ਸੜਕੀ ਹਾਦਸੇ ਅਤੇ ਬੱਸਾਂ ਦੇ ਸਫ਼ਰ ਦੌਰਾਨ ਹੁੰਦੀਆਂ ਬੇਨਿਯਮੀਆਂ

ਸੜਕੀ ਹਾਦਸੇ ਅਤੇ ਬੱਸਾਂ ਦੇ ਸਫ਼ਰ ਦੌਰਾਨ ਹੁੰਦੀਆਂ ਬੇਨਿਯਮੀਆਂ

ਮਈ 2022 ਬਟਾਲਾ ਦੇ ਨਜ਼ਦੀਕ ਕਣਕ ਦੇ ਨਾੜ ਨੂੰ ਅੱਗ ਲਗਾਈ ਹੋਣ ਕਾਰਨ ਸੜ੍ਹਕ ’ਤੇ ਫ਼ੈਲੇ ਧੂੰਏ ਕਾਰਨ ਡਰਾਈਵਰ ਦਾ ਸੰਤੁਲਨ ਵਿਗੜ੍ਹਨ ਕਾਰਨ ਨਿੱਜੀ ਸਕੂਲ ਬੱਸ ਪਲਟ ਗਈ ਸੀ ਅਤੇ ਅੱਗ ਲੱਗੇ ਖੇਤ ਵਿੱਚ ਜਾ ਡਿੱਗੀ ਤੇ ਅੱਗ ਦੀ ਲਪੇਟ ਵਿੱਚ ਆ ਗਈ ਸੀ।ਜਿਸ ਕਾਰਨ ਬੱਸ ਵਿੱਚ ਸਵਾਰ ਬੱਤੀ ਬੱਚਿਆਂ ਵਿੱਚੋਂ ਦੋ ਗੰਭੀਰ ਜ਼ਖਮੀ ਹੋਏ।ਨੇੜ੍ਹਲੇ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਅਤੇ ਰਾਹਗੀਰਾਂ ਨੇ ਫ਼ੁਰਤੀ ਨਾਲ ਬੱਚਿਆਂ ਨੂੰ ਬੱਸ ’ਚੋਂ ਬਾਹਰ ਕੱਢਿਆ ਤੇ ਵੱਡਾ ਜਾਨੀ ਨੁਕਸਾਨ ਹੋਣੋ ਬਚ ਗਿਆ।ਇਸ ਘਟਨਾ ਨੇ ਫਰਵਰੀ 2020 ਵਿਚ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਨਿੱਜ਼ੀ ਸਕੂਲ ਵੈਨ ਨਾਲ ਵਾਪਰੇ ਮੰਦਭਾਗੇ ਹਾਦਸੇ ਨੂੰ ਚੇਤੇ ਕਰਵਾ ਦਿੱਤਾ ਹੈ,

ਜਿਸ ਵਿੱਚ ਡਰਾਈਵਰ ਦੀ ਗਲਤੀ ਕਾਰਨ ਸੜਕ ’ਤੇ ਜਾਦੇ ਹੋਏ ਸਕੂਲ ਵੈਨ ਨੂੰ ਅਚਾਨਕ ਅੱਗ ਲੱਗ ਗਈ ਸੀ, ਡਰਾਈਵਰ ਉਕਤ ਹਾਲਤ ਵਿੱਚ ਵੈਨ ਉੱਥੇ ਹੀ ਛੱਡ ਕੇ ਆਪਣੀ ਜਾਨ ਬਚਾ ਕੇ ਦੌੜ ਗਿਆ ਸੀ,ਜਿਸ ਵਿੱਚ ਸਵਾਰ 12 ਬੱਚਿਆਂ ’ਚੋਂ ਚਾਰ ਬੱਚੇ ਜਿੰਦਾ ਸੜ ਗਏ ਸਨ ਤੇ ਅੱਠ ਮਾਸੂਮਾਂ ਨੂੰ ਬੜੀ ਮੁਸ਼ੱਕਤ ਨਾਲ ਰਾਹਗੀਰਾਂ ਨੇ ਬਾਹਰ ਕੱਢਿਆ ਸੀ।ਇਸ ਹਾਦਸੇ ਦਾ ਸ਼ਿਕਾਰ ਹੋਈ ਵੈਨ ਦਾ ਦੁੱਖਦਾਈ ਪੱਖ ਇਹ ਸੀ ਕਿ ਸਕੂਲ ਮਾਲਕ ਨੇ ਚੰਦ ਮੁਨਾਫ਼ੇ ਹਿਤ ਸਸਤੀ ਕੀਮਤ ’ਤੇ ਵੈਨ ਦੋ ਦਿਨ ਪਹਿਲਾਂ ਹੀ ਖ਼ਰੀਦੀ ਸੀ

ਜਿਸ ਵਿੱਚ ਕੁਝ ਵੀ ਮਾਪਦੰਡ ਦੇ ਅਨੁਸਾਰ ਨਹੀ ਸੀ।ਹੁਣ ਜਦੋਂ ਸਰਦੀ ਨੇ ਦਸਤਕ ਦੇ ਦਿੱਤੀ ਹੈ ਤਾਂ ਧੁੰਦ ਪੈਣ ਨਾਲ ਸਥਿਤੀ ਹੋਰ ਗੰਭੀਰ ਹੋ ਜਾਣੀ ਹੈ ਜੋ ਸੜ੍ਹਕੀ ਹਾਦਸਿਆਂ ਨੂੰ ਸੱਦਾ ਦਿੰਦਾ ਹੈ।ਅਜਿਹੇ ਹਾਦਸੇ ਹਰ ਰੋਜ਼ ਦੇਖਣ ਨੂੰ ਮਿਲਦੇ ਹਨ ਪਰ ਪ੍ਰਸ਼ਾਸ਼ਨ ਦੀ ਨਾਕਾਮੀ ਅਜਿਹੇ ਲੋਕਾਂ ਨੂੰ ਅਣਗਹਿਲੀ ਕਰਨ ਲਈ ਉਕਸਉਂਦੀ ਹੈ। ਭਾਰਤੀ ਸੜਕ ਮੰਤਰਾਲੇ ਦੀ ਨਵੰਬਰ 2019 ਦੀ ਸਾਲਾਨਾ ਰਿਪੋਰਟ ਅਨੁਸਾਰ ਸੰਨ 2018 ’ਚ ਸੜਕੀ ਦੁਰਘਟਨਾ ਵਿੱਚ 1.5 ਲੱਖ ਤੋਂ ਜਿਆਦਾ ਲੋਕਾਂ ਨੇ ਜਾਨ ਗ਼ੁਆਈ ਹੈ।ਸਾਲ 2017 ਦੇ ਮੁਕਾਬਲੇ ਇਹ 2.4 ਫੀਸਦੀ ਜਿਆਦਾ ਹੈ।ਰਿਪੋਰਟ ਅਨੁਸਾਰ ਭਾਰਤ ’ਚ ਔਸਤਨ ਰੋਜ਼ਾਨਾ 1280 ਸੜਕ ਦੁਰਘਟਨਾਵਾਂ ਹੋਈਆਂ ਤੇ 415 ਮੌਤਾਂ ਹੋਈਆਂ ਹਨ।ਇਸ ਦਾ ਮਤਲਬ ਹਰ ਘੰਟੇ ’ਚ 53 ਸੜਕ ਹਾਦਸੇ ਹੋਏ ਅਤੇ 17 ਜ਼ਿੰਦਗੀਆਂ ਮੌਤ ਦੇ ਮੂੰਹ ਵਿੱਚ ਗਈਆਂ।

ਭਾਰਤ ਵਿੱਚ ਮੌਤ ਦਾ ਅੱਠਵਾਂ ਵੱਡਾ ਕਾਰਨ ਸੜਕ ਦੁਰਘਟਨਾਵਾਂ ਹਨ।ਸਾਲ 2018 ਵਿੱਚ ਸੜਕ ਦੁਰਘਟਨਾ ’ਚ ਹੋਈਆਂ ਕੁੱਲ ਮੌਤਾਂ ’ਚੋਂ 48 ਫ਼ੀਸਦੀ ਲੋਕ 18 ਸਾਲ ਤੋਂ 35 ਸਾਲ ਉਮਰ ਦੇ ਸਨ।ਕੁੱਲ ਮੌਤਾਂ ਵਿੱਚੋਂ 28.8 ਫ਼ੀਸਦੀ ਮੌਤਾਂ ਦਾ ਕਾਰਨ ਹੈਲਮੇਟ ਨਾ ਪਹਿਨਣਾ ਹੈ।ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੇਸ਼ ਵਿੱਚ 440042 ਸੜਕ ਹਾਦਸੇ ਹੋਏ ਅਤੇ 139091 ਲੋਕ ਸੜ੍ਹਕ ਹਾਦਸਿਆਂ ਦੌਰਾਨ ਮਾਰੇ ਗਏ।ਦੇਸ਼ ਪੱਧਰ ’ਤੇ ਸੜ੍ਹਕ ਹਾਦਸਿਆਂ ’ਚ ਮੌਤ ਦਰ 32.6 ਫ਼ੀਸਦੀ ਹੈ ਜਦਕਿ ਪੰਜਾਬ ਵਿੱਚ ਇਹ ਦਰ 75.8 ਫ਼ੀਸਦੀ ਹੈ।

ਪਿਛਲੇ ਦਿਨੀ ਪੰਜਾਬ ਪੁਲਿਸ ਦੁਆਰਾ ਪੇਸ਼ ਕੀਤੇ ਅੰਕੜੇ ਜੋ ਮੀਡੀਆ ’ਚ ਨਸ਼ਰ ਹੋਏ ਉਸ ਅਨੁਸਾਰ ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ ਵਿੱਚ 20 ਫ਼ੀਸਦੀ ਵਾਧਾ ਹੋਇਆ ਹੈ।ਸੰਨ 2015 ’ਚ 4132 ਲੋਕ ਸੜਕ ਹਾਦਸਿਆਂ ਵਿੱਚ ਮਾਰੇ ਗਏ ਸਨ ਅਤੇ 2014 ’ਚ ਇਹ ਗਿਣਤੀ 3431 ਸੀ। ਸੰਨ 2015 ਵਿੱਚ ਰੋਜ਼ਾਨਾ ਔਸਤਨ 17 ਖ਼ਤਰਨਾਕ ਹਾਦਸੇ ਵਾਪਰੇ ਜਿਨ੍ਹਾਂ ’ਚ 11 ਲੋਕਾਂ ਦੀ ਮੌਤ ਹੋਈ ਅਤੇ 14 ਗੰਭੀਰ ਰੂਪ ਵਿੱਚ ਜ਼ਖਮੀ ਹੋਏ।ਪਿਛਲੇ ਤਿੰਨ ਸਾਲਾਂ ਦੌਰਾਨ 17114 ਸੜਕ ਹਾਦਸੇ ਵਾਪਰੇ ਅਤੇ 10920 ਲੋਕਾਂ ਦੀ ਮੌਤ ਹੋਈ।ਟ੍ਰੈਫਿਕ ਨਿਯਮਾਂ ਨੂੰ ਤੋੜਨ ਤਹਿਤ ਪੁਲਿਸ ਨੇ ਪਿਛਲੇ ਸਾਲ 1147421 ਚਲਾਨ ਕੱਟੇ ਅਤੇ 41.99 ਕਰੋੜ ਰੁਪਏ ਜ਼ੁਰਮਾਨੇ ਦੇ ਤੌਰ ’ਤੇ ਲੋਕਾਂ ਕੋਲੋ ਵਸੂਲੇ।

ਇੱਕ ਖੋਜ਼ ਅਨੁਸਾਰ ਜਿਆਦਾ ਸੜ੍ਹਕ ਹਾਦਸੇ ਸ਼ਾਮ ਤਿੰਨ ਵਜੇ ਤੋਂ ਛੇ ਵਜੇ ਤੱਕ ਹੁੰਦੇ ਹਨ।ਇੱਕ ਸਾਲ ਦੌਰਾਨ ਦੇਸ਼ ਪੱਧਰ ’ਤੇ ਇਸ ਵਕਫ਼ੇ ਦੌਰਾਨ ਸਭ ਤੋਂ ਜਿਆਦਾ 73000 ਸੜ੍ਹਕ ਹਾਦਸੇ ਹੋਏ ਜਦਕਿ ਅੱਧੀ ਰਾਤ ਤੋਂ ਸਵੇਰੇ ਛੇ ਵਜੇ ਤੱਕ ਸਿਰਫ਼ 1800 ਸੜ੍ਹਕ ਹਾਦਸੇ ਹੋਏ। ਇਨ੍ਹਾਂ ਹਾਦਸਿਆਂ ਵਿੱਚ ਡਰਾਇਵਰ ਦੀ ਲਾਪਰਵਾਹੀ, ਟ੍ਰੈਫਿਕ ਨਿਯਮਾਂ ਪ੍ਰਤੀ ਉਦਾਸੀਨਤਾ, ਬਹੁਤੇ ਵਾਹਨਾਂ ਦੀ ਤਰਸਯੋਗ ਹਾਲ਼ਤ ਅਤੇ ਜਲਦਬਾਜ਼ੀ ਮੁੱਖ ਕਾਰਨ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਏ ਹਨ।

ਵਿਗਿਆਨਕ ਯੁਗ ’ਚ ਤਕਨਾਲੋਜੀ ਦੇ ਬੇਹੱਦ ਵਿਕਾਸ ਨੇ ਬਿਹਤਰ ਜ਼ਿੰਦਗੀ ਜਿਉਣ ਦੇ ਹੀਲੇ ਜੁਟਾਏ ਹਨ।ਹੋਰ ਸੁਖ ਸਹੂਲਤਾਂ ਦੇ ਨਾਲ ਮਹੀਨਿਆਂ ਦੇ ਸਫ਼ਰ ਨੂੰ ਘੰਟਿਆਂ ’ਚ ਸਮੇਟ ਦਿੱਤਾ ਹੈ। ਸਰਕਾਰੀ ਟਰਾਂਸਪੋਰਟ ਦੇ ਨਾਲ-ਨਾਲ ਨਿੱਜੀ ਬੱਸਾਂ ਵੀ ਯਾਤਰਾ ਦਾ ਹਿੱਸਾ ਬਣਦੀਆਂ ਹਨ।ਇਹ ਬੱਸਾਂ, ਮੁੱਖ ਤੌਰ ’ਤੇ ਨਿੱਜੀ ਬੱਸਾਂ ਹਰ ਰੋਜ਼ ਕਿਸੇ ਨਾਂ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿੰਦੀਆਂ ਹਨ।ਸਵਾਰੀਆਂ ਖਾਸ ਕਰਕੇ ਵਿਦਿਆਰਥੀਆਂ ਨਾਲ ਇਨ੍ਹਾਂ ਦੇ ਕੰਡਕਟਰ ਸਦਾ ਹੀ ਉਲਝੇ ਨਜ਼ਰ ਆਉਦੇ ਹਨ।ਸਰੀਰਕ ਪੱਖੋਂ ਕਮਜ਼ੋਰ ਵਿਦਿਆਰਥੀ ਇਨ੍ਹਾਂ ਦੀ ਦਾਦਾਗਿਰੀ ਦਾ ਬਹੁਤ ਸ਼ਿਕਾਰ ਹੁੰਦੇ ਹਨ,

ਰਿਸ਼ਟ ਪੁਸ਼ਟ ਤਕੜੇ ਵਿਦਿਆਰਥੀ ਕੰਡਕਟਰਾਂ ਉੱਪਰ ਹਾਵੀ ਰਹਿੰਦੇ ਹਨ।ਨਿੱਜੀ ਬੱਸਾਂ ਵਿੱਚ ਵਿਦਿਆਰਥੀ ਅੱਧੀ ਟਿਕਟ ਦਿੰਦੇ ਹਨ।ਬਹੁਤੇ ਲੋਕ ਪੜ੍ਹਦੇ ਵੀ ਨਹੀ ਹੁੰਦੇ ਪਰ ਸਰੀਰਕ ਬਲ਼ ਅਤੇ ਉੱਚੀ ਪਹੁੰਚ ਕਾਰਨ ਟਿਕਟ ਆਦਿ ਵੀ ਨਹੀ ਲੈਦੇ।ਜੋ ਵਿਦਿਆਰਥੀ ਕਿਤਾਬਾਂ ਦੇ ਬੋਝ ਨਾਲ ਲੱਦੇ ਹੋਏ ਹੁੰਦੇ ਹਨ , ਨਿਗ੍ਹਾ ਵਾਲੀ ਐਨਕ, ਬਟੂਏ ਵਿੱਚ ਕਾਲਜ ਦਾ ਪਛਾਣ ਪੱਤਰ ਅਤੇ ਮੋਢੇ ’ਤੇ ਕਿਤਾਬਾਂ ਵਾਲਾ ਬਸਤਾ, ਫਿਰ ਵੀ ਕੰਡਕਟਰ ਉਨ੍ਹਾਂ ਨੂੰ ਜ਼ਰੂਰ ਪੁੱਛਦਾ ਹੈ ਕਿ ਅੱਧੀ ਟਿਕਟ ਕਿਸ ਚੀਜ਼ ਦੀ।ਹੁਣ ਕੋਈ ਉਸ ਨੂੰ ਪੁੱਛੇ ਕਿ ਪਿੱਛੇ ਜਿਹੜੇ ਪਹਿਲਵਾਨਾਂ ਕੋਲੋ ਲੰਘ ਕੇ ਆਇਆ ਹੈਂ

ਉਨ੍ਹਾਂ ਦੀ ਬਿਨਾਂ ਪੁੱਛੇ ਅੱਧੀ ਟਿਕਟ ਕਿਉਂ ਕੱਟੀ ਹੈ ਤੇ ਉਨ੍ਹਾਂ ’ਚ ਵਿਦਿਆਰਥੀਆਂ ਵਾਲਾ ਕਿਹੜਾ ਗੁਣ ਲੱਭਿਆ ਸੀ ਕਾਪੀ ਕਿਤਾਬ ਦੀ ਥਾਂ ਹੱਥ ਵਿੱਚ ਮੋਬਾਇਲ ਫ਼ੋਨ, ਉਨ੍ਹਾਂ ਨੂੰ ਨਹੀ ਕਿਹਾ ਅੱਧੀ ਟਿਕਟ ਕਾਹਦੀ।ਜੇਕਰ ਕੋਈ ਵਿਦਿਆਰਥੀ ਹਿੰਮਤ ਕਰਕੇ ਇਹ ਗੱਲ ਕੰਡਕਟਰ ਨੂੰ ਕਹਿ ਵੀ ਦੇਵੇ ਤਾਂ ਕੰਡਕਟਰ ਦਾ ਵਿਹਾਰ ਉਸ ਨਾਲ ਪਾਕਿਸਤਾਨ ਵਰਗਾ ਹੁੰਦਾ ਹੈ ਜਿਵੇਂ ਭਾਰਤ ਨੇ ਉਸਨੂੰ ਅੱਤਵਾਦੀ ਦੇਸ਼ ਸਾਬਿਤ ਕਰ ਦਿੱਤਾ ਹੋਵੇ। ਬੱਸਾਂ ’ਚ ਸਵਾਰ ਵਿਹਲੜ ਮੰਡੀਰ ਤੇ ਖੁਦ ਬੱਸ ਅਮਲਾ ਉਨ੍ਹਾਂ ਨਾਲ ਗ਼ਲਤ ਹਰਕਤਾਂ ਕਰਨ ਤੋਂ ਬਾਜ ਨਹੀ ਆਉਦਾ।ਜਿਸ ਕਾਰਨ ਲੋਕ ਧੀਆਂ ਭੈਣਾਂ ਨੂੰ ਬਾਹਰ ਪੜ੍ਹਾਉਣ ਤੋਂ ਕਤਰਾਉਦੇ ਹਨ।ਜੇਕਰ ਉਨ੍ਹਾਂ ਦੇ ਪੱਖ ’ਚ ਕੋਈ ਇਨਸਾਨ ਖੜਦਾ ਹੈ ਤਾਂ ਸ਼ਰਾਰਤੀ ਅਨਸਰਾਂ ਤੋਂ ਧਮਕੀ ਦੇ ਰੂਪ ’ਚ ‘ਕੱਲ ਦੇਖਾਂਗੇ ਤੈਨੂੰ’ ਦਾ ਇਨਾਮ ਮਿਲਦਾ ਹੈ।

ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਵੀ ਪ੍ਰਸ਼ਾਸ਼ਨ ਸੁੱਤਾ ਪਿਆ ਹੈ।ਬੱਸਾਂ ’ਚ ਅਜੇ ਵੀ ਬੇਨਿਯਮੀਆਂ ਹੋ ਰਹੀਆਂ ਹਨ।ਜਿਆਦਾਤਰ ਬੱਸਾਂ ਵਿੱਚ ਸੀਸੀਟੀਵੀ ਕੈਮਰੇ ਅਜੇ ਤੱਕ ਨਹੀ ਲੱਗ ਸਕੇ ਜੋ ਲੱਗੇ ਹਨ ਜਾਂ ਫਿਰ ਉਹ ਕੰਮ ਨਹੀ ਕਰਦੇ।ਬੱਸ ਅਮਲੇ ਦੀ ਵਰਦੀ ਨਾਮ ਪਲੇਟ ਵਾਲੀ ਨਹੀ ਹੋ ਸਕੀ।ਕਾਲੇ ਸ਼ੀਸ਼ਿਆਂ ਦੀ ਜਗ੍ਹਾ ਪਾਰਦਰਸ਼ੀ ਸ਼ੀਸ਼ੇ ਅਜੇ ਵੀ ਬੱਸਾਂ ’ਚੋਂ ਗਾਇਬ ਹਨ।ਔਰਤਾਂ ਦੀ ਮੱਦਦ ਲਈ ਹੈਲਪਲਾਈਨ ਨੰਬਰ ਜਿਆਦਾਤਰ ਬੱਸਾਂ ਵਿੱਚ ਮੌਜੂਦ ਨਹੀ ਹੈ।ਅਸ਼ਲੀਲ ਗੀਤਾਂ ਤੇ ਫਿਲਮਾਂ ਦਾ ਰੌਲਾ ਪ੍ਰਸ਼ਾਸ਼ਨ ਅਜੇ ਤੱਕ ਚੁੱਪ ਨਹੀ ਕਰਵਾ ਸਕਿਆ।ਹਮਾਤੜ ਲੋਕਾਂ ਦੀ ਉਹ ਸੁਣਦੇ ਨਹੀ ਜਿਸ ਦਾ ਕਾਰਨ ਉਨ੍ਹਾਂ ਦੇ ਅਸਰ ਰਸੂਖ਼ ਵਾਲੇ ਆਕਾ ਹਨ ਜਿਨ੍ਹਾਂ ਦੀ ਸ਼ਹਿ ’ਤੇ ਇਹ ਸਾਰੇ ਕੰਮਾਂ ਨੂੰ ਅੰਜ਼ਾਮ ਦਿੰਦੇ ਹਨ।

ਬੱਸਾਂ ਖਾਸ ਕਰਕੇ ਨਿੱਜੀ ਬੱਸਾਂ ਨੂੰ ਪਸ਼ੂਆਂ ਵਾਂਗ ਭਰਿਆ ਜਾਦਾ ਹੈ ਜਿਸਦੇ ਕਾਫੀ ਹੱਦ ਤੱਕ ਅਸੀ ਵੀ ਜਿੰਮੇਵਾਰ ਹਾਂ।ਬਾਰੀਆਂ ’ਚ ਤੋਰੀਆਂ ਵਾਂਗ ਲਮਕਦੇ ਲੋਕ, ਤੇਜ਼ ਗਤੀ ਆਦਿ ਦੁਰਘਟਨਾ ਨੂੰ ਸਿੱਧੇ ਤੌਰ ’ਤੇ ਸੱਦਾ ਦੇਣਾ ਹੀ ਹੈ।ਇੱਕ ਦੂਜੇ ਦੀਆਂ ਸਵਾਰੀਆਂ ਚੁੱਕਣ ਦੇ ਜੋਸ਼ ਵਿੱਚ ਡਰਾਈਵਰ ਅਜਿਹੇ ਕੱਟ ਮਾਰਦੇ ਹਨ, ਹਰ ਕੋਈ ਰੱਬ ਰੱਬ ਕਰਨ ਲੱਗ ਜਾਦਾ ਹੈ।ਕੋਈ ਮੁਸਾਫ਼ਿਰ ਜਦੋਂ ਡਰਾਇਵਰ ਨੂੰ ਹੌਲੀ ਚੱਲਣ ਲਈ ਕਹਿੰਦਾ ਹੈ ਤਾਂ ਡਰਾਈਵਰ ਹੱਸ ਕੇ ਜਵਾਬ ਦਿੰਦਾ ਹੈ ਕੁਝ ਨਹੀ ਹੁੰਦਾ ਬਾਬੂ ਜੀ, ਗੱਡੀ ਤਾਂ ਟਾਈਮ ਨਾਲ ਪਹੁੰਚਾੳੇੁਣੀ ਹੈ।ਚੰਦ ਪਲਾਂ ਦੀ ਕਾਹਲ਼ੀ ਅਤੇ ਡਰਾਇਵਰ ਦੀ ਲਾਪਰਵਾਹੀ ਕਾਰਨ ਬਹੁਤ ਦੁੱਖਦਾਈ ਹਾਦਸੇ ਵਾਪਰਦੇ ਹਨ ਅਤੇ ਕਿੰਨੀਆਂ ਜਾਨਾਂ ਅਜਾਂਈ ਚਲੀਆਂ ਜਾਦੀਆਂ ਹਨ ਤੇ ਬਹੁਤੇ ਲੋਕ ਸਦਾ ਲਈ ਅਪੰਗ ਹੋ ਜਾਦੇ ਹਨ।

ਇਸ ਸਾਰੇ ਵਰਤਾਰੇ ਤੋਂ ਪ੍ਰਸ਼ਾਸ਼ਨ ਵਾਕਿਫ਼ ਹੋਣ ਦੇ ਬਾਵਜੂਦ ਕੁੰਭਕਰਨੀ ਨੀਂਦ ਸਂੌ ਰਿਹਾ ਹੈ।ਬਿਨਾਂ ਜਾਂਚ ਪੜਤਾਲ ਦੇ ਟ੍ਰੈਫਿਕ ਲਾਈਸੈਂਸ ਲੋਕਾਂ ਨੂੰ ਜਾਰੀ ਹੋ ਰਹੇ ਹਨ ਜਿਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਤੱਕ ਨਹੀ ਹੁੰਦੀ।ਨਿੱਜੀ ਟਰਾਂਸਪੋਰਟ ਕੰਪਨੀਆਂ ਮੁਨਾਫ਼ੇ ਦੀ ਖ਼ਾਤਰ ਅਣਜਾਣ ਲੋਕਾਂ ਨੂੰ ਭਰਤੀ ਕਰਦੀਆਂ ਹਨ ਤੇ ਉਹ ਭਾਰੇ ਵਾਹਨਾਂ ਨੂੰ ਸੜ੍ਹਕਾਂ ’ਤੇ ਬੇਖੌਫ਼ ਦੌੜਾਉਦੇ ਹਨ ਤੇ ਮੌਤ ਦਾ ਨਾਚ ਸ਼ਰੇਆਮ ਹੁੰਦਾ ਹੈ।ਇਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀ ਹੁੰਦਾ ਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਇਹ ਸਭ ਦੇਖ ਕੇ ਅਣਡਿੱਠਾ ਕਰ ਦਿੰਦੇ ਹਨ ਜਾਂ ਫਿਰ ਚੰਦ ਸਿੱਕਿਆਂ ’ਤੇ ਆਪਣਾ ਜ਼ਮੀਰ ਵੇਚ ਕੇ ਲੋਕਾਂ ਦੀ ਮੌਤ ਲਈ ਯਮਰਾਜ ਨਾਲ ਸੰਪਰਕ ਸਾਧਦੇ ਹਨ।ਸਿਰਫ਼ ਚਲਾਨ ਕੱਟਣਾ ਹੀ ਇਸਦਾ ਮਾਤਰ ਹੱਲ਼ ਨਹੀ ਹੈ

ਪਰ ਇਨ੍ਹਾਂ ਵਾਹਨ ਮਾਲਕਾਂ ਦੀ ਉੱਚੀ ਪਹੁੰਚ ਵੀ ਆਮ ਲੋਕਾਂ ਲਈ ਸਰਾਪ ਹੋ ਨਿੱਬੜਦੀ ਹੈ।ਪੁਲਿਸ ਕਰਮਚਾਰੀ ਅਗਰ ਈਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਰਾਜਨੀਤਕ ਗਲਬਾ ਉਨ੍ਹਾਂ ਦੇ ਰਾਹ ਦਾ ਅੜਿੱਕਾ ਬਣ ਜਾਦਾ ਹੈ।ਪ੍ਰਸ਼ਾਸ਼ਨ ਤੇ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਜਿਹੀਆਂ ਬੇਨਿਯਮੀਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰੀਏ ਨਹੀ ਤਾਂ ਦਰਦਨਾਕ ਹਾਦਸੇ, ਧੀਆਂ ਭੈਣਾਂ ਨਾਲ ਬਦਸਲੂਕੀ ਕਦੇ ਰੁਕੇਗੀ ਨਹੀ।
ਪਿੰਡ ਤੇ ਡਾਕ. ਚੱਕ ਬਖ਼ਤੂ
ਤਹਿ.ਤੇ ਜ਼ਿਲ੍ਹਾ ਬਠਿੰਡਾ-151101
ਸੰਪਰਕ-95173-96001
ਡਾ.ਗੁਰਤੇਜ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ