ਪੰਜਾਬ 1 ਮਈ ਤੱਕ ਕਰਫਿਊ ਤਾਂ 10 ਮਈ ਤੱਕ ਸਕੂਲਾਂ ‘ਚ ਰਹਿਣਗੀਆਂ ਛੁੱਟੀਆਂ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਪਹਿਲਾਂ ਐਲਾਨ, 11 ਮਈ ਤੋਂ ਖੁੱਲ੍ਹਣਗੇ ਸਕੂਲ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਲਗੇ ਕਰਫਿਊ ਵਿੱਚ 21 ਦਿਨ ਦਾ ਵਾਧਾ ਕਰਦੇ ਹੋਏ 1 ਮਈ ਤੱਕ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਅਤੇ ਇਥੇ ਹੀ ਸਿੱਖਿਆ ਵਿਭਾਗ ਨੇ 10 ਮਈ ਤੱਕ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਸੁਣਾ ਦਿੱਤਾ ਹੈ।

ਮੁੱਖ ਮੰਤਰੀ ਵੱਲੋਂ ਕਰਫਿਊ ਵਿੱਚ ਵਾਧਾ ਕਰਨ ਦਾ ਐਲਾਨ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ। ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਕੋਵਿਡ-19 ਦੇ ਕਮਿਊਨਿਟੀ ਵਿੱਚ ਫੈਲਾਅ ਹੋ ਸਕਦਾ ਹੈ ਅਤੇ ਇਸ ਖ਼ਤਰੇ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਸੂਬੇ ਵਿੱਚ ਪਹਿਲੀ ਮਈ, 2020 ਤੱਕ ਕਰਫਿਊ ਵਧਾਉਣ ਦਾ ਫੈਸਲਾ ਕੀਤਾ।

ਇਥੇ ਹੀ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਦੇ ਚਲਦੇ ਕਰਫਿਊ ਦੌਰਾਨ ਸਕੂਲਾਂ ਨੂੰ ਖੋਲ੍ਹਣ ਦਾ ਖ਼ਤਰਾ ਮੁੱਲ ਨਹੀਂ ਲਿਆ ਜਾ ਸਕਦਾ ਹੈ, ਇਸ ਲਈ ਪੰਜਾਬ ਵਿੱਚ 10 ਮਈ ਤੱਕ ਸਾਰੇ ਸਕੂਲ ਮੁਕੰਮਲ ਤੌਰ ‘ਤੇ ਬੰਦ ਰਹਿਣਗੇ। ਉਨ੍ਹਾਂ ਦੱਸਿਆ ਕਿ ਇਸ ਸਾਮ ਮਈ ਜੂਨ ਵਿੱਚ ਹੋਣ ਵਾਲੀ ਗਰਮੀਆਂ ਦੀ ਛੁੱਟੀਆਂ ਨਹੀਂ ਹੋਣਗੀਆਂ ਅਤੇ ਇਨ੍ਹਾਂ ਛੁੱਟੀਆਂ ਨੂੰ ਹੀ ਗਰਮੀ ਦੀਆਂ ਛੁੱਟੀਆਂ ਮੰਨਦੇ ਹੋਏ ਵਿਦਿਆਰਥੀ 11 ਮਈ ਤੋਂ ਸਕੂਲਾਂ ਵਿੱਚ ਆਉਣਗੇ ਅਤੇ ਸਕੂਲਾਂ ਨੂੰ ਰੈਗੂਲਰ ਖੋਲ੍ਹਿਆ ਜਾਏਗਾ।

ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਤਾਂ ਜੋ ਇਸ ਮਹਾਂਮਾਰੀ ਦੇ ਕਮਿਊਨਿਟੀ ਫੈਲਾਅ ਨੂੰ ਰੋਕਿਆ ਜਾ ਸਕੇ ਅਤੇ ਕਣਕ ਦੀ ਵਾਢੀ/ਖਰੀਦ ਦੇ ਸੀਜ਼ਨ ਦੇ ਚੱਲਦਿਆਂ ਮੰਡੀਆਂ ਵਿੱਚ ਭੀੜ ਹੋਣ ਤੋਂ ਬਚਾਅ ਕੀਤਾ ਜਾ ਸਕੇ।

ਸਰਕਾਰੀ ਬੁਲਾਰੇ ਅਨੁਸਾਰ ਅਮਰਿੰਦਰ ਸਿੰਘ ਇਸ ਫੈਸਲੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਨਿੱਚਰਵਾਰ ਹੋਣ ਵਾਲੀ ਮੁੱਖ ਮੰਤਰੀਆਂ ਦੀ ਵੀਡਿਓ ਕਾਨਫਰੰਸਿੰਗ ਵਿੱਚ ਵੀ ਜਾਣੂੰ ਕਰਵਾਉਣਗੇ।

ਆਉਣ ਵਾਲੇ ਹਫਤਿਆਂ ਵਿੱਚ ਮਹਾਂਮਾਰੀ ਦੇ ਫੈਲਣ ਦੇ ਗੰਭੀਰ ਖ਼ਦਸ਼ਿਆਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਰਫਿਊ ਬੰਦਸ਼ਾਂ ਬਹੁਤ ਜ਼ਰੂਰੀ ਸਨ ਤਾਂ ਜੋ ਮੈਡੀਕਲ ਢਾਂਚੇ ਉੱਤੇ ਉਸ ਦੀ ਸਮਰੱਥਾ ਤੋਂ ਵੱਧ ਬੋਝ ਨਾ ਪੈ ਸਕੇ। ਉਨ੍ਹਾਂ ਕਿਹਾ ਕਿ ਮੈਡੀਕਲ ਭਾਈਚਾਰੇ ਵਿੱਚ ਇਹ ਇਕ ਆਮ ਵਿਚਾਰ ਹੈ ਕਿ ਲੌਕਡਾਊਨ ਹੀ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਤੋਂ ਬਚਾਅ ਕਰ ਸਕਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਬਿਮਾਰੀ ਨੂੰ ਰੋਕਣ ਵਾਲੀ ਕੋਈ ਦਵਾਈ/ਇਲਾਜ ਮਿਲ ਸਕੇ।

ਮੁੱਖ ਮੰਤਰੀ ਦੇ ਪ੍ਰਸਤਾਵ ‘ਤੇ ਮੰਤਰੀ ਮੰਡਲ ਨੇ ਫੈਸਲਾ ਕੀਤਾ ਕਿ ਕਰਫਿਊ/ਲੌਕਡਾਊਨ ਤੋਂ ਹੌਲੀ ਹੌਲੀ ਬਾਹਰ ਲਿਆਉਣ ਲਈ ਨੀਤੀ ਘੜਨ ਵਾਸਤੇ ਬਹੁ-ਮੰਤਵੀ ਟਾਸਕ ਫੋਰਸ ਬਣਾਈ ਜਾਵੇ। ਟਾਸਕ ਫੋਰਸ 10 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਟਾਸਕ ਫੋਰਸ ਵਿੱਚ 15 ਮੈਂਬਰ ਹੋਣਗੇ ਜਿਹੜੇ ਵਪਾਰ, ਕਾਰੋਬਾਰ, ਉਦਯੋਗ, ਖੇਤੀਬਾੜੀ, ਸਿਵਲ ਸੁਸਾਇਟੀ ਤੇ ਸਿਹਤ ਸੰਭਾਲ ਖੇਤਰਾਂ ਦੀ ਨੁਮਾਇੰਦਗੀ ਕਰਨਗੇ। ਮੁੱਖ ਮੰਤਰੀ ਨੂੰ ਟਾਸਕ ਫੋਰਸ ਦੀ ਰਚਨਾ ਬਾਰੇ ਫੈਸਲਾ ਲੈਣ ਲਈ ਅਧਿਕਾਰਤ ਕੀਤਾ।

ਨੌਵੀਂ ਅਤੇ ਗਿਆਰਵੀਂ ਦੇ ਵਿਦਿਆਰਥੀ ਹੋਣਗੇ ਪਾਸ

ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਐਲਾਨ ਕੀਤਾ ਗਿਆ ਹੈ ਕਿ ਕਰਫਿਊ ਤੋਂ ਪਹਿਲਾਂ ਨੌਵੀਂ ਅਤੇ ਗਿਆਰਵੀਂ ਦੇ ਵਿਦਿਆਰਥੀਆਂ ਵਲੋਂ ਦਿੱਤੀ ਗਈ ਪਰੀਖਿਆਵਾਂ ਅਤੇ ਅਸਾਈਨਮੈਂਟਾ ਦੇ ਆਧਾਰ ‘ਤੇ ਉਨ੍ਹਾਂ ਨੂੰ ਅਗਲੀ ਕਲਾਸ ਵਿੱਚ ਪਰਮੋਟ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਪਾਸ ਸਮਝਿਆ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।