ਸਕੂਲੀ ਬੱਚੇ ਹੁਣ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨਗੇ

School, Children, Farmers, Paddy

ਪੇਂਡੂ ਖੇਤਰ ਵਿੱਚ ਪੈਂਦੇ ਸਮੂਹ ਸਕੂਲਾਂ ਦੇ ਵਿਦਿਆਰਥੀ 18 ਅਕਤੂਬਰ ਨੂੰ ਸਵੇਰੇ 9 ਤੋਂ 10 ਵਜੇ ਤੱਕ ਕੱਢਣਗੇ ਜਾਗਰੂਕ ਮਾਰਚ: ਕਾਹਨ ਸਿੰਘ ਪੰਨੂੰ

ਚੰਡੀਗੜ (ਸੱਚ ਕਹੂੰ ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨਾ ਸਾੜਨ ਖਿਲਾਫ ਵਿੱਢੀ ਮੁਹਿੰਮ ਵਿੱਚ ਹੁਣ ਪੰਜਾਬ ਦੇ ਸਕੂਲੀ ਬੱਚੇ ਵੀ ਆਪਣਾ ਯੋਗਦਾਨ ਪਾਉਣਗੇ। ਪੇਂਡੂ ਖੇਤਰ ਵਿੱਚ ਪੈਂਦੇ ਸੂਬੇ ਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ 18 ਅਕਤੂਬਰ ਨੂੰ ਆਪੋ-ਆਪਣੇ ਖੇਤਰਾਂ ਦੇ ਪਿੰਡਾਂ ਵਿੱਚ ਸਵੇਰੇ 9 ਤੋਂ 10 ਵਜੇ ਤੱਕ ਜਾਗਰੂਕਤਾ ਰੈਲੀਆਂ ਰਾਹੀਂ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਣਗੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਸਕੱਤਰ ਸ੍ਰੀ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ  ਵੱਲੋਂ ਬੀਤੇ ਦਿਨ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਜਿਸ ਵਿੱਚ ਉਨਾਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੇ ਸੁਝਾਅ ਸੁਣੇ। ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਪਰਾਲੀ ਨਾ ਸਾੜਨ ਦੀ ਮੁਹਿੰਮ ਨੂੰ ਪੂਰਨ ਸਫਲ ਬਣਾਉਣ ਲਈ ਜਾਗਰੂਕਤਾ  ਸਭ ਤੋਂ ਅਹਿਮ ਹਥਿਆਰ ਹੈ ਜਿਸ ਲਈ ਸਕੂਲੀ ਬੱਚੇ ਸਭ ਤੋਂ ਕਾਰਗਾਰ ਸਾਬਤ ਹੋ ਸਕਦੇ ਹਨ।

ਉਨਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ 60 ਲੱਖ ਦੇ ਕਰੀਬ ਬੱਚੇ ਪੜ ਰਹੇ ਹਨ ਅਤੇ ਪਲੀਤ ਹੁੰਦੇ ਵਾਤਾਵਰਨ ਦਾ ਸਭ ਤੋਂ ਵੱਡਾ ਖਾਮਿਆਜਾ ਇਨਾਂ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਭੁਗਤਣਾ ਪੈਂਦਾ ਹੈ, ਇਸੇ ਲਈ ਪੇਂਡੂ ਖੇਤਰਾਂ ਦੇ ਸਾਰੇ ਸਕੂਲਾਂ ਦੇ ਬੱਚੇ ਹੁਣ ਖੁਦ ਜਾਗਰੂਕ ਮੁਹਿੰਮ ਦੀ ਕਮਾਨ ਸੰਭਾਲਦੇ ਹੋਏ ਵਾਤਾਵਰਣ ਨੂੰ ਪਲੀਤ ਹੋਣ ਤੋਂ ਰੋਕਣ ਲਈ ਆਪਣੀ ਆਵਾਜ਼ ਬੁਲੰਦ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।