ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਘਰ ਖੜਕਣ ਲੱਗੀਆਂ ਫੋਨ ਦੀਆਂ ਘੰਟੀਆਂ

ਘਰ ਬੈਠੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਇਆ ਜਾ ਰਿਹੈ ਪਾਠਕ੍ਰਮ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪ੍ਰਾਈਵੇਟ ਸਕੂਲਾਂ ਦੇ ਨਕਸੇ ਕਦਮ ‘ਤੇ ਚੱਲਦਿਆਂ ਸਕੂਲ ਸਿੱਖਿਆ ਵਿਭਾਗ ਵੱਲੋਂ ਵੀ ਰਾਜ ‘ਚ ਕਰਫਿਊ ਲੱਗਣ ਦੇ ਬਾਵਜ਼ੂਦ ਆਪਣੇ ਵਿਭਾਗ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜਕੇ ਰੱਖਣ ਦੀਆਂ ਸਰਗਰਮੀਆਂ ਇੱਕ ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀਆਂ ਹਨ।

ਵਿਭਾਗ ਦੇ ਡਿਜ਼ੀਟਲ ਵਿੰਗ ਵੱਲੋਂ ਤਿਆਰ ਕੀਤੀ ਗਈ ਪਾਠਕ੍ਰਮ ਨਾਲ ਸਬੰਧਤ ਡਿਜ਼ੀਟਲ ਸਮੱਗਰੀ ਅਧਿਆਪਕਾਂ ਨੂੰ ਹਰ ਰੋਜ਼ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਅਧਿਆਪਕ ਵੱਲੋਂ ਅੱਗੇ ਆਪੋ-ਆਪਣੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ। ਇੱਧਰ ਦੂਜੇ ਬੰਨੇ ਸਰਕਾਰੀ ਸਕੂਲਾਂ ਵਿੱਚ ਵੱਡੀ ਗਿਣਤੀ ਅਜਿਹੇ ਵਿਦਿਆਰਥੀ ਵੀ ਪੜ੍ਹਾਈ ਕਰਦੇ ਹਨ, ਜਿਨ੍ਹਾਂ ਦੇ ਘਰ ਸਮਾਰਟ ਫੋਨ ਨਹੀਂ ਹਨ। ਉਹ ਵਿਦਿਆਰਥੀ ਅਜੇ ਆਨ ਲਾਈਨ ਪੜ੍ਹਾਈ ਤੋਂ ਵਿਰਵੇ ਵੀ ਹਨ।

ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕਰਫਿਊ ਵਰਗੀ ਸਥਿਤੀ ਸਕੂਲਾਂ ਨੂੰ ਆਨਲਾਈਨ ਪੜ੍ਹਾਈ ਵੱਲ ਤੋਰਿਆ ਗਿਆ ਹੈ। ਵਿਭਾਗ ਵੱਲੋਂ ਪਿਛਲੇ ਵਰ੍ਹੇ ਤੋਂ ਚਲਾਈ ਗਈ ਮੁਹਿੰਮ ਤਹਿਤ ਵਿਦਿਆਰਥੀਆਂ ਦੀ ਸ਼ਬਦਾਵਲੀ ਵਧਾਉਣ ਤਹਿਤ ਪੰਜਾਬੀ ਤੇ ਅੰਗਰੇਜ਼ੀ ਦਾ 1-1 ਸ਼ਬਦ ਸ਼ੋਸ਼ਲ ਮੀਡੀਆ ਜਰੀਏ ਭੇਜ ਕੇ, ਸਿੱਖਿਆ ਵਿਭਾਗ ਵੱਲੋਂ ਨਵੇਂ ਸ਼ੈਸ਼ਨ ਦਾ ਮਹੂਰਤ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਪਾਠਕ੍ਰਮ ਵੀ ਵਿਦਿਆਰਥੀਆਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਗਿਆਨ-ਵਿਗਿਆਨ ਵਿਸ਼ੇ ਤਹਿਤ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਨਾਲ ਸਬੰਧਤ ਕੁਝ ਜਾਗਰੂਕ ਕਰਨ ਵਾਲੇ ਪ੍ਰਸ਼ਨ ਭੇਜੇ ਗਏ ਹਨ ਅਤੇ ਕੁਝ ਵਿਗਿਆਨ ਨਾਲ ਸਬੰਧਤ ਪ੍ਰਸ਼ਨ ਪਾਏ ਗਏ ਹਨ।

ਇਸ ਦੇ ਨਾਲ ਹੀ ਕੁਝ ਮਨੋਰੰਜਕ ਕਿਰਿਆਵਾਂ ਵੀ ਦਿੱਤੀਆਂ ਗਈਆਂ ਹਨ। ਉਡਾਣ ਪ੍ਰੋਜੈਕਟ ਤਹਿਤ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਭੇਜੀ ਗਈ ਪ੍ਰੋਜੈਕਟ ਸ਼ੀਟ ਤਹਿਤ ਵਿਦਿਆਰਥੀਆਂ ਨੂੰ ਗਣਿਤ, ਵਿਗਿਆਨ, ਅੰਗਰੇਜ਼ੀ ਤੇ ਕੰਪਿਊਟਰ ਵਿਸ਼ਿਆ ਦੇ ਸੁਆਲ ਭੇਜੇ ਗਏ ਹਨ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨਾਲ ਸਬੰਧਤ ਹਰ ਤਰ੍ਹਾਂ ਦੇ ਸੁਆਲਾਂ ਦੇ ਜੁਆਬ ਵੀ ਵਿਭਾਗ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਿਆਰ ਕੀਤੇ ਗਏ ਹਨ।

ਇਸੇ ਤਰ੍ਹਾਂ ਵੱਖ-ਵੱਖ ਵਿਸ਼ਿਆਂ ਦੇ ਪਾਠਕ੍ਰਮ ਦੀ ਚੈਪਟਰ ਅਨੁਸਾਰ ਪੜ੍ਹਾਈ ਵੀ ਆਰੰਭ ਕਰ ਦਿੱਤੀ ਗਈ ਹੈ। ਸਿੱਖਿਆ ਵਿਭਾਗ ਵੱਲੋਂ ਭੇਜੀ ਜਾਣ ਵਾਲੀ ਡਿਜ਼ੀਟਲ ਸਮੱਗਰੀ ਨੂੰ ਸਬੰਧਤ ਵਿਸ਼ਿਆਂ ਦੇ ਅਧਿਆਪਕਾਂ ਵੱਲੋਂ ਆਪੋ-ਆਪਣੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਭੇਜੀ ਜਾ ਰਹੀ ਹੈ ਜਿਸ ਦਾ ਨਿਰੀਖਣ ਜਿੱਥੇ ਸਕੂਲ ਮੁੱਖੀਆਂ ਵੱਲੋਂ ਕੀਤਾ ਜਾ ਰਿਹਾ ਹੈ, ਉੱਥੇ ਪੜ੍ਹੋ ਪੰਜਾਬ ਮੁਹਿੰਮ ਦੇ ਡਿਸਟ੍ਰਿਕਟ ਮੈਂਟਰਜ਼ ਤੇ ਬਲਾਕ ਮੈਂਟਰਜ਼ ਵੱਲੋਂ ਵੀਡੀਓ ਕਾਨਫਰੰਸ ਜ਼ਰੀਏ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਤੋਂ ਸਮੱਗਰੀ ਪੁੱਜਣ ਸਬੰਧੀ ਜਾਣਕਾਰੀ ਲਈ ਜਾ ਰਹੀ ਹੈ।

ਉਂਜ ਕਈ ਮਾਪਿਆਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜ ਕੇ ਰੱਖਣ ਲਈ ਇਹ ਬਹੁਤ ਵੱਡਾ ਉੱਦਮ ਹੈ। ਕਰਫਿਊ ਦੌਰਾਨ ਵਿਹਲੇ ਬੱਚਿਆਂ ਲਈ ਇਹ ਰੁਝੇਵਾ ਵੀ ਬਣ ਗਿਆ ਅਤੇ ਨਾਲੋ-ਨਾਲ ਪੜ੍ਹਾਈ ਵੀ ਸ਼ੁਰੂ ਹੋ ਗਈ ਹੈ। ਜਿਸ ਦਾ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ।

ਵੱਡੀ ਗਿਣਤੀ ਪਰਿਵਾਰਾਂ ਕੋਲ ਸਮਾਰਟ ਫੋਨ ਦੀ ਘਾਟ

ਕਰਫਿਊ ਦੌਰਾਨ ਸਿੱਖਿਆ ਵਿਭਾਗ ਵੱਲੋਂ ਭਾਵੇਂ ਆਨ ਲਾਈਨ ਪੜ੍ਹਾਈ ਤਾਂ ਸ਼ੁਰੂ ਕਰਵਾ ਦਿੱਤੀ ਗਈ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸਰਕਾਰੀ ਸਕੂਲਾਂ ਅੰਦਰ ਪੜ੍ਹਦੇ ਲਗਭਗ ਵੱਡੀ ਗਿਣਤੀ ਬੱਚਿਆਂ ਦੇ ਪਰਿਵਾਰ ਤਾਂ ਦੋ ਡੰਗ ਦੀ ਰੋਟੀ ਲਈ ਲੜ ਰਹੇ ਹਨ ਅਤੇ ਉਨ੍ਹਾਂ ਕੋਲ ਸਮਾਰਟ ਫੋਨਾਂ ਦੀ ਘਾਟ ਹੈ। ਜੇਕਰ ਸਮਾਰਟ ਫੋਨ ਵੀ ਹਨ ਤਾਂ ਉਹ ਨੈੱਟ ਪੈਕ ਪਵਾਉਣ ਵਿੱਚ ਅਸਮਰਥ ਹਨ। ਅਧਿਆਪਕ ਆਗੂ ਬਿਕਰਮਦੇਵ ਦਾ ਕਹਿਣਾ ਹੈ ਕਿ ਸਰਕਾਰ ਤੇ ਸਿੱਖਿਆ ਵਿਭਾਗ ਪਹਿਲਾਂ ਜ਼ਮੀਨੀ ਹਕੀਕਤ ਦੇਖਦੇ ਅਤੇ ਫਿਰ ਹੀ ਇਹ ਕਦਮ ਚੁੱਕਦੇ। ਉਨ੍ਹਾਂ ਕਿਹਾ ਕਿ ਬਹੁਤੇ ਬੱਚੇ ਇਸ ਆਨਲਾਈਨ ਪੜ੍ਹਾਈ ਤੋਂ ਕੋਰੇ ਹੀ ਰਹਿਣਗੇ।

ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਬੱਚੇ ਅਤੇ ਮਾਂ-ਬਾਪ ਕੰਮ ਲਾਏ

ਇੱਧਰ ਪ੍ਰਾਈਵੇਟ ਸਕੂਲਾਂ ਵੱਲੋਂ ਵੀ ਵੱਟਸਐਪ ਗਰੁੱਪ ਬਣਾ ਕੇ ਵਿਦਿਆਰਥੀਆਂ ਦੀ ਪੜ੍ਹਾਈ ਚਾਲੂ ਕਰਵਾ ਦਿੱਤੀ ਗਈ ਹੈ ਅਤੇ ਵਿਦਿਆਰਥੀਆਂ ਨੂੰ ਰੋਜਾਨਾ ਇੱਕ -ਇੱਕ ਵਿਸ਼ੇ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਸਕੂਲਾਂ ਦੇ ਅਧਿਆਪਕਾਂ ਵੱਲੋਂ ਵਟਸਅੱਪ ਰਾਹੀਂ ਦਿੱਤੇ ਗਏ ਕੰਮ ਨੂੰ ਚੈੱਕ ਵੀ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਸਕੂਲਾਂ ਵੱਲੋਂ ਕਿਸੇ ਵੀ ਪਾਠ ਦਾ ਕੰਮ ਦੇਣ ਦੇ ਨਾਲ ਹੀ ਪਹਿਲਾਂ ਸਬੰਧਿਤ ਵੀਡੀਓ ਪਾਈ ਜਾਂਦੀ ਹੈ, ਤਾਂ ਜੋ ਵਿਦਿਆਰਥੀ ਉਕਤ ਕੰਨਸੈਪਟ ਪ੍ਰਤੀ ਕਲੀਅਰ ਹੋ ਜਾਣ। ਕਰਫਿਊ ਦੌਰਾਨ ਘਰ ਬੈਠੇ ਬੱਚਿਆਂ ਨਾਲ ਮਾਤਾ-ਪਿਤਾ ਵੀ ਕੰਮ ਲੱਗ ਗਏ ਹਨ ਤਾਂ ਜੋ ਇਸ ਅਪਰੈਲ ਮਹੀਨੇ ਦੀ ਫੀਸ ਵਸੂਲ ਸਕਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।