ਮਾਇਆਵਤੀ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕੁੰਭਕਰਨ

ਨਵੀਂ ਦਿੱਲੀ। ਬਸਪਾ ਸੁਪਰੀਮੋ ਮਾਇਆਵਤੀ ਨੇ ਅੱਜ ਗਊਰੱਖਿਅਕਾਂ ‘ਤੇ ਦਿੱਤੇ ਬਿਆਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਦੋ ਵਰ੍ਹਿਆਂ ਤੋਂ ਗਊਰੱਖਿਅਕ ਮੁਸਲਮਾਨਾਂ ਤੇ ਦਲਿਤਾਂ ਨੂੰ ਨਿਸ਼ਾਨਾ ਬਣਾ ਰਹੇ ਸਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁੰਭਕਰਨ ਵਾਂਗ ਸੌਂ ਰਹੇ ਹਨ। ਬਸਪਾ ਮੁਖੀ ਨੇ ਗਊਰੱਖਿਅਕਾਂ ‘ਤੇ ਦਿੱਤੇ ਪੀਐੱਮ ਦੇ ਬਿਆਨ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਅਤੇ ਕਿਹਾ ਕਿ ਹੁਣ ਉਹ ਕੁੰਭਕਰਨ ਦੀ ਨੀਂਦ ਤੋਂ ਇਸ ਲਈ ਜਾਗੇ ਹਨ ਕਿਉਂਕਿ ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਨੇੜੇ ਹਨ। ਮਾਇਆਵਤੀ ਨੇ ਭਾਜਪਾ ‘ਚੋਂ ਕੱਢੇ ਦਇਆਸ਼ੰਕਰ ਸਿੰਘ ਨੂੰ ਚੁਣੌਤੀ ਦੇ ਸਵਾਲ ‘ਤੇ ਕਿਹਾ ਕਿ ਮੇਰੇ ਕੋਲ ਫਾਲਤੂ ਗੱਲਾਂ ਲਈ ਸਮਾਂ ਨਹੀਂ। ਜ਼ਿਕਰਯੋਗ ਹੈ ਕਿ ਦਾਇਆਸੰਕਰ ਨੇ ਐਤਵਾਰ ਕਿਹਾ ਸੀ ਕਿ ਯੂਪੀ ‘ਚ ਕਿਸੇ ਵੀ ਸੀਟ ‘ਤੇ ਮਾਇਆਵਤੀ ਉਨ੍ਹਾਂ ਦੀ ਪਤਨੀ ਸਵਾਤੀ ਖਿਲਾਫ਼ ਚੋਣ ਲੜ ਲੈਣ, ਉਨ੍ਹਾਂ ਨੂੰ ਆਪਣੀ ਹੈਸੀਅਤ ਦਾ ਪਤਾ ਲੱਗ ਜਾਵੇਗਾ।