ਪੰਜਾਬ ‘ਚ ਰੇਸ਼ਮ ਕੀਟ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਰਾਜ ਪੱਧਰੀ ਵਰਕਸ਼ਾਪ ਲਾਈ

Punjab,State-level, Workshop ,Launched , Silkworms

ਕੁਲਵੰਤ ਕੋਟਲੀ/ਮੋਹਾਲੀ। ਪੰਜਾਬ ਵਿੱਚ ਰੇਸ਼ਮ ਕੀਟ ਪਾਲਣ (ਸੈਰੀਕਲਚਰ) ਦੇ ਵਿਕਾਸ ਤੇ ਖੇਤੀਬਾੜੀ ਦੇ ਇਸ ਸਹਿਯੋਗੀ ਕਿੱਤੇ ਨੂੰ ਦਰਪੇਸ਼ ਔਕੜਾਂ ਦੇ ਹੱਲ ਲੱਭਣ ਲਈ ਬਾਗ਼ਬਾਨੀ ਵਿਭਾਗ ਪੰਜਾਬ ਵੱਲੋਂ ਰਾਜ ਪੱਧਰੀ ਵਰਕਸ਼ਾਪ ਕਰਵਾਈ ਗਈ, ਜਿਸ ‘ਚ ਛੇ ਸੂਬਿਆਂ ਤੋਂ ਪੁੱਜੇ ਮਾਹਿਰਾਂ, ਸਾਇੰਸਦਾਨਾਂ, ਅਧਿਕਾਰੀਆਂ ਤੇ ਰੇਸ਼ਮ ਕੀਟ ਪਾਲਕਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਵੱਖ-ਵੱਖ ਤਕਨੀਕੀ ਸੈਸ਼ਨਾਂ ਵਿੱਚ ਕੇਂਦਰੀ ਰੇਸ਼ਮ ਬੋਰਡ, ਭਾਰਤ ਸਰਕਾਰ ਦੇ ਸਾਇੰਸਦਾਨਾਂ ਵੱਲੋਂ ਰੇਸ਼ਮ ਕੀਟ ਪਾਲਣ ਦੇ ਕਿੱਤੇ ਸਬੰਧੀ ਸਮੁੱਚੀ ਤਕਨੀਕੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਗਈ।

ਮੁੱਖ ਮਹਿਮਾਨ ਰਜਿਤ ਰੰਜਨ ਆਖਨਡੀਅਰ, ਆਈਐੱਫਐੱਸ, ਮੈਂਬਰ ਸਕੱਤਰ, ਕੇਂਦਰੀ ਰੇਸ਼ਮ ਬੋਰਡ ਭਾਰਤ ਸਰਕਾਰ ਸ਼ਾਮਲ ਹੋਏ ਜਦਕਿ ਆਰ ਕੇ ਸਿਨਹਾ, ਉਪ ਸਕੱਤਰ (ਤਕਨੀਕੀ), ਕੇਂਦਰੀ ਰੇਸ਼ਮ ਬੋਰਡ ਨਵੀਂ ਦਿੱਲੀ, ਸੀ ਐੱਮ ਵਾਜਪਈ, ਸਾਇੰਟਿਸਟ-ਡੀ ਤੇ ਸੈਰੀਕਲਚਰ ਨੋਡਲ ਅਫ਼ਸਰ, ਕੇਂਦਰੀ ਰੇਸ਼ਮ ਬੋਰਡ ਬੰਗਲੌਰ, ਸੁਜੀਤ ਸਿੰਘ, ਡਾਇਰੈਕਟਰ ਖਾਦੀ ਤੇ ਵਿਲੇਜ ਇੰਡਸਟਰੀ ਕਮਿਸ਼ਨ ਚੰਡੀਗੜ੍ਹ, ਡਾ. ਸੁਖੇਨ ਰਾਏ ਚੌਧਰੀ, ਡਾਇਰੈਕਟਰ, ਸੀ. ਐੱਸ. ਆਰ ਐਂਡ ਟੀ. ਆਈ. ਜੰਮੂ, ਡਾ. ਸਰਦਾਰ ਸਿੰਘ, ਸਾਇੰਟਿਸਟ-ਡੀ, ਆਰ. ਐੱਸ. ਆਰ. ਐੱਸ. ਜੰਮੂ, ਡਾ. ਸੁਰਿੰਦਰ ਭੱਟ, ਸਾਇੰਟਿਸਟ-ਡੀ, ਐਸ. ਟੀ. ਐੱਸ. ਸੀ. ਜੰਮੂ, ਡਾ. ਵੀ. ਪੀ. ਗੁਪਤਾ, ਸਾਇੰਟਿਸਟ-ਡੀ, ਐੱਸ. ਐੱਸ. ਪੀ. ਸੀ. ਦੇਹਰਾਦੂਨ ਅਤੇ ਡਾ. ਪੁਰੋਹਿਤ, ਸਾਇੰਟਿਸਟ, ਐੱਸ. ਆਰ. ਐੱਸ. ਹਿਮਾਚਲ ਪ੍ਰਦੇਸ਼ ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ।

ਇਸ ਤੋਂ ਇਲਾਵਾ ਪੰਜਾਬ, ਜੰਮੂ ਤੇ ਹਿਮਾਚਲ ਪ੍ਰਦੇਸ਼ ਦੇ ਲਗਭਗ 50 ਰੇਸ਼ਮ ਕੀਟ ਪਾਲਕਾਂ ਵੱਲੋਂ ਭਾਗ ਲਿਆ। ਮੁੱਖ ਮਹਿਮਾਨ ਸ਼੍ਰੀ ਆਖਨਡੀਅਰ ਨੇ ਦੱਸਿਆ ਕਿ ਪੰਜਾਬ ਦੇ ਕੰਢੀ ਇਲਾਕਿਆਂ ਵਿੱਚ ਰੇਸ਼ਮ ਕੀਟ ਪਾਲਣ ਕਿੱਤੇ ਦੇ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਸੈਰੀਕਲਚਰ ਨਾਲ ਸਬੰਧਿਤ ਭਾਰਤ ਸਰਕਾਰ ਦੀਆਂ ਸਕੀਮਾਂ ਅਧੀਨ ਕਿਸਾਨਾਂ ਨੂੰ ਦਿੱਤੀ ਜਾ ਰਹੀ ਤਕਨੀਕੀ ਤੇ ਵਿੱਤੀ ਸਹਾਇਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਪੰਜਾਬ ‘ਚ ਸੈਰੀਕਲਚਰ ਕਿੱਤੇ ਨੂੰ ਪ੍ਰਫੁੱਲਿਤ ਕਰਨ ਸਬੰਧੀ ਡਾਇਰੈਕਟਰ ਬਾਗ਼ਬਾਨੀ ਪੰਜਾਬ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ। ਸ੍ਰੀ ਆਖਨਡੀਅਰ ਨੇ ਪੰਜਾਬ ਵਿੱਚ ਇਸ ਕਿੱਤੇ ਦੇ ਵਧੇਰੇ ਵਿਕਾਸ ਲਈ ਯਤਨ ਕਰਨ ਤੋਂ ਇਲਾਵਾ ਰਾਜ ਵਿੱਚ ਹੋ ਰਹੀ ਕਾਕੂਨ ਪੈਦਾਵਾਰ ਦੇ ਬਿਹਤਰ ਮੰਡੀਕਰਨ ਲਈ ਭਾਰਤ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਸਬੰਧੀ ਵਿਸ਼ਵਾਸ ਦਿਵਾਇਆ।

ਸ਼ੈਲਿੰਦਰ ਕੌਰ ਡਾਇਰੈਕਟਰ ਬਾਗ਼ਬਾਨੀ ਪੰਜਾਬ ਤੇ ਗੁਲਾਬ ਸਿੰਘ ਗਿੱਲ, ਸੰਯੁਕਤ ਡਾਇਰੈਕਟਰ ਬਾਗ਼ਬਾਨੀ ਪੰਜਾਬ ਨੇ ਪਤਵੰਤਿਆਂ ਦਾ ਸਵਾਗਤ ਕੀਤਾ। ਵੱਖ-ਵੱਖ ਰਾਜਾਂ ਤੋਂ ਪੁੱਜੇ ਕੇਂਦਰ ਰੇਸ਼ਮ ਬੋਰਡ ਦੇ ਸਾਇੰਸਦਾਨਾਂ ਵੱਲੋਂ ਤੂਤਾਂ ਦੀ ਖੇਤੀ, ਰੇਸ਼ਮ ਬੀਜ ਦੀ ਪੈਦਾਵਾਰ ਤੇ ਰੱਖ-ਰਖਾਅ, ਰੇਸ਼ਮ ਕੀੜਿਆਂ ਦਾ ਪਾਲਣ ਪੋਸ਼ਣ, ਕਾਕੂਨ ਦੀ ਪੈਦਾਵਾਰ ਤੇ ਮੰਡੀਕਰਣ ਅਤੇ ਰੇਸ਼ਮ ਕੀਟ ਪਾਲਕਾਂ ਨੂੰ ਇਸ ਕਿੱਤੇ ਵਿੱਚ ਆ ਰਹੀਆਂ ਔਕੜਾਂ ਦੇ ਹੱਲ ਆਦਿ ਵਿਸ਼ਿਆਂ ‘ਤੇ ਜਾਣਕਾਰੀ ਸਾਂਝੀ ਕੀਤੀ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।