ਸਕੂਲ ਸਿੱਖਿਆ ਵਿਭਾਗ ਨੇ ਪਾਰਦਰਸ਼ੀ ਤਬਾਦਲਿਆਂ ‘ਚ ਵੀ ਕੀਰਤੀਮਾਨ ਸਥਾਪਿਤ ਕੀਤੇ

School, Education, Department, Transparent, Transfers

ਬਿੰਦਰ ਸਿੰਘ ਖੁੱਡੀ ਕਲਾਂ

ਸੂਬੇ ਦੇ ਸਕੂਲ ਸਿੱਖਿਆ ਵਿਭਾਗ ਨੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਕਾਰਜ ਕਰਦਿਆਂ ਅਧਿਆਪਕਾਂ ਦੀਆਂ ਬਦਲੀਆਂ ‘ਚ ਸਿਆਸੀ ਦਖਲਅੰਦਾਜ਼ੀ ਅਤੇ ਸਿਫਾਰਿਸ਼ ਆਦਿ ਨਾਲ ਬਦਲੀਆਂ ਹੋਣ ਦੇ ਗਹਿਰੇ ਦਾਗ ਧੋਣ ਵਿੱਚ ਵੀ ਕਾਮਯਾਬੀ ਹਾਸਲ ਕਰ ਲਈ ਹੈ। ਕਿਸੇ ਸਮੇਂ ਸਿਰਫ ਰਾਜਸੀ ਸਿਫਾਰਿਸ਼ਾਂ ਨਾਲ ਬਦਲੀਆਂ ਕਰਨ ਲਈ ਮਸ਼ਹੂਰ ਸਿੱਖਿਆ ਵਿਭਾਗ ਹੁਣ ਪਾਰਦਰਸ਼ੀ ਤਰੀਕੇ ਨਾਲ ਬਦਲੀਆਂ ਕਰਨ ‘ਚ ਨਾਮਣਾ ਖੱਟ ਗਿਆ ਹੈ। ਵਰਨਣਯੋਗ ਹੈ ਕਿ ਅਧਿਆਪਕ ਬਦਲੀਆਂ ‘ਚ ਰਾਜਸੀ ਦਖਲਅੰਦਾਜ਼ੀ ਅਤੇ ਹੋਰ ਗਲਤ ਤਰੀਕਿਆਂ ਦੇ ਇਸਤੇਮਾਲ ‘ਤੇ ਰੋਕ ਲਾਉਣਾ ਸਿੱਖਿਆ ਸਕੱਤਰ ਦੇ ਏਜੰਡੇ ‘ਤੇ ਸੀ ਅਤੇ ਉਹਨਾਂ ਪਿਛਲੇ ਦਿਨੀਂ ਅਧਿਆਪਕਾਂ ਦੇ ਤਬਾਦਲਿਆਂ ਦੀ ਨੀਤੀ ਤਿਆਰ ਕੀਤੀ ਸੀ ਜਿਸ ਨੂੰ ਕਾਫੀ ਜੱਦੋ-ਜਹਿਦ ਉਪਰੰਤ ਸੂਬਾ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਸੀ।

ਕੈਬਨਿਟ ਦੀ ਮਨਜ਼ੂਰੀ ਉਪਰੰਤ ਲਾਗੂ ਹੋਈ ਅਧਿਆਪਕ ਤਬਾਦਲਾ ਨੀਤੀ ਤਹਿਤ ਪਿਛਲੇ ਦਿਨੀਂ ਵੱਖ-ਵੱਖ ਵਰਗਾਂ ਦੇ ਅਧਿਆਪਕਾਂ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਸੀ। ਜਿਸ ਦੌਰਾਨ 11063 ਅਧਿਆਪਕਾਂ ਨੇ ਬਦਲੀਆਂ ਲਈ ਬੇਨਤੀਆਂ ਦਿੱਤੀਆਂ ਸਨ। ਅਪਲਾਈ ਕਰਨ ਲਈ ਕਿਸੇ ਵੀ ਅਧਿਆਪਕ ਨੂੰ ਕੋਈ ਫਾਰਮ ਨਹੀਂ ਸੀ ਭਰਨਾ ਪਿਆ ਬਲਕਿ ਇੱਛੁਕ ਅਧਿਆਪਕਾਂ ਨੇ ਬਦਲੀਆਂ ਲਈ ਵਿਭਾਗੀ ਪੋਰਟਲ ‘ਤੇ ਆਨਲਾਈਨ ਹੀ ਅਪਲਾਈ ਕੀਤਾ ਸੀ। ਅਪਲਾਈ ਕਰਨ ਸਮੇਂ ਅਧਿਆਪਕਾਂ ਨੇ ਆਪਣੀ ਸਾਰੀ ਸੇਵਾ ਦਾ ਰਿਕਾਰਡ ਦੇਣ ਦੇ ਨਾਲ-ਨਾਲ ਸਾਲਾਨਾ ਨਤੀਜੇ, ਗੁਪਤ ਰਿਪੋਰਟਾਂ ਅਤੇ ਹੋਰ ਜਾਣਕਾਰੀ ਆਨਲਾਈਨ ਹੀ ਭਰੀ ਸੀ। ਵਿਭਾਗ ਵੱਲੋਂ ਪ੍ਰਾਪਤ ਅਰਜੀਆਂ ਦੀ ਕੁੱਲ 255 ਅੰਕਾਂ ਵਿੱਚੋਂ ਮੈਰਿਟ ਬਣਾਈ ਗਈ ਸੀ। ਪ੍ਰਾਪਤ ਅਰਜੀਆਂ ਦੀ ਵਿਭਾਗ ਨੇ ਰਿਕਾਰਡ ਸਮੇਂ ‘ਚ ਘੋਖ ਕਰਨ ਉਪਰੰਤ ਪੰਤਾਲੀ ਸੌ ਤੋਂ ਉੱਪਰ ਅਧਿਆਪਕਾਂ ਦੀਆਂ ਬਦਲੀਆਂ ਦੇ ਹੁਕਮ ਬੀਤੀ 30 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਟਨ ਦਬਾ ਕੇ ਪੋਰਟਲ ‘ਤੇ ਹੀ ਜਾਰੀ ਕਰ ਦਿੱਤੇ ਗਏ ਹਨ।

ਵਿਭਾਗ ਵੱਲੋਂ ਜਾਰੀ ਬਦਲੀ ਨੀਤੀ ਨੂੰ ਲੈ ਕੇ ਰਾਜਸੀ ਹਲਕਿਆਂ ‘ਚ ਕਾਫੀ ਘਬਰਾਹਟ ਵੀ ਵੇਖੀ ਗਈ ਸੀ। ਕਈ ਹਲਕਿਆਂ ਵੱਲੋਂ ਇਸ ਨੀਤੀ ਦਾ ਦੱਬਵੀਂ ਆਵਾਜ਼ ‘ਚ ਵਿਰੋਧ ਵੀ ਹੋਇਆ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੁਦ ਇਸ ਨੀਤੀ ਪੱਖੀ ਹੋਣ ਕਾਰਨ ਉੱਠਣ ਵਾਲੀਆਂ ਆਵਾਜ਼ਾਂ ਦੱਬ ਕੇ ਰਹਿ ਗਈਆਂ ਅਤੇ ਵਿਭਾਗ ਵੱਲੋਂ ਨਵੀਂ ਨੀਤੀ ਤਹਿਤ ਪਾਰਦਰਸ਼ੀ ਤਰੀਕੇ ਨਾਲ ਬਦਲੀਆਂ ਕਰਨ ਦਾ ਕੀਰਤੀਮਾਨ ਸਥਾਪਿਤ ਕਰ ਦਿੱਤਾ ਗਿਆ। ਨਵੀਂ ਤਬਾਦਲਾ ਨੀਤੀ ਤਹਿਤ ਬਦਲੀਆਂ ਦੇ ਹੁਕਮ ਜਾਰੀ ਹੋਣ ਤੱਕ ਵੀ ਨੀਤੀ ਦੇ ਸਹੀ ਤਰੀਕੇ ਨਾਲ ਲਾਗੂ ਹੋ ਸਕਣ ਬਾਰੇ ਤੌਖਲੇ ਪ੍ਰਗਟਾਏ ਜਾ ਰਹੇ ਸਨ।

ਕਿਸੇ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਜ਼ਬਰਦਸਤ ਤਰੀਕੇ ਨਾਲ ਸਿਆਸੀ ਅਤੇ ਸਿਫਾਰਿਸ਼ੀ ਜਕੜਨ ਵਿੱਚ ਆਈਆਂ ਅਧਿਆਪਕ ਬਦਲੀਆਂ ਇਸ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਹੋ ਜਾਣਗੀਆਂ। ਨਵੀਂ ਬਦਲੀ ਨੀਤੀ ਤਹਿਤ ਬਦਲੀਆਂ ਦੇ ਹੁਕਮ ਪੜ੍ਹ ਕੇ ਅਧਿਆਪਕਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਹਕੀਕਤ ਹੈ ਜਾਂ ਸੁਪਨਾ। ਨਾ ਕਿਸੇ ਦਫਤਰ ਦੇ ਚੱਕਰ ਮਾਰਨੇ ਪਏ ਨਾ ਕਿਸੇ ਸਿਆਸੀ ਆਗੂ ਤੋਂ ਸਿਫਾਰਿਸ਼ਾਂ ਕਰਵਾਉਣੀਆਂ ਪਈਆਂ ਅਤੇ ਨਾ ਹੀ ਕਿਸੇ ਹੋਰ ਏਜੰਟ ਦੀਆਂ ਮਿੰਨਤਾਂ ਕਰਨੀਆਂ ਪਈਆਂ। ਬੱਸ ਵੇਖਦਿਆਂ ਹੀ ਵੇਖਦਿਆਂ ਬਦਲੀਆਂ ਦੇ ਹੁਕਮ ਅਧਿਆਪਕਾਂ ਦੇ ਨਿੱਜੀ ਪੋਰਟਲ ‘ਤੇ ਅੱਪਲੋਡ ਹੋ ਗਏ। ਇਸ ਨਵੀਂ ਬਦਲੀ ਨੀਤੀ ਦੇ ਲਾਗੂ ਹੋ ਜਾਣ ਨਾਲ ਅਧਿਆਪਕ ਜਥੇਬੰਦੀਆਂ ਵੱਲੋਂ ਬਦਲੀਆਂ ‘ਚ ਸਿਆਸੀ ਦਖਲਅੰਦਾਜ਼ੀ ਰੋਕੇ ਜਾਣ ਦੀ ਚਿਰੋਕਣੀ ਮੰਗ ਵੀ ਪੂਰੀ ਹੋ ਗਈ ਹੈ। ਅਧਿਆਪਕ ਜਥੇਬੰਦੀਆਂ ਅਧਿਆਪਕ ਬਦਲੀਆਂ ‘ਚ ਸਿਆਸੀ ਦਖਲਅੰਦਾਜ਼ੀ ਤੋਂ ਕਾਫੀ ਖਫ਼ਾ ਸਨ। ਜਥੇਬੰਦੀਆਂ ਦੀ ਮੰਗ ਹੈ ਵੀ ਜਾਇਜ਼ ਸੀ।

ਆਮ ਅਧਿਆਪਕ ਤਾਂ ਬਦਲੀ ਲਈ ਤਰਸਦਾ ਹੀ ਰਹਿ ਜਾਂਦਾ ਸੀ। ਬਦਲੀ ਤਾਂ ਜਿਵੇਂ ਸਿਆਸੀ ਅਸਰ-ਰਸੂਖ ਦੀ ਗੁਲਾਮ ਜਾਂ ਫਿਰ ਰਿਸ਼ਵਤਖੋਰਾਂ ਦੀ ਖੇਡ ਬਣ ਕੇ ਰਹਿ ਗਈ ਸੀ। ਪਰ ਹੁਣ ਆਮ ਅਧਿਆਪਕ ਵੀ ਆਪਣੇ ਮਨਪਸੰਦ ਸਕੂਲ ‘ਚ ਸੇਵਾ ਕਰਨ ਦਾ ਸੁਪਨਾ ਵੇਖ ਅਤੇ ਪੂਰਾ ਕਰ ਸਕਦਾ ਹੈ। ਅਧਿਆਪਕ ਬਦਲੀਆਂ ਦੌਰਾਨ ਰਿਸ਼ਵਤ ਦੇ ਸਕੈਂਡਲਾਂ ਦਾ ਵੀ ਸਮੇਂ-ਸਮੇਂ ‘ਤੇ ਪਰਦਾਫਾਸ਼ ਹੁੰਦਾ ਰਿਹਾ ਹੈ। ਨਵੀਂ ਨੀਤੀ ਦੇ ਲਾਗੂ ਹੋ ਜਾਣ ਨਾਲ ਸਕੈਂਡਲਬਾਜ਼ਾਂ ਦੀਆਂ ਵੀ ਧਰੀਆਂ-ਧਰਾਈਆਂ ਹੀ ਰਹਿ ਗਈਆਂ ਹਨ। ਇਸ ਨਵੀਂ ਨੀਤੀ ਨਾਲ ਅਧਿਆਪਕ ਵਰਗ ‘ਚ ਵਿਭਾਗ ਪ੍ਰਤੀ ਵਿਸ਼ਵਾਸ ਵਿੱਚ ਇਜ਼ਾਫਾ ਹੋਵੇਗਾ ਅਤੇ ਅਧਿਆਪਕ ਮਿਹਨਤ ਨਾਲ ਆਪਣੀ ਮੈਰਿਟ ਉੱਚੀ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਬਦਲੀ ਦੀ ਮੈਰਿਟ ਦੌਰਾਨ ਉਹਨਾਂ ਦੇ ਵੱਧ ਤੋਂ ਵੱਧ ਨੰਬਰ ਬਣ ਸਕਣ। ਨਵੀਂ ਬਦਲੀ ਨੀਤੀ ਲਾਗੂ ਕਰਨ ਦੇ ਇਤਿਹਾਸਕ ਫੈਸਲੇ ਲਈ ਸੂਬਾ ਸਰਕਾਰ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਸਮੇਤ ਵਿਭਾਗ ਦੇ ਸਮੂਹ ਅਧਿਕਾਰੀ ਮੁਬਾਰਕਬਾਦ ਦੇ ਹੱਕਦਾਰ ਹਨ।

ਸ਼ਕਤੀ ਨਗਰ, ਬਰਨਾਲਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।