ਸ੍ਰੀ ਗੁਰੂ ਨਾਨਕ ਦੇਵ ਜੀ: ਜੀਵਨ ਮੁੱਲ ਅਤੇ ਦਰਸ਼ਨ

ਸ੍ਰੀ ਗੁਰੂ ਨਾਨਕ ਦੇਵ ਜੀ: ਜੀਵਨ ਮੁੱਲ ਅਤੇ ਦਰਸ਼ਨ

ਮਹਾਨ ਚਿੰਤਕ, ਭਵਿੱਖਮੁਖੀ ਵਿਗਿਆਨਕ ਸੋਚ ਦੇ ਮੁੱਦਈ, ਉੱਚ ਕੋਟੀ ਦੇ ਦਾਰਸ਼ਨਿਕ, ਸਮਾਜ ਸੁਧਾਰਕ, ਮਹਾਨ ਕਵੀ ‘ਗੁਰੂ ਨਾਨਕ ਸਾਹਿਬ’ ਕੇਵਲ ਸਿੱਖ ਕੌਮ ਦੇ ਹੀ ਧਾਰਮਿਕ ਆਗੂ ਨਹੀਂ ਸਨ, ਸਗੋਂ ਸਮੁੱਚੀ ਮਾਨਵਤਾ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਵੱਖ-ਵੱਖ ਉਦਾਸੀਆਂ ਦੁਆਰਾ ਉੱਘੇ ਧਰਮ ਸਥਾਨਾਂ ’ਤੇ ਜਾ ਕੇ ਮੁੱਲਾਂ-ਮੁਲਾਣਿਆਂ, ਪੰਡਤਾਂ ਅਤੇ ਭੇਖੀ ਲੋਕਾਂ ਨੂੰ ਅਸਲੀ ਧਰਮ ਦੀ ਸੋਝੀ ਕਰਵਾਈ ਅਤੇ ਕੁਰਾਹੇ ਪਈ ਲੋਕਾਈ ਨੂੰ ਅਗਵਾਈ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜਨ ਕਲਿਆਣਕਾਰੀ ਮੌਲਿਕ ਦਰਸ਼ਨ ਨਾਲ, ਕਥਨੀ ਤੇ ਕਰਨੀ ਦੀ ਇੱਕਸੁਰਤਾ ਕਰਕੇ, ਇੱਕ ਅਜਿਹਾ ਸੂਝ ਮਾਡਲ ਸਥਾਪਿਤ ਕੀਤਾ ਜੋ ਸਰਵਕਾਲੀ ਚਰਿੱਤਰ ਅਖਤਿਆਰ ਕਰ ਗਿਆ।

ਧਰਮ ਅਤੇ ਫਿਲਾਸਫੀ ਦਾ ਖਜ਼ਾਨਾ ਗੁਰਬਾਣੀ ਦੀਆਂ ਜੜ੍ਹਾਂ 12ਵੀਂ ਤੋਂ 17ਵੀਂ ਸਦੀ ਤੱਕ ਫੈਲੀਆਂ ਹੋਈਆਂ ਹਨ। ਗੁਰਬਾਣੀ ਦੇ ਨਿਰੰਤਰ ਬਣੇ ਰਹਿਣ ਦਾ ਰਹੱਸ ਗੁਰੂ ਕਵੀਆਂ ਦਾ ਵਿਸ਼ਵ ਭਾਈਚਾਰੇ ਵਾਲਾ ਉਸਾਰੂ ਦਿ੍ਰਸ਼ਟੀਕੋਣ ਹੈ। ਗੁਰਬਾਣੀ ਵਿਚਲੇ ਧਰਮ ਦੀ ਬੁਨਿਆਦ ਧਰਤੀ ਨਾਲ ਜੁੜੀ ਹੋਈ ਹੈ, ਜੋ ਲੋਕਮਨ ਦੀ ਅਗਵਾਈ ਵਾਲੀ ਹੈ। ਇਸੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਬਾਬਰਵਾਣੀ’ ਵਿੱਚ ਸੱਤਾਧਾਰੀਆਂ ਨਾਲ ਵਿਰੋਧ ਦਰਸਾਉਂਦਿਆਂ, ਜਨ-ਹਿੱਤ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ‘ਲੇਖਕ ਧਰਮ’ ਦੀ ਜਨ ਕਲਿਆਣ ਪ੍ਰਤੀ ਪ੍ਰਤੀਬੱਧਤਾ ਨੂੰ ਪ੍ਰਗਟਾਉਂਦਿਆਂ ਹੋਇਆਂ ਬਾਬਰ ਦੇ ਜੁਲਮ ਨੂੰ ਵੰਗਾਰਿਆ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੂਹਾਨੀਅਤ ਅਤੇ ਦਾਰਸ਼ਨਿਕ ਬਹਿਸਾਂ ਕਰਦਿਆਂ ਮਨੁੱਖ ਨੂੰ ਆਪਣੇ ਚੁਗਿਰਦੇ ਦੀ ਉਸਾਰੀ ਦੀ ਪ੍ਰੇਰਨਾ ਦਿੱਤੀ। ਆਪ ਜੀ ਨੇ ਮਨ ਦੀਆਂ ਪਰਤਾਂ ਖੋਲ੍ਹ ਕੇ, ਗਿਆਨ ਮੰਡਲਾਂ ਵਿੱਚ ਵਿਚਰਦਿਆਂ, ਬੁੱਧੀ ਅਤੇ ਵਿਵੇਕ ਅਨੁਸਾਰ ਚਿੰਤਨ ਕਰਦਿਆਂ, ਜਨ ਸਧਾਰਨ ਦੇ ਦਰਦ ਨੂੰ ਲੋਕ-ਮੁਹਾਵਰੇ ਵਾਲੀ ਬੋਲੀ ਵਿੱਚ ਕਾਰਨ-ਕਾਰਜ ਦੀ ਪੱਧਰ ਉੱਤੇ ਮੂਰਤੀਮਾਨ ਕੀਤਾ। ਸ਼ੋਸ਼ਣਕਾਰੀ ਸ਼ਕਤੀਆਂ ਨੂੰ ਵੰਗਾਰਦਿਆਂ ਹੋਇਆਂ ਰੱਬ ਨੂੰ ਵੀ ਉਲਾਂਭੇ ਦੇਣ ਤੋਂ ਗੁਰੇਜ਼ ਨਹੀਂ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਸਮਾਜ ਵਿੱਚ ਔਰਤਾਂ ਦੀ ਸਥਿਤੀ ਬੇਹੱਦ ਤਰਸਯੋਗ ਸੀ, ਭਾਵੇਂ ਮਨੂੰ ਸਮਰਿਤੀ ਅਨੁਸਾਰ ‘ਜਿੱਥੇ ਔਰਤਾਂ ਦੀ ਪੂਜਾ ਹੁੰਦੀ ਹੈ ਉੱਥੇ ਦੇਵਤੇ ਨਿਵਾਸ ਕਰਦੇ ਹਨ’ ਦੇ ਬਾਵਜੂਦ ਔਰਤਾਂ ਨੂੰ ‘ਨਾਗਨ’ ਅਤੇ ‘ਬਾਘਨ’ ਕਹਿ ਕੇ ਭੰਡਿਆ ਜਾਂਦਾ ਸੀ।

ਮੱਧਕਾਲ ’ਚ ਪਹਿਲੀ ਵਾਰ ਗੁਰੂ ਸਾਹਿਬ ਨੇ ਔਰਤਾਂ ਦੇ ਹੱਕਾਂ ਦੀ ਪੁਰਜ਼ੋਰ ਵਕਾਲਤ ਕੀਤੀ । ਔਰਤਾਂ ਨੂੰ ਸਮਾਜ ਦਾ ਨਰੋਆ ਅੰਗ ਦੱਸਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵ ਨੂੰ ਗ੍ਰਿਹਸਥ ਜੀਵਨ ਨੂੰ ਅਪਣਾ ਕੇ ਆਪਣੇ ਚੁਗਿਰਦੇ ਦੀ ਉਸਾਰੀ ਦੀ ਜਿੰਮੇਵਾਰੀ ਨਿਭਾਉਣ ਦਾ ਸੰਦੇਸ਼ ਦਿੱਤਾ ਹਨੇ੍ਹਰੀਆਂ ਰਾਤਾਂ ਵਿੱਚ ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲੇ, ਪੋਹ-ਮਾਘ ਦੀਆਂ ਠੰਢੀਆਂ ਰਾਤਾਂ ਵਿੱਚ ਪਾਣੀ ਲਾਉਣ ਵਾਲੇ ਕਿਰਤੀ ਲੋਕਾਂ ਦੀ ਕਿਰਤ ਮਹਾਨ ਹੈ। ਅੰਨ ਉਪਜਾਉਣਾ ਵੀ ਸੱਚੀ ਸਮਾਜ ਸੇਵਾ ਹੈ। ਇਸ ਤੋਂ ਹੀ ‘ਉੱਤਮ ਖੇਤੀ’ ਦਾ ਸੰਕਲਪ ਹੋਂਦ ਵਿੱਚ ਆਇਆ। ਕਿਰਤ ਅਤੇ ਕਿਰਤੀ ਦਾ ਸਤਿਕਾਰ ਕਾਇਮ ਹੋਇਆ ਹੈ।

ਸ੍ਰੀ ਗੁੁਰੂ ਨਾਨਕ ਦੇਵ ਜੀ ਦੁਆਰਾ ਆਪਣੇ ਜੀਵਨ ਕਾਲ ਦੇ ਅੰਤਲੇ ਲਗਭਗ ਅਠਾਰਾਂ ਸਾਲ ਕਰਤਾਰਪੁਰ ਸਾਹਿਬ ਵਿਖੇ ਹੀ ਬਿਤਾਏ ਗਏ। ਇੱਥੋਂ ਹੀ ਉਨ੍ਹਾਂ ਨੇ ਆਪਣੇ ਮੌਲਿਕ ਫਲਸਫੇ ‘ਕਿਰਤ ਕਰੋ ਨਾਮ ਜਪੋ ਵੰਡ ਛਕੋ’ ਨੂੰ ਦੁਨੀਆਂ ਵਿੱਚ ਪ੍ਰਚਾਰਿਆ। ਮਾਨਵਤਾ ਨੂੰ ਦਸਾਂ ਨਹੁੰਆਂ ਦੀ ਸੱਚੀ-ਸੁੱਚੀ ਕਿਰਤ-ਕਮਾਈ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਚਿਨ੍ਹਾਂ, ਭੇਖ ਅਤੇ ਦਿਖਾਵੇ ਦੀ ਵਿਰੋਧਤਾ ਕੇਵਲ ਵਿਰੋਧਤਾ ਕਰਕੇ ਹੀ ਨਹੀਂ ਕੀਤੀ, ਸਗੋਂ ਮਨੁੱਖਤਾ ਨੂੰ, ਸਮਾਜ ਨੂੰ ਇਨ੍ਹਾਂ ਚੀਜ਼ਾਂ ਦੇ ਅਰਥ ਸਮਝਾਏ। ਭੇਖ ਨੂੰ ਤਿਆਗ ਕੇ ਅਸਲ ਨੂੰ ਸਮਝਣ ਦਾ ਉਪਦੇਸ਼ ਦਿੱਤਾ। ਇਸ ਦਾ ਵੱਡਾ ਕਾਰਨ ਸੀ ਉਸ ਵੇਲੇ ਦੇ ਦੋਵਾਂ ਪ੍ਰਮੁੱਖ ਧਰਮਾਂ ‘ਹਿੰਦੂ ਅਤੇ ਇਸਲਾਮ’ ਵਿੱਚ ਆਈ ਗਿਰਾਵਟ। ਨਾਨਕ ਬਾਣੀ ਦੀ ਸਾਰਥਿਕਤਾ ਇਸ ਤੱਥ ਵਿੱਚ ਵੀ ਹੈ ਕਿ ਉਨ੍ਹਾਂ ਦੀ ਸਮੁੱਚੀ ਬਾਣੀ ਨਿੱਜੀ ਤਜ਼ਰਬਿਆਂ ਤੇ ਜਜ਼ਬਿਆਂ ਦਾ ਖਜ਼ਾਨਾ ਹੈ। ਜੋ ਵਿਰੋਧੀਆਂ ਨੂੰ ਵੀ ਕਾਇਲ ਕਰਕੇ ਆਪਣੇ ਮੁਰੀਦ ਬਣਾ ਲੈਣ ਦੇ ਸਮਰੱਥ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੱਝਾਂ ਚਰਾਉਣਾ, ਹਲ਼ ਵਾਹੁਣਾ, ਮੋਦੀਖਾਨਾ ਚਲਾਉਣਾ, ਮਲਕ ਭਾਗੋ ਦੀ ਥਾਵੇਂ ਭਾਈ ਲਾਲੋ ਦੀ ਦਸਾਂ ਨਹੁੰਆਂ ਦੀ ਕਿਰਤ-ਕਮਾਈ ਦਾ ਸਤਿਕਾਰ ਕਰਨਾ ਆਦਿ ਅਜਿਹੀਆਂ ਮਿਸਾਲਾਂ ਹਨ ਜਿਨ੍ਹਾਂ ਰਾਹੀਂ ਕਿਰਤ, ਕਰਮ ਦੇ ਸੁਮੇਲ ਰਾਹੀਂ ਹੱਥੀਂ ਕਿਰਤ ਕਰਨ ਦਾ ਪ੍ਰਵਚਨ ਉਚਾਰਿਆ ਗਿਆ ਹੈ

ਪ੍ਰਸਿੱਧ ਵਿਦਵਾਨ ਵਿਸ਼ਵਨਾਥ ਤਿਵਾੜੀ ਗੁਰੂ ਨਾਨਕ ਦੇਵ ਜੀ ਦੇ ਕ੍ਰਾਂਤੀਕਾਰੀ ਸਰੂਪ ਨੂੰ ਸਵੀਕਾਰਦਾ ਹੋਇਆ ਲਿਖਦਾ ਹੈ ਕਿ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੂਦਰ ਦੇ ਘਰ ਰਹਿਣਾ, ਉਸ ਦੀ ਬਣਾਈ ਹੋਈ ਰੋਟੀ ਨੂੰ ਅਮੀਰ ਦੀ ਰੋਟੀ ਤੋਂ ਪਵਿੱਤਰ ਮੰਨਣਾ, ਕਿੰਨੀ ਵੱਡੀ ਕ੍ਰਾਂਤੀ ਦੀ ਗੱਲ ਹੈ ਤੇ ਅਜਿਹਾ ਕਰਨ ਲਈ ਕਿੰਨਾ ਵਿਸ਼ਵਾਸ ਚਾਹੀਦਾ ਹੈ। ਉਨ੍ਹਾਂ ਨੇ ਕਿੰਨਾ ਖ਼ਤਰਾ ਮੁੱਲ ਲਿਆ, ਦਲੇਰੀ ਵਿਖਾਈ ਅਤੇ ਜਾਤ-ਪਾਤ ਦੇ ਬੰਧਨ ਤੋਂ ਉੱਪਰ ਉੱਠ ਕੇ ਇਨਸਾਨ ਨੂੰ ਕੇਵਲ ਇਨਸਾਨ ਮੰਨਿਆ।

ਨਾਨਕ ਬਾਣੀ ਦਾ ਉਦੈ ਉਸ ਵੇਲੇ ਦੇ ਧਰਮ ਚਿੰਤਨ ਦੇ ਵਿਰੋਧ ਵਿੱਚ ਹੋਇਆ, ਜਿਸ ਨੇ ਧਰਮ ਨੂੰ ਸੰਸਥਾਗਤ ਰੂਪ ਦੇ ਦਿੱਤਾ ਸੀ। ਸਾਰੇ ਧਰਮ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਕਾਰ ਦਿੱਤਾ ਗਿਆ ਹੈ ਪਰ ਕਿਸੇ ਦੀ ਇੱਕ ਵੀ ਕੱਟੜਤਾ ਨੂੰ ਨਹੀਂ ਅਪਣਾਇਆ ਗਿਆ।
ਗੁਰੂ ਸਾਹਿਬਾਨ ਨੇ ਤਾ-ਉਮਰ ਪੁਰਾਤਨ ਪੰਥੀ ਵਿਚਾਰਾਂ ਦਾ ਖੰਡਨ ਕੀਤਾ, ਬਾਹਰਮੁਖੀ ਪੂਜਾ ਪੱਧਤੀ ਦਾ ਵਿਰੋਧ ਕੀਤਾ। ਆਪ ਜੀ ਨੇ ਫ਼ਰਮਾਇਆ ਕਿ ਸੱਚੀ ਭਗਤੀ ਲਈ ਹਿਰਦੇ ਦੀ ਸ਼ੁੱਧਤਾ ਜ਼ਰੂਰੀ ਹੈ
ਐਸੋਸੀਏਟ ਪ੍ਰੋਫੈਸਰ,
ਮਾਤਾ ਹਰਕੀ ਦੇਵੀ ਕਾਲਜ, ਔਢਾਂ (ਸਰਸਾ)
ਡਾ. ਹਰਮੀਤ ਕੌਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ