ਪੰਜਾਬ ਐੱਸਸੀ ਕਮਿਸ਼ਨ ਨੇ ਦਲਿਤ ਪਰਿਵਾਰ ‘ਤੇ ਹਮਲੇ ਦਾ ਲਿਆ ਸੂ-ਮੋਟੋ ਨੋਟਿਸ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਬੀਤੇ ਦਿਨੀਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਲਸੌਰ ਵਿਖੇ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਇੱਕ 32 ਸਾਲਾ ਦਲਿਤ ਨੌਜਵਾਨ ਸੁਰਜੀਤ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰਨ ਤੇ ਪਰਿਵਾਰ ‘ਤੇ ਹਮਲਾ ਕਰਨ ਦੇ ਮਾਮਲੇ ਦਾ ਸੂ-ਮੋਟੋ ਨੋਟਿਸ ਲੈਂਦਿਆਂ ਐੱਸਐੱਸਪੀ ਤਰਨਤਾਰਨ ਤੇ ਡਾਇਰੈਕਟਰ, ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ, ਚੰਡੀਗੜ੍ਹ ਨੂੰ ਤਲਬ ਕਰ ਲਿਆ ਹੈ।

ਪੰਜਾਬ ਐੱਸਸੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ‘ਚ ਵਿਧਾਨ ਸਭਾ ਚੋਣਾਂ ਦੇ ਦਿਨਾਂ ਦੌਰਾਨ ਇੱਕ ਦਲਿਤ ਪਰਿਵਾਰ ‘ਤੇ ਹੋਇਆ ਹਮਲਾ ਮੰਦਭਾਗਾ ਹੈ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਮਿਲੀ ਹੈ ਕਿ ਮੁਲਜ਼ਮਾਂ ਵਿਰੁੱਧ ਦਰਜ ਕੀਤੀ ਗਈ ਐੱਫਆਈਆਰ ‘ਚ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਅੱਤਿਆਚਾਰ ਨਿਵਾਰਨ ਐਕਟ-1989 ਦੇ ਉਪਬੰਧ ਸ਼ਾਮਲ ਨਹੀਂ ਕੀਤੇ ਗਏ।

ਬਾਘਾ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਦੌਰਾਨ ਸਾਰੇ ਹਥਿਆਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਮ੍ਹਾ ਕਰਵਾ ਲਏ ਜਾਂਦੇ ਹਨ ਤੇ ਦੋਸ਼ੀਆਂ ਨੇ ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ, ਇਹ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ 28 ਫਰਵਰੀ ਨੂੰ ਐੱਸਐੱਸਪੀ ਤਰਨਤਾਰਨ ਤੇ ਡਾਇਰੈਕਟਰ, ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ, ਚੰਡੀਗੜ੍ਹ ਨੂੰ ਮਾਮਲੇ ਸਬੰਧੀ ਸਮੁੱਚੀ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ