ਕਿਸਾਨ ਵਿਚਾਰਾ

ਕਿਸਾਨ ਵਿਚਾਰਾ
ਉਦਾਸੀ ਜਿਹੀ ਛਾਈ ਪਿੰਡ ਵਿਚ,
ਸ਼ਖ਼ਸ ਹੈ ਇੱਕ ਮਰ ਗਿਆ
ਕਰਜ਼ਾਈ ਸੀ ਕਿਸਾਨ ਵਿਚਾਰਾ,
ਖੁਦਕੁਸ਼ੀ ਅੱਜ ਕਰ ਗਿਆ
ਜਦ ਭਾਈਆਂ ‘ਚ ਹੋਈ ਵੰਡ-ਵੰਡਾਈ,
ਜ਼ਮੀਨ ਦੇ ਸੀ ਟੋਟੇ-ਟੋਟੇ ਹੋ ਗਏ
ਵਧਦੀਆਂ ਜਾ ਰਹੀਆਂ ਸਨ ਲੋੜਾਂ,
ਪਰ ਆਮਦਨ ਦੇ ਵਸੀਲੇ ਛੋਟੇ-ਛੋਟੇ ਹੋ ਗਏ
ਥੋੜ੍ਹੀਆਂ ਕਮਾਈਆਂ ਨਾਲ ਦੱਸੋ,
ਕਿਸ ਦਾ ਹੈ ਡੰਗ ਸਰ ਗਿਆ
ਕਰਜਾਈ ਸੀ ਕਿਸਾਨ ਵਿਚਾਰਾ…
ਖਰਚੇ ਪੂਰੇ ਕਰਨ ਲਈ ਫਿਰ,
ਸ਼ਾਹੂਕਾਰ ਤੇ ਬੈਂਕਾਂ ਤੋਂ ਕਰਜ ਲਏ
ਪਰ ਜ਼ਿਆਦਾ ਕਮਾਈ ਨਾ ਹੋਣ ਕਰਕੇ,
ਸਮੇਂ ਸਿਰ ਨਾ ਉਹ ਮੋੜੇ ਗਏ
ਪ੍ਰੇਸ਼ਾਨ ਰਹਿੰਦਾ ਸੀ ਇਸੇ ਕਰਕੇ,
ਦਿਮਾਗ ਨਾਲ ਟੈਨਸ਼ਨਾਂ ਸੀ ਭਰ ਗਿਆ
ਕਰਜਾਈ ਸੀ ਕਿਸਾਨ ਵਿਚਾਰਾ…
ਖੇਤੀ ਵਿਗਿਆਨੀ ਅਤੇ ਸਰਕਾਰਾਂ,
ਅੱਜ ਮਿਲ ਕੇ ਕੋਈ ਹੱਲ ਕੱਢਣ
ਤਾਂ ਕਿ ਕਰਜੇ ਦੇ ਸਤਾਏ ਕਿਸਾਨ,
ਖੁਦਕੁਸ਼ੀਆਂ ਦਾ ਰਾਹ ਛੱਡਣ
ਆਉਣ ਵਾਲਾ ਸਮਾਂ ਹੋਏ ਚੰਗਾ,
ਜੋ ਗੁਜ਼ਰਨਾ ਸੀ ਵਕਤ ਗੁਜ਼ਰ ਗਿਆ
ਕਰਜਾਈ ਸੀ ਕਿਸਾਨ ਵਿਚਾਰਾ…
ਰਵਿੰਦਰ ਇੰਸਾਂ,
ਜਨਤਾ ਨਗਰ (ਬਠਿੰਡਾ)
ਮੋ. 94631-45490

ਬੁੱਢੇ ਰੁੱਖ ਦੀ ਕਹਾਣੀ
ਅੱਖਾਂ ਵਿਚ ਮੱਲੋ-ਮੱਲੀ ਭਰ ਆਉਣਾ ਪਾਣੀ,
ਜਦ ਸੁਣੇਂਗਾ ਤੂੰ ਪੁੱਤ ਬੁੱਢੇ ਰੁੱਖ ਦੀ ਕਹਾਣੀ
ਜਦ-ਜਦ ਕੀਤੇ ਇੱਥੇ ਸੜਕਾਂ ਵਿਕਾਸੜੇ,
ਤਦ ਸਾਡੇ ਨੂਰੀ ਮੁੱਖ ਹੋਏ ਨੇ ਉਦਾਸੜੇ
ਪੁੱਤ-ਪੋਤੇ ਕੱਟ ਦਿੱਤੇ ਧੀ ਜਵਾਂ ਪੱਟ’ਤੀ,
ਬੇਬੇ ਵੀ ਤਾਂ ਤੇਰੀ ਮੈਥੋਂ ਗਈ ਨਾ ਪਛਾਣੀ
ਅੱਖਾਂ ਵਿਚ ਮੱਲੋ-ਮੱਲੀ ਭਰ ਆਉਣਾ ਪਾਣੀ,
ਜਦ ਸੁਣੇਂਗਾ ਤੂੰ ਪੁੱਤ……
ਸਾਡੀਆਂ ਹੀ ਛਾਵਾਂ ਹੇਠ ਪੰਛੀਆਂ ਨੇ ਚੋਲ੍ਹ ਕੀਤੀ,
ਸਾਡੀਆਂ ਹੀ ਛਾਵਾਂ ਹੇਠ ਰਾਹੀਆਂ ਪੜਚੋਲ ਕੀਤੀ
ਸਾਡੀਆਂ ਹੀ ਛਾਵਾਂ ਹੇਠ ਰਚੇ ਗਏ ਸੀ ਵੇਦ,
ਸਾਡੀਆਂ ਹੀ ਛਾਵਾਂ ਹੇਠ ਰਚੀ ਗਈ ਸੀ ਬਾਣੀ
ਅੱਖਾਂ ਵਿਚ ਮੱਲੋ-ਮੱਲੀ ਭਰ ਆਉਣਾ ਪਾਣੀ,
ਜਦ ਸੁਣੇਂਗਾ ਤੂੰ ਪੁੱਤ……
ਕੁੱਝ ਕੁ ਦਿਨਾਂ ਦਾ ਪੁੱਤ ਮੈਂ ਤਾਂ ਮਹਿਮਾਨ,
ਇਸ ਥਾਂ ‘ਤੇ ਲੱਗੇ ਕੱਲ੍ਹ ਚੌਂਕ ਦੇ ਨਿਸ਼ਾਨ
ਦੋ-ਚਾਰ ਦਿਨ ਗੱਲਾਂ ਕਰਨਗੇ ਲੋਕ ਬੱਸ,
ਹੌਲੀ-ਹੌਲੀ ਤੇਰੇ ਪਿੰਡੋਂ ਯਾਦ ਮੁੱਕ ਜਾਣੀ
ਅੱਖਾਂ ਵਿਚ ਮੱਲੋ-ਮੱਲੀ ਭਰ ਆਉਣਾ ਪਾਣੀ,
ਜਦ ਸੁਣੇਂਗਾ ਤੂੰ ਪੁੱਤ……
ਆਖਦਾ ਫ਼ਰੀਦ ਘਰ ਰੁੱਖ ਨੇ ਫ਼ਕੀਰਾਂ ਦੇ,
ਦੁੱਖ-ਸੁੱਖ ‘ਚਰਨੀ’ ਨੇ ਸੌਦੇ ਤਕਦੀਰਾਂ ਦੇ
ਚਿੜੀਆਂ ਵੀ ਗਾਇਬ ਨੇ, ਝਿੜੀਆਂ ਵੀ ਗਾਇਬ ਨੇ,
ਪਾਗਲਾਂ ਦੇ ਟੋਲੇ ਵਿਚ ਗੁੰਮੀ ਗੱਲ ਸਿਆਣੀ
ਅੱਖਾਂ ਵਿਚ ਮੱਲੋ-ਮੱਲੀ ਭਰ ਆਉਣਾ ਪਾਣੀ,
ਜਦ ਸੁਣੇਂਗਾ ਤੂੰ ਪੁੱਤ……
ਚਰਨੀ ਬੇਦਿਲ
ਮੋ. 98724-46509

ਲੋਕ ਨੇ ਗ਼ੁਲਾਮ
ਤੰਗਦਿਲੀ ਨਾਲ ਹੋਗੇ ਅਸੀਂ ਆਪੇ ਬਰਬਾਦ,
ਜਿੱਥੇ ਲੋਕ ਨੇ ਗ਼ੁਲਾਮ ਉਹੋ ਦੇਸ਼ ਨ੍ਹੀਂ ਅਜ਼ਾਦ
ਜਾਤ-ਪਾਤ ਅਤੇ ਧਰਮਾਂ ‘ਚ ਵੰਡੀਆਂ ਪਵਾਕੇ,
ਹੱਥੀਂ ਆਪਣੇ ਬੁਝਾਉਂਦੇ ਹੱਥੀਂ ਆਪ ਅੱਗ ਲਾਕੇ
ਖੜ੍ਹਾ ਰੱਖਦੇ ਕੋਈ ਨਾ ਕੋਈ ਕਰਕੇ ਵਿਵਾਦ,
ਜਿੱਥੇ ਲੋਕ ਨੇ ਗ਼ੁਲਾਮ ਉਹੋ ਦੇਸ਼ ਨ੍ਹੀਂ ਅਜ਼ਾਦ
ਵੋਟਾਂ ਵੇਲੇ ਦਾਰੂ-ਪੈਸਾ ਪਾਣੀ ਵਾਂਗ ਨੇ ਵਹਾਉਂਦੇ,
ਸਾਡਾ ਚੂਸਿਆ ਹੀ ਖੂਨ ਫਿਰ ਸਾਨੂੰ ਹੀ ਪਿਆਉਂਦੇ
ਸਾਡੇ ਖੂਨ ਨਾਲ ਖੇਡ-ਖੇਡ ਲੈਂਦੇ ਨੇ ਸੁਆਦ,
ਜਿੱਥੇ ਲੋਕ ਨੇ ਗ਼ੁਲਾਮ ਉਹੋ ਦੇਸ਼ ਨ੍ਹੀਂ ਅਜ਼ਾਦ
ਅੱਜ ਤੱਕ ਲਾਗੂ ਹੋਇਆ ਨਹੀਓਂ ਪੂਰਾ ਸੰਵਿਧਾਨ,
ਧੱਕੇ ਖਾਂਦੇ ਨੇ ਪੜ੍ਹਾਵੇ ਅੱਜ ਲੱਖਾਂ ਨੌਜਵਾਨ
ਕਿਹੜੀ ਭਾਸ਼ਾ ਵਿੱਚ ਦੁੱਖਾਂ ਦਾ ਮੈਂ ਕਰਾਂ ਅਨੁਵਾਦ,
ਜਿੱਥੇ ਲੋਕ ਨੇ ਗ਼ੁਲਾਮ ਉਹੋ ਦੇਸ਼ ਨ੍ਹੀਂ ਅਜ਼ਾਦ
ਨੇਕ ਨੀਤੀ ਨਾਲ ‘ਛੱਲੇ’ ਟੁੱਟ ਜਾਂਦੀਆਂ ਜ਼ੰਜੀਰਾਂ,
ਵੋਟ ਬਦਲ ਦਿੰਦੀ ਏ ਰਾਤੋ-ਰਾਤ ਤਕਦੀਰਾਂ
ਕਹੇ ‘ਪੰਜਗਰਾਈਆਂ’ ਰੱਖੋ ਬਾਬਾ ਸਾਹਿਬ ਯਾਦ,
ਜਿੱਥੇ ਲੋਕ ਨੇ ਗ਼ੁਲਾਮ ਉਹੋ ਦੇਸ਼ ਨ੍ਹੀਂ ਅਜ਼ਾਦ
ਸਰਬਜੀਤ ਛੱਲਾ,
ਫਤਿਹਗੜ੍ਹ ਪੰਜਗਰਾਈਆਂ (ਸੰਗਰੂਰ)
ਮੋ. 98144-07993