ਚੀਕ

ਚੀਕ

‘‘ਆਹ ਵੇਖ ਬਾਪੂ ਆਪਣੀ ਜ਼ਮੀਨ ਵੀ ਸੜਕ ’ਚ ਆ ਗਈ।’’ ਅਖਬਾਰ ’ਚ ਆਇਆ ਸਰਕਾਰ ਵੱਲੋਂ ਜ਼ਮੀਨ ਪ੍ਰਾਪਤ ਕਰਨ ਦਾ ਇਸ਼ਤਿਹਾਰ ਵਿਖਾਉਂਦਾ ਬਲਵੀਰ ਬੋਲਿਆ।
‘‘ਉਏ ਕੀ ਕਹੀ ਜਾਨੈ ਤੂੰ ਸ਼ੁੱਭ-ਸ਼ੁੱਭ ਬੋਲ। ਜਮੀਨ ਤਾਂ ਜੱਟ ਦੀ ਮਾਂ ਹੁੰਦੀ ਆ। ਐਂ ਕਿਵੇਂ ਸਰਕਾਰ ਨੂੰ ਦੇ ਦੇਵਾਂਗੇ ਜ਼ਮੀਨ। ਜ਼ਮੀਨ ਦੇਣ ਨਾਲੋਂ ਤਾਂ ਮਰਨਾ ਮਨਜ਼ੂਰ ਆ। ਤੈਨੂੰ ਕੀ ਪਤਾ ਬਜ਼ੁਰਗਾਂ ਨੇ ਕਿਵੇਂ ਨਰਕ ਭਰ ਕੇ ਬਣਾਈ ਆ ਇਹ ਜ਼ਮੀਨ।’’ ਸਰਕਾਰ ਵੱਲੋਂ ਜਮੀਨ ਗ੍ਰਹਿਣ ਕਰਨ ਦੀ ਗੱਲ ਸੁਣ ਕੇ ਜਿਵੇਂ ਪ੍ਰਤਾਪ ਸਿਹੁੰ ਦੀ ਤਾਂ ਚੀਕ ਹੀ ਨਿੱਕਲ ਗਈ।
‘‘ਉਏ ਬਾਪੂ ਪਹਿਲਾਂ ਪੂਰੀ ਗੱਲ ਤਾਂ ਸੁਣ ਲਿਆ ਕਰ। ਸਰਕਾਰ ਨੇ ਕੋਈ ਮੁਫਤ ਥੋੜ੍ਹੀ ਲੈਣੀ ਆ ਜ਼ਮੀਨ। ਅਗਲਿਆਂ ਨੇ ਪੈਸੇ ਦੇਣੇ ਆ ਤੇ ਜ਼ਮੀਨ ਲੈਣੀ ਆ।’’ ਬਲਵੀਰ ਨੇ ਆਪਣੀ ਗੱਲ ਹੋਰ ਸਪੱਸ਼ਟ ਕੀਤੀ।

‘‘ਉਏ ਉਹ ਤਾਂ ਮੈਨੂੰ ਵੀ ਪਤਾ ਵੀ ਮੁਫਤ ਨਹੀਂ ਲੈਣੀ ਸਰਕਾਰ ਨੇ ਜਮੀਨ। ਪਰ ਆਪਣੀ ਜਮੀਨ ਛੱਡਣਾ ਤਾਂ ਮਰਨ ਬਰਾਬਰ ਈ ਹੁੰਦਾ। ਪੈਸੇ ਨਾਲ ਮਾਂ ਵਰਗੀ ਜਮੀਨ ਵੇਚਣ ਨਾਲੋਂ ਤਾਂ ਬੰਦਾ ਮਰਿਆ ਈ ਚੰਗਾ ਹੁੰਦਾ।’’ ਪ੍ਰਤਾਪ ਸਿਹੁੰ ਨੇ ਆਪਣੀ ਦਲੀਲ ਦਿੱਤੀ।
‘‘ਤੈਨੂੰ ਕੀ ਪਤਾ ਇਹ ਜਮੀਨ ਕਿਵੇਂ ਬਣਾਈ ਆ। ਤੂੰ ਤਾਂ ਬਣੀ-ਬਣਾਈ ਦਾ ਮਾਲਕ ਬਣ ਗਿਆ। ਤੇਰਾ ਦਾਦਾ ਦੱਸਦਾ ਹੁੰਦਾ ਸੀ ਕਿ ਮੁਰੱਬਾਬੰਦੀ ਵੇਲੇ ਵੀ ਇਹ ਜਮੀਨ ਪਿੰਡ ਦੇ ਨੰਬਰਦਾਰ ਆਪਣੇ ਹਿੱਸੇ ਪਵਾਉਣ ਨੂੰ ਫਿਰਦੇ ਸੀ। ਇਹ ਜਮੀਨ ਤਾਂ ਪਿਤਾ ਜੀ ਨੇ ਅਫਸਰਾਂ ਤੱਕ ਪਹੁੰਚ ਕਰਕੇ ਮਸਾਂ ਬਚਾਈ ਸੀ। ਅਖੇ ਹੁਣ ਸਰਕਾਰ ਰੋਕਣ ਨੂੰ ਫਿਰਦੀ ਆ।’’ ਪ੍ਰਤਾਪ ਸਿਹੁੰ ਦਾ ਗੁੱਸਾ ਵਧਦਾ ਹੀ ਜਾ ਰਿਹਾ ਸੀ।
‘‘ਤੁਸੀਂ ਕਿਉਂ ਪਿਉ-ਪੁੱਤ ਨੇ ਜਾਬੜਾਂ ਦਾ ਭੇੜ ਪਾਇਐ। ਜਦੋਂ ਰੋਕਣਗੇ ਵੇਖੀ ਜਾਊ। ਇਨ੍ਹਾਂ ਸਰਕਾਰਾਂ ਦਾ ਕੀ ਆ ਸੌ ਵਾਰੀ ਸਕੀਮਾਂ ਬਣਾਉਂਦੀਆਂ ਨੇ ਸੌ ਵਾਰੀ ਢਾਹੁੰਦੀਆਂ ਨੇ।’’ ਚੁੱਲ੍ਹਾ-ਚੌਕਾਂ ਕਰਦੀ ਸਿੰਦਰ ਨੇ ਵੀ ਗੱਲਬਾਤ ’ਚ ਐਂਟਰੀ ਮਾਰੀ।
‘‘ਮਾਂ ਸਰਕਾਰਾਂ ਚਾਹੇ ਹਜ਼ਾਰ ਵਾਰੀ ਸਕੀਮਾਂ ਬਣਾਉਣ ਤੇ ਹਜ਼ਾਰ ਵਾਰੀ ਢਾਹੁਣ। ਪਰ ਅਖੀਰ ਨੂੰ ਕਦੇ ਨਾ ਕਦੇ ਸਰਕਾਰਾਂ ਵੱਲੋਂ ਚਲਾਈ ਫਾਈਲ ਆਪਣੀ ਮੰਜਿਲ ’ਤੇ ਪਹੁੰਚਦੀ ਜਰੂਰ ਆ। ਨਾਲੇ ਲੇਟ-ਲਤੀਫੀ ਤਾਂ ਸਾਡੇ ਸਰਕਾਰੀ ਸਿਸਟਮ ਦਾ ਅਟੁੱਟ ਅੰਗ ਆ।’’ ਬਲਵੀਰ ਨੇ ਸਰਕਾਰੀ ਸਿਸਟਮ ’ਤੇ ਤੰਜ਼ ਕੱਸਿਆ।

‘‘ਹਾਂ ਬਈ ਪ੍ਰਤਾਪ ਸਿੰਹਾਂ ਘਰੇ ਈ ਓ? ਕੱਲ੍ਹ ਨੂੰ ਸਵੇਰੇ ਅੱਠ ਕੁ ਵਜੇ ਖੱਤੀ ਵਾਲੇ ਖੇਤ ਅਫਸਰ ਆਉਣਗੇ। ਕੋਈ ਮਿਣਤੀ-ਗਿਣਤੀ ਕਰਨੀ ਆ ਸੜਕ ਬਣਾਉਣ ਲਈ।’’ ਬੀਰੇ ਚੌਂਕੀਦਾਰ ਨੇ ਗੇਟ ਖੜਕਾਉਂਦਿਆਂ ਸੁਨੇਹਾ ਦਿੱਤਾ।
‘‘ਗੱਲ ਸੁਣ ਚੌਂਕੀਦਾਰਾ! ਆਪਣੇ ਅਫਸਰਾਂ ਨੂੰ ਕਹਿ ਦੇ ਜਾ ਕੇ। ਐਂ ਨੀ ਉਹ ਸਾਡੀ ਜ਼ਮੀਨ ਦੀ ਮਿਣਤੀ-ਗਿਣਤੀ ਕਰ ਸਕਦੇ। ਜਮੀਨ ਤਾਂ
ਮਾਂ ਐ ਮਾਂ ਮੇਰੀ। ਮੈਂ ਮਰਨੀ ਮਰ ਜੂੰ ਪਰ ਜਮੀਨ ਨਹੀਂ ਛੱਡਦਾ। ਮੇਰਾ ਸੁਨੇਹਾ ਲਾ ਦੇ ਜਾ ਕੇ ਅਫਸਰਾਂ ਨੂੰ ਵੀ ਉਹਨਾਂ ਦੀ ਤਾਂ ਨਾਂਹ ਐ ਜਮੀਨ ਦੇਣ ਤੋਂ।’’ ਪ੍ਰਤਾਪ ਸਿਹੁੰ ਜਿਵੇਂ ਸਾਰਾ ਗੁੱਸਾ ਚੌਂਕੀਦਾਰ ’ਤੇ ਹੀ ਕੱਢ ਦੇਣਾ ਚਾਹੁੰਦਾ ਸੀ।
‘‘ਸਰਦਾਰਾ ਅਸੀਂ ਤਾਂ ਸੁਨੇਹਾ ਲਾਉਣ ਆਲੇ ਨੌਕਰ ਆਂ। ਆਉਣਾ ਜਾਂ ਨਾ ਅਉਣਾ ਜਾਂ ਜਮੀਨ ਦੇਣੀ ਜਾਂ ਨਾ ਦੇਣੀ ਥੋਡੀ ਮਰਜੀ ਆ। ਜਾਂ ਫਿਰ ਇਹ ਸਰਕਾਰ ਨੇ ਵੇਖਣਾ ਵੀ ਕੀ ਕਰਨਾ ਕੀ ਨਹੀਂ?’’ ਸੁਨੇਹਾ ਲਾ ਕੇ ਮੁੜਦਾ ਚੌਂਕੀਦਾਰ ਬੋਲਿਆ।
‘‘ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ! ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਆ ਕਿ ਆਪਣੇ ਪਿੰਡ ਵਿੱਚੋਂ ਦੀ ਕੱਢੀ ਜਾ ਰਹੀ ਨਵੀਂ ਸੜਕ ਵਾਸਤੇ ਧੱਕੇ ਨਾਲ ਜ਼ਮੀਨਾਂ ਲੈਣ ਦਾ ਵਿਰੋਧ ਕਰਨ ਵਾਸਤੇ ਧਰਮਸ਼ਾਲਾ ’ਚ ਇਕੱਠ ਰੱਖਿਆ ਗਿਐ। ਜਿਹੜੇ-ਜਿਹੜੇ ਘਰਾਂ ਦੀ ਜਮੀਨ ਆਉਂਦੀ ਆ ਉਹਨਾਂ ਸਭ ਨੂੰ ਬੇਨਤੀ ਆ ਕਿ ਅੱਜ ਹੀ ਦਸ ਵਜੇ ਧਰਮਸ਼ਾਲਾ ਵਿੱਚ ਪਹੁੰਚੋ।’’ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਕੀਤੀ ਬੇਨਤੀ ਸੁਣਦਿਆਂ ਪ੍ਰਤਾਪ ਸਿਹੁੰ ਨੇ ਧਰਮਸ਼ਾਲਾ ਵੱਲ ਚਾਲੇ ਪਾ ਦਿੱਤੇ।

‘‘ਕਿਵੇਂ ਪ੍ਰਤਾਪਿਆ ਹੁਣ ਤਾਂ ਫਿਰ ਜ਼ਮੀਨ ਜਮ੍ਹਾ ਸੜਕ ’ਤੇ ਆ ਲੱਗੂ। ਪਤੰਦਰਾ ਐਵੇਂ ਲੋਕਾਂ ਨਾਲ ਰਾਹ ਪਿੱਛੇ ਲੜਦਾ ਫਿਰਦਾ ਸੀ।’’ ਸੱਥ ਵਿਚੋਂ ਲੰਘਦੇ ਪ੍ਰਤਾਪ ਸਿਹੁੰ ਨੂੰ ਉੱਥੇ ਬੈਠੇ ਬੰਦਿਆਂ ਨੇ ਮਿੱਠੀ ਮਸ਼ਕਰੀ ਕੀਤੀ। ‘‘ਕੋਈ ਨੀ ਸਰਕਾਰਾਂ ਤਾਂ ਦਬੱਲਣੀਆਂ ਆਉਂਦੀਆਂ ਨੇ ਸਾਨੂੰ। ਫਿਕਰ ਨਾ ਕਰੋ। ਐਂ ਨੀ ਜਮੀਨ ਦੇਣ ਵਾਲੇ ਅਸੀਂ।’’ ਪ੍ਰਤਾਪ ਸਿਹੁੰ ਨੇ ਠੋਕਵਾਂ ਜਵਾਬ ਦਿੱਤਾ।
‘‘ਤਾਇਆ ਅਸੀਂ ਤਾਂ ਥੋਡੇ ਨਾਲ ਈ ਆਂ। ਸਰਕਾਰਾਂ ਦਾ ਕੀ ਆ ਅੱਜ ਸੜਕ ਬਣਾਉਣ ਲਈ ਥੋਡੀ ਜਮੀਨ ਖੋਂਹਦੀਆਂ ਨੇ ਕੱਲ੍ਹ ਨੂੰ ਕਿਸੇ ਹੋਰ ਕੰਮ ਲਈ ਸਾਡੀ ਖੋਹਣ ਦਾ ਐਲਾਨ ਕਰ ਦੇਣਗੀਆਂ।’’ ਪ੍ਰਤਾਪ ਸਿਹੁੰ ਦੇ ਨਾਲ ਹੀ ਧਰਮਸ਼ਾਲਾ ਵੱਲ ਤੁਰਦਾ ਭਿੰਦਾ ਮਾਸਟਰ ਬੋਲਿਆ।
‘‘ਭਤੀਜ ਗੱਲ ਤਾਂ ਸਮਝ ਦੀ ਆ। ਇਹਨਾਂ ਲੋਕਾਂ ਨੂੰ ਇਹ ਨੀ ਪਤਾ ਵੀ ਇਹਨਾਂ ਸਰਕਾਰਾਂ ਦੀ ਮਨਸ਼ਾ ਕੀ ਆ? ਭਾਈਆਂ-ਭਾਈਆਂ ਨੂੰ ਆਪਸ ’ਚ ਲੜਾ ਕੇ ਇਹਨਾਂ ਆਪਣੇ ਮਕਸਦ ਪੂਰੇ ਕਰਨੇ ਹੁੰਦੇ ਨੇ। ਪੰਜਾਬ ਦੀ ਉਪਜਾਊ ਜਮੀਨ ਸੜਕਾਂ ਅਤੇ ਫੈਕਟਰੀਆਂ ’ਚ ਰੋਕ ਕੇ ਪੰਜਾਬ ਦੇ ਕਿਸਾਨ ਨੂੰ ਮਾਲਕ ਤੋਂ ਦਿਹਾੜੀਦਾਰ ਬਣਾਉਣਾ ਚਾਹੁੰਦੀਆਂ ਨੇ ਇਹ ਸਰਕਾਰਾਂ।’’ ‘‘ਤਾਇਆ ਅਸਲ ’ਚ ਜੀਹ’ਤੇ ਪੈਂਦੀ ਆ ਨਾ ਉਸੇ ਨੂੰ ਪਤਾ ਹੁੰਦਾ। ਬਾਕੀ ਤਾਂ ਸਭ ਸੁਆਦ ਲੈਂਦੇ ਨੇ।

ਦੂਜੇ ’ਤੇ ਪਈ ਵੇਲੇ ਇਹ ਭੁੱਲ ਜਾਂਦੇ ਨੇ ਵੀ ਕਦੇ ਸਾਡੇ ’ਤੇ ਵੀ ਪਊ ਇਹ। ਭਲਾਂ ਦੀ ਸਰਕਾਰਾਂ ਵੀ ਕਿਸੇ ਦੀਆਂ ਸਕੀਆਂ ਹੋਈਆਂ ਨੇ?’’ ਗੱਲਬਾਤ ਕਰਦੇ ਪ੍ਰਤਾਪ ਸਿਹੁੰ ਅਤੇ ਮਾਸਟਰ ਧਰਮਸ਼ਾਲਾ ਵਿੱਚ ਪਹੁੰਚ ਗਏ।
‘‘ਆ ਜਾਣ ਦਿਓ ਸਾਰਿਆਂ ਨੂੰ। ਆਪਣੇ ਪਿੰਡ ਦੀ ਜਮੀਨ ਸਾਰੇ ਪਿੰਡਾਂ ਤੋਂ ਵੱਧ ਰੋਕੀ ਜਾ ਰਹੀ ਆ। ਮਾਲ ਮਹਿਕਮੇ ਵਾਲੇ ਦੱਸਦੇ ਸੀ ਵੀ ਤਕਰੀਬਨ ਸੌ ਘਰਾਂ ਦੀ ਢਾਈ ਸੌ ਏਕੜ ਜਮੀਨ ਸੜਕ ’ਚ ਆ ਰਹੀ ਆ। ਕਿਸੇ ਦੀ ਘੱਟ ਤੇ ਕਿਸੇ ਦੀ ਵੱਧ।’’ ਧਰਮਸ਼ਾਲਾ ’ਚ ਪਹਿਲਾਂ ਹੀ ਖੜ੍ਹਾ ਨਿਰਭੈ ਨੰਬਰਦਾਰ ਬੋਲਿਆ।
‘‘ਵੇਖੋ ਵੀ ਭਰਾਵੋ। ਪਹਿਲੀ ਗੱਲ ਤਾਂ ਇਸ ਨਵੀਂ ਸੜਕ ਦੀ ਜਰੂਰਤ ਈ ਕੋਈ ਨਹੀਂ। ਇਹ ਤਾਂ ਸਿਰਫ ਤੇ ਸਿਰਫ ਸਾਡਾ ਉਜਾੜਾ ਕਰਨ ਦੀ ਸਕੀਮ ਆ ਸਰਕਾਰ ਦੀ। ਨਾਲੇ ਹੋਰ ਸੁਣੋ ਨਵੀਂ ਗੱਲ ਦੱਸਾਂ ਥੋਨੂੰ। ਸੁਣਨ ’ਚ ਆਇਐ ਵੀ ਇਹ ਸੜਕ ਤਾਂ ਬਣਨੀ ਵੀ ਸੱਤ-ਸੱਤ ਫੁੱਟ ਉੱਚੀ ਆ। ਆਪਣੇ ਵਰਗਿਆਂ ਨੂੰ ਤਾਂ ਇਸ ’ਤੇ ਚੜ੍ਹਨ ਦੀ ਵੀ ਇਜਾਜਤ ਨਹੀਂ ਹੋਣੀ।’’
  ‘‘ਇਹ’ਤੇ ਚੜ੍ਹ ਕੇ ਕਰੇਂਗਾ ਕੀ ਭਰਾਵਾ। ਸੌ ਕਿਲੋਮੀਟਰ ’ਤੇ ਰਸਤਾ ਮਿਲਣਾ ਇਸ ਸੜਕ ’ਤੇ। ਇੱਕ ਵਾਰੀ ਸੜਕ ’ਤੇ ਚੜਿ੍ਹਆ ਬੰਦਾ ਸੌ ਕਿਲੋਮੀਟਰ ’ਤੇ ਜਾ ਕੇ ਉੱਤਰੂ।’’
‘‘ਉਏ ਯਾਰ ਇਹ ਸੜਕ ਮੇਰੇ ਤੇਰੇ ਵਰਗਿਆਂ ਲਈ ਕਾਹਨੂੰ ਆ।ਇਹ ਤਾਂ ਕਾਰਪੋਰੇਟ ਘਰਾਣਿਆਂ ਦੀਆਂ ਯਾਰੀਆਂ ਪੂਰਦੀ ਆ ਸਰਕਾਰ। ਉਹਨਾਂ ਦੇ ਟਰਾਲੇ ਚਲਾਉਣੇ ਨੇ ਇਸ ਸੜਕ ’ਤੇ।’’ ਇਕੱਠੇ ਹੋਏ ਜਮੀਨ ਮਾਲਕਾਂ ਵੱਲੋਂ ਆਪਣੀ-ਆਪਣੀ ਸਮਝ ਅਨੁਸਾਰ ਬਹਿਸ ’ਚ ਹਿੱਸਾ ਲਿਆ ਜਾ ਰਿਹਾ ਸੀ।

‘‘ਚਲੋ ਯਾਰ ਕੁਛ ਵੀ ਹੋਵੇ ਪਰ ਇੱਕ ਗੱਲ ਤਾਂ ਪੱਕੀ ਆ ਵੀ ਆਪਣੀ ਜਮੀਨ ਸਰਕਾਰ ਨੇ ਰੋਕਣੀ ਆ। ਆਪਣਾ ਮੁੱਦਾ ਤਾਂ ਇਹ ਆ ਵੀ ਆਪਾਂ ਕਰਨਾ ਕਿਵੇਂ ਆ? ਜਮੀਨ ਦੇਣੀ ਆਂ ਜਾਂ ਫਿਰ ਸੰਘਰਸ਼ ਕਰਕੇ ਜਮੀਨ ਬਚਾਉਣੀ ਆ।’’ ਬਹਿਸ ਨੂੰ ਸਮੇਟਦਾ ਮੀਤਾ ਬੋਲਿਆ।
‘‘ਮੀਤਿਆ ਯਾਰ ਤੂੰ ਵੀ ਕਮਾਲ ਕਰੀ ਜਾਨੈ। ਜਮੀਨ ਭਲਾਂ ਕਿਵੇਂ ਦੇ ਦੇਵਾਂਗੇ ਆਪਾਂ। ਵੇਖੋ ਭਰਾਵੋ ਮੈਂ ਤਾਂ ਜਮੀਨ ਕਿਸੇ ਨੂੰ ਦੇ ਨੀ ਸਕਦਾ। ਜਿੱਧਣ ਦਾ ਚੌਂਕੀਦਾਰ ਸੁਨੇਹਾ ਲਾ ਕੇ ਗਿਆ ਮਿਣਤੀ-ਗਿਣਤੀ ਦਾ ਆਪਣੀ ਤਾਂ ਰੋਟੀ ਛੁੱਟੀ ਪਈ ਆ। ਆਪਾਂ ਨੂੰ ਤਾਂ ਮਰਨਾ ਮਨਜੂਰ ਆ। ਪਰ ਜਮੀਨ ਨੀ ਦੇਣੀ ਸਰਕਾਰ ਨੂੰ ਕਿਸੇ ਵੀ ਕੀਮਤ ’ਤੇ।’’
‘‘ਸਰ ਜਮੀਨ ਦੀ ਮਿਣਤੀ ਤਾਂ ਅੱਗੇ ਪਾਉਣੀ ਪਊ ਆਪਾਂ ਨੂੰ। ਜਮੀਨਾਂ ਦੇ ਮਾਲਕ ਜਮੀਨ ਨਹੀਂ ਦੇਣੀ ਚਾਹੁੰਦੇ। ਉਹਨਾਂ ਨੇ ਮਿਣਤੀ ਦੌਰਾਨ ਸੰਘਰਸ਼ ਦਾ ਐਲਾਨ ਕਰ ਦਿੱਤਾ ਅੱਜ ਪਿੰਡ ’ਚ ਇਕੱਠ ਕਰਕੇ।’’ ਮਾਲ ਵਿਭਾਗ ਦੇ ਅਧਿਕਾਰੀ ਨੇ ਜਮੀਨ ਗ੍ਰਹਿਣ ਅਧਿਕਾਰੀ ਨੂੰ ਫੋਨ ਕੀਤਾ।
‘‘ਕੋਈ ਗੱਲ ਨੀ ਤੁਸੀਂ ਕੁੱਝ ਦਿਨਾਂ ਲਈ ਮਿਣਤੀ ਦਾ ਪ੍ਰੋਗਰਾਮ ਰੋਕ ਦਿਓ ਅਤੇ ਜਮੀਨ ਮਾਲਕਾਂ ਨਾਲ ਲਗਾਤਾਰ ਸੰਪਰਕ ’ਚ ਰਹੋ।’’ ਸੰਖੇਪ ਜਵਾਬ ਦਿੰਦਿਆਂ ਜਮੀਨ ਗ੍ਰਹਿਣ ਅਧਿਕਾਰੀ ਨੇ ਫੋਨ ਕੱਟ ਦਿੱਤਾ।

‘‘ਪ੍ਰਤਾਪ ਸਿੰਹਾਂ ਆਹ ਅਫਸਰਾਂ ਨੇ ਗੱਲ ਕਰਨੀ ਆ ਥੋਡੇ ਨਾਲ ਕੋਈ।’’ ਚੌਂਕੀਦਾਰ ਨੇ ਗੇਟ ਖੜਕਾਇਆ।
‘‘ਹਾਂ ਜੀ ਦੱਸੋ ਕੀ ਗੱਲ ਕਰਨੀ ਆ। ਜੇਕਰ ਗੱਲ ਜਮੀਨ ਬਾਰੇ ਕਰਨੀ ਆ ਤਾਂ ਮੇਰੀ ਨਾਂਹ ਆ। ਹੋਰ ਚਾਹ-ਪਾਣੀ ਦੀ ਸੇਵਾ ਦੱਸੋ।’’ ਗੇਟ ਤੋਂ ਹੀ ਅਫਸਰਾਂ ਦੀ ਵਾਪਸੀ ਕਰਦਾ ਪ੍ਰਤਾਪ ਸਿਹੁੰ ਬੋਲਿਆ।
ਆਪਸ ਵਿੱਚ ਘੁਸਰ-ਮੁਸਰ ਕਰ ਚੌਂਕੀਦਾਰ ਨਾਲ ਆਏ ਅਧਿਕਾਰੀਆਂ ਨੇ ਵਾਪਸੀ ਕਰਨੀ ਹੀ ਬਿਹਤਰ ਸਮਝੀ।
  ‘‘ਪ੍ਰਤਾਪ ਸਿੰਹਾਂ ਆਹ ਅਫਸਰ ਆਏ ਨੇ ਥੋਡੇ ਨਾਲ ਜ਼ਮੀਨ ਬਾਰੇ ਗੱਲਬਾਤ ਕਰਨ।’’ ਚੌਂਕੀਦਾਰ ਨੇ ਕੁੱਝ ਦਿਨਾਂ ਬਾਦ ਮੁੜ ਆ ਬੂਹਾ ਖੜਕਾਇਆ।
‘‘ਹਾਂ ਵੀ ਚੌਂਕੀਦਾਰਾਂ, ਮੈਨੂੰ ਲੱਗਦਾ ਤੈਨੂੰ ਤੇ ਤੇਰੇ ਅਫਸਰਾਂ ਨੂੰ ਮੇਰੀ ਕਹੀ ਸਮਝ ਨੀ ਪੈਂਦੀ। ਵੀ ਅਸੀਂ ਮਰ ਜਾਵਾਂਗੇ ਪਰ ਜਮੀਨ ਕਿਸੇ ਵੀ ਕੀਮਤ ’ਤੇ ਨਹੀਂ ਛੱਡਾਂਗੇ।’’ ਪ੍ਰਤਾਪ ਸਿਹੁੰ ਨੇ ਪਹਿਲਾਂ ਨਾਲੋਂ ਵੀ ਰੁੱਖਾ ਜਵਾਬ ਦਿੱਤਾ।
‘‘ਸਰਦਾਰ ਸਾਬ੍ਹ ਪਾਣੀ ਤਾਂ ਪਿਲਾਓ। ਨਾਲੇ ਜਮੀਨ ਥੋਡੀ ਆ। ਸਰਕਾਰ ਨੂੰ ਦੇਣਾ ਜਾਂ ਨਾ ਦੇਣਾ ਤੁਹਾਡੀ ਮਰਜੀ ਆ। ਆਪਾਂ ਬੈਠ ਕੇ ਗੱਲ ਤਾਂ ਕਰ ਸਕਦੇ ਆਂ।’’ ਪ੍ਰਤਾਪ ਸਿਹੁੰ ਦੇ ਘਰ ’ਚ ਦਾਖਲ ਹੁੰਦਾ ਅਧਿਕਾਰੀ ਆਪਣੀ ਗੱਲ ਕਹਿ ਰਿਹਾ ਸੀ।
‘‘ਪਾਣੀ ਛੱਡ ਤਾਂ ਚਾਹ ਪੀ ਲਵੋ। ਪਰ ਜਮੀਨ ਵਾਲੀ ਗੱਲ ਗਲਤ ਆ ਥੋਡੀ। ਇਹ ਨੀ ਮੈਨੂੰ ਮਨਜੂਰ ਕਿਸੇ ਵੀ ਕੀਮਤ ’ਤੇ।’’ ਅਧਿਕਾਰੀਆਂ ਨੂੰ ਕਮਰੇ ’ਚ ਬਿਠਾਉਂਦਾ ਪ੍ਰਤਾਪ ਸਿਹੁੰ ਬੋਲਿਆ।

‘‘ਪ੍ਰਤਾਪ ਸਿਹੁੰ ਜੀ ਬਾਕੀ ਪਰਿਵਾਰ ਨੂੰ ਵੀ ਬੁਲਾ ਲਓ।’’ ਚਾਹ ਦਾ ਕੱਪ ਮੇਜ ’ਤੇ ਰੱਖਦਾ ਅਧਿਕਾਰੀ ਬੋਲਿਆ।
‘‘ਪਰਿਵਾਰ ਕਿਹੜਾ ਵੱਡਾ ਜੀ ਆਪਣਾ। ਮੈਂ, ਆ ਇੱਕ ਬੇਟਾ ਤੇ ਉਹਦੀ ਮੰਮੀ। ਤਿੰਨ ਤਾਂ ਜਣੇ ਆਂ।’’ ਪ੍ਰਤਾਪ ਸਿਹੁੰ ਨੇ ਪੁੱਤਰ ਬਲਵੀਰ ਅਤੇ ਪਤਨੀ ਸਿੰਦਰ ਨੂੰ ਵੀ ਕਮਰੇ ’ਚ ਆਉਣ ਲਈ ਆਵਾਜ਼ ਮਾਰੀ। ‘‘ਵੇਖੋ ਸਰਦਾਰ ਜੀ! ਸਰਕਾਰ ਜੋ ਸਕੀਮ ਬਣਾਉਂਦੀ ਆ। ਉਹ ਕਦੇ ਵੀ ਵਾਪਸ ਨੀ ਹੁੰਦੀ। ਹਾਂ ਉਸ ਵਿੱਚ ਫੇਰਬਦਲ ਜਰੂਰ ਹੋ ਜਾਂਦਾ ਹੁੰਦਾ। ਜਮੀਨ ਲੈਣ ਬਦਲੇ ਸਰਕਾਰ ਨੇ ਥੋਨੂੰ ਆਮ ਰੇਟ ਨਾਲੋਂ ਦੁੱਗਣਾ ਰੇਟ ਦੇਣਾ।
ਜਮੀਨ ’ਚ ਕੋਈ ਉਸਾਰੀ ਜਾਂ ਬੋਰ ਮੋਟਰ ਵਗੈਰਾ ਹੋਵੇ ਤਾਂ ਉਸਦਾ ਖਰਚਾ ਵੱਖਰਾ ਦੇਣਾ। ਦੁੱਗਣੇ ਰੇਟ ’ਤੇ ਜਮੀਨ ਵੇਚ ਕੇ ਤੁਸੀਂ ਇਸ ਤੋਂ ਦੁੱਗਣੀ ਜਮੀਨ ਕਿਤੇ ਵੀ ਬਣਾ ਸਕਦੇ ਓ। ਨਾਲੇ ਜਿਹੜੀ ਜਮੀਨ ਬਚੂਗੀ ਸੜਕ ’ਤੇ ਲੱਗਣ ਕਰਕੇ ਉਸ ਦੀ ਕੀਮਤ ਵੀ ਲਗਭਗ ਦੁੱਗਣੀ ਹੀ ਹੋ ਜਾਣੀ ਆ। ਮੈਂ ਤੁਹਾਨੂੰ ਦੱਸਿਆ ਨਾ ਵੀ ਸਰਕਾਰ ਦੀ ਸਕੀਮ ਖਤਮ ਨਹੀਂ ਹੋਇਆ ਕਰਦੀ ਕਦੇ ਵੀ। ਹਾਂ ਅਦਲ-ਬਦਲ ਜਰੂਰ ਹੋ ਸਕਦਾ ਹੁੰਦਾ। ਜੇਕਰ ਤੁਸੀਂ ਨਾਂਹ ’ਤੇ ਅੜੇ ਰਹੇ ਤਾਂ ਅਸੀਂ ਦੁੱਗਣੀ ਤੋਂ ਵੀ ਜ਼ਿਆਦਾ ਕੀਮਤ ’ਤੇ ਜਮੀਨ ਗ੍ਰਹਿਣ ਕਰਨ ਲਈ ਸੜਕ ਤੁਹਾਡੀ ਜਮੀਨ ਦੀ ਬਜਾਏ ਕਿਸੇ ਹੋਰ ਦੀ ਜਮੀਨ ਵਿੱਚ ਦੀ ਕਰ ਦੇਵਾਂਗੇ। ਹਾਂ ਜੇਕਰ ਤੁਸੀਂ ਚਾਹੋ ਤਾਂ ਮੈਂ ਰੇਟ ਵਿੱਚ ਉੱਨੀ-ਇੱਕੀ ਦਾ ਵਾਧਾ ਹੋਰ ਵੀ ਕਰ ਸਕਦਾ ਹਾਂ।’’ ਅਧਿਕਾਰੀ ਨੇ ਸਾਰੇ ਪੱਤੇ ਖੋਲੇ੍ਹ।
‘‘ਚਲੋ ਠੀਕ ਆ ਜੀ! ਅਸੀਂ ਸੋਚ ਕੇ ਦੱਸਦੇ ਹਾਂ।’’
‘‘ਜਲਦੀ ਦੱਸਣਾ ਇੱਕ-ਦੋ ਦਿਨ ਵਿੱਚ ਹੀ’’

ਜਮੀਨ ਗ੍ਰਹਿਣ ਅਧਿਕਾਰੀ ਇੱਕ ਤੋਂ ਬਾਅਦ ਇੱਕ ਸਾਰੇ ਜਮੀਨ ਮਾਲਕਾਂ ਦੇ ਘਰ ਜਾ ਕੇ ਚਲੋ ਜੀ ਠੀਕ ਆ ਸੋਚ ਕੇ ਦੱਸਦੇ ਆ ਦਾ ਸਾਕਾਰਤਮਕ ਵਾਅਦਾ ਲੈਂਦਾ ਆਪਣੀ ਮੰਜਿਲ ਵੱਲ ਬਾਖੂਬੀ ਵਧਦਾ ਗਿਆ।
‘‘ਹਾਂ ਬਈ ਪ੍ਰਤਾਪ ਸਿੰਹਾਂ ਅਫਸਰਾਂ ਦਾ ਸੁਨੇਹਾ ਆਇਆ ਸੀ ਕਹਿੰਦੇ ਪਤਾ ਕਰੋ ਕੀ ਵਿਚਾਰ ਆ ਥੋਡਾ?’’ ਚੌਂਕੀਦਾਰ ਨੇ ਤੀਜੇ ਦਿਨ ਫਿਰ ਆ ਬੂਹਾ ਖੜਕਾਇਆ।
‘‘ਚੌਂਕੀਦਾਰਾ ਅੰਦਰ ਈ ਆ ਜਾ। ਯਾਰ ਤੂੰ ਕਿਹੜਾ ਬੇਗਾਨਾ ਸਾਨੂੰ’’ ਪ੍ਰਤਾਪ ਸਿਹੁੰ ਨੇ ਚੌਂਕੀਦਾਰ ਨੂੰ ਕਮਰੇ ’ਚ ਬਿਠਾ ਪੁੱਤਰ ਅਤੇ ਪਤਨੀ ਨੂੰ ਵੀ ਆਵਾਜ਼ ਮਾਰ ਲਈ।
‘‘ਹਾਂ ਬਈ ਦੱਸੋ ਫਿਰ ਕਿਵੇਂ ਕਰੀਏ? ਚੌਂਕੀਦਾਰ ਤਾਂ ਆਪਣੀ ਹਾਂ ਜਾਂ ਨਾਂਹ ਪੁੱਛਣ ਆਇਐ ਅਫਸਰਾਂ ਦਾ ਭੇਜਿਆ। ਚੌਂਕੀਦਾਰਾ ਤੂੰ ਹੀ ਰਾਹ ਪਾ ਦੇ ਕੋਈ ਗੱਲ ਯਾਰ। ਬਾਕੀ ਘਰ ਕਿਵੇਂ ਕਰ ਰਹੇ ਨੇ?’’
‘‘ਪ੍ਰਤਾਪ ਸਿੰਹਾਂ ਐਨਾ ਮੁੱਲ ਭਲਾ ਕੌਣ ਛੱਡਦੈ? ਬਾਕੀ ਤੂੰ ਸਿਆਣਾ। ਮੈਥੋਂ ਹੁਣ ਸਾਰਾ ਕੁੱਝ ਤਾਂ ਨੀ ਕਹਾਏਂਗਾ।’’
‘‘ਹਾਂ ਬਈ ਤੁਸੀਂ ਵੀ ਦੱਸੋ ਆਪਣੀ ਰਾਇ?’’ ਪ੍ਰਤਾਪ ਸਿਹੁੰ ਨੇ ਪੁੱਤਰ ਅਤੇ ਪਤਨੀ ਨੂੰ ਪੁੱਛਿਆ।

‘‘ਬਾਪੂ ਬਾਹਲਾ ਨੀ ਸੋਚੀਦਾ। ਚਾਰ ਪੈਸੇ ਸੋਹਣੇ ਵੱਟੇ ਜਾਂਦੇ ਆ। ਨਾਲੇ ਜਮੀਨ ਵਧੂ। ਲੈਣਾ-ਦੇਣਾ ਉਤਾਰ ਦੇਵਾਂਗੇ ਸਾਰਾ। ਨਾਲੇ ਸੋਹਣੀ ਕੋਠੀ ਪਾ ਲਵਾਂਗੇ। ਮੋਟਰਸਾਈਕਲ ’ਤੇ ਧੱਕੇ ਖਾਂਦੇ ਫਿਰਦੇ ਆਂ। ਕੋਈ ਕਾਰ ਕੂਰ ਲਈ ਜਾਊ ਨਾਲੇ।’’ ਬਲਵੀਰ ਨੇ ਦਿਲ ਦੀ ਗੱਲ ਕਹੀ।
‘‘ਮੁੰਡਾ ਠੀਕ ਈ ਤਾਂ ਕਹਿੰਦਾ ਫੇਰ। ਹੁਣ ਹੋਰ ਦੱਸ ਤੈਨੂੰ ਕੀ ਚਾਹੀਦਾ?’’ ਸਿੰਦਰ ਨੇ ਬਲਵੀਰ ਦੀ ਸੁਰ ’ਚ ਸੁਰ ਮਿਲਾਈ।
‘‘ਤੁਸੀਂ ਬੜੀ ਆਸਾਨੀ ਨਾਲ ਕਹਿ’ਤਾ ਸਾਰਾ ਕੁੱਝ। ਪਰ ਮੇਰੇ ਅੰਦਰੋਂ ਤਾਂ ਰੁੱਗ ਭਰਿਆ ਜਾਂਦਾ ਜਮੀਨ ਵੇਚਣ ਦਾ ਸੁਣ। ਯਾਰ ਮਾਂ ਸਮਾਨ ਹੁੰਦੀ ਆ ਜਮੀਨ।’’ ਪ੍ਰਤਾਪ ਦਾ ਮਨ ਹਾਲੇ ਵੀ ਡੋਲ ਰਿਹਾ ਸੀ।
‘‘ਬਾਪੂ ਮਾਂ ਤਾਂ ਮੁੱਢ-ਕਦੀਮ ਤੋਂ ਹੀ ਖੁਦ ਕੁਰਬਾਨੀ ਦੇ ਕੇ ਬੱਚਿਆਂ ਦੀ ਜੂਨ ਸੁਖਾਲੀ ਕਰਦੀ ਆਈ ਆ। ਫਿਰ ਓਹੀ ਕੰਮ ਆਪਣੀ ਜਮੀਨ ਮਾਂ ਕਰਨ ਜਾ ਰਹੀ ਆ। ਨਾਲੇ ਆਪਾਂ ਕਿਹੜਾ ਵੈਲ-ਐਬ ’ਚ ਵੇਚ ਰਹੇ ਹਾਂ। ਨਾਲੇ ਜੇ ਆਪਾਂ ਨਾ ਵੇਚੀ ਤਾਂ ਕੋਈ ਹੋਰ ਆਂਢੀ-ਗੁਆਂਢੀ ਲੈ ਜੂ ਲਾਹਾ। ਫੇਰ ਝਾਕੇਂਗਾ ਬਿਟਰ-ਬਿਟਰ!’’

‘‘ਚਲੋ ਫੇਰ ਜਿਵੇਂ ਥੋਡੀ ਮਰਜੀ ਆ।’’ ਕਹਿ ਪ੍ਰਤਾਪ ਸਿਹੁੰ ਨੇ ਜਮੀਨ ਦੇਣ ਦੀ ਸਹਿਮਤੀ ਭਰ ਚੌਂਕੀਦਾਰ ਨੂੰ ਤੋਰ ਦਿੱਤਾ।
ਸੜਕ ਲਈ ਜਮੀਨ ਦੀ ਨਿਸ਼ਾਨਦੇਹੀ ਕਰ ਬੁਰਜੀਆਂ ਲਗਾ ਦਿੱਤੀਆਂ ਗਈਆਂ। ਪ੍ਰਤਾਪ ਸਿਹੁੰ ਦੀ ਦੋ ਏਕੜ ਜਮੀਨ, ਟਿਊਬਵੈੱਲ ਅਤੇ ਤੂੜੀ ਵਾਲਾ ਕੋਠਾ ਸੜਕ ਲਈ ਨਿਸ਼ਾਨਦੇਹ ਕੀਤੀ ਜ਼ਮੀਨ ’ਚ ਆ ਗਏ। ਸਰਕਾਰ ਵੱਲੋਂ ਸਾਰਾ ਹਿਸਾਬ-ਕਿਤਾਬ ਕਰ ਜ਼ਮੀਨ ਮਾਲਕਾਂ ਦੇ ਖਾਤਿਆਂ ’ਚ ਪੈਸੇ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ।
‘‘ਪ੍ਰਤਾਪ ਸਿੰਹਾਂ ਅਫਸਰਾਂ ਦਾ ਫੋਨ ਆਇਆ ਸੀ। ਕਹਿੰਦੇ ਖਾਤਾ ਚੈੱਕ ਕਰ ਲਿਓ। ਦੋ ਏਕੜ ਜਮੀਨ, ਟਿਊਵਬੈੱਲ ਅਤੇ ਤੂੜੀ ਵਾਲੇ ਕੋਠੇ ਦੇ ਸਾਰੇ ਪੈਸੇ ਪਾ ਦਿੱਤੇ ਨੇ।’’ ਚੌਂਕੀਦਾਰ ਨੇ ਅਫਸਰਾਂ ਦਾ ਸੁਨੇਹਾ ਲਗਾਇਆ।
‘‘ਚੌਂਕੀਦਾਰਾ, ਖਾਤਾ ਤਾਂ ਪਤੰਦਰਾਂ ਨੇ ਨੱਕੋ-ਨੱਕ ਈ ਭਰ’ਤਾ। ਬਲਵੀਰ ਨੇ ਘਰੇ ਈ ਚੈੱਕ ਕਰ ਲਿਆ ਸੀ ਖਾਤਾ। ਨਾਲੇ ਤੇਰੇ ਅਫਸਰਾਂ ਨੂੰ ਕਹਿ ਦੇ ਵੀ ਹੁਣ ਤਾਂ ਜੇ ਸੜਕ ਹੋਰ ਚੌੜੀ ਕਰਨੀ ਆ ਹੋਰ ਕਰ ਲੈਣ।’’ ਪ੍ਰਤਾਪ ਸਿਹੁੰ ਖੁਸ਼ੀ ’ਚ ਚੀਕ ਮਾਰਦਾ ਬੋਲਿਆ।
ਬਿੰਦਰ ਸਿੰਘ ਖੁੱਡੀ ਕਲਾਂ,
ਸ਼ਕਤੀ ਨਗਰ, ਬਰਨਾਲਾ

ਮੋ. 98786-05965

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ