ਰਾਜਸਥਾਨੀ ਮਿਕਸ ਵੈਜੀਟੇਬਲ ਦਾ ਸੁਆਦ

ਰਾਜਸਥਾਨੀ ਮਿਕਸ ਵੈਜੀਟੇਬਲ ਦਾ ਸੁਆਦ

ਸਾਡਾ, ਸਰਦਾਰ ਸ਼ਹਿਰ ਤੋਂ ਸਾਲਾਸਰ ਨੂੰ ਚੱਲਣ ਦਾ ਪੋ੍ਰਗਰਾਮ ਸਵੇਰੇ 10 ਵਜੇ ਦਾ ਸੀ ਪਰੰਤੂ ਅਸੀਂ 5 ਮਿੰਟ ਪਹਿਲਾਂ ਹੀ ਚੱਲ ਪਏ। ਤਕਰੀਬਨ 1 ਘੰਟੇ ਦੇ ਸਫ਼ਰ ਤੋਂ ਬਾਅਦ ਲੰਬੀ ਸੜਕ ਅੱਗੇ ਦੋ ਸੜਕਾਂ ਵਿਚ ਪਾਟ ਗਈ। ਡਰਾਈਵਰ ਸੀਟ ’ਤੇ ਬੈਠੇ ਸੁਖਦੇਵ ਮਿੱਤਲ ਨੇ ਪੁੱਛਿਆ, ‘‘ਦੱਸੋ ਬਈ ਸਾਲਾਸਰ ਵੱਲ ਮੁੜੀਏ ਜਾਂ ਖਾਟੂਸ਼ਿਆਮ ਚੱਲਣੈ?’’ ਬਾਕੀਆਂ ਦਾ ਜਵਾਬ ਜਾਣਨ ਲਈ ਉਸ ਨੇ ਕਾਰ ਦੇ ਐਕਸੀਲੇਟਰ ਤੋਂ ਪੈਰ ਚੁੱਕ ਲਿਆ ਸੀ ਤੇ ਕਾਰ ਦੀ ਰਫ਼ਤਾਰ ਮੱਧਮ ਪੈਣੀ ਸ਼ੁਰੂ ਹੋ ਗਈ ਸੀ।

‘‘ਖਾਟੂਸ਼ਿਆਮ ਮੰਦਰ ਕਿੰਨੇ ਵਜੇ ਤੱਕ ਖੁੱਲ੍ਹਾ ਹੁੰਦੈ?’’ ਜੱਸੀ ਸਰ ਨੇ ਪੁੱਛਿਆ। ‘‘ਇੱਕ ਵਜੇ ਤੱਕ ਦਰਸ਼ਨ ਹੁੰਦੇ ਨੇ’’ ਸੁਖਦੇਵ ਮਿੱਤਲ ਦਾ ਜਵਾਬ ਪਹਿਲਾਂ ਹੀ ਤਿਆਰ ਸੀ। ‘‘ਫਿਰ ਤਾਂ ਬੜੇ ਆਰਾਮ ਨਾਲ ਪਹੁੰਚ ਜਾਵਾਂਗੇ, ਚੱਲੋ ਖਾਟੂਸ਼ਿਆਮ’’ ਪ੍ਰਫ਼ੈਸਰ ਸ਼ਿਵ ਨੇ ਫੈਸਲਾ ਸੁਣਾ ਦਿੱਤਾ ਸੀ। ਸੂਰ ਰੰਗੀ ਘਸਮੈਲੀ ਜਿਹੀ ਸੜਕ ’ਤੇ ਸਾਡੀ ਕਾਰ ਫਿਰ ਸਰਪਟ ਦੌੜਨ ਲੱਗੀ। ਅਸੀਂ ਸਾਰੇ ਆਪਸ ਵਿਚ ਹਾਸਾ-ਠੱਠਾ ਕਰਦੇ ਜਾ ਰਹੇ ਸੀ ਪਰ ਸੁਖਦੇਵ ਮਿੱਤਲ ਪੂਰੀ ਤਰ੍ਹਾਂ ਸੁਚੇਤ ਗੱਡੀ ਚਲਾ ਰਿਹਾ ਸੀ। ਉਸ ਦਾ ਧਿਆਨ ਕਦੇ ਦੌੜਦੀਆਂ ਹੋਈਆਂ ਘੜੀ ਦੀਆਂ ਸੂਈਆਂ ਵੱਲ ਜਾਂਦਾ ਸੀ ਤੇ ਕਦੇ ਕਾਰ ਦੇ ਸਪੀਡੋ ਮੀਟਰ ’ਤੇ।

ਸਾਡੀ ਕਿਸੇ-ਕਿਸੇ ਗੱਲ ’ਤੇ ਉਹ ਕਦੇ-ਕਦੇ ਹਲਕੀ ਜਿਹੀ ਸਮਾਈਲ ਤਾਂ ਦਿੰਦਾ ਸੀ ਪਰ ਕੁਮੈਂਟ ਨਹੀਂ ਕਰਦਾ ਸੀ। ਮੰਦਿਰ ਵਿਚ ਦਰਸ਼ਨ ਇੱਕ ਵਜੇ ਤੱਕ ਹੀ ਹੋਣ ਕਰਕੇ ਅਤੇ ਦੂਸਰਾ ਕਾਰ ਖੁਦ ਚਲਾਉਂਦਾ ਹੋਣ ਕਰਕੇ ਸੁਖਦੇਵ ਮਿੱਤਲ ਨੂੰ ਇਸ ਗੱਲ ਦੀ ਪੂਰੀ ਟੈਨਸ਼ਨ ਸੀ ਕਿ ਕਿਤੇ ਖੱਟੂਸ਼ਿਆਮ ਪਹੁੰਚਣ ਤੋਂ ਪਹਿਲਾਂ ਮੰਦਿਰ ਵਿਚ ਐਂਟਰੀ ਬੰਦ ਹੀ ਨਾ ਹੋ ਜਾਵੇ। ਇਸੇ ਕਾਹਲੀ ਵਿਚ ਉਸ ਨੇ ਗੱਡੀ ਥੋਡੀ ਜਿਹੀ ਤੇਜ਼ ਵੀ ਕਰ ਲਈ ਸੀ। ਸਿੰਘਾਨੀਆ ਯੂਨੀਵਰਸਿਟੀ ਕੋਲੋਂ ਲੰਘ ਕੇ ਅਸੀਂ ਬੈਰੀਅਰ ਪਾਰ ਕੀਤਾ ਤਾਂ ਸਾਹਮਣੇ ਸੜਕ ਉੱਪਰ ਲੱਗਾ ਵੱਡਾ ਬੋਰਡ, ਜੈਪੁਰ 81 ਕਿਲੋਮੀਟਰ ਲਿਖਿਆ ਦਰਸਾ ਰਿਹਾ ਸੀ।

ਸੁਖਦੇਵ ਮਿੱਤਲ ਨੇ ਗੱਡੀ ਸੱਜੇ ਹੱਥ ਮੋੜ ਦਿੱਤੀ। ਤਕਰੀਬਨ 12- 13 ਕਿਲੋਮੀਟਰ ਦੇ ਸਫਰ ਤੋਂ ਬਾਅਦ ਅਸੀਂ 12:30 ਵਜੇ ਖਾਟੂਸ਼ਿਆਮ ਜਾ ਪਹੁੰਚੇ। ਮੰਦਿਰ ਵਿਚ ਭੀੜ ਐਨੀ ਜਿਆਦਾ ਸੀ ਕਿ ਸਹੀ ਤਰੀਕੇ ਨਾਲ ਜੇਕਰ ਘੁੰਮ ਕੇ ਲਾਈਨ ਵਿਚ ਲੱਗਣਾ ਹੁੰਦਾ ਤਾਂ ਦਰਸ਼ਨ ਸੰਭਵ ਹੀ ਨਹੀਂ ਸਨ। ਮੰਦਿਰ ਵਿਚ ਭੀੜ ਵੇਖ ਕੇ ਸੁਖਦੇਵ ਮਿੱਤਲ ਦੇ ਚਿਹਰੇ ’ਤੇ ਕਾਹਲੀ ਤੇ ਚਿੰਤਾ ਦੀਆਂ ਕਈ ਲਕੀਰਾਂ ਉੱਭਰ ਆਈਆਂ ਸਨ। ਆਸਾ-ਪਾਸਾ ਦੇਖ ਕੇ ਉਸ ਨੇ ਦਰਸ਼ਨ ਕਰਕੇ ਬਾਹਰ ਨਿੱਕਲਣ ਵਾਲੇ ਗੇਟ ਉੱਤੇ ਖੜ੍ਹੇ ਪੁਲਿਸ ਮੁਲਾਜ਼ਮ ਨਾਲ ਗੱਲ ਕੀਤੀ। ਪੁਲਿਸ ਮੁਲਾਜ਼ਮ ਨੇ ਸਾਨੂੰ ਸਾਰਿਆਂ ਨੂੰ ਧਿਆਨ ਨਾਲ ਵੇਖਿਆ ਤੇ ਗੇਟ ਖੋਲ੍ਹ ਕੇ ਅੰਦਰ ਭੇਜ ਦਿੱਤਾ। ਅਸੀਂ ਬਹੁਤ ਵਧੀਆ ਦਰਸ਼ਨ ਕੀਤੇ ਤੇ ਮੰਦਿਰ ਦੇ ਬਾਹਰ ਕੁਝ ਫੋਟੋਆਂ ਖਿੱਚੀਆਂ।

ਤੇਜ਼ ਧੁੱਪ ਵਿਚ ਸਾਰਿਆਂ ਨੂੰ ਪਿਆਸ ਬਹੁਤ ਲੱਗੀ ਸੀ। ਵਾਪਸੀ ’ਤੇ ਮੰਦਿਰ ਤੋਂ ਕਾਰ ਵੱਲ ਮੁੜਦਿਆਂ ਅਸੀਂ ਖਾਰੇ ਸੋਡੇ ਵਾਲੀ ਸ਼ਿਕੰਜਵੀ ਪੀਤੀ ਤੇ ਵਾਪਸ ਸਾਲਾਸਰ ਨੂੰ ਚਾਲੇ ਪਾ ਦਿੱਤੇ। ਸੁਖਦੇਵ ਮਿੱਤਲ ਹੁਣ ਗੱਡੀ ਬਹੁਤ ਹੀ ਆਰਾਮ ਨਾਲ ਚਲਾ ਰਿਹਾ ਸੀ। ਸ਼ਾਇਦ ਹੁਣ ਉਸ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਜਿਸ ਕੰਮ ਦੀ ਉਸ ਨੇ ਜ਼ਿੰਮੇਵਾਰੀ ਲਈ ਸੀ ਉਹ ਨੇਪਰੇ ਚਾੜ੍ਹ ਦਿੱਤਾ ਸੀ। ਤਕਰੀਬਨ ਦੁਪਹਿਰ ਦੇ ਤਿੰਨ ਵੱਜ ਚੁੱਕੇ ਸਨ। ਸਾਰਿਆਂ ਨੂੰ ਭੁੱਖ ਬਹੁਤ ਲੱਗੀ ਸੀ ਤੇ ਸਾਰੀਆਂ ਨਜ਼ਰਾਂ ਗੱਡੀ ਦੇ ਸ਼ੀਸ਼ਿਆਂ ਵਿਚੋਂ ਬਾਹਰ ਕੋਈ ਚੰਗਾ ਢਾਬਾ ਤਲਾਸ਼ ਰਹੀਆਂ ਸਨ। ਬਾਹਰੋਂ ਚੰਗੀ ਦਿਖ ਵਾਲਾ ‘ਚੌਧਰੀ ਵੈਸ਼ਨੂੰ ਭੋਜਨਾਲਿਆ’ ਦੇਖ ਕੇ ਸੁਖਦੇਵ ਮਿੱਤਲ ਨੇ ਗੱਡੀ ਰੋਕ ਲਈ। ਵਿਚਕਾਰ ਬਰਾਂਡਾ ਤੇ ਬਰਾਂਡੇ ਦੇ ਦੋਵੇਂ ਪਾਸੇ ਦੋ-ਦੋ ਬੈਠਕਾਂ ਤੇ ਬਰਾਂਡੇੇ ਵਿਚੋਂ ਪਿੱਛੇ ਲੰਘ ਕੇ ਵਾਸ਼ਰੂਮ ਬਣੇ ਸਨ।

ਜਦੋਂ ਤੱਕ ਮੈਂ ਵਾਸ਼ਰੂਮ ਤੋਂ ਹੋ ਕੇ ਵਾਪਸ ਮੁੜਿਆ ਤਾਂ ਸਾਰੇ ਦੋਸਤ ਵਿਚਕਾਰ ਬਰਾਂਡੇ ਵਿਚ ਪਈਆਂ ਕੁਰਸੀਆਂ ’ਤੇ ਬੈਠ ਚੁੱਕੇ ਸਨ ਤੇ ਵੇਟਰ ਨੂੰ ਆਰਡਰ ਦੇ ਚੁੱਕੇ ਸਨ। ‘‘ਮਿਕਸ ਵੈੱਜ ਬਣੀ ਹੈ?’’ ‘‘ਹਾਂ ਜੀ।’’ ਕਹਿ ਕੇ ਉਸਨੇ ਸਿਰ ਹਿਲਾਇਆ। ‘‘ਇੱਕ ਮਿਕਸ ਵੈੱਜ ਵੀ ਲੈ ਆਈਂ’’ ਮੈਂ ਦੂਸਰੇ ਦੋੋਸਤਾਂ ਤੋਂ ਪਹਿਲਾਂ ਵਾਲਾ ਆਰਡਰ ਬਿਨਾਂ ਪੁੱਛੇ ਹੀ ਕਹਿ ਦਿੱਤਾ। ਤਕਰੀਬਨ ਦਸ ਕੁ ਮਿੰਟਾਂ ਵਿਚ ਵੇਟਰ ਨੇ ਸਾਰਾ ਕੁਝ ਖਾਣੇ ਵਾਲੇ ਮੇਜ਼ ’ਤੇ ਸਜਾ ਦਿੱਤਾ ਤੇ ਸਭ ਤੋਂ ਅਖੀਰ ’ਤੇ ਉਹ ਇੱਕ ਅਜਿਹੀ ਸਬਜੀ ਵਾਲੀ ਪਲੇਟ ਲੈ ਕੇ ਆਇਆ ਜਿਸ ਨੂੰ ਵੇਖ ਕੇ ਅਸੀਂ ਸਾਰਿਆਂ ਨੇ ਹੈਰਾਨੀ ਨਾਲ ਇੱਕ-ਦੂਜੇ ਵੱਲ ਵੇਖਿਆ, ਜੱਸੀ ਸਰ ਨੇ ਉਸ ਪਲੇਟ ਵਿਚ ਚਮਚ ਮਾਰ ਕੇ ਸਬਜੀ ਬਾਹਰ ਕੱਢੀ ਜਿਸ ਵਿਚ ਮਟਰ, ਆਲੂ, ਮਾਂਹ ਦੀ ਦਾਲ, ਮੂੰਗੀ ਦੀ ਦਾਲ ਸਭ ਕੁਝ ਰਲਿਆ-ਮਿਲਿਆ ਸੀ।

ਪਲੇਟ ਵਿਚਲੀ ਸਬਜੀ ਦੀ ਤਰੀ ਵਿਚ ਪਏ ਪਨੀਰ ਦੇ ਦੋ ਛੋਟੇ-ਛੋਟੇ ਪੀਸ, ਕੜ੍ਹੀ ਦਾ ਪਕੌੜਾ ਤੇ ਦੋ-ਤਿੰਨ ਭਿੰਡੀ ਦੇ ਕੱਟੇ ਹੋਏ ਛੋਟੇ-ਛੋਟੇ ਪੀਸ ਸਾਨੂੰ ਮੂੰਹ ਚਿੜ੍ਹਾ ਰਹੇ ਸਨ।ਤਰੀ ਵਾਲੀ ਮਿਕਸ ਵੈਜੀਟੇਬਲ ਵੇਖ ਕੇ ਸਾਡਾ ਸਾਰਿਆਂ ਦਾ ਹਾਸਾ ਹੀ ਬੰਦ ਨਹੀਂ ਹੋ ਰਿਹਾ ਸੀ। ਉਹ ਵੇਟਰ ਹੱਕਾ-ਬੱਕਾ ਸਾਡੇ ਕੋਲ ਖੜ੍ਹਾ ਸਾਨੂੰ ਦੇਖ ਰਿਹਾ ਸੀ। ‘‘ਆਹ ਕੀ ਐ ਬਈ?’’ ਮੈਂ ਮਸਾਂ ਹਾਸਾ ਰੋਕ ਕੇ ਪੁੱਛਿਆ।

‘‘ਆਪ ਨੇ ਬੋਲਾ ਨਹੀਂ ਥਾ ਕਿ ਏਕ ਮਿਕਸ ਵੈਜੀਟੇਬਲ ਲਾਨਾ?’’ ਉਸ ਦੇ ਜਵਾਬ ਵਿਚ ਹੈਰਾਨੀ ਤੇ ਤਲਖ਼ੀ ਸੀ। ‘‘ਭਾਈ ਸਾਹਬ, ਮਿਕਸ ਵੈਜੀਟੇਬਲ ਦਾ ਮਤਲਬ ਹੁੰਦੈ ਗੋਭੀ, ਬੈਂਗਣ, ਆਲੂ, ਅਰਬੀ, ਪਨੀਰ ਤੇ ਸਾਬਤ ਭਿੰਡੀ ਦੀ ਸੁੱਕੀ ਸਬਜੀ, ਆਹ ਕਿਹੜੀ ਮਿਕਸ ਵੈਜੀਟੇਬਲ? ਚੱਲ ਜਾਹ ਇੱਥੋਂ’’ ਕਹਿ ਕੇ ਅਸੀਂ ਰੋਟੀ ਖਾਣੀ ਸ਼ੁਰੂ ਕੀਤੀ ਹੀ ਸੀ ਕਿ ਅਚਾਨਕ ਸਾਨੂੰ ਢਾਬੇ ਦੇ ਅੰਦਰੋਂ ਬਹੁਤ ਉੱਚੀ-ਉੱਚੀ ਹੱਸਣ ਦੀ ਆਵਾਜ ਸੁਣਾਈ ਦਿੱਤੀ। ਅਸੀਂ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਵੇਟਰ ਤੇ ਚਾਰ-ਪੰਜ ਬੰਦੇ ਹੋਰ ਇਕੱਠੇ ਹੋਏ ਸਾਡੇ ਵੱਲ ਵੇਖ-ਵੇਖ ਕੇ ਹੱਸ ਰਹੇ ਸਨ। ਸਾਨੂੰ ਲੱਗਾ, ਜਿਵੇਂ ਅਸੀਂ ਉਸ ਦੀ ਨਦਾਨੀ ’ਤੇ ਹੱਸੇ ਸੀ ਬਿਲਕੁਲ ਉਂਵੇ ਉਹ ਸਾਰੇ ਸਾਡੇ ’ਤੇ ਹੱਸ ਰਹੇ ਸਨ ਕਿ ਸਾਨੂੰ ਮਿਕਸ ਵੈਜੀਟੇਬਲ ਦਾ ਪਤਾ ਹੀ ਨਹੀਂ
ਠਾਕੁਰ ਕਲੋਨੀ, ਗਣੇਸ਼ਾ ਬਸਤੀ,
ਬਠਿੰਡਾ ਮੋ. 95011-15200
ਡਾ. ਪ੍ਰਦੀਪ ਕੌੜਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ