ਰਾਜਸਥਾਨ : ਗਹਿਲੋਤ ਮੰਤਰੀ ਮੰਡਲ ਦਾ ਪੁਨਰਗਠਨ

ਮਿਸ਼ਰਾ ਨੇ 11 ਕੈਬਨਿਟ ਤੇ ਚਾਰ ਰਾਜ ਮੰਤਰੀਆਂ ਨੂੰ ਦਵਾਈ ਸਹੁੰ

ਜੈਪੁਰ (ਸੱਚ ਕਹੂੰ ਬਿਊਰੋ )। ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ ਅੱਜ ਰਾਜ ਭਵਨ ਵਿੱਚ 11 ਕੈਬਨਿਟ ਮੰਤਰੀਆਂ ਅਤੇ ਚਾਰ ਰਾਜ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਜਿਵੇਂ ਹੀ ਰਾਜਪਾਲ ਨੇ ਰਾਜ ਭਵਨ ਦੇ ਖਚਾਖਚ ਭਰੇ ਹਾਲ ਵਿੱਚ ਸਹੁੰ ਚੁੱਕਣ ਲਈ ਪਹਿਲੇ ਮੰਤਰੀ ਹੇਮਾਰਾਮ ਚੌਧਰੀ ਦਾ ਨਾਂਅ ਲਿਆ ਤਾਂ ਵਰਕਰਾਂ ਦੀਆਂ ਤਾੜੀਆਂ ਅਤੇ ਨਾਅਰੇ ਗੂੰਜ ਉੱਠੇ। ਇਹ ਨਾਅਰੇਬਾਜ਼ੀ ਦਾ ਸਿਲਸਿਲਾ ਸਹੁੰ ਚੁੱਕ ਪ੍ਰੋਗਰਾਮ ਦੀ ਸਮਾਪਤੀ ਤੱਕ ਜਾਰੀ ਰਿਹਾ। ਮਿਸ਼ਰਾ ਨੇ ਹੇਮਾਰਾਮ ਚੌਧਰੀ, ਮਹਿੰਦਰ ਸਿੰਘ ਮਾਲਵੀਆ, ਰਾਮਲਾਲ ਜਾਟ, ਮਹੇਸ਼ ਜੋਸ਼ੀ, ਵਿਸ਼ਵੇਂਦਰ ਸਿੰਘ, ਰਮੇਸ਼ ਮੀਨਾ, ਗੋਵਿੰਦ ਰਾਮ ਮੇਘਵਾਲ ਅਤੇ ਸ਼ਕੁੰਤਲਾ ਰਾਵਤ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ।

ਮਿਸ਼ਰਾ ਨੇ ਸਾਬਕਾ ਕੈਬਨਿਟ ਮੰਤਰੀਆਂ ਮਮਤਾ ਭੂਪੇਸ਼, ਭਜਨਲਾਲ ਜਾਟਵ ਅਤੇ ਟਿਕਰਾਮ ਜੂਲੀ ਨੂੰ ਕੈਬਨਿਟ ਮੰਤਰੀਆਂ ਦੀ ਸਹੁੰ ਚੁਕਾਈ, ਜਦਕਿ ਬ੍ਰਿਜੇਂਦਰ ਸਿੰਘ ਓਲਾ, ਮੁਰਾਰੀਲਾਲ ਮੀਨਾ, ਰਾਜਿੰਦਰ ਗੁੜਾ ਅਤੇ ਜ਼ਾਹਿਦਾ ਖਾਨ ਨੂੰ ਰਾਜ ਮੰਤਰੀ ਵਜੋਂ ਸਹੁੰ ਚੁਕਾਈ ਗਈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਿਹਤ ਮੰਤਰੀ ਰਘੂ ਸ਼ਰਮਾ, ਮਾਲ ਮੰਤਰੀ ਹਰੀਸ਼ ਚੌਧਰੀ ਅਤੇ ਸਿੱਖਿਆ ਰਾਜ ਮੰਤਰੀ ਗੋਵਿੰਦ ਸਿੰਘ ਦੋਤਸਰਾ ਸਮੇਤ ਤਿੰਨ ਮੰਤਰੀਆਂ ਦੇ ਅਸਤੀਫੇ ਲੈ ਲਏ ਹਨ। ਸਹੁੰ ਚੁੱਕ ਸਮਾਗਮ ਵਿੱਚ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਜੇ ਮਾਕਨ, ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਦੋਤਸਰਾ ਵੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ