸਤਾਨੀ ਸਮੱਗਲਰਾਂ ਦੇ ਪੈਸੇ ਮਾਰ ਲਏ। ਜਦੋਂ ਉਹ ਕਿਸੇ ਸੂਤਰ ਨਾ ਬੈਠਾ ਤਾਂ ਇੱਕ ਲੋਹੜੀ ਵਾਲੇ ਦਿਨ ਪਾਕਿਸਤਾਨੀ ਸਮੱਗਲਰਾਂ (ਚੌਧਰੀਆਂ) ਨੇ ਹੱਲਾ ਬੋਲ ਦਿੱਤਾ। ਉਹ ਉਸ ਦੀਆਂ ਮੁਸ਼ਕਾਂ ਬੰਨ੍ਹ ਕੇ ਘੋੜੀਆਂ ‘ਤੇ ਲੱਦ ਕੇ ਬਾਰਡਰ ਵੱਲ ਤੁਰ ਪਏ। ਉਸ ਵਿਅਕਤੀ ਦੀ ਪਿੰਡ ਵਿੱਚ ਸ਼ੋਹਰਤ ਕੋਈ ਬਹੁਤੀ ਚੰਗੀ ਨਹੀਂ ਸੀ, ਇਸ ਲਈ ਪਿੰਡ ਵਾਲਿਆਂ ਨੇ ਵੀ ਕੋਈ ਮੱਦਦ ਨਾ ਕੀਤੀ। ਚੌਧਰੀਆਂ ਦੀ ਕਿਸਮਤ ਮਾੜੀ ਸੀ, ਉਹ ਜਿਆਦਾ ਫੂਕ ਛਕ ਗਏ ਕਿ ਸ਼ਾਇਦ ਲੋਕ ਉਹਨਾਂ ਦੇ ਡਰ ਕਾਰਨ ਨਹੀਂ ਕੁਸਕੇ।

ਉਹ ਬਾਰਡਰ ਪਾਰ ਕਰਨ ਦੀ ਬਜਾਏ ਪਿੰਡ ਦੀ ਸੱਥ ਵੱਲ ਤੁਰ ਪਏ। ਉੱਥੇ ਪਹੁੰਚ ਕੇ ਸਾਰੇ ਪਿੰਡ ਨੂੰ ਨਾ ਸੁਣਨ ਯੋਗ ਗਾਲ੍ਹ ਕੱਢ ਕੇ ਲਲਕਾਰਾ ਮਾਰਿਆ, ਸੁਣ ਲਉ ਉਏ ਨੌਸ਼ਹਿਰੀਉ ਕੰਨ ਖੋਲ੍ਹ ਕੇ, ਜੇ ਅਗਾਂਹ ਤੋਂ ਕਿਸੇ ਨੇ ਸਾਡਾ ਮਾਲ ਦੱਬਣ ਦੀ ਹਿੰਮਤ ਕੀਤੀ ਤਾਂ ਐਂ ਈ ਲਿਜਾਵਾਂਗੇ ਧੂਹ-ਧੂਹ ਕੇ। ਪਿੰਡ ਨੂੰ ਕੱਢੀ ਗਾਲ੍ਹ ਸੁਣ ਕੇ ਲੋਕਾਂ ਦੇ ਸੀਨੇ ਭਾਂਬੜ ਮੱਚ ਉੱਠੇ ਤੇ ਉਹ ਇੱਕਦਮ ਚੌਧਰੀਆਂ ‘ਤੇ ਟੁੱਟ ਪਏ। ਚੌਧਰੀਆਂ ਦੇ ਕਈ ਆਦਮੀ ਮਾਰੇ ਗਏ ਤੇ ਉਹਨਾਂ ਨੂੰ ਉਹ ਬੰਦਾ ਵੀ ਛੱਡ ਕੇ ਭੱਜਣਾ ਪਿਆ।

ਇੱਥੇ ਲੋਕਾਂ ਦੇ ਆਪਸੀ ਸਹਿਯੋਗ ਦੁਆਰਾ ਦੋ ਪਿੰਡਾਂ, ਦੋਰਾਹੇ ਨੇੜਲਾ ਪਿੰਡ ਬੇਗੋਵਾਲ ਅਤੇ ਸ੍ਰੀ ਮੁਕਤਸਰ ਸਾਹਿਬ ਨੇੜਲਾ ਪਿੰਡ ਸੱਕਾਂਵਾਲੀ ਵੱਲੋਂ ਕੀਤੀ ਤਰੱਕੀ ਦਾ ਅੱਖੀਂ ਵੇਖਿਆ ਵਰਨਣ ਕਰਨਾ ਬਣਦਾ ਹੈ। ਬੇਗੋਵਾਲ ਦੀ ਸਾਰੀ ਤਰੱਕੀ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਨੇ ਕਰਵਾਈ ਸੀ ਜੋ 15-16 ਸਾਲ ਪਿੰਡ ਦਾ ਸਰਪੰਚ ਰਿਹਾ। 1998-99 ਵੇਲੇ ਕਹਿੰਦੇ ਹੁੰਦੇ ਸਨ ਕਿ ਬੇਗੋਵਾਲ ਦਾ ਪੰਚਾਇਤ ਘਰ ਲੁਧਿਆਣੇ ਦੇ ਡੀ.ਸੀ. ਦੇ ਦਫਤਰ ਨਾਲੋਂ ਵੱਧ ਸ਼ਾਨਦਾਰ ਹੈ।

ਇਹ ਵੀ ਪੜ੍ਹੋ : ਹਰਿਆਣਾ ਭਾਜਪਾ-ਜੇਜੇਪੀ ਗਠਜੋੜ ’ਚ ਵਧਿਆ ਤਣਾਅ | Video

ਸਰਹੰਦ ਨਹਿਰ ਤੋਂ ਪਿੰਡ ਵੱਲ ਮੁੜਦੇ ਸਾਰ ਰੂਹ ਖੁਸ਼ ਹੋ ਜਾਂਦੀ ਹੈ। ਸੜਕ ਦੇ ਦੋਵੇਂ ਪਾਸੇ ਵਧੀਆ ਫੁੱਲਦਾਰ ਬੂਟੇ ਮਹਿਕਦੇ ਹਨ। ਸਾਰੀਆਂ ਰੂੜੀਆਂ ਦੇ ਅੱਗੇ ਪੱਕੀਆਂ ਕੰਧਾਂ ਕੀਤੀਆਂ ਹੋਈਆਂ ਹਨ ਤੇ ਗਲੀਆਂ-ਨਾਲੀਆਂ ਦੀ ਸਵੀਪਰਾਂ ਦੁਆਰਾ ਰੋਜ਼ਾਨਾ ਸਫਾਈ ਕੀਤੀ ਜਾਂਦੀ ਸੀ। ਗਰਮੀਆਂ ਵਿੱਚ ਪਿੰਡ ਦੀ ਫਿਰਨੀ ‘ਤੇ ਦੋ ਵਾਰ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਸੀ। ਪੁਲਿਸ ਦੇ ਸਹਿਯੋਗ ਨਾਲ ਪੰਜਾਬ ਦੀ ਪਹਿਲੀ ਹਾਈਵੇਅ ਐਂਬੂਲੈਂਸ ਰਾਜਵਿੰਦਰ ਨੇ ਸ਼ੁਰੂ ਕਰਵਾਈ ਸੀ ਜੋ ਹੁਣ ਵੀ ਦੋਰਾਹੇ ਜੀ.ਟੀ. ਰੋਡ ‘ਤੇ ਸਿੱਧੂ ਹਸਪਤਾਲ ਲਾਗੇ ਖੜ੍ਹੀ ਵੇਖੀ ਜਾ ਸਕਦੀ ਹੈ। ਐਂਬੂਲੈਂਸ ਤਾਂ ਸ਼ਾਇਦ ਹੁਣ ਬਦਲ ਗਈ ਹੋਵੇਗੀ ਪਰ ਸ਼ੁਰੂਆਤ ਰਾਜਵਿੰਦਰ ਦੀ ਹੀ ਸੀ।

ਇਸ ਐਂਬੂਲੈਂਸ ਨੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ

ਇਸ ਐਂਬੂਲੈਂਸ ਨੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ। ਬੇਗੋਵਾਲ ਵਿੱਚ ਵਾਪਰੀ ਇੱਕ ਘਟਨਾ ਅੱਜ ਵੀ ਮੇਰੇ ਚੇਤੇ ਵਿੱਚ ਤਾਜ਼ਾ ਹੈ। ਪਿੰਡ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਨਾਲੀਆਂ ਬਣ ਰਹੀਆਂ ਸਨ ਕਿ ਇੱਕ ਸਿਰੇ ਦੇ ਕਲੇਸ਼ੀ ਵਿਅਕਤੀ ਗੁਲਮੋਹਰ ਸਿੰਘ (ਨਾਂਅ ਬਦਲਿਆ ਹੋਇਆ) ਨੇ ਸਟੇਅ ਲੈ ਕੇ ਕੰਮ ਰੋਕ ਦਿੱਤਾ। ਸਾਰੇ ਪਿੰਡ ਨੇ ਕਲੇਸ਼ੀ ਦੇ ਵਾਸਤੇ ਪਾਏ ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਅਚਾਨਕ ਪਿੰਡ ਦਾ ਇੱਕ ਦਰਦੀ ਭਜਨ ਸਿੰਘ ਉੱਠਿਆ।

ਪਾਣੀ ਉਸ ਦੀ ਨਵੀਂ ਬਣੀ ਕੋਠੀ ਦੇ ਪਿਛਵਾੜੇ ਖੜ੍ਹਾ ਸੀ ਤੇ ਉੱਪਰ ਦੀ ਘੁੰਮ ਕੇ ਅਗਲੇ ਪਾਸੇ ਵੱਡੇ ਨਾਲੇ ਵਿੱਚ ਪੈਣਾ ਸੀ। ਉਸ ਨੇ ਕਿਹਾ ਕਿ ਤੁਸੀਂ ਮੇਰੀ ਕੋਠੀ ਦੇ ਥੱਲੇ ਦੀ ਨਾਲਾ ਬਣਾ ਕੇ ਪਾਣੀ ਲੰਘਾ ਲਉ। ਸਾਰਾ ਪਿੰਡ ਹੈਰਾਨ ਰਹਿ ਗਿਆ। ਉਸ ਨੂੰ ਕਈ ਕੂਹਣੀਮਾਰਾਂ ਨੇ ਪੱਟੀ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਕਿ ਕਿਉਂ ਗੰਦਾ ਪਾਣੀ ਕੋਠੀ ਥੱਲਿਉਂ ਲੰਘਣ ਦੇ ਰਿਹਾ ਹੈਂ? ਤੇਰੀ ਕੋਠੀ ਸਲ੍ਹਾਬੀ ਜਾਵੇਗੀ। ਪਰ ਉਸ ਨੇ ਸੀਅ ਨਾ ਕੀਤੀ। ਮੇਰੇ ਸਾਹਮਣੇ ਉਸ ਦੀ ਕੋਠੀ ਦੀਆਂ ਕੰਧਾਂ ਅਤੇ ਮਹਿੰਗਾ ਮਾਰਬਲ ਲੱਗੀਆਂ ਫਰਸ਼ਾਂ ਪੁੱਟ ਕੇ ਅੰਡਰ ਗਰਾਊਂਡ ਨਾਲਾ ਬਣਾਇਆ ਗਿਆ ਜੋ ਅੱਜ ਵੀ ਚੱਲ ਰਿਹਾ ਹੈ। ਉਸ ਨੇ ਸਾਂਝੇ ਕੰਮ ਦੀ ਖਾਤਰ ਲੱਖਾਂ ਦਾ ਕਸਾਰਾ ਲਵਾਇਆ। 1997 ਵਿੱਚ ਬੇਗੋਵਾਲ ਨੂੰ ਪੰਜਾਬ ਦਾ ਸਰਵੋਤਮ ਪਿੰਡ ਹੋਣ ਦਾ ਐਵਾਰਡ ਮਿਲਿਆ ਸੀ।

ਸੱਕਾਂਵਾਲੀ ਦੇ ਨੌਜਵਾਨ ਸਰਪੰਚ ਚਰਨਜੀਤ ਨੇ ਤਾਂ ਚਮਤਕਾਰ ਹੀ ਕਰ ਵਿਖਾਇਆ ਹੈ

ਸੱਕਾਂਵਾਲੀ ਦੇ ਨੌਜਵਾਨ ਸਰਪੰਚ ਚਰਨਜੀਤ ਨੇ ਤਾਂ ਚਮਤਕਾਰ ਹੀ ਕਰ ਵਿਖਾਇਆ ਹੈ। ਉਸ ਨੂੰ ਵੀ ਬਾਕੀ ਪਿੰਡਾਂ ਦੇ ਬਰਾਬਰ ਹੀ ਗਰਾਂਟ ਮਿਲਦੀ ਹੈ। ਪਰ ਸਰਕਾਰ ਦੇ ਮੂੰਹ ਵੱਲ ਵੇਖਣ ਦੀ ਬਜਾਏ ਉਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡੇਢ ਕਰੋੜ ਤੋਂ ਵੱਧ ਰੁਪਈਆ ਪਿੰਡ ਦੇ ਵਿਕਾਸ ‘ਤੇ ਖਰਚ ਚੁੱਕਾ ਹੈ। ਉਸ ਵੱਲੋਂ ਪਿੰਡ ਦੇ ਗੰਦੇ ਛੱਪੜ ਦਾ ਕਾਇਆ ਕਲਪ ਕਰ ਕੇ ਬਣਾਈ ਝੀਲ ਵੇਖਣ ਲਈ ਪੰਜਾਬ ਦਾ ਮੁੱਖ ਮੰਤਰੀ ਅਤੇ ਦੇਸ਼-ਵਿਦੇਸ਼ ਤੋਂ ਸੈਂਕੜੇ ਲੋਕ ਆ ਚੁੱਕੇ ਹਨ।

2017 ਵਿੱਚ ਸਵੱਛ ਭਾਰਤ ਪ੍ਰੋਗਰਾਮ ਅਧੀਨ ਭਾਰਤ ਦਾ ਸਭ ਤੋਂ ਸਾਫ-ਸੁਥਰਾ ਪਿੰਡ ਹੋਣ ਦਾ ਐਵਾਰਡ ਮਿਲਿਆ ਹੈ

ਲੱਗਦਾ ਹੈ ਜਿਵੇਂ ਸੁਖਨਾ ਝੀਲ ‘ਤੇ ਬੈਠੇ ਹੋਈਏ। ਵਿਚਕਾਰ ਟਾਪੂ ਬਣਿਆ ਹੋਇਆ ਹੈ ਤੇ ਕਿਸ਼ਤੀਆਂ ਚੱਲਦੀਆਂ ਹਨ। ਪਿੰਡ ਵਿੱਚ ਸ਼ਾਨਦਾਰ ਮੈਰਿਜ ਪੈਲੇਸ, ਸਕੂਲ, ਜਾਨਵਰਾਂ ਦਾ ਹਸਪਤਾਲ, ਪੱਕੀਆਂ ਸਾਫ-ਸੁਥਰੀਆਂ ਗਲੀਆਂ-ਨਾਲੀਆਂ ਅਤੇ ਪੰਜਾਬ ਦਾ ਪਹਿਲਾ ਪੰਚਾਇਤ ਵੱਲੋਂ ਬਣਾਇਆ ਗਿਆ ਫਾਈਵ ਸਟਾਰ ਹੋਟਲ ਵਰਗਾ ਗੈਸਟ ਹਾਊਸ ਵੇਖਣ ਵਾਲੇ ਨੂੰ ਅਚੰਭਿਤ ਕਰ ਦਿੰਦਾ ਹੈ। ਪੰਚਾਇਤ ਦਾ ਅਸੂਲ ਹੈ ਕਿ ਕੋਈ ਵਿਅਕਤੀ ਘਰ ਦਾ ਪਾਣੀ ਸੜਕ-ਗਲੀ ‘ਤੇ ਨਹੀਂ ਰੋੜ੍ਹ ਸਕਦਾ ਤੇ ਨਾ ਹੀ ਕੋਈ ਆਪਣੇ ਘਰ ਦਾ ਰੈਂਪ ਸੜਕ ‘ਤੇ ਬਣਾਉਂਦਾ ਹੈ। ਨਹੀਂ ਤਾਂ ਪਿੰਡਾਂ-ਸ਼ਹਿਰਾਂ ਵਿੱਚ ਲੋਕਾਂ ਨੇ ਰੈਂਪ ਬਣਾ ਕੇ ਅੱਧੀ ਸੜਕ ਰੋਕੀ ਹੁੰਦੀ ਹੈ। ਸੱਕਾਂਵਾਲੀ ਨੂੰ 2016 ਵਿੱਚ ਪੰਜਾਬ ਸਰਕਾਰ ਵੱਲੋਂ ਬੈਸਟ ਵਿਲੇਜ਼ ਐਵਾਰਡ ਅਤੇ 2017 ਵਿੱਚ ਸਵੱਛ ਭਾਰਤ ਪ੍ਰੋਗਰਾਮ ਅਧੀਨ ਭਾਰਤ ਦਾ ਸਭ ਤੋਂ ਸਾਫ-ਸੁਥਰਾ ਪਿੰਡ ਹੋਣ ਦਾ ਐਵਾਰਡ ਮਿਲਿਆ ਹੈ।

ਇਹ ਪਿੰਡ ਆਪਸੀ ਸਹਿਯੋਗ ਅਤੇ ਪੰਚਾਇਤਾਂ ਦੀ ਸੁਚੱਜੀ ਲੀਡਰਸ਼ਿਪ ਦੀ ਸ਼ਾਨਦਾਰ ਮਿਸਾਲ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਜੇ ਕੋਈ ਵਿਅਕਤੀ ਸੱਚੇ ਮਨ ਨਾਲ ਚੰਗੇ ਕੰਮ ਕਰਨਾ ਚਾਹੇ ਤਾਂ ਉਸ ਨੂੰ ਕੋਈ ਰੋਕ ਨਹੀਂ ਸਕਦਾ। ਪਰ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਪਿੰਡਾਂ ਦੀ ਤਰੱਕੀ ਦਾ ਆਸ-ਪਾਸ ਦੀਆਂ ਪੰਚਾਇਤਾਂ ‘ਤੇ ਕੋਈ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਦਾ। ਬੇਗੋਵਾਲ ਦਾ ਗੁਆਂਢੀ ਪਿੰਡ ਜਹਾਜ਼ਗੜ (ਨਾਂਅ ਬਦਲਿਆ ਹੋਇਆ) ਵਿੱਚ ਦਾਖਲ ਹੋਣ ਤੋਂ 5 ਕਿ.ਮੀ. ਪਹਿਲਾਂ ਹੀ ਮੁਸ਼ਕ ਆਉਣੀ ਸ਼ੁਰੂ ਹੋ ਜਾਂਦੀ ਸੀ (2002 ਤੱਕ)। ਪਿੰਡ ਦੇ ਸਿਆਣੇ ਲੋਕਾਂ ਨੇ ਇੱਕ-ਦੂਸਰੇ ਦੀ ਨਾਲੀ ਨੂੰ ਬੰਨ੍ਹ ਮਾਰੇ ਹੋਏ ਸਨ ਕਿ ਆਪਣੇ ਘਰ ਦੇ ਸਾਹਮਣਿਉਂ ਦੂਸਰੇ ਦਾ ਗੰਦਾ ਪਾਣੀ ਨਹੀਂ ਨਿੱਕਲਣ ਦੇਣਾ। ਪਿੰਡ ਦਾ ਗੰਦਾ ਪਾਣੀ ਛੱਪੜ ਵਿੱਚ ਜਾਣ ਦੀ ਬਜਾਏ ਗਲੀਆਂ ਵਿੱਚ ਸੈਰ ਕਰਦਾ ਰਹਿੰਦਾ ਸੀ।

ਪੰਜਾਬ ਨੂੰ ਤਾਂ ਪਹਿਲਾਂ ਹੀ ਨਸ਼ਿਆਂ ਅਤੇ ਜੱਟਵਾਦੀ ਗਾਣਿਆਂ ਨੇ ਬਰਬਾਦ ਕੀਤਾ ਹੋਇਆ ਸੀ, ਉੱਪਰੋਂ ਧੜੇਬੰਦੀ ਨੇ ਰਹੀ-ਸਹੀ ਕਸਰ ਪੂਰੀ ਕਰ ਦਿੱਤੀ ਹੈ। ਜੇ ਕੋਈ ਸਰਪੰਚ ਕੰਮ ਕਰਨਾ ਵੀ ਚਾਹੁੰਦਾ ਹੈ ਤਾਂ ਵਿਰੋਧੀ ਧਿਰ ਕਰਨ ਨਹੀਂ ਦਿੰਦੀ। ਵਿਕਾਸ ਦਾ ਕੰਮ ਸ਼ੁਰੂ ਹੁੰਦੇ ਸਾਰ ਸਟੇਅ ਲੈ ਲੈਂਦੇ ਹਨ ਕਿ ਸਰਪੰਚ ਨੂੰ ਗਰਾਂਟ ਨਹੀਂ ਖਾਣ ਦੇਣੀ। ਕਈ ਸਰਪੰਚ ਵੀ ਵਿਰੋਧੀਆਂ ਨੂੰ ਤੰਗ ਕਰਦੇ ਹਨ ਤੇ ਲੜਾਈ-ਝਗੜੇ ਕਰਵਾ ਕੇ ਲੋਕਾਂ ਨੂੰ ਥਾਣੇ-ਕਚਹਿਰੀ ਵੱਲ ਤੋਰੀ ਰੱਖਦੇ ਹਨ। ਜ਼ਮਾਨਾ ਬਦਲ ਚੁੱਕਾ ਹੈ। ਜੇ ਪਿੰਡਾਂ ਨੇ ਤਰੱਕੀ ਕਰਨੀ ਹੈ ਤਾਂ ਸੋਚ ਬਦਲਣੀ ਪਵੇਗੀ। ਚੰਗਾ ਕੰਮ ਕਦੇ ਵੀ ਸ਼ੁਰੂ ਕੀਤਾ ਜਾ ਸਕਦਾ ਹੈ।