ਪਰਚਾ ਰੱਦ ਨਾ ਕੀਤਾ ਤਾਂ ਸ੍ਰੋਮਣੀ ਅਕਾਲੀ ਦਲ ਕਰੇਗੀ ਥਾਣੇ ਦਾ ਘਿਰਾਓ : ਮਲੂਕਾ 

Shiromani, Attack, Police, Station, Maluka

ਮਾਮਲਾ ਸਹਿਕਾਰੀ ਸਭਾ ਕਾਂਗੜ ਪੱਤੀ ਭਾਈਰੂਪਾ ਦੀ ਚੋਣ ਮੌਕੇ ਹੋਏ ਟਕਰਾਅ ‘ਚ ਅਕਾਲੀਆਂ ‘ਤੇ ਦਰਜ ਪਰਚਿਆਂ ਦਾ

  • ਮਲੂਕਾ ਦੀ ਅਗਵਾਈ ‘ਚ ਭਾਈਰੂਪਾ ਦੀ ਸਮੁੱਚੀ ਜਥੇਬੰਦੀ ਵੱਲੋਂ ਐਸ ਐਸ ਪੀ ਤੋਂ ਜਾਂਚ ਦੀ ਮੰਗ

ਬਠਿੰਡਾ, (ਸੱਚ ਕਹੂੰ ਨਿਊਜ਼)। ਸਹਿਕਾਰੀ ਸਭਾ ਕਾਂਗੜ ਪੱਤੀ ਭਾਈਰੂਪਾ ਦੀ ਚੋਣ ਮੌਕੇ ਸ੍ਰੋਮਣੀ ਅਕਾਲੀ ਦਲ ਤੇ ਕਾਂਗਰਸੀ ਵਰਕਰਾਂ ਵਿਚਕਾਰ ਹੋਏ ਟਕਰਾਅ ਤੋਂ ਬਾਅਦ ਪੁਲਿਸ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਦਰਜ ਕੀਤੇ ਗਏ 307 ਦੇ ਮੁਕੱਦਮੇ ਨੂੰ ਰੱਦ ਕਰਨ ਸਬੰਧੀ ਭਾਈਰੂਪਾ ਦੀ ਸਮੁੱਚੀ ਜਥੇਬੰਦੀ ਵੱਲੋਂ ਸਾਬਕਾ ਪੰਚਾਇੰਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਆਈ ਜੀ ਐਮ ਐਫ ਫਾਰੂਕੀ ਅਤੇ ਐਸ ਐਸ ਪੀ ਨਵੀਨ ਸਿੰਗਲਾ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ।

ਜਿਕਰਯੋਗ ਹੈ ਕਿ ਥਾਣਾ ਫੂਲ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਸਰਕਲ ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਨਗਰ ਪੰਚਾਇਤ ਪ੍ਰਧਾਨ ਗੁਰਮੇਲ ਸਿੰਘ, ਉਪ ਪ੍ਰਧਾਨ ਸੁਰਜੀਤ ਸਿੰਘ , ਕੌਰ ਸਿੰਘ ਜਵੰਧਾ ਅਤੇ ਜਗਤਾਰ ਸਿੰਘ ਤੋਂ ਇਲਾਵਾ ਕੁੱਲ 20 ਵਿਅਕਤੀਆਂ ‘ਤੇ 307 ਧਾਰਾ ਅਧੀਨ ਮਾਮਲਾ ਦਰਜ ਕੀਤਾ ਗਿਆ । ਇਸ ਬਾਰੇ ਗੱਲ ਕਰਦਿਆਂ ਮਲੂਕਾ ਨੇ ਕਿਹਾ ਕਿ ਭਾਈਰੂਪਾ ਵਿਖੇ ਸਰੇਆਮ ਕਾਂਗਰਸੀਆਂ ਵੱਲੋਂ ਗੁੰਡਾਗਰਦੀ ਕੀਤੀ ਗਈ ਅਤੇ ਧੱਕੇ ਨਾਲ ਸਹਿਕਾਰੀ ਸਭਾ ‘ਤੇ ਕਬਜ਼ਾ ਕੀਤਾ ਗਿਆ । ਕਾਂਗਰਸੀਆਂ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਪਥਰਾਅ ਕੀਤਾ ਗਿਆ, ਜਿਸ ਕਾਰਨ ਕਈ ਵਰਕਰਾਂ ਤੋਂ ਇਲਾਵਾ ਇੱਕ ਮੀਡੀਆ ਕਰਮੀ ਵੀ ਜ਼ਖ਼ਮੀ ਹੋ ਗਿਆ ।

ਉਨ੍ਹਾਂ ਕਿਹਾ ਕਿ ਕਾਂਗਰਸੀਆਂ ‘ਤੇ ਕਾਰਵਾਈ ਕਰਨ ਦੀ ਥਾਂ ਉਲਟਾ ਬਿਜਲੀ ਮੰਤਰੀ ਦੀ ਸਹਿ ‘ਤੇ ਪੁਲਿਸ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ 307 ਦਾ ਪਰਚਾ ਦਰਜ ਕੀਤਾ ਗਿਆ ਹੈ ,ਜੋ ਕਿ ਨਿਰਾ ਡਰਾਮਾ ਹੈ ਕਿਉਂਕਿ ਪੁਲਿਸ ਵੱਲੋਂ ਉਥੇ ਘਟਨਾ ਵਾਲੀ ਥਾਂ ‘ਤੇ ਅਕਾਲੀਆਂ ਵੱਲੋਂ ਗੋਲੀ ਚਲਾਉਣ ਦੀ ਗੱਲ ਕਹੀ ਹੈ ਜਦਕਿ ਮੌਕੇ ‘ਤੇ ਕੋਈ ਫਾਇਰ ਨਹੀ ਹੋਇਆ । ਕਾਂਗਰਸੀਆਂ ਵੱਲੋਂ ਆਪਣੇ ਆਪ ਨੂੰ ਫਾਇਰ ਕਰਕੇ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ । ਪ੍ਰਧਾਨ ਗੁਰਮੇਲ ਸਿੰਘ ਨੇ ਕਿਹਾ ਕਿ ਭਾਈਰੂਪਾ ਵਿਖੇ ਪਹਿਲਾਂ ਵੀ ਅਜਿਹਾ ਪਰਚਾ ਦਰਜ ਕਰਵਾÎਇਆ ਜਾ ਚੁੱਕਾ ਹੈ ਅਤੇ ਬਾਅਦ ਵਿੱਚ ਕਾਂਗਰਸੀ ਵਰਕਰਾਂ ਵੱਲੋਂ  ਮੋਟੀ ਰਾਸ਼ੀ ਦੇ ਬਦਲੇ ਸਮਝੌਤੇ ਦੀ ਪੇਸਕਸ਼ ਕੀਤੀ ਗਈ । ਮਲੂਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਪੂਰੀ ਘਟਨਾ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ ।

ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਨਿਰਪੱਖ ਜਾਂਚ ਕਰਕੇ ਪਰਚਾ ਰੱਦ ਨਾ ਕੀਤਾ ਗਿਆ ਤਾਂ ਸ੍ਰੋਮਣੀ ਅਕਾਲੀ ਦਲ ਹਲਕਾ ਫੂਲ ਦੀ ਸਮੂੱਚੀ ਜਥੇਬੰਦੀ ਵੱਲੋਂ ਸਬੰਧਿਤ ਥਾਣੇ ਦਾ ਘਿਰਾਓ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਆਪਣੇ ਵਰਕਰਾਂ ਨਾਲ ਕਿਸੇ ਵੀ ਕਿਸਮ ਦਾ ਧੱਕਾ ਬਰਦਾਸਤ ਨਹੀਂ ਕਰੇਗੀ ਤੇ ਲੋੜ ਪੈਣ ‘ਤੇ ਜਿਲ੍ਹਾ ਪੱਧਰੀ ਸੰਘਰਸ਼ ਵੀ ਵਿੱਢ ਸਕਦੀ ਹੈ । ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਸਤਨਾਮ ਸਿੰਘ ਭਾਈਰੁਪਾ, ਪ੍ਰਧਾਨ ਗੁਰਮੇਲ ਸਿੰਘ ਮੇਲੀ,ਉਪ ਪ੍ਰਧਾਨ ਸੁਰਜੀਤ ਸਿੰਘ, ਕੌਰ ਸਿੰਘ ਜਵੰਧਾ, ਜਗਤਾਰ ਸਿੰਘ, ਜਸਵੰਤ ਸਿੰਘ ਭਾਈਰੁਪਾ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਹਾਜ਼ਰ ਸਨ।