ਕਹਾਣੀ : ਤਪੱਸਿਆ ਦਾ ਫਲ

Result
Image Source : pixabay.com

ਨਛੱਤਰ ਸਿੰਘ ਖੇਤ ਵਿੱਚ ਕੰਮ ਕਰਦਾ ਅਚਾਨਕ ਨਿੰਮ ਦੀ ਛਾਂ ਹੇਠ ਆ ਕੇ ਬੈਠ ਗਿਆ। ਉਸ ਨੂੰ ਛਾਤੀ ਵਿੱਚ ਦਰਦ ਮਹਿਸੂਸ ਹੋ ਰਿਹਾ ਸੀ। ਨਛੱਤਰ ਸਿੰਘ ਦੀ ਸਿਹਤ ਪਿਛਲੇ ਕੁੱਝ ਸਾਲਾਂ ਤੋਂ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਸੀ ਪਰ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਦਿਹਾੜੀ-ਮਜਦੂਰੀ ਕਰਦਾ ਸੀ। ਨਛੱਤਰ ਸਿੰਘ ਕੋਲ ਦੋ ਏਕੜ ਜਮੀਨ ਸੀ ਪਰ ਉਸ ਦੇ ਭਰਾਵਾਂ ਵੱਲੋਂ ਉਸ ਦੀ ਅਨਪੜ੍ਹਤਾ ਦਾ ਫਾਇਦਾ ਉਠਾ ਕੇ ਜਮੀਨ ਆਪਣੇ ਨਾਂਅ ਕਰਵਾ ਲਈ ਗਈ। (Result of penance)

ਇਸ ਸਾਰੀ ਘਟਨਾ ਨੇ ਇੱਕ ਵਾਰ ਤਾਂ ਨਛੱਤਰ ਸਿੰਘ ਨੂੰ ਅੰਦਰੋਂ ਤੋੜ ਦਿੱਤਾ ਪਰ ਆਪਣੀ ਪਤਨੀ ਬੇਅੰਤ ਕੌਰ ਦੀ ਹਿੰਮਤ ਅਤੇ ਹੌਂਸਲੇ ਨੂੰ ਦੇਖ ਕੇ ਉਸ ਨੇ ਦਿਹਾੜੀ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਦਾ ਫੈਸਲਾ ਕੀਤਾ। ਨਛੱਤਰ ਸਿੰਘ ਦੀ ਪਤਨੀ ਉਸ ਨੂੰ ਹੌਂਸਲਾ ਦਿੰਦੀ ਕਹਿੰਦੀ ਰਹਿੰਦੀ ਕਿ, ਤੇਰੇ ਭਰਾਵਾਂ ਨੇ ਤੇਰੇ ਨਾਲ ਚੰਗੀ ਨਹੀਂ ਕੀਤੀ ਪਰ ਵਾਹਿਗੁਰੂ ਤਾਂ ਹੈ ਉਸ ਦੇ ਘਰ ਦੇਰ ਹੈ ਪਰ ਹਨ੍ਹੇਰ ਨਹੀਂ। ਜੇ ਸਾਡੀ ਮਿਹਨਤ ਸੱਚੀ ਹੋਈ ਤਾਂ ਵਾਹਿਗੁਰੂ ’ਤੇ ਵਿਸ਼ਵਾਸ ਰੱਖੋ, ਅਸੀਂ ਸਦਾ ਗਰੀਬ ਨਹੀ ਰਹਾਂਗੇ। ਬੇਅੰਤ ਕੌਰ ਦੀਆਂ ਇਹ ਗੱਲਾਂ ਨਛੱਤਰ ਸਿੰਘ ਨੂੰ ਹੌਂਸਲਾ ਦਿੰਦੀਆਂ ਨਛੱਤਰ ਸਿੰਘ ਦੇ ਇੱਕ ਪੁੱਤਰ ਅਮਨਦੀਪ ਸਿੰਘ ਅਤੇ ਇੱਕ ਧੀ ਹਰਜੀਤ ਕੌਰ ਸੀ।

Result of penance

ਹਰਜੀਤ ਕੌਰ ਪੜ੍ਹਾਈ ਵਿੱਚ ਹੁਸ਼ਿਆਰ ਸੀ ਪਰ ਘਰ ਦੀ ਗਰੀਬੀ ਅਤੇ ਬੇਅੰਤ ਕੌਰ ਦੀ ਸਿਹਤ ਠੀਕ ਨਾ ਰਹਿਣ ਕਰਕੇ ਉਸ ਨੇ ਦਸਵੀਂ ਜਮਾਤ ਤੋਂ ਅੱਗੇ ਪੜ੍ਹਾਈ ਨਹੀਂ ਕੀਤੀ ਪਰ ਉਹ ਆਪਣੇ ਛੋਟੇ ਭਰਾ ਅਮਨਦੀਪ ਨੂੰ ਪੜ੍ਹ ਕੇ ਫੌਜੀ ਬਣਿਆ ਦੇਖਣਾ ਚਾਹੁੰਦੀ ਸੀ। ਅਮਨਦੀਪ ਵੀ ਆਪਣੀ ਭੈਣ ਦੀ ਤਰ੍ਹਾਂ ਪੜ੍ਹਾਈ ਵਿੱਚ ਹੁਸ਼ਿਆਰ ਸੀ। ਉਸ ਨੇ ਬਾਰ੍ਹਵੀਂ ਜਮਾਤ ਪਾਸ ਕਰ ਲਈ ਸੀ। ਉਸ ਨੇ ਫੌਜ ਲਈ ਟਰਾਇਲ ਦਿੱਤਾ ਅਤੇ ਉਸ ਦੀ ਲਿਖਤੀ ਪ੍ਰੀਖਿਆ ਪਹਿਲਾਂ ਹੀ ਕਲੀਅਰ ਹੋ ਚੁੱਕੀ ਸੀ, ਬੱਸ ਹੁਣ ਫਾਈਨਲ ਨਤੀਜੇ ਦੀ ਉਡੀਕ ਸੀ। ਨਛੱਤਰ ਸਿੰਘ ਤੇ ਪਰਿਵਾਰ ਦੀਆਂ ਸਾਰੀਆਂ ਉਮੀਦਾਂ ਹੁਣ ਅਮਨਦੀਪ ’ਤੇ ਟਿਕੀਆਂ ਸਨ।

ਇਹ ਵੀ ਪੜ੍ਹੋ : ਇਸ ਤਰ੍ਹਾਂ ਦੇਖ ਸਕੋਗੇ ਨਤੀਜੇ | How to Check PSEB 10th Result

ਨਛੱਤਰ ਸਿੰਘ ਪਿਛਲੇ ਪੰਜ ਸਾਲਾਂ ਤੋਂ ਜਗਰਾਜ ਸਿੰਘ ਦੇ ਖੇਤਾਂ ਵਿੱਚ ਕੰਮ ਕਰਦਾ ਸੀ। ਜਗਰਾਜ ਸਿੰਘ ਪਿੰਡ ਦਾ ਸਰਪੰਚ ਹੋਣ ਦੇ ਨਾਲ ਇੱਕ ਵਧੀਆ ਇਨਸਾਨ ਵੀ ਸੀ। ਜਗਰਾਜ ਸਿੰਘ ਨਛੱਤਰ ਦੀ ਇਮਾਨਦਾਰੀ ਅਤੇ ਮਿਹਨਤ ਤੋਂ ਬਹੁਤ ਖੁਸ਼ ਸੀ। ਲੋੜ ਪੈਣ ’ਤੇ ਅੜੇ-ਥੁੜੇ ਨਛੱਤਰ ਸਿੰਘ ਨੂੰ ਪੈਸਾ-ਧੇਲਾ ਵੀ ਦੇ ਦਿੰਦਾ ਸੀ।

ਜਗਰਾਜ ਸਿੰਘ ਨੇ ਨਛੱਤਰ ਨੂੰ ਕਦੇ ਵੀ ਮਜ਼ਦੂਰ ਨਹੀਂ ਸੀ ਸਮਝਿਆ ਸਗੋਂ ਉਹ ਉਸ ਨੂੰ ਆਪਣੇ ਛੋਟੇ ਭਰਾ ਦੀ ਤਰ੍ਹਾਂ ਮੰਨਦਾ ਸੀ। ਅੱਜ ਵੀ ਜਦੋਂ ਨਛੱਤਰ ਸਿੰਘ ਛਾਤੀ ਵਿੱਚ ਦਰਦ ਮਹਿਸੂਸ ਕਰ ਰਿਹਾ ਸੀ ਤਾਂ ਉਹ ਰੋਜ਼ਾਨਾ ਦੀ ਤਰ੍ਹਾਂ ਜਗਰਾਜ ਸਿੰਘ ਦੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਪਾਣੀ ਪੀ ਕੇ ਕੁਝ ਸਮਾਂ ਅਰਾਮ ਕਰਨ ਤੋਂ ਬਾਅਦ ਨਛੱਤਰ ਸਿੰਘ ਫਿਰ ਵੱਟਾਂ ਘੜਨ ਲੱਗ ਪਿਆ। ਜੁਲਾਈ ਦਾ ਮਹੀਨਾ ਚੱਲ ਰਿਹਾ ਸੀ। ਮੀਂਹ ਵੀ ਇੱਕ-ਦੋ ਹੀ ਪਏ, ਪਿਛਲੇ ਸਾਲਾਂ ਨਾਲੋਂ ਮੀਂਹ ਘੱਟ ਪਏ ਸੀ।

ਜਗਰਾਜ ਸਿੰਘ ਦੁਪਹਿਰ ਦੀ ਰੋਟੀ ਤੇ ਚਾਹ ਲੈ ਕੇ ਖੇਤ ਪਹੁੰਚ ਗਿਆ। ਵੱਟਾਂ ਘੜਦੇ ਹੋਏ ਨਛੱਤਰ ਸਿੰਘ ਨੂੰ ਆਵਾਜ ਦਿੰਦੇ ਹੋਏ ਕਿਹਾ, ‘‘ਬਾਈ ਨਛੱਤਰ ਸਿਹਾਂ ਆ ਕੇ ਰੋਟੀ ਖਾ ਲੈ ਕੰਮ ਫਿਰ ਹੁੰਦਾ ਰਹੂ।’’ ਜਗਰਾਜ ਸਿੰਘ ਦੀ ਗੱਲ ਸੁਣ ਕੇ ਨਛੱਤਰ ਸਿੰਘ ਜਗਰਾਜ ਸਿੰਘ ਦੇ ਕੋਲ ਆ ਗਿਆ। ਜਗਰਾਜ ਸਿੰਘ ਰੋਟੀ ਅਤੇ ਚਾਹ ਫੜਾ ਕੇ ਵਾਪਸ ਮੁੜ ਗਿਆ ਕਿਉਂਕਿ ਉਸ ਨੇ ਸ਼ਹਿਰ ਸਪਰੇਅ ਲੈਣ ਲਈ ਜਾਣਾ ਸੀ। ਨਰਮੇ ’ਤੇ ਚਿੱਟੀ ਸੁੰਡੀ ਦਿਖਾਈ ਦੇ ਰਹੀ ਸੀ, ਜਗਰਾਜ ਸਿੰਘ ਇਸ ਨੂੰ ਸ਼ੁਰੂ ਵਿੱਚ ਹੀ ਕੰਟਰੋਲ ਕਰਨਾ ਚਾਹੁੰਦਾ ਸੀ। ਨਛੱਤਰ ਸਿੰਘ ਰੋਟੀ ਖਾਣ ਤੇ ਚਾਹ ਪੀਣ ਤੋਂ ਬਾਅਦ ਫਿਰ ਕੰਮ ਕਰਨ ਲੱਗ ਪਿਆ।

ਇਹ ਵੀ ਪੜ੍ਹੋ : ਦਿਨ-ਦਿਹਾੜੇ ਸਪੈਸ਼ਲ ਬੱਚੇ ਦੇ ਸਾਹਮਣੇ ਮਾਂ ਦੀ ਕੁੱਟਮਾਰ ਕਰਕੇ ਬਦਮਾਸ਼ਾਂ ਨੇ ਲੁੱਟਿਆ ਲੱਖਾਂ ਦਾ ਸੋਨਾ ਤੇ ਨਕਦੀ

ਸੂਰਜ ਢਲ ਚੁੱਕਾ ਸੀ। ਨਛੱਤਰ ਸਿੰਘ ਨੇ ਵੱਟਾਂ ਘੜਨ ਦਾ ਕੰਮ ਮੁਕਾ ਕੇ ਘਰ ਰੱਖੀ ਇੱਕ ਗਾਂ ਲਈ ਖੇਤ ਵਿੱਚੋਂ ਘਾਹ ਖੋਤ ਲਿਆ ਸੀ। ਉਸ ਨੇ ਸਾਮਾਨ ਅਤੇ ਘਾਹ ਸਾਈਕਲ ’ਤੇ ਲੱਦਿਆ ਤੇ ਪਿੰਡ ਵੱਲ ਨੂੰ ਤੁਰ ਪਿਆ। ਉਹ ਫਿਰਨੀ ਤੋਂ ਹੁੰਦਾ ਹੋਇਆ ਆਪਣੇ ਘਰ ਵਾਲਾ ਮੋੜ ਮੁੜਿਆ ਤਾਂ ਉਸ ਨੇ ਦੂਰੋਂ ਹੀ ਦੇਖਿਆ ਕਿ ਉਸ ਦੇ ਘਰ ਕਾਫੀ ਇਕੱਠ ਸੀ। ਨਛੱਤਰ ਸਿੰਘ ਜਦੋਂ ਘਰ ਕੋਲ ਪਹੁੰਚਿਆ ਤਾਂ ਪਿੰਡ ਦੇ ਸਰਪੰਚ ਜਗਰਾਜ ਸਿੰਘ ਨੇ ਵਧਾਈ ਦਿੰਦਿਆ ਕਿਹਾ ਕਿ, ‘‘ਨਛੱਤਰ ਸਿੰਘ ਵਧਾਈਆਂ ਬਾਈ ਤੈਨੂੰ, ਤੇਰਾ ਮੁੰਡਾ ਫੌਜੀ ਬਣ ਗਿਆ।’’

ਨਛੱਤਰ ਸਿੰਘ ਦੀ ਅਣਹੋਂਦ ਵਿਚ ਡਾਕੀਆ ਘਰ ਤਾਰ ਫੜਾ ਗਿਆ ਸੀ। ਘਰ ਵਿਚ ਖੁਸ਼ੀ ਦਾ ਮਾਹੌਲ ਸੀ। ਨਛੱਤਰ ਸਿੰਘ ਦੇ ਭਰਾ, ਜਿਨ੍ਹਾਂ ਨੇ ਨਛੱਤਰ ਸਿੰਘ ਦੀ ਕਦੇ ਬਾਤ ਨਹੀਂ ਪੁੱਛੀ ਸੀ, ਉਹ ਵੀ ਵਧਾਈਆਂ ਦੇਣ ਵਿਚ ਅੱਗੇ ਸਨ। ਬਾਪੂ ਨੂੰ ਦੇਖਦਿਆਂ ਹੀ ਅਮਨਦੀਪ ਅੱਗੇ ਵਧਿਆ ਤੇ ਨਛੱਤਰ ਸਿੰਘ ਨੇ ਅਮਨਦੀਪ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ।

ਘਰ ਵਿੱਚ ਅੱਜ ਬਹੁਤ ਸਮੇਂ ਬਾਅਦ ਖੁਸ਼ੀ ਦਾ ਮਾਹੌਲ ਸੀ। ਸਾਰਾ ਪਿੰਡ ਕਹਿ ਰਿਹਾ ਸੀ ਕਿ ਬਾਈ ਮੁੰਡੇ ਨੇ ਜੋ ਮਿਹਨਤ ਕੀਤੀ ਇਹ ਉਸ ਦਾ ਫਲ ਹੈ ਪਰ ਅਮਨਦੀਪ ਮਨ ਹੀ ਮਨ ਇਸ ਨੂੰ ਆਪਣੀ ਮਿਹਨਤ ਦਾ ਫਲ ਨਹੀਂ ਸਗੋਂ ਆਪਣੇ ਬਾਪੂ ਦੀ ਤਪੱਸਿਆ ਦਾ ਫਲ ਕਹਿ ਰਿਹਾ ਸੀ, ਜਿਸ ਨੇ ਉਸ ਨੂੰ ਇਸ ਲਾਇਕ ਬਣਾਇਆ ।

ਰਜਵਿੰਦਰ ਪਾਲ ਸ਼ਰਮਾ,
ਕਾਲਝਰਾਣੀ, ਬਠਿੰਡਾ
ਮੋ. 70873-67969