ਬੀਤ ਗਿਆ ਮਿੱਟੀ ਦੇ ਦੀਵਿਆਂ ਨਾਲ ਰੌਸ਼ਨੀਆਂ ਕਰਨ ਦਾ ਜ਼ਮਾਨਾ

Shine, Lights, Clay, Lamps

ਬਿੰਦਰ ਸਿੰਘ ਖੁੱਡੀ ਕਲਾਂ,

ਸਾਡੇ ਦੇਸ਼ ਵਿੱਚ ਧਰਮ, ਇਤਿਹਾਸ ਅਤੇ ਰੁੱਤਾਂ ਨਾਲ ਸਬੰਧਿਤ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਇਨ੍ਹਾਂ ਤਿਉਹਾਰਾਂ ਵਿੱਚੋਂ ਇੱਕ ਹੈ ਦੀਵਾਲੀ। ਸਮੁੱਚੇ ਉੱਤਰ ਭਾਰਤ ਵਿੱਚ ਇਹ ਤਿਉਹਾਰ ਬੜੇ ਚਾਵਾਂ ਅਤੇ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸਬੰਧ ਹਿੰਦੂ ਅਤੇ ਸਿੱਖ ਦੋਵਾਂ ਨਾਲ ਜੁੜਨ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੀਵਾਲੀ ਦੀਆਂ ਵਿਸ਼ੇਸ਼ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ। ਦੀਵਾਲੀ ਦੇ ਤਿਉਹਾਰ ਨਾਲ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਵੀ ਜੁੜਿਆ ਹੋਇਆ ਹੈ। ਦੀਵਾਲੀ ਦੇ ਮੌਕੇ ‘ਤੇ ਦੁਕਾਨਦਾਰੀ ਕਰਕੇ ਇਹ ਲੋਕ ਖੂਬ ਕਮਾਈ ਕਰਦੇ ਹਨ ਅਤੇ ਇਸੇ ਲਈ ਇਨ੍ਹਾਂ ਲੋਕਾਂ ਨੂੰ ਦੀਵਾਲੀ ਦੇ ਤਿਉਹਾਰ ਦੀ ਬੜੀ ਉਤਸੁਕਤਾ ਨਾਲ ਉਡੀਕ ਰਹਿੰਦੀ ਹੈ। ਹਲਵਾਈਆਂ ਅਤੇ ਪਟਾਕਿਆਂ ਦੇ ਦੁਕਾਨਦਾਰਾਂ ਤੋਂ ਇਲਾਵਾ ਦੀਵਾਲੀ ਦੇ ਮੌਕੇ ‘ਤੇ ਦੁਕਾਨਦਾਰੀ ਕਰਨ ਵਾਲੇ ਲੋਕਾਂ ਵਿੱਚੋਂ ਇੱਕ ਹਨ ਪਰਜਾਪਤ ਲੋਕ। ਕੋਈ ਸਮਾਂ ਸੀ ਜਦੋਂ ਪਰਜਾਪਤ ਬਿਰਾਦਰੀ ਨਾਲ ਦੀਵਾਲੀ ਦਾ ਬੜਾ ਡੂੰਘਾ ਨਾਤਾ ਸੀ। ਇਹ ਲੋਕ ਦੀਵਾਲੀ ਦੇ ਤਿਉਹਾਰ ਦੀਆਂ ਕਈ-ਕਈ ਦਿਨ ਅਗਾਊਂ ਹੀ ਤਿਆਰੀਆਂ ਆਰੰਭ ਕਰ ਦਿੰਦੇ ਸਨ। ਪਰ ਪਿਛਲੇ ਕੁੱਝ ਵਰ੍ਹਿਆਂ ਤੋਂ ਇਸ ਬਰਾਦਰੀ ਦੇ ਲੋਕਾਂ ਦਾ ਧੰਦਾ ਆਧੁਨਿਕਤਾ ਦੀ ਭੇਂਟ ਚੜ੍ਹ ਕੇ ਰਹਿ ਗਿਆ ਹੈ। ਇਸ ਬਰਾਦਰੀ ਵੱਲੋਂ ਗਰਮੀਆਂ ਦੇ ਦਿਨਾਂ ‘ਚ ਪਾਣੀ ਠੰਢਾ ਰੱਖਣ ਲਈ ਘੜਿਆਂ ਸਮੇਤ ਬਹੁਤ ਸਾਰੇ ਬਰਤਨਾਂ ਤੋਂ ਇਲਾਵਾ ਰੋਜ਼ਮਰਾ ਦੀ ਜ਼ਿੰਦਗੀ ‘ਚ ਕੰੰਮ ਆਉਣ ਵਾਲੇ ਬਰਤਨ ਤੌੜੀ, ਤੌਲੇ, ਕੁੱਜੇ ਅਤੇ ਚੱਪਣ ਆਦਿ ਬਹੁਤ ਕੁੱਝ ਬਣਾਇਆ ਜਾਂਦਾ ਸੀ ਜੋ ਕਿ ਜਿੰਦਗੀ ਜੀਣ ਦੇ ਨਵੀਨਤਮ ਤਰੀਕਿਆਂ ਦੀ ਭੇਂਟ ਚੜ੍ਹ ਕੇ ਰਹਿ ਗਿਆ ਹੈ। ਦੀਵਾਲੀ ਮੌਕੇ ਇਨ੍ਹਾਂ ਵੱਲੋਂ ਬਣਾਏ ਜਾਣ ਵਾਲੇ ਮਿੱਟੀ ਦੇ ਦੀਵੇ, ਮਸ਼ਾਲਾਂ ਸਮੇਤ ਘਰੂੰਡੀਆਂ ਅਤੇ ਕੁੱਜੇ ਆਦਿ, ਜਿਨ੍ਹਾਂ ਦੀ ਕਿਸੇ ਸਮੇਂ ਭਾਰੀ ਮੰਗ ਹੁੰਦੀ ਸੀ, ਪਿਛਲੇ ਸਮੇਂ ਤੋਂ ਨਾਕਾਰੇ ਜਾ ਰਹੇ ਹਨ।

ਕੋਈ ਸਮਾਂ ਸੀ ਜਦੋਂ ਮਿੱਟੀ ਦੇ ਦੀਵੇ ਹੀ ਰੌਸ਼ਨੀਆਂ ਕਰਨ ਦਾ ਮੁੱਖ ਸਾਧਨ ਸਨ। ਸੁਆਣੀਆਂ ਸਰ੍ਹੋਂ ਦੇ ਤੇਲ ਨਾਲ ਬਲਣ ਵਾਲੇ ਦੀਵਿਆਂ ਨੂੰ ਦਿਨ ਸਮੇਂ ਹੀ ਪਾਣੀ ‘ਚ ਭਿਉਂ ਕੇ ਉਹਨਾਂ ਦੀ ਖੁਸ਼ਕੀ ਘਟਾ ਲੈਂਦੀਆਂ ਸਨ। ਰੂੰ ਦੀਆਂ ਬੱਤੀਆਂ ਵੱਟ ਕੇ ਫਿਰ ਬੜੀ ਰੀਝ ਨਾਲ ਇਹਨਾਂ ਨੂੰ ਦੀਵਿਆਂ ‘ਚ ਟਿਕਾਇਆ ਜਾਂਦਾ ਸੀ। ਸਰ੍ਹੋਂ ਦੇ ਤੇਲ ਨਾਲ ਲਟ-ਲਟ ਬਲਦੇ ਘਰਾਂ ਦੇ ਬਨੇਰਿਆਂ ‘ਤੇ ਟਿਕਾਏ ਦੀਵੇ ਬੜਾ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਦੇ ਸਨ। ਇਹ ਦੀਵੇ ਵਾਤਾਵਰਨ ਲਈ ਵੀ ਲਾਭਦਾਇਕ ਹੁੰਦੇ ਸਨ। ਪਰ ਆਧੁਨਿਕ ਸਮੇਂ ‘ਚ ਪ੍ਰਚਲਿਤ ਚੀਨ ਦੀਆਂ ਬਿਜਲਈ ਲੜੀਆਂ ਨੇ ਮਿੱਟੀ ਦੇ ਦੀਵਿਆਂ ਦੀ ਮੰਗ ਲਗਭਗ ਖਤਮ ਹੀ ਕਰ ਦਿੱਤੀ ਹੈ। ਘਰ-ਘਰ ਜਾ ਕੇ ਕਣਕ ਆਦਿ ਬਦਲੇ ਮਿੱਟੀ ਦੇ ਦੀਵੇ ਵੰਡਦੀਆਂ ਇਸ ਬਰਾਦਰੀ ਦੀਆਂ ਔਰਤਾਂ ਹੁਣ ਕਿਧਰੇ ਨਜ਼ਰੀਂ ਨਹੀਂ ਪੈਂਦੀਆਂ, ਕਿਉਂਕਿ ਹਰ ਘਰ ਵਿੱਚ ਰੌਸ਼ਨੀਆਂ ਕਰਨ ਲਈ ਬਿਜਲਈ ਲੜੀਆਂ ਦੀ ਭਰਮਾਰ ਹੋ ਗਈ ਹੈ। ਮਿੱਟੀ ਦੇ ਪੰਜ-ਸੱਤ ਦੀਵੇ ਤਾਂ ਬੱਸ ਸ਼ਗਨ ਵਜੋਂ ਰੱਖਣ ਦਾ ਰਿਵਾਜ਼ ਹੀ ਰਹਿ ਗਿਆ ਹੈ। ਜਿੱਥੇ ਬਿਜਲਈ ਲੜੀਆਂ ਲਾਉਣੀਆਂ ਸੰਭਵ ਨਹੀਂ ਹਨ ਉੱਥੇ ਮੋਮਬੱਤੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅੱਜ-ਕੱਲ੍ਹ ਦੀਆਂ ਕੁੜੀਆਂ ਨੂੰ ਤਾਂ ਸ਼ਾਇਦ ਦੀਵਾ ਬਾਲਣ ਲਈ ਬੱਤੀਆਂ ਵੀ ਨਾ ਵੱਟਣੀਆਂ ਆਉਂਦੀਆਂ ਹੋਣ। ਸਰ੍ਹੋਂ ਦਾ ਤੇਲ ਵੀ ਸ਼ਾਇਦ ਘਰਾਂ ਵਿੱਚ ਮੌਜ਼ੂਦ ਰਿਫਾਇੰਡਾਂ ਅਤੇ ਹੋਰ ਆਧੁਨਿਕ ਤੇਲਾਂ ਨੇ ਨਿਗਲ ਲਿਆ ਹੈ।

ਸਮੇਂ ਦੀ ਚਾਲ ‘ਚ ਗੁਆਚੇ ਮਿੱਟੀ ਦੇ ਦੀਵਿਆਂ ਨੇ ਪਰਜਾਪਤ ਬਰਾਦਰੀ ਦੇ ਰੁਜ਼ਗਾਰ ਨੂੰ ਕਾਫੀ ਠੇਸ ਪਹੁੰਚਾਈ ਹੈ। ਇੱਕ ਤਰ੍ਹਾਂ ਨਾਲ ਇਨ੍ਹਾਂ ਲੋਕਾਂ ਦੇ ਮਨਾਂ ਵਿੱਚੋਂ ਦੀਵਾਲੀ ਦਾ ਉਤਸ਼ਾਹ ਹੀ ਖਤਮ ਹੋ ਕੇ ਰਹਿ ਗਿਆ ਹੈ। ਬਹੁਗਿਣਤੀ ਪਰਜਾਪਤ ਪਰਿਵਾਰਾਂ ਨੇ ਮਿੱਟੀ ਦੇ ਦੀਵੇ ਬਣਾਉਣ ਦਾ ਕੰੰਮ ਬੰਦ ਕਰ ਦਿੱਤਾ ਹੈ। ਬੜੇ ਘੱਟ ਲੋਕ ਮਿੱਟੀ ਦੇ ਦੀਵਿਆਂ ਦੀ ਖਰੀਦਦਾਰੀ ਕਰਦੇ ਨਜ਼ਰ ਆਉਂਦੇ ਹਨ। ਦੀਵਿਆਂ ਦੇ ਨਾਲ-ਨਾਲ ਮਸ਼ਾਲਾਂ ਬਾਲਣ ਦਾ ਵੀ ਰਿਵਾਜ਼ ਆਮ ਸੀ। ਹਰ ਪਰਿਵਾਰ ਵੱਲੋਂ ਘਰ ਦੇ ਬਨੇਰਿਆਂ ‘ਤੇ ਦੋ-ਚਾਰ ਮਸ਼ਾਲਾਂ ਜਰੂਰ ਬਾਲ਼ੀਆਂ ਜਾਂਦੀਆਂ ਸਨ। ਮਸ਼ਾਲ ਦਾ ਅਕਾਰ ਦੀਵੇ ਤੋਂ ਕਈ ਗੁਣਾ ਵੱਡਾ ਹੁੰਦਾ ਸੀ। ਆਮ ਤੌਰ ‘ਤੇ ਕਪਾਹ ਦੇ ਵੜੇਵਿਆਂ ਨਾਲ ਭਰਕੇ ਮਸ਼ਾਲ ਬਾਲਣ ਦਾ ਰਿਵਾਜ਼ ਸੀ। ਕਈ ਘਰਾਂ ‘ਚ ਕੁੜੀਆਂ ਵੱਲੋਂ ਘਰੂੰਡੀ ਬਾਲ ਕੇ ਲੱਛਮੀ ਦੀ ਪੂਜਾ ਕਰਨ ਦਾ ਵੀ ਰਿਵਾਜ਼ ਸੀ। ਘਰੂੰਡੀ ਨੂੰ ਕਈ-ਕਈ ਦੀਵਿਆਂ ਦੀ ਰੌਸ਼ਨੀ ਨਾਲ ਰੁਸ਼ਨਾਇਆ ਜਾਂਦਾ ਸੀ। ਪਰ ਬਿਜਲਈ ਮਸ਼ਾਲਾਂ ਅਤੇ ਘਰੂੰਡੀਆਂ ਦੀ ਆਮਦ ਨੇ ਪਰਜਾਪਤ ਵੱਲੋਂ ਮਿੱਟੀ ਦੀਆਂ ਤਿਆਰ ਮਸ਼ਾਲਾਂ ਅਤੇ ਘਰੂੰਡੀਆਂ ਨੂੰ ਇੱਕ ਤਰ੍ਹਾਂ ਹਾਸ਼ੀਏ ‘ਤੇ ਹੀ ਧੱਕ ਦਿੱਤਾ ਹੈ।

ਬੇਸ਼ੱਕ ਕੇਂਦਰ ਸਰਕਾਰ ਵੱਲੋਂ ਸਵਦੇਸ਼ੀ ਅਪਣਾਓ ਦੇ ਨਾਂਅ ਹੇਠ ਚੀਨੀ ਵਸਤਾਂ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ ਜਾ ਰਿਹਾ ਹੈ। ਪਰ ਸਰਕਾਰਾਂ ਵੱਲੋਂ ਇਸੇ ਪਾਸੇ ਕੀਤੇ ਉੱਦਮ ਕਿਧਰੇ ਵੀ ਨਜ਼ਰ ਨਾ ਆਉਣ ਕਾਰਨ ਇਹ ਸੱਦਾ ਮਹਿਜ਼ ਡਰਾਮੇ ਤੋਂ ਵੱਧ ਕੁੱਝ ਨਹੀਂ ਜਾਪਦਾ। ਬੇਸ਼ੱਕ ਪੁਰਾਤਨਤਾ ਵੱਲ ਪੂਰਾ ਮੋੜਾ ਤਾਂ ਸੰਭਵ ਨਹੀਂ, ਪਰ ਕੁੱਝ ਹੱਦ ਤੱਕ ਇਸ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਇਹ ਮੋੜਾ ਉਦੋਂ ਹੋਰ ਵੀ ਮਹੱਤਵਪੂਰਨ ਅਤੇ ਜਰੂਰੀ ਬਣ ਜਾਂਦਾ ਹੈ ਜਦੋਂ ਇਸ ਨਾਲ ਕਿਸੇ ਦਾ ਢਿੱਡ ਭਰਨ ਦਾ ਵਸੀਲਾ ਜੁੜਿਆ ਹੋਵੇ। ਆਓ! ਮਿੱਟੀ ਦੇ ਦੀਵੇ ਬਣਾ ਕੇ ਦੀਵਾਲੀ ਮੌਕੇ ਚਾਰ ਪੈਸੇ ਕਮਾਉਣ ਦੀ ਆਸ ਲਾਈ ਬੈਠੇ ਲੋਕਾਂ ਦੀਆਂ ਆਸਾਂ ਨੂੰ ਬੂਰ ਪਾਈਏ। ਸਾਡੇ ਵੱਲੋਂ ਕੀਤੀ ਮਿੱਟੀ ਦੇ ਦੀਵਿਆਂ ਅਤੇ ਮਸ਼ਾਲਾਂ ਦੀ ਖਰੀਦਦਾਰੀ ਕਿਸੇ ਨਾ ਕਿਸੇ ਗਰੀਬ ਦੇ ਘਰ ਦਾ ਚੁੱਲ੍ਹਾ ਜਰੂਰ ਬਾਲ਼ੇਗੀ।ਆਓ! ਤਹੱਈਆ ਕਰੀਏ ਕਿ ਆਪਣੇ ਘਰਾਂ ਨੂੰ ਰੁਸ਼ਨਾਉਣ ਲਈ ਜੇਕਰ ਸੌ ਫੀਸਦੀ ਨਾ ਸਹੀ ਤਾਂ ਘੱਟੋ-ਘੱਟ ਪੰਜਾਹ ਫੀਸਦੀ ਮਿੱਟੀ ਦੇ ਦੀਵਿਆਂ ਦਾ ਇਸਤੇਮਾਲ ਜਰੂਰ ਕਰਾਂਗੇ ਅਤੇ ਇੱਕ-ਦੂਜੇ ਦੇ ਰੁਜ਼ਗਾਰ ਦਾ ਵਸੀਲਾ ਬਣਨ ਦੀ ਲੜੀ ਨੂੰ ਬਾਖੂਬੀ ਨਿਭਾਵਾਂਗੇ।

ਸ਼ਕਤੀ ਨਗਰ, ਬਰਨਾਲਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।