ਚੋਣ ਸਰਵੇਖਣਾਂ ਤੇ ਉਡਾਈ ਉਮੀਦਵਾਰਾਂ ਦੀ ਨੀਂਦ, ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੇ ਨਕਾਰੇ

Punjab Exit polls

ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ-ਆਪਣੇ ਜਿੱਤ ਦੇ ਕੀਤੇ ਦਾਅਵੇ (Punjab Exit Polls)

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਵੇਂ ਕਿ ਵਿਧਾਨ ਸਭਾ ਚੋਣਾਂ ਦੇ ਚੋਣ ਨਤੀਜ਼ਿਆਂ ਵਿੱਚ ਸਿਰਫ਼ ਇੱਕ ਦਿਨ ਹੀ ਬਾਕੀ ਰਹਿ ਗਿਆ ਹੈ, ਪਰ ਵੱਖ-ਵੱਖ ਚੈਨਲਾਂ ਵੱਲੋਂ ਦਿਖਾਏ ਗਏ ਐਗਜਿਟ ਪੋਲਾਂ ਨੇ ਪਾਰਟੀਆਂ ਅਤੇ ਉਮੀਦਵਾਰਾਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ। ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਧਿਰਾਂ ਵੱਲੋਂ ਇਨ੍ਹਾਂ ਚੋਣ ਸਰਵੇਖਣਾਂ ਨੂੰ ਨਕਾਰ ਦਿੱਤਾ ਗਿਆ ਹੈ। ਕਾਂਗਰਸੀ, ਬੀਜੇਪੀ ਅਤੇ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਇਹ ਚੋਣ ਸਰਵੇਖਣ ਅਸਲੀਅਤ ਤੋਂ ਕੋਹਾਂ ਦੂਰ ਹਨ। ਇਨ੍ਹਾਂ ਆਗੂਆਂ ਵੱਲੋਂ ਆਪਣੀ-ਆਪਣੀ ਜਿੱਤ ਦੇ ਦਾਅਵੇ ਠੋਕੇ ਗਏ।

ਜਾਣਕਾਰੀ ਅਨੁਸਾਰ ਚੋਣ ਨਤੀਜਿਆਂ ਦਾ ਦਿਨ ਬਰੂਹਾਂ ’ਤੇ ਆ ਗਿਆ ਹੈ, ਜਿਸ ਕਾਰਨ ਉਮੀਦਵਾਰਾਂ ਦੀ ਨਬਜ਼ ਤੇਜ ਹੋ ਗਈ ਹੈ। ਇੱਧਰ ਐਗਜਿਟ ਪੋਲਾਂ ਕਾਰਨ ਉਮੀਦਵਾਰਾਂ ਦੀ ਰਾਤਾਂ ਦੀ ਨੀਂਦ ਵੀ ਉੱਡ ਗਈ ਹੈ। ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਵੱਖ-ਵੱਖ ਟੀਵੀ ਚੈਨਲਾਂ ਵੱਲੋਂ ਦਿਖਾਏ ਗਏ ਐਗਜ਼ਿਟ ਪੋਲ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸੱਚਾਈ ਵੋਟ ਬਕਸਿਆਂ ਵਿੱਚ ਬੰਦ ਹੈ, ਜੋ 10 ਮਾਰਚ ਨੂੰ ਹੀ ਸਾਹਮਣੇ ਆਵੇਗੀ।

ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਨੂੰ ਨਤੀਜਾ ਨਹੀਂ ਮੰਨਿਆ ਜਾ ਸਕਦਾ, ਜਦ ਕਿ ਇਹ ਐਗਜ਼ਿਟ ਪੋਲ ਕਿਆਸ ਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ 20 ਫਰਵਰੀ ਨੂੰ ਵੋਟਾਂ ਪੈਣ ਤੋਂ ਪਹਿਲਾਂ ਹੀ ਲੋਕਾਂ ਨੇ ਆਪਣਾ ਮਨ ਬਦਲ ਲਿਆ ਸੀ ਇਸ ਕਰਕੇ ਵੱਡੇ ਫੇਰਬਦਲ ਦੇ ਸੰਕੇਤ ਮਿਲਣੇ ਸੁਰੂ ਹੋ ਗਏ ਸਨ। ਉਨ੍ਹਾਂ ਕਿਹਾ ਕਿ 10 ਮਾਰਚ ਨੂੰ ਆਉਣ ਵਾਲੇ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ, ਜਿਸ ਵਿੱਚ ਗੱਠਜੋੜ ਨੂੰ ਵੀ ਵੱਡਾ ਹੁੰਗਾਰਾ ਮਿਲਣ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਗੱਠਜੋੜ ਦੇ ਉਮੀਦਵਾਰਾਂ ਨੂੰ ਪਟਿਆਲਾ ਤੋਂ ਵੱਡੀ ਲੀਡ ਮਿਲੇਗੀ ਅਤੇ ਉਹ ਜੇਤੂ ਹੋ ਕੇ ਵਿਧਾਨ ਸਭਾ ਪਹੁੰਚਣਗੇ।

ਇੱਧਰ ਕਾਂਗਰਸ ਦੇ ਉਮੀਦਵਾਰ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਪੰਜਾਬ ਅੰਦਰ ਮੁੜ ਕਾਂਗਰਸ ਸਰਕਾਰ ਬਣੇਗੀ ਅਤੇ ਉਨ੍ਹਾਂ ਦੀ ਹੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣ ਸਰਵੇਖਣ ਮਹਿਜ ਆਮ ਆਦਮੀ ਪਾਰਟੀ ਲਈ ਦੋ ਦਿਨਾਂ ਦੀ ਖੁਸ਼ੀ ਦੇਣ ਵਾਲੇ ਜ਼ਰੂਰ ਹਨ, ਪਰ ਨਤੀਜੇ ਉਨ੍ਹਾਂ ਨੂੰ ਦੁਖੀ ਕਰਨਗੇ।

ਐਗਜ਼ਿਟ ਪੋਲ ਪਹਿਲਾਂ ਵੀ ਆਉਂਦੇ ਰਹੇ ਹਨ : ਸੁਰਜੀਤ ਸਿੰਘ ਰੱਖੜਾ

ਇਸੇ ਤਰ੍ਹਾਂ ਹੀ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਐਗਜ਼ਿਟ ਪੋਲ ਪਹਿਲਾਂ ਵੀ ਆਉਂਦੇ ਰਹੇ ਹਨ ਪ੍ਰੰਤੂ ਸੱਚਾਈ ਤੋਂ ਕੋਹਾਂ ਦੂਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਸਪਾ ਗੱਠਜੋੜ ਨੂੰ ਪੰਜਾਬ ਦੇ ਲੋਕਾਂ ਵੱਲੋਂ ਵੱਡਾ ਹੁੰਗਾਰਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗੀ। ਇੱਧਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਪਠਾਨਮਾਜਰਾ ਅਤੇ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਪੰਜਾਬ ਦੇ ਲੋਕਾਂ ਨੇ ਬਦਲਾਓ ’ਤੇ ਮੋਹਰ ਲਗਾ ਦਿੱਤੀ ਹੈ, ਬੱਸ 10 ਮਾਰਚ ਨੂੰ ਐਲਾਨ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਜੋ ਚੋਣ ਸਰਵੇਖਣ ਹਨ, ਉਹ ਜਿੱਤ ’ਤੇ ਮੋਹਰ ਲਗਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ