ਬਿਜਲੀ ਬਚਾਓ, ਭਵਿੱਖ ਬਚਾਓ

ਬਿਜਲੀ ਬਚਾਓ, ਭਵਿੱਖ ਬਚਾਓ

ਵਿਗਿਆਨ ਅਤੇ ਤਕਨਾਲੋਜੀ ਨੇ ਮਨੁੱਖ ਲਈ ਅਜਿਹੀਆਂ ਮਹੱਤਵਪੂਰਨ ਖੋਜਾਂ ਕੀਤੀਆਂ ਹਨ ਜਿਨ੍ਹਾਂ ਨੇ ਮਨੁੱਖ ਦੀ ਜ਼ਿੰਦਗੀ ਨੂੰ ਸੁਖਾਲਾ ਤੇ ਖੁਸ਼ਹਾਲ ਬਣਾ ਕੇ ਇੱਕੀਵੀਂ ਸਦੀ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਤਾਕਤਵਰ ਜੀਵ ਦੀ ਸ਼੍ਰੇਣੀ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਸਮੇਂ ਦੇ ਬਦਲਾਅ ਅਤੇ ਕੁਦਰਤ ਵੱਲੋਂ ਮਨੁੱਖ ਨੂੰ ਮਿਲ ਰਹੇ ਗਿਆਨ ਦੀ ਆਪਣੀ ਬੌਧਿਕਤਾ ਅਨੁਸਾਰ ਵਰਤੋਂ ਕਰਦਿਆਂ ਅਨੇਕਾਂ ਮਹੱਤਵਪੂਰਨ ਕਾਢਾਂ ਕੱਢੀਆਂ ਹਨ ਜਿਨ੍ਹਾਂ ਨੇ ਆਦਿ ਮਨੁੱਖ ਵਿੱਚ ਤਬਦੀਲੀ ਲਿਆ ਕੇ ਅਜੋਕੇ ਰੂਪ ਵਿੱਚ ਪ੍ਰਵੇਸ਼ ਕਰਵਾ ਕੇ ਜ਼ਿੰਦਗੀ ਨੂੰ ਤਰਕ ਅਤੇ ਵਿਗਿਆਨ ਦੇ ਅਨੁਸਾਰ ਸੋਚਣ ਅਤੇ ਸਮਝਣ ਦੇ ਕਾਬਲ ਬਣਾ ਦਿੱਤਾ ਹੈ।

ਮਨੁੱਖ ਦੁਆਰਾ ਕੁਦਰਤ ਦੀ ਰਹਿਨੁਮਾਈ ਹੇਠ ਕੀਤੀਆਂ ਮਹੱਤਵਪੂਰਨ ਖੋਜਾਂ ਵਿੱਚੋਂ ਪਹੀਏ ਦੀ ਖੋਜ, ਅੱਗ ਦੀ ਖੋਜ ਤੇ ਹੌਲੀ-ਹੌਲੀ ਕੀਤੀ ਬਿਜਲੀ ਦੀ ਖੋਜ ਅਜਿਹੀਆਂ ਮਹੱਤਵਪੂਰਨ ਅਤੇ ਜੀਵਨ ਨੂੰ ਬਦਲਣ ਤੇ ਪ੍ਰਭਾਵਿਤ ਕਰਨ ਵਾਲੀਆਂ ਹਨ ਜਿਨ੍ਹਾਂ ਬਿਨਾਂ ਅਜੋਕਾ ਮਨੁੱਖ ਰਹਿਣ ਦੀ ਕਲਪਨਾ ਵੀ ਨਹੀਂ ਕਰ ਸਕਦਾ। ਬਿਜਲੀ ਵਰਤਮਾਨ ਦੇ ਨਾਲ-ਨਾਲ ਭਵਿੱਖ ਲਈ ਵੀ ਰਾਹ-ਦਸੇਰੇ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਅਜੋਕੇ ਸਮੇਂ ਵਿੱਚ ਬਿਜਲੀ ਦੀ ਵਰਤੋਂ ਘਰਾਂ ਦੇ ਨਾਲ-ਨਾਲ, ਕਾਰਖਾਨਿਆਂ ਤੇ ਉਦਯੋਗਿਕ ਵਰਤੋਂ ਲਈ ਵੀ ਵੱਡੇ ਪੱਧਰ ’ਤੇ ਕੀਤੀ ਜਾਣ ਲੱਗੀ ਹੈ।

ਅਜਿਹਾ ਕੋਈ ਵੀ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਕੰਮ ਨਹੀਂ ਜਿਸ ਵਿੱਚ ਬਿਜਲੀ ਕਿਸੇ ਨਾ ਕਿਸੇ ਰੂਪ ਵਿੱਚ ਨਾ ਵਰਤੀ ਜਾਂਦੀ ਹੋਵੇ। ਰੋਟੀ, ਕੱਪੜਾ ਅਤੇ ਮਕਾਨ ਦੇ ਵਾਂਗ ਬਿਜਲੀ ਵੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਗੁਜ਼ਾਰਨ ਲਈ ਜਰੂਰੀ ਅਤੇ ਮਹੱਤਵਪੂਰਨ ਲੋੜ ਬਣ ਗਈ ਹੈ ਜਿਸ ਤੋਂ ਬਿਨਾਂ ਵੀ ਜੀਵਨ ਸੰਭਵ ਨਹੀਂ ਹੋ ਸਕਦਾ। ਇੱਕ ਘਰ ਦੇ ਬਿਜਲੀ ਦੇ ਬੱਲਬ ਤੋਂ ਲੈ ਕੇ ਫੈਕਟਰੀਆਂ ਅਤੇ ਇੱਥੋਂ ਤੱਕ ਕੇ ਆਵਾਜਾਈ ਦੇ ਸਾਧਨ ਵੀ ਤੇਲ ਅਤੇ ਡੀਜ਼ਲ ਦੀ ਬਜਾਏ ਬਿਜਲਈ ਊਰਜਾ ’ਤੇ ਨਿਰਭਰ ਹੋ ਗਏ ਹਨ।

ਸਰਕਾਰ ਦੁਆਰਾ ਵਾਤਾਵਰਨ ਦੀ ਸੁਰੱਖਿਆ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਬਿਜਲੀ ਦੇ ਨਾਲ ਚੱਲਣ ਵਾਲੇ ਸਾਧਨ ਦੀ ਵਰਤੋਂ ’ਤੇ ਜ਼ੋਰ ਦਿੰਦਿਆਂ ਈ-ਵ੍ਹੀਕਲ ਲੈਣ ਲਈ ਸੋਸ਼ਲ ਮੀਡੀਆ ਰਾਹੀਂ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਬਿਜਲੀ ਊਰਜਾ ਦੀ ਵਰਤੋਂ ਦੀ ਸਭ ਤੋਂ ਵੱਡੀ ਮਹੱਤਤਾ ਨੂੰ ਦੇਖੀਏ ਤਾਂ ਇਸ ਦਾ ਵਾਤਾਵਰਨ ਪੱਖੀ ਅਤੇ ਪ੍ਰਦੂਸ਼ਣ ਮੁਕਤ ਹੋਣਾ ਹੈ। ਬਿਜਲੀ ਸਾਡੇ ਖਤਮ ਹੋਣ ਵਾਲੇ ਕੁਦਰਤੀ ਸੋਮਿਆਂ ਨੂੰ ਬਚਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ।

ਬਿਜਲੀ ਉਤਪਾਦਨ ਕਰਨ ਦਾ ਪੁਰਾਤਨ ਤੇ ਵੱਡਾ ਸੋਮਾ ਕੋਲਾ ਹੀ ਹੈ। ਵੱਡੇ-ਵੱਡੇ ਬਿਜਲੀ ਉਤਪਾਦਨ ਵਿੱਚ ਲੱਗੇ ਹੋਏ ਥਰਮਲ ਪਲਾਂਟ ਕੋਲੇ ਤੋਂ ਹੀ ਬਿਜਲੀ ਪੈਦਾ ਕਰਕੇ ਵਸੋਂ ਨੂੰ ਬਿਜਲੀ ਮੁਹੱਈਆ ਕਰਵਾਉਂਦੇ ਹਨ। ਕੋਲੇ ਦੇ ਬਦਲ ਵਜੋਂ ਬਿਜਲੀ ਪੈਦਾ ਕਰਨ ਦੇ ਹੋਰ ਕੁਦਰਤੀ ਅਤੇ ਕਦੇ ਨਾ ਮੁੱਕਣ ਵਾਲੇ ਸੋਮਿਆਂ ਵਿੱਚ ਸੂਰਜੀ ਊਰਜਾ, ਪਣ ਬਿਜਲੀ ਊਰਜਾ, ਜਵਾਰਭਾਟੇ ਦੁਆਰਾ ਬਿਜਲੀ ਦਾ ਉਤਪਾਦਨ ਤੇ ਪੌਣ ਊਰਜਾ ਸ਼ਾਮਲ ਹਨ।

ਸੂਰਜ ਊਰਜਾ ਦਾ ਅਜਿਹਾ ਸੋਮਾ ਹੈ ਜੋ ਕਦੇ ਖਤਮ ਨਹੀਂ ਹੋ ਸਕਦਾ ਪਰ ਭਾਰਤ ਵਿੱਚ ਉਪਲੱਬਧ ਸੂਰਜੀ ਊਰਜਾ ਨੂੰ ਬਿਜਲਈ ਊਰਜਾ ਦੇ ਵਿੱਚ ਪੈਦਾ ਕਰਨ ਦੇ ਪ੍ਰਬੰਧਾਂ ’ਚ ਕਮੀਆਂ ਦਰਜ ਕੀਤੀਆਂ ਗਈਆਂ ਹਨ। ਜਿਸ ਹਿਸਾਬ ਨਾਲ ਸਾਡੇ ਦੇਸ਼ ਵਿੱਚ ਊਰਜਾ ਦਾ ਮੁੱਖ ਸੋਮਾ ਸੂਰਜ ਦੀ ਊਰਜਾ ਹੈ ਉਸ ਨੂੰ ਦੇਖਦੇ ਹੋਏ ਤਾਂ ਬਿਜਲੀ ਦੀ ਸਾਡੇ ਦੇਸ਼ ਵਿੱਚ ਕਮੀ ਨਹੀਂ ਆਉਣੀ ਚਾਹੀਦੀ ਸੀ ਪਰ ਬਿਜਲੀ ਉਤਪਾਦਨ ਵਿੱਚ ਦਰਪੇਸ਼ ਆ ਰਹੀਆਂ ਚੁਣੌਤੀਆਂ ਤੇ ਬਿਜਲੀ ਦੀ ਦੁਰਵਰਤੋਂ ਕਰਕੇ ਬਿਜਲੀ ਦਾ ਅੱਜ ਆਜਾਦੀ ਦੇ ਪਝੰਤਰ ਸਾਲ ਬਾਅਦ ਵੀ ਘਰ ਘਰ ਤੱਕ ਪਹੁੰਚਾਉਣਾ ਸੰਭਵ ਨਹੀਂ ਹੋ ਸਕਿਆ। ਬਿਜਲੀ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਕਦਮ ਕਦੇ ਨਹੀਂ ਚੁੱਕੇ ਗਏ ਤੇ ਜੋ ਕਦੇ ਚੁੱਕਣ ਦੀ ਕੋਸ਼ਿਸ਼ ਵੀ ਕੀਤੀ ਵੀ ਗਈ ਤਾਂ ਉਹ ਜਮੀਨੀ ਹਕੀਕਤ ਤੇ ਅਮਲਾਂ ਤੋਂ ਕੋਹਾਂ ਦੂਰ ਕੇਵਲ ਅਖਬਾਰਾਂ, ਨਿਊਜ ਚੈਨਲਾਂ ਦੀਆਂ ਖਬਰਾਂ ਤੱਕ ਸਿਮਟ ਕੇ ਰਹਿ ਜਾਂਦੀ ਹੈ।

ਆਪਣੀ ਰੋਜ਼ਾਨਾ ਜ਼ਿੰਦਗੀ ਦੌਰਾਨ ਅਸੀਂ ਕਿੰਨੀ ਹੀ ਬਿਜਲੀ ਅਜਾਈਂ ਗਵਾ ਕੇ ਬਿਜਲੀ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਕੇ ਆਪਣੇ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਮੁਸੀਬਤਾਂ ਨੂੰ ਸੱਦਾ ਦੇ ਰਹੇ ਹਾਂ। ਬਿਜਲੀ ਉਤਪਾਦਨ ਕਰਨ ਲਈ ਜ਼ਿਆਦਾ ਸਮੇਂ ਦੀ ਜਰੂਰਤ ਪੈਂਦੀ ਹੈ ਤੇ ਕਿੰਨੀ ਹੀ ਮਿਹਨਤ ਅਤੇ ਪੈਸਾ ਖਰਚ ਹੁੰਦਾ ਹੈ ਪਰ ਅਸੀਂ ਗੱਲੀਂ-ਬਾਤੀਂ ਬਿਜਲਈ ਊਰਜਾ ਨੂੰ ਗਵਾਉਣ ਤੇ ਉਸ ਦੀ ਫਾਲਤੂ ਵਰਤੋਂ ਵਿੱਚ ਲੱਗੇ ਰਹਿੰਦੇ ਹਾਂ।

ਸਾਂਝੇ ਪਰਿਵਾਰ ਟੁੱਟਣ ਕਰਕੇ ਬਿਜਲੀ ਦੀ ਖਪਤ ਵਿੱਚ ਵਾਧਾ ਹੋਇਆ ਹੈ ਕਿਉਂਕਿ ਪਹਿਲਾਂ ਇੱਕ ਪੱਖੇ ਤੇ ਕੂਲਰ ਨਾਲ ਸਾਰਾ ਪਰਿਵਾਰ ਗੁਜ਼ਾਰਾ ਕਰ ਲੈਂਦਾ ਸੀ ਪਰ ਹੁਣ ਅਲੱਗ-ਅਲੱਗ ਕਮਰਿਆਂ ਵਿੱਚ ਵੱਖ-ਵੱਖ ਏਅਰ ਕੰਡੀਸ਼ਨਰਾਂ ਦੀ ਵਰਤੋਂ ਨਾਲ ਬਿਜਲੀ ਦੀ ਮੰਗ ਵਿੱਚ ਵਾਧਾ ਹੋਇਆ ਹੈ ਤੇ ਇਸ ਦੇ ਨਾਲ-ਨਾਲ ਬਿਜਲੀ ਦੀ ਦੁਰਵਰਤੋਂ ’ਚ ਵਾਧਾ ਹੋਣ ਕਰਕੇ ਬਿੱਲਾਂ ਵਿੱਚ ਹੋਏ ਵਾਧੇ ਨਾਲ ਆਰਥਿਕ ਪੱਖੋਂ ਵੀ ਘਾਟਾ ਪਿਆ ਹੈ, ਇਹ ਉਹ ਘਾਟਾ ਹੈ ਜੋ ਸਾਨੂੰ ਸਾਡੀਆਂ ਗਲਤੀਆਂ ਕਰਕੇ ਪਿਆ ਹੈ। ਖਾਲੀ ਕਮਰੇ ਵਿੱਚ ਚੱਲਦੇ ਪੱਖੇ, ਦਿਨ-ਦਿਹਾੜੇ ਹੀ ਜਗਦੇ ਬੱਲਬ ਤੇ ਦਿਖਾਵੇ ਲਈ ਵਰਤੇ ਜਾਂਦੇ ਬਿਜਲਈ ਯੰਤਰਾਂ ਨੇ ਬਿਜਲੀ ਦੀ ਪੂਰਤੀ ਕਰਨ ਵਿੱਚ ਵਿਘਨ ਪੈਦਾ ਕਰ ਦਿੱਤਾ ਹੈ।

ਮੌਜੂਦਾ ਸਮੇਂ ਵਿੱਚ ਜਿੰਨੀ ਬਿਜਲੀ ਦੀ ਜਰੂਰਤ ਹੈ ਉਨੀਂ ਬਿਜਲੀ ਪੈਦਾ ਨਹੀਂ ਹੋ ਰਹੀ ਜਿਸ ਕਰਕੇ ਲੰਮੇ ਲੰਮੇ ਕੱਟ ਲੱਗਣ ਕਰਕੇ ਕਈ ਕਾਰਖਾਨੇ ਤੇ ਉਦਯੋਗ ਬੰਦ ਹੋਣ ਕਿਨਾਰੇ ਪਹੁੰਚ ਗਏ ਹਨ। ਸਰਕਾਰ ਦੁਆਰਾ ਖੇਤੀਬਾੜੀ ਦੇ ਨਾਲ-ਨਾਲ ਉਦਯੋਗ ਤੇ ਘਰੇਲੂ ਖਪਤ ਲਈ ਬਿਜਲੀ ਦਰਾਂ ਵਿੱਚ ਛੋਟ ਦੇਣ ਦੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ ਪਰ ਸਵਾਲ ਤਾਂ ਇਹ ਪੈਦਾ ਹੋ ਰਿਹਾ ਹੈ ਕਿ ਜੇਕਰ ਬਿਜਲੀ ਹੋਵੇਗੀ ਹੀ ਨਹੀਂ ਤਾਂ ਮਿਲੇਗੀ ਕਿਵੇਂ? ਮਨੁੱਖ ਨੇ ਗਿਆਨ ਤਾਂ ਬਹੁਤ ਹਾਸਲ ਕਰ ਲਿਆ ਹੈ, ਦਵਾਈਆਂ ਤੇ ਮੈਡੀਕਲ ਤਕਨਾਲੋਜੀ ਵਿੱਚ ਖੋਜਾਂ ਕਰਕੇ ਕਈ ਨਾਮੁਰਾਦ ਬਿਮਾਰੀਆਂ ਨੂੰ ਕਾਬੂ ਵਿੱਚ ਕਰ ਲਿਆ ਹੈ, ਮੰਗਲ ਅਤੇ ਚੰਨ ’ਤੇ ਜ਼ਿੰਦਗੀ ਦੀ ਹੋਂਦ ਲੱਭਣ ਵਿੱਚ ਲੱਗਾ ਹੋਇਆ ਹੈ

ਪਰ ਜਿਸ ਧਰਤੀ ’ਤੇ ਉਹ ਰਹਿ ਰਿਹਾ ਹੈ, ਜਿਸ ਧਰਤੀ ਨੇ ਉਸ ਨੂੰ ਜੀਵਨ ਬਖਸ਼ਿਆ ਹੈ ਤੇ ਜਿਸ ਨੂੰ ਉਹ ਧਰਤੀ ਮਾਤਾ ਕਹਿ ਕੇ ਪੁਕਾਰਦਾ ਹੈ ਅੱਜ ਉਸੇ ਹੀ ਮਾਤਾ ਤੋਂ ਮੂੰਹ ਮੋੜਦਾ ਹੋਇਆ ਉਸ ਨਾਲ ਖਿਲਵਾੜ ਕਰਦਾ ਹੋਇਆ ਵਾਤਾਵਰਨ ਵਿੱਚ ਅਸੰਤੁਲਨ ਪੈਦਾ ਕਰਕੇ ਆਪਣੀ ਤੇ ਹੋਰ ਜੀਵ ਜੰਤੂਆਂ ਦੀ ਹੋਂਦ ਲਈ ਖਤਰੇ ਪੈਦਾ ਕਰ ਰਿਹਾ ਹੈ। ਬਿਜਲੀ ਜੋ ਕਿ ਕੁਦਰਤੀ ਸੋਮਿਆਂ ਤੋਂ ਪੈਦਾ ਹੋ ਸਕਦੀ ਹੈ ਪਰ ਜਿਸ ਰਫਤਾਰ ਨਾਲ ਹੋਣੀ ਚਾਹੀਦੀ ਸੀ ਉਸ ਰਫਤਾਰ ਨਾਲ ਨਹੀਂ ਹੋ ਰਹੀ। ਕੋਲਾ ਊਰਜਾ ਦਾ ਮੁੱਕਣ ਯੋਗ ਸੋਮਾ ਹੈ ਜਿਸ ਦੀ ਜੇਕਰ ਅੰਨ੍ਹੇਵਾਹ ਤੇ ਲੋੜ ਤੋਂ ਵੱਧ ਵਰਤੋਂ ਕੀਤੀ ਜਾਂਦੀ ਰਹੀ ਤਾਂ ਜਲਦੀ ਹੀ ਇਸ ਦੀ ਹੋਂਦ ਧਰਤੀ ਤੋਂ ਖਤਮ ਹੋ ਜਾਵੇਗੀ। ਪੌਣ ਬਿਜਲੀ, ਪਣ ਬਿਜਲੀ, ਸੂਰਜੀ ਊਰਜਾ ਅਤੇ ਜਵਾਰਭਾਟੇ ਰਾਹੀਂ ਬਿਜਲੀ ਪੈਦਾ ਕਰਨ ਦੇ ਅਜਿਹੇ ਸੋਮੇ ਹਨ ਜੋ ਕਦੇ ਖਤਮ ਨਹੀਂ ਹੋ ਸਕਦੇ।

ਭਾਰਤ ਕੋਲ ਬਿਜਲੀ ਪੈਦਾ ਕਰਨ ਦੇ ਵਡਮੁੱਲੇ ਅਤੇ ਕੀਮਤੀ ਸੋਮੇ ਮੌਜੂਦ ਹਨ ਜਿਨ੍ਹਾਂ ਦੀ ਮੱਦਦ ਨਾਲ ਅਸੀਂ ਜ਼ਿਆਦਾ ਤੋਂ ਜ਼ਿਆਦਾ ਬਿਜਲੀ ਪੈਦਾ ਕਰਕੇ ਵੱਧ ਤੋਂ ਵੱਧ ਘਰਾਂ ਤੱਕ ਰੌਸ਼ਨੀ ਦਾ ਦੀਪ ਜਗਾ ਸਕਦੇ ਹਾਂ। ਬਿਜਲੀ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਬਿਜਲੀ ਨੂੰ ਬਚਾਉਣ ਲਈ ਕੁਝ ਜਰੂਰੀ ਨੁਕਤੇ ਧਿਆਨ ਵਿੱਚ ਰੱਖਣੇ ਜਰੂਰੀ ਹਨ ਜਿਵੇਂ ਕਿ- ਦਿਨ ਦੇ ਸਮੇਂ ਬਿਜਲੀ ਦੇ ਬੱਲਬ ਦੀ ਵਰਤੋਂ ਨਾ ਕਰੋ। ਜੇਕਰ ਸੰਭਵ ਹੋਵੇ ਤਾਂ ਸਾਰਾ ਪਰਿਵਾਰ ਇਕੱਠੇ ਰਹੋ ਕਿਉਂਕਿ ਇੱਕ ਪੱਖੇ ਤੇ ਕੂਲਰ ਨਾਲ ਹੀ ਸਾਰਿਆਂ ਦਾ ਗੁਜਾਰਾ ਹੋ ਜਾਵੇਗਾ। ਬਜਾਰ ਵਿੱਚ ਬਿਜਲੀ ਦੀ ਘੱਟ ਖਪਤ ਵਾਲੇ ਉਪਕਰਨ ਆ ਗਏ ਹਨ ਉਨ੍ਹਾਂ ਦੀ ਵਰਤੋਂ ਜ਼ਿਆਦਾ ਕਰੋ ਜਿਸ ਨਾਲ ਪੈਸੇ ਅਤੇ ਬਿਜਲੀ ਦੋਵਾਂ ਦੀ ਬੱਚਤ ਹੋਵੇਗੀ।

ਏਅਰ ਕੰਡੀਸ਼ਨਰਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ ਕਿਉਂਕਿ ਇਹ ਬਿਜਲੀ ਊਰਜਾ ਦੀ ਜ਼ਿਆਦਾ ਵਰਤੋਂ ਕਰਨ ਦੇ ਨਾਲ-ਨਾਲ ਵਾਤਾਵਰਨ ਵਿੱਚ ਮੌਜੂਦ ਓਜੋਨ ਪਰਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਜਿਸ ਦੇ ਨਤੀਜੇ ਵਜੋਂ ਪਰਾਬੈਂਗਣੀ ਕਿਰਨਾਂ ਧਰਤੀ ’ਤੇ ਪਹੁੰਚ ਕੇ ਮਨੁੱਖ, ਜੀਵ-ਜੰਤੂਆਂ ਅਤੇ ਪੌਦਿਆਂ ਲਈ ਕਈ ਪ੍ਰਕਾਰ ਦੇ ਰੋਗਾਂ ਪੈਦਾ ਕਰਦੀਆਂ ਹਨ। ਬਿਜਲੀ ਵਿਗਿਆਨ ਦੀ ਵਡਮੁੱਲੀ ਦੇਣ ਹੈ ਇਸ ਦੀ ਦੁਰਵਰਤੋਂ ਨੂੰ ਰੋਕ ਕੇ ਸੁਚੱਜੀ ਵਰਤੋਂ ਕਰਦੇ ਹੋਏ ਨਿੱਜੀ ਜੀਵਨ ਤੋਂ ਉੱਪਰ ਉੱਠ ਕੇ ਦੇਸ਼ ਨੂੰ ਬੁਲੰਦੀਆਂ ’ਤੇ ਲਿਜਾ ਸਕਦੇ ਹਾਂ ਪਰ ਇਹ ਸੰਭਵ ਤਦ ਹੀ ਹੋਵੇਗਾ ਜਦੋਂ ਸਰਕਾਰ ਦੇ ਨਾਲ-ਨਾਲ ਹਰ ਇੱਕ ਵਿਅਕਤੀ ਬਿਜਲੀ ਨੂੰ ਬਚਾਉਣ ਦਾ ਪ੍ਰਣ ਕਰੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਵਿਗਿਆਨ ਦੀ ਇਸ ਅਦਭੁੱਤ ਦੇਣ ਦਾ ਆਨੰਦ ਮਾਣ ਸਕਣ।
ਕਾਲਝਰਾਣੀ, ਬਠਿੰਡਾ
ਮੋ. 70873-67969
ਰਜਵਿੰਦਰ ਪਾਲ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ