ਲੰਬੀ ਤੇ ਪਟਿਆਲਾ ‘ਚ ਰੈਲੀਆਂ ਰਾਹੀਂ ਭਖੇਗੀ ਪੰਜਾਬ ਦੀ ਸਿਆਸਤ 

Punjab Politics, Wanders, Through, Rallies, Lambi, Patiala

ਨਰਾਜ਼ਗੀਆਂ ਦੇ ਦੌਰ ‘ਚ ਸੁਖਬੀਰ ਦੀ ਪਰਖ਼ ਅੱਜ

ਕੈਪਟਨ ਦੇ ਗੜ੍ਹ ‘ਚ ਦਹਾੜਨ ਲਈ ਅਕਾਲੀ ਦਲ ਦੀ ਸਟੇਜ ਸਜ ਕੇ ਤਿਆਰ

ਅਕਾਲੀ ਦਲ ਨੇ 70 ਹਜ਼ਾਰ ਕੁਰਸੀਆ ਲਾਉਣ ਦਾ ਕੀਤਾ ਦਾਅਵਾ

ਅਕਾਲੀ ਦਲ ਦੀਆਂ ਗੱਡੀਆਂ ਨੂੰ ਟੋਲ ਟੈਕਸ ਦੀ ਹੋਵੇਗੀ ਛੋਟ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ‘ਚ ਗਰਜ਼ਣ ਲਈ ਅਕਾਲੀ ਦਲ ਦੀ ਸਟੇਜ ਸਜ ਕੇ ਤਿਆਰ ਹੈ।   ਉਧਰ ਕਾਂਗਰਸ ਵੱਲੋਂ ਅਕਾਲੀ ਦਲ ਦੇ ਕਿਲ੍ਹੇ ਵਿੱਚ ਰੈਲੀ ਕਰਕੇ ਬਾਦਲਾਂ ਨੂੰ ਵੰਗਾਰਿਆ ਜਾਵੇਗਾ। ਕੱਲ੍ਹ ਦਾ ਦਿਨ ਰੈਲੀਆਂ ਕਰਕੇ ਪੰਜਾਬ ਦੀ ਸਿਆਸਤ ਨੂੰ ਭਖਾਉਣ ਵਾਲਾ ਦਿਨ ਸਾਬਤ ਹੋਵੇਗਾ। ਇੱਧਰ ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਇਹ ਰੈਲੀਆਂ ਆਮ ਜਨਤਾ ਨਾਲ ਜੁੜੇ ਮੁੱਦਿਆਂ ਤੋਂ ਭਟਕਾਉਣ ਦਾ ਜਰੀਆ ਹਨ।

ਉਂਜ ਕੁਝ ਦੂਜੀਆਂ ਧਿਰਾਂ ਵੱਲੋਂ ਰੋਸ ਮਾਰਚ ਕੀਤਾ ਜਾ ਰਿਹਾ ਹੈ। ਇਸ ਰੈਲੀ ਨੂੰ ਸੁਖਬੀਰ ਬਾਦਲ ਦੀ ਅਗਨੀ ਪ੍ਰੀਖਿਆ ਮੰਨਿਆ ਜਾਵੇਗਾ ਕਿਉਂਕਿ ਇਸ ਮੌਕੇ ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਸ੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਦੇ ਗੈਰ-ਹਾਜ਼ਰ ਰਹਿਣ ਦੇ ਕਿਆਸ ਲਾਏ ਜਾ ਰਹੇ ਹਨ

ਜਾਣਕਾਰੀ ਅਨੁਸਾਰ ਅਕਾਲੀ ਦਲ ਵੱਲੋਂ ਕੈਪਟਨ ਦੇ ਜ਼ਿਲ੍ਹੇ ‘ਚ ਜਬਰ ਵਿਰੋਧੀ ਰੈਲੀ ਲਈ ਆਪਣੀ ਅੱਡੀ ਚੋਟੀ ਦੀ ਤਾਕਤ ਝੋਂਕੀ ਗਈ ਹੈ ਅਤੇ ਅਕਾਲੀ ਆਗੂ ਕੱਲ ਦੀ ਰੈਲੀ ਲਈ ਪੱਬਾਂ ਭਾਰ ਹਨ। ਅੱਜ ਸ਼ਾਮ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੱਗੀ ਸਟੇਜ ਸਮੇਤ ਹੋਰ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਇਹ ‘ਜਬਰ ਵਿਰੋਧੀ ਰੈਲੀ’ ਪਟਿਆਲਾ ਤੋਂ 12 ਕਿਲੋਮੀਟਰ ਦੂਰ ਪਿੰਡ ਮਹਿਮਦਪੁਰ ਦੀ ਮੰਡੀ ‘ਚ ਕੀਤੀ ਜਾ ਰਹੀ ਹੈ।

ਇੱਥੇ ਅਕਾਲੀ ਦਲ ਵੱਲੋਂ ਲਗਭਗ 14 ਏਕੜ ‘ਚ ਪੰਡਾਲ ਲਾਉਣ ਦਾ ਦਾਅਵਾ ਕੀਤਾ ਗਿਆ ਹੈ। ਕਈ ਏਕੜ ‘ਚ ਪਾਰਕਿੰਗ ਲਈ ਥਾਂ ਤਿਆਰ ਕੀਤੀ ਗਈ ਹੈ। ਕੁਝ ਪਾਰਕਿੰਗ ਲਈ ਜਗਾਂ ਆਪਣੇ ਸਮੱਰਥਕਾਂ ਦੀ ਜੀਰੀ ਵੱਢ ਕੇ ਤਿਆਰ ਕੀਤੀ ਗਈ ਹੈ। ਅਕਾਲੀ ਦਲ ਵੱਲੋਂ ਇੱਥੇ 70 ਹਜਾਰ ਕੁਰਸੀ ਲਾਉਣ ਦਾ ਦਾਅਵਾ ਕੀਤਾ ਗਿਆ ਹੈ।

ਰੈਲੀ ਦੇ ਪ੍ਰਬੰਧਾਂ ਦੀ ਪੂਰੀ ਦੇਖ-ਰੇਖ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਚਰਨਜੀਤ ਸਿੰਘ ਬਰਾੜ ਵੱਲੋਂ ਆਪਣੇ ਹੱਥਾਂ ਵਿੱਚ ਲਈ ਹੋਈ ਹੈ ਅਤੇ ਉਹ ਕਈ ਦਿਨਾਂ ਤੋਂ ਇੱਥੇ ਹੀ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਰੈਲੀ ਕੈਪਟਨ ਸਰਕਾਰ ਦਾ ਅਸਲ ਚਿਹਰਾ ਨੰਗਾ ਕਰੇਗੀ ਕਿ ਕਿਸ ਤਰ੍ਹਾਂ ਉਹ ਪੰਜਾਬ ਅੰਦਰ ਆਪਣੇ ਕੀਤੇ ਵਾਅਦਿਆ ਨੂੰ ਭੁਲਾ ਕੇ ਧਾਰਮਿਕ ਫਿਜਾ ਵਿੱਚ ਅੱਗ ਲਾ ਰਹੇ ਹਨ। ਇੱਧਰ ਸੁਖਬੀਰ ਸਿੰਘ ਬਾਦਲ ਵੱਲੋਂ ਰੈਲੀ ਵਾਲੀ ਥਾਂ ਪੰਡਾਲ, ਸਟੇਜ ਸਮੇਤ ਹੋਰ ਪ੍ਰਬੰਧਾਂ ਦਾ ਜਾਇਜਾਂ ਲਿਆ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।

ਉਨ੍ਹਾਂ ਦਾਅਵਾ ਕੀਤਾ ਕਿ ਪਟਿਆਲਾ ਦੀ ਇਹ ਰੈਲੀ ਕਾਂਗਰਸ ਦੇ ਜਬਰ ਜੁਲਮ ਖਿਲਾਫ਼ ਇਤਿਹਾਸਕ ਹੋਵੇਗੀ ਅਤੇ ਰੈਲੀ ਪੰਜਾਬ ਦੇ ਭਾਈਚਾਰੇ ਅਤੇ ਸਾਂਤੀ ਨੂੰ ਮਜ਼ਬੂਤ ਕਰੇਗੀ। ਇੱੱਧਰ ਜ਼ਿਲ੍ਹੇ ਅੰਦਰ ਅਕਾਲੀ ਦਲ ਵੱਲੋਂ ਰੈਲੀ ਨੂੰ ਲੈ ਕੇ ਬੈਨਰ ਅਤੇ ਫਲੈਕਸਾਂ ਦੀ ਹਨੇਰੀ ਲਿਆ ਦਿੱਤੀ ਹੈ, ਜਦਕਿ ਕਾਂਗਰਸ ਦੀ ਲੰਬੀ ਰੈਲੀ ਲਈ ਇੱਕਾ ਦੁੱਕਾ ਹੀ ਫਲੈਕਸ ਲੱਗੇ ਹੋਏ ਹਨ। ਉਂਜ ਕਾਂਗਸਰੀ ਆਗੂਆਂ ਮਦਨ ਲਾਲ ਜਲਾਲਪੁਰ ਨੇ ਦਾਅਵਾ ਕਰਦਿਆ ਕਿਹਾ ਕਿ ਕਿਲਿਆਂਵਾਲੀ ਦੀ ਰੈਲੀ ਵਿੱਚ ਜ਼ਿਲ੍ਹਾ ਪਟਿਆਲਾ ਤੋਂ ਵੱਡੀ ਗਿਣਤੀ ਕਾਂਗਰਸੀ ਵਰਕਰ ਸ਼ਾਮਲ ਹੋਣਗੇ ਅਤੇ ਬਾਦਲਾਂ ਦੇ ਗੜ੍ਹ ‘ਚ ਇਨ੍ਹਾਂ ਦੇ ਪੋਤੜੇ ਫਰੋਲੇ ਜਾਣਗੇ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਭਲੇ ਦੇ ਹਾਮੀ ਹਨ ਅਤੇ ਮੁੱਦਿਆ ਦੀ ਹੀ ਰਾਜਨੀਤੀ ਕਰਦੇ ਹਨ। ਇੱਧਰ ਰਾਜਸੀ ਪੰਡਿਤਾ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਤਾ ਰੈਲੀਆਂ ਕਰਦੀ ਦੇਖੀ ਹੈ, ਪਰ ਸਰਕਾਰਾਂ ਰੈਲੀ ਕਰਦੀਆਂ ਹੋਣ, ਇਹ ਘੱਟ ਦੇਖਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਸਿਰਫ਼ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਮਿੱਟੀ ਪਾਉਣ ਲਈ ਹੀ ਇਸ ਰੈਲੀ ਨੂੰ ਕੀਤਾ ਜਾ ਰਿਹਾ ਹੈ, ਜੋਂ ਕਿ ਪੰਜਾਬ ਦੀ ਚੰਗਾ ਨਹੀਂ ਹੈ।

ਕਾਂਗਰਸ ਨੇ ਬਣਾਇਆ 875 ਫੁੱਟ ਲੰਬਾ 270 ਫੁੱਟ ਚੌੜਾ ਪੰਡਾਲ, ਨਹੀਂ ਲਾਈਆਂ ਕੁਰਸੀਆਂ

ਮੇਵਾ ਸਿੰਘ, ਲੰਬੀ 

ਪੰਜਾਬ ਕਾਂਗਰਸ ਵੱਲੋਂ ਮੰਡੀ ਕਿੱਲਿਆਂਵਾਲੀ ਵਿੱਚ ਕੀਤੀ ਜਾ ਰਹੀ ਰੈਲੀ ਲਈ ਵੀ ਪੰਡਾਲ ਸਜ ਚੁੱਕਿਆ ਹੈ ਕਿਉਂਕਿ ਇਸ ਰੈਲੀ ‘ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸੰਬੋਧਨ ਕਰਨਗੇ, ਜਿਸ ਲਈ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ  ਪੰਜਾਬ ਪੁਲਿਸ ਵੱਲੋਂ ਰੈਲੀ ਦੇ ਆਸੇ ਪਾਸੇ ਤੇ ਸਾਰੇ ਇਲਾਕੇ ਵਿਚ ਸੁਰੱਖਿਆ ਦੇ ਪੂਰੇ ਇੰਤਜਾਮ ਕੀਤੇ ਹੋਏ ਹਨ, ਰੈਲੀ ਵਾਲੀ ਜਗ੍ਹਾ ਦਾ ਆਸਾ-ਪਾਸਾ ਪੁਲਿਸ  ਛਾਉਣੀ ਵਿੱਚ ਬਦਲਿਆ ਨਜਰ ਆ ਰਿਹਾ ਹੈ।

ਪੰਜਾਬ ਕਾਂਗਰਸ ਵੱਲੋਂ ਮੰਡੀ ਕਿੱਲਿਆਂਵਾਲੀ ਵਿੱਚ 2 ਲੱਖ ਦਾ ਇਕੱਠ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਰੈਲੀ ਵਾਲੇ ਪੰਡਾਲ ਦੀ ਲੰਬਾਈ 875 ਫੁੱਟ ਅਤੇ ਚੌੜਾਈ 270 ਫੁੱਟ ਦੱਸੀ ਜਾ ਰਹੀ ਹੈ। ਵਿਸ਼ੇਸ ਗੱਲ ਇਹ ਹੈ ਕਿ ਰੈਲੀ ਵਾਲੀ ਜਗ੍ਹਾ ‘ਤੇ ਕੁਰਸੀਆਂ ਨਹੀਂ ਲਾਈਆਂ ਗਈਆਂ ਤੇ ਰੈਲੀ ਵਿੱਚ ਪਹੁੰਚਣ ਵਾਲੇ ਲੋਕ ਥੱਲੇ ਦਰੀਆਂ ‘ਤੇ ਬੈਠਕੇ ਹੀ ਮੁੱਖ ਮੰਤਰੀ ਸਮੇਤ ਹੋਰ ਮੰਤਰੀਆਂ ਦੇ ਲੱਛੇਦਾਰ ਭਾਸ਼ਣ ਸੁਣਨਗੇ।

ਭਰੋਸੇਯੋਗ ਸੂਤਰਾਂ ਦੁਆਰਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਦੇ ਮੱਦੇ ਨਜਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ, ਜਿਲ੍ਹਾ ਫਾਜਿਲਕਾ, ਫਿਰੋਜਪੁਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ ਆਦਿ ਤੋਂ ਇਲਾਵਾ ਟਰੇਨਿੰਗ ਲੈ ਰਹੇ ਪੁਲਿਸ ਜੁਆਨਾਂ ਦੀਆਂ ਡਿਊਟੀਆਂ ਵੀ ਰੈਲੀ ਦੌਰਾਨ ਲਾਈਆਂ ਗਈਆਂ ਹਨ। ਰੈਲੀ ਵਿੱਚ ਆਉਣ ਵਾਲੇ ਵੱਡੇ ਵਾਹਨਾਂ ਲਈ ਬਠਿੰਡਾ-ਡੱਬਵਾਲੀ ਮੁੱਖ ਮਾਰਗ ਤੋਂ ਮੰਡੀ ਕਿੱਲਿਆਂਵਾਲੀ ਨੂੰ ਆਉਂਦੀ ਸੜਕ ਤੇ ਚਾਰ ਪਾਰਕਿੰਗਾਂ , ਮਲੋਟ-ਡੱਬਵਾਲੀ ਰੋਡ ਤੇ ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਦੇ ਸਾਹਮਣੇ ਇਕ ਪਾਰਕਿੰਗ ਅਤੇ ਇਸ ਤੋਂ ਇਲਾਵਾ ਸਬਜੀ ਮੰਡੀ ਅਤੇ ਪਸ਼ੂ ਮੰਡੀ ਕਿੱਲਿਆਂਵਾਲੀ ਵਿਚ 2 ਕਾਰ ਪਾਰਕਿੰਗਾਂ ਬਣਾਈਆਂ ਗਈਆਂ ਹਨ।

ਅੱਜ ਕੁਝ ਮੁਲਾਜਮ ਜਥੇਬੰਦੀਆਂ ਨੇ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਲੈਕੇ ਰੈਲੀ ਵਿੱਚ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਤਾਂ ਇੱਕ ਵਾਰ ਤਾਂ ਪੁਲਿਸ ਪ੍ਰਸਾਸਣ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਤੋਂ ਬਾਅਦ ਇਨ੍ਹਾਂ ਜਥੇਬੰਦੀ ਆਗੂਆਂ ਨੂੰ ਸਿਵਲ ਪ੍ਰਸਾਸਣ ਵੱਲੋਂ ਮੰਗਾਂ ਦੇ ਜਲਦ ਹੱਲ ਲਈ ਮੁੱਖ ਮੰਤਰੀ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਜਥੇਬੰਦੀਆਂ ਨੇ ਆਪਣਾ ਰੋਸ ਪ੍ਰਦਰਸ਼ਨ ਵਾਲਾ ਪ੍ਰੋਗਰਾਮ ਰੱਦਕਰ ਦਿੱਤਾ। ਪਰ ਫਿਰ ਵੀ ਪੁਲਿਸ ਪ੍ਰਸਾਸਣ ਰੈਲੀ ਦੌਰਾਨ ਸੰਘਰਸਸੀਲ ਜਥੇਬੰਦੀਆਂ ‘ਤੇ ਪੂਰੀ ਬਾਜ ਅੱਖ ਰੱਖੇਗਾ, ਤਾਂ ਕਿ ਕਿਸੇ ਤਰ੍ਹਾਂ ਦੀ ਗੜਬੜ ਨਾਲ ਅਮਨ ਕਾਨੂੰਨ ਦੀ ਸਥਿਤੀ ਨਾ ਬਿਗੜੇ।  ਇਸ ਸਬੰਧੀ ਜਿਲ੍ਹੇ ਦੇ ਐਸ.ਐਸ.ਪੀ. ਸ੍ਰ:ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਰੈਲੀ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ਵਿੱਚ ਕਾਬੂ ਰੱਖਿਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।