ਸਪੀਕਰ ਰਾਣਾ ਕੇਪੀ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੁੰ ਚਿੱਠੀ ਲਿਖੀ

Speaker, RanaKPSingh, Union, External, Affairs, Minister, Sushma, Swaraj

ਪੰਜਾਬ ਦੇ 2 ਵਿਧਾਇਕਾਂ ਨੂੰ ਕੈਨੇਡਾ ‘ਚ ਦਾਖ਼ਲਾ ਨਾ ਦੇਣ ਦੇ ਮਾਮਲੇ ‘ਤੇ ਕਾਰਵਾਈ ਦੀ ਮੰਗ | Rana KP Singh

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕੇਂਦਰੀ  ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਓਟਾਵਾ ਹਵਾਈ ਅੱਡੇ ਵਿਖੇ ਪੰਜਾਬ ਦੇ 2 ਵਿਧਾਇਕਾਂ ਸ੍ਰੀ ਕੁਲਤਾਰ ਸਿੰਘ ਸੰਧਵਾਂ ਤੇ ਸ੍ਰੀ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡਾ ‘ਚ ਦਾਖ਼ਲ ਨਾ ਹੋਣ ਦੇਣ ਸਬੰਧੀ ਮਾਮਲੇ ‘ਤੇ ਕਾਰਵਾਈ ਦੀ ਮੰਗ ਕੀਤੀ ਹੈ। (Rana KP Singh)

ਇਸ ਮੁੱਦੇ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸਪੀਕਰ ਨੇ ਲਿਖਿਆ ਕਿ, ”ਭਾਰਤ ਤੇ ਕੈਨੇਡਾ ਦੀਆਂ ਸਾਰੀਆਂ ਵਿਧਾਨਕ ਸੰਸਥਾਵਾਂ ਰਾਸ਼ਟਰਮੰਡਲ  ਪਾਰਲੀਮੈਂਟਰੀ ਐਸੋਸੀਏਸ਼ਨ ਦੀਆਂ ਸ਼ਾਖਾਵਾਂ ਹਨ ਤੇ ਦੋਵੇਂ ਦੇਸ਼ਾਂ ਦੇ ਵਿਧਾਨਕ ਸੰਸਥਾਵਾਂ ਦੇ ਮੈਂਬਰ ਸੀਪੀਏ (ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ) ਦੇ ਮੈਂਬਰ ਹਨ ਇੱਕ ਪਾਸੇ ਤਾਂ ਅਸੀਂ ਦੋਵਾਂ ਦੇਸ਼ਾਂ ਦੇ ਵਿਧਾਇਕਾਂ ਦਰਮਿਆਨ ਸੀਪੀਏ ਗਤੀਵਿਧੀਆਂ ਜਿਵੇਂ ਭਾਈਚਾਰਾ, ਆਪਸੀ ਸਾਝ ਅਤੇ ਸਹਿਯੋਗ, ਅਨੁਭਵਾਂ ਦੇ ਆਦਾਨ ਪ੍ਰਦਾਨ ਤੇ ਸਬੰਧਾਂ ਦੇ ਸੁਧਾਰ ਆਦਿ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦੂਜੇ ਪਾਸੇ ਸਾਡੇ ਵਿਧਾਇਕਾਂ/ਲੋਕ ਨੁਮਾਇੰਦਿਆਂ ਨਾਲ ਅਪਮਾਨਜਨਕ ਵਿਵਹਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਜਾਇਜ਼ ਵੀਜ਼ਾ ਰੱਖਣ ਵਾਲੇ ਇਨ੍ਹਾਂ ਨੁਮਾਇੰਦਿਆਂ ਵੱਲੋਂ ਓਟਾਵਾ ਹਵਾਈ ਅੱਡੇ ਵਿਖੇ ਆਪਣੀ ਪਹਿਚਾਣ ਦਾ ਖੁਲਾਸਾ ਕੀਤਾ ਗਿਆ ਤਾਂ ਕੈਨੇਡੀਅਨ ਅਥਾਰਟੀਆਂ ਦਾ ਫਰਜ਼ ਬਣਦਾ ਸੀ ਕਿ ਉਹ ਇਨ੍ਹਾਂ ਵਿਧਾਇਕਾਂ ਦੀ ਸਹਾਇਤਾ ਕਰਦੇ ਤੇ  ਹਲੀਮੀ ਭਰਿਆ ਵਤੀਰਾ ਅਖ਼ਤਿਆਰ ਕਰਦੇ ਸਪੀਕਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਾਲਾਤ ਭਾਵੇਂ ਜੋ ਵੀ ਸਨ, ਪੰਜਾਬ ਦੇ ਵਿਧਾਇਕਾਂ ਪ੍ਰਤੀ ਕੈਨੇਡੀਅਨ ਅਥਾਰਟੀਆਂ ਵੱਲੋਂ ਦਿਖਾਇਆ ਗਿਆ ਅਜਿਹਾ ਵਤੀਰਾ ਸਹੀ ਨਹੀਂ ਸੀ, ਜੋ ਕਿ ਇੱਕ ਗੰਭੀਰ ਚਿੰਤਾ ਦੀ ਗੱਲ ਹੈ ਇਸ ਮਾਮਲੇ ਵਿੱਚ ਢੁਕਵੀਂ ਕਾਰਵਾਈ ਦੀ ਮੰਗ ਕਰਦਿਆਂ, ਰਾਣਾ ਕੇ. ਪੀ. ਸਿੰਘ ਨੇ  ਮੰਗ ਕੀਤੀ ਕਿ ਇਸ ਮਾਮਲੇ ਦੀ ਢੁਕਵੀਂ ਪੜਤਾਲ ਕੀਤੀ ਜਾਵੇ ਤੇ ਇਸ ਮੁੱਦੇ ਨੂੰ ਉੱਚਿਤ ਕੈਨੇਡੀਅਨ ਅਥਾਰਟੀਆਂ ਕੋਲ ਉਠਾਇਆ ਜਾਵੇ ਤਾਂ ਜੋ ਸਾਡੇ ਦੇਸ਼ ਦੇ ਲੋਕ ਨੁਮਾਇੰਦੇ ਭਵਿੱਖ ‘ਚ ਅਜਿਹੇ ਭੱਦੇ ਤੇ ਅਪਮਾਨਜਨਕ ਵਤੀਰੇ ਦਾ ਸ਼ਿਕਾਰ ਨਾ ਹੋਣ।