ਸਿੱਧੂ ਮੂਸੇਵਾਲਾ ਦੇ ਕਤਲ ਦੀ ਪਲਾਨਿੰਗ ਅਗਸਤ ’ਚ ਹੋਈ ਸੀ ਸ਼ੁਰੂ, ਜਨਵਰੀ ਵਿੱਚ ਨਹੀਂ ਹੋਏ ਕਾਮਯਾਬ ਤਾਂ ਮਈ ਵਿੱਚ ਕੀਤਾ ਕਤਲ

sdiu, Sidhu Moosewala

ਫਰਜ਼ੀ ਦਸਤਾਵੇਜ਼ ਬਣਾ ਲਾਰੈਂਸ ਬਿਸਨੋਈ ਦੇ ਭਾਈ-ਭਾਜੇ ਨੇ ਕੀਤੀ ਸੀ ਤਿਆਰੀ, ਖ਼ੁਦ ਦਿੱਤਾ ਅੰਜਾਮ

  • ਮਿੱਡੂਖੇਡਾ ਦੇ ਕਤਲ ਤੋਂ ਬਾਅਦ ਸ਼ੁਰੂ ਹੋ ਗਈ ਸਾਜ਼ਿਸ਼, 25 ਮਈ ਨੂੰ ਹੀ ਮਾਨਸਾ ਪੁੱਜ ਗਏ ਸਨ ਸੂਟਰ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਦੀ ਸਾਜਿਸ਼ 9 ਮਹੀਨੇ ਪਹਿਲਾਂ ਅਗਸਤ ਵਿੱਚ ਹੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਇਸ ਸਾਜਿਸ਼ ਨੂੰ ਅੰਜਾਮ ਦੇਣ ਲਈ ਜਨਵਰੀ ਵਿੱਚ ਕੋਸ਼ਿਸ਼ ਕੀਤੀ ਗਈ ਪਰ ਉਸ ਸਮੇਂ ਵਾਰਦਾਤ ਨੂੰ ਲਾਰੈਂਸ ਬਿਸ਼ਨੋਈ ਦੇ ਸਾਥੀ ਅੰਜਾਮ ਨਹੀਂ ਦੇ ਪਾਏ। ਜਿਸ ਕਾਰਨ ਇਸ ਸਾਜਿਸ਼ ਨੂੰ ਕੁਝ ਮਹੀਨੇ ਲਈ ਟਾਲਦੇ ਹੋਏ ਗੋਲਡੀ ਬਰਾੜ ਦੀ ਮੱਦਦ ਲੈਣੀ ਸ਼ੁਰੂ ਕਰ ਦਿੱਤੀ ਤਾਂ ਕਿ ਇਸ ਕਤਲ ਨੂੰ ਅੰਜਾਮ ਦਿੱਤਾ ਜਾ ਸਕੇ।

ਇਸ ਸਾਰੇ ਕਤਲ ਕਾਂਡ ਦਾ ਮਾਸਟਰ ਮਾਇੰਡ ਲਾਰੈਂਸ ਬਿਸ਼ਨੋਈ ਹੀ ਹੈ। ਜਿਸ ਨੇ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦੀ ਪਲੈਨਿੰਗ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਕਤਲ ਵਿੱਚ ਲਾਰੈਂਸ ਬਿਸ਼ਨੋਈ ਵੱਲੋਂ ਆਪਣੇ ਭਾਈ ਅਨਮੋਲ ਬਿਸ਼ਨੋਈ ਅਤੇ ਭਾਣਜੇ ਸਚਿਨ ਥਾਪਨ ਅਤੇ ਕੈਨੇਡਾ ਬੈਠੇ ਗੋਲਡੀ ਬਰਾੜ ਦੀ ਮੱਦਦ ਲਈ ਸੀ। ਜਨਵਰੀ ਵਿੱਚ ਕਤਲ ਕਰਨ ਦੀ ਕੋਸ਼ਿਸ਼ ਅਸਫ਼ਲ ਰਹਿਣ ਤੋਂ ਬਾਅਦ ਅਨਮੋਲ ਬਿਸ਼ਨੋਈ ਅਤੇ ਸਚਿਨ ਥਾਪਨ ਨੂੰ ਜਾਅਲੀ ਨਾਂਅ ਦੇ ਪਾਸਪੋਰਟ ਰਾਹੀਂ ਦੇਸ਼ ਤੋਂ ਬਾਹਰ ਵੀ ਭੇਜ ਦਿੱਤਾ ਗਿਆ ਸੀ ਤਾਂ ਕਿ ਉਹ ਪੁਲਿਸ ਦੇ ਹੱਥੇ ਨਾ ਚੜ ਸਕਣ।

ਸੰਦੀਪ ਕੇਕੜਾ ਅਤੇ ਨਿੱਕੂ ਵੱਲੋਂ 29 ਮਈ ਨੂੰ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ

ਚੰਡੀਗੜ੍ਹ ਵਿਖੇ ਏਡੀਜੀਪੀ ਪ੍ਰਮੋਦ ਬਾਨ ਵੱਲੋਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਗਿਆ ਕਿ ਸਿੱਧੂ ਮੂਸੇਵਾਲਾ (Sidhu Moosewala) ਦਾ ਕਤਲ ਕਰਨ ਲਈ ਸੂਟਰ 25 ਮਈ ਨੂੰ ਹੀ ਮਾਨਸਾ ਪੁੱਜ ਗਏ ਸਨ ਅਤੇ ਉਹ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦੀ ਫਿਰਾਕ ਵਿੱਚ ਸਨ। ਇਨਾਂ ਸ਼ੂਟਰਾਂ ਵੱਲੋਂ 27 ਮਈ ਨੂੰ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਇਸ ਵਾਰ ਕੋਸ਼ਿਸ਼ ਵਿੱਚ ਨਾਕਾਮਯਾਬ ਸਾਬਤ ਹੋਏ ਅਤੇ ਫਿਰ ਉਨ੍ਹਾਂ ਵੱਲੋਂ ਇਹ ਕਤਲ 29 ਮਈ ਨੂੰ ਕੀਤਾ ਗਿਆ। (Sidhu Moosewala)

ਉਨਾਂ ਦੱਸਿਆ ਕਿ ਸੰਦੀਪ ਕੇਕੜਾ ਅਤੇ ਨਿੱਕੂ ਵੱਲੋਂ 29 ਮਈ ਨੂੰ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ ਅਤੇ ਇਹ ਦੋਵੇਂ ਮੂਸੇਵਾਲਾ ਦੇ ਘਰ ਵਿੱਚ ਗਏ ਸਨ। ਇਨਾਂ ਵੱਲੋਂ ਮੂਸੇਵਾਲਾ ਨਾਲ ਪਹਿਲਾਂ ਸੈਲਫੀ ਲਈ ਗਈ ਤੇ ਬਾਅਦ ਵਿੱਚ ਵੀਡੀਓ ਕਾਲ ਕਰਦੇ ਹੋਏ ਗੋਲਡੀ ਬਰਾੜ ਅਤੇ ਸਚਿਨ ਥਾਪਨ ਨੂੰ ਸਿੱਧੂ ਮੂਸੇਵਾਲਾ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ। ਸਿੱਧੂ ਮੂਸੇਵਾਲਾ ਥਾਰ ਜੀਪ ਵਿੱਚ ਆਪਣੇ ਦੋ ਸਾਥੀਆਂ ਨਾਲ ਬਿਨਾ ਸੁਰੱਖਿਆ ਤੋਂ ਜਾ ਰਿਹਾ ਹੈ, ਇਹ ਜਾਣਕਾਰੀ ਇਨਾਂ ਦੋਵਾਂ ਨੇ ਹੀ ਦਿੱਤੀ ਸੀ। ਜਿਸ ਤੋਂ ਬਾਅਦ ਇਨਾਂ ਵੱਲੋਂ ਮੋਟਰਸਾਈਕਲ ਰਾਹੀਂ ਕੁਝ ਦੂਰ ਤੱਕ ਸਿੱਧੂ ਮੂਸੇਵਾਲਾ ਦਾ ਪਿੱਛਾ ਵੀ ਕੀਤੀ ਗਿਆ ਸੀ। ਜਿਸ ਤੋਂ ਬਾਅਦ ਇਹ ਦੋਵੇਂ ਪਹਿਲਾਂ ਤੋਂ ਸੜਕ ’ਤੇ ਖੜੀ ਕਰੋਲਾ ਅਤੇ ਬਲੈਰੋ ਗੱਡੀ ਨੂੰ ਇਸ਼ਾਰਾ ਕਰਕੇ ਚਲੇ ਗਏ। ਇਨਾਂ ਦੋਵੇਂ ਗੱਡੀਆਂ ਵਿੱਚ ਸ਼ੂਟਰ ਇੰਤਜ਼ਾਰ ਕਰ ਰਹੇ ਸਨ।

ਅਨਮੋਲ ਬਿਸ਼ਨੋਈ ਅਤੇ ਸਚਿਨ ਥਾਪਨ ਨੂੰ ਜਲਦ ਹੀ ਇਨਾਂ ਨੂੰ ਵੀ ਵਿਦੇਸ਼ ਤੋਂ ਵਾਪਸ ਲੈ ਕੇ ਆਉਣ ਦੀ ਕਾਰਵਾਈ ਉਲੀਕੀ ਜਾਏਗੀ

ਏਡੀਜੀਪੀ ਪ੍ਰਮੋਦ ਬਾਨ ਵੱਲੋਂ ਅੱਗੇ ਦੱਸਿਆ ਗਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਰਚਣ ਵਾਲੇ ਅਨਮੋਲ ਬਿਸ਼ਨੋਈ ਅਤੇ ਸਚਿਨ ਥਾਪਨ ਨੂੰ ਲਾਰੈਂਸ ਬਿਸ਼ਨੋਈ ਸੇਫ਼ ਰੱਖਣਾ ਚਾਹੁੰਦਾ ਸੀ। ਇਸ ਲਈ ਇਨਾਂ ਦੋਵਾਂ ਦੇ ਪਾਸਪੋਰਟ ਪਹਿਲਾਂ ਹੀ ਜਾਅਲੀ ਨਾਂਅ ਅਤੇ ਪਤੇ ਅਨੁਸਾਰ ਬਣਾਏ ਗਏ ਸਨ ਅਤੇ ਇਨਾਂ ਪਾਸਪੋਰਟ ਰਾਹੀਂ ਹੀ ਇਨਾਂ ਨੂੰ ਜਨਵਰੀ ਵਿੱਚ ਵਿਦੇਸ਼ ਵੀ ਭੇਜਿਆ ਗਿਆ ਸੀ। ਇਨਾਂ ਦੋਵਾਂ ਖ਼ਿਲਾਫ਼ ਵੀ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਜਲਦ ਹੀ ਇਨਾਂ ਨੂੰ ਵੀ ਵਿਦੇਸ਼ ਤੋਂ ਵਾਪਸ ਲੈ ਕੇ ਆਉਣ ਦੀ ਕਾਰਵਾਈ ਉਲੀਕੀ ਜਾਏਗੀ। ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਪੁਲਿਸ ਜਾਂਚ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਸਚਿਨ ਥਾਪਨ ਵੱਲੋਂ ਕੀਤੀ ਗਈ। ਸਚਿਨ ਥਾਪਨ ਵੱਲੋਂ ਇੱਕ ਨਿੱਜੀ ਸਮਾਚਾਰ ਚੈਨਲ ਨੂੰ ਵਿਦੇਸ਼ ਤੋਂ ਬੈਠ ਕੇ ਫੋਨ ਕੀਤਾ ਗਿਆ ਕਿ ਉਸ ਨੇ ਹੀ ਇਹ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ, ਜਦੋਂਕਿ ਉਹ ਦੇਸ਼ ਵਿੱਚ ਹੀ ਨਹੀਂ ਸੀ ਅਤੇ ਵਿਦੇਸ਼ ਤੋਂ ਬੈਠ ਕੇ ਜਾਂਚ ਨੂੰ ਭਟਕਾਉਣਾ ਚਾਹੁੰਦਾ ਸੀ।

ਦੋਸਤ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਸੀ ਲਾਰੈਂਸ

ਲਾਰੈਂਸ ਬਿਸ਼ਨੋਈ ਅਤੇ ਵਿੱਕੀ ਮਿੱਡੂਖੇੜਾ ਕਿਸੇ ਸਮੇਂ ਕਾਲਜ ਵਿੱਚ ਇਕੱਠੇ ਪੜ੍ਹਦੇ ਹੁੰਦੇ ਸਨ ਅਤੇ ਦੋਵਾਂ ਵਿੱਚ ਚੰਗੀ ਦੋਸਤੀ ਵੀ ਸੀ। ਵਿੱਕੀ ਮਿੱਡੂਖੇੜਾ ਦਾ ਕਤਲ ਹੋਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਸ਼ੱਕ ਸੀ ਕਿ ਇਸ ਕਤਲ ਪਿੱਛੇ ਸਿੱਧੂ ਮੂਸੇਵਾਲਾ ਦਾ ਹੀ ਹੱਥ ਹੈ। ਜਿਸ ਕਾਰਨ ਹੀ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਵੱਲੋਂ ਸਾਜਿਸ਼ ਸ਼ੁਰੂ ਕਰ ਦਿੱਤੀ ਗਈ ਸੀ ਕਿ ਕਿਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਜਾਵੇ।

ਹਥਿਆਰਾਂ ਦੀ ਹੋਵੇਗੀ ਜਾਂਚ, ਏ ਐਨ 94 ਨਹੀਂ ਹੋਏ ਇਸਤੇਮਾਲ

ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਵਿਕੀ ਮਿੱਡੂਖੇੜਾ ਦੇ ਕਤਲ ਲਈ ਏਕੇ ਸੀਰੀਜ ਦੇ ਹਥਿਆਰਾਂ ਦਾ ਹੀ ਇਸਤੇਮਾਲ ਕੀਤਾ ਗਿਆ ਹੈ। ਇਸ ਵਿੱਚ ਏ ਐਨ 94 ਦਾ ਇਸਤੇਮਾਲ ਨਹੀਂ ਹੋਇਆ ਹੈ। ਦਿੱਲੀ ਪੁਲਿਸ ਵੱਲੋਂ ਕੀਤੇ ਜਾ ਰਹੇ ਦਾਅਵੇ ਅਨੁਸਾਰ ਫੜੇ ਗਏ ਏ ਐਨ 94 ਹਥਿਆਰਾਂ ਦੀ ਫੌਰੇਂਸਿਕ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕਦਾ ਹੈ ਕਿ ਇਨਾਂ ਦਾ ਇਸਤੇਮਾਲ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕੀਤਾ ਗਿਆ ਜਾਂ ਫਿਰ ਨਹੀਂ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ