ਸੁਖਬੀਰ ਕਿੰਨਾ ਐ ‘ਕਾਬਲ’, ਦੇਖਣਾ ਚਾਹੁੰਦੇ ਹਨ ਵੱਡੇ ਬਾਦਲ, ਨਹੀਂ ਉੱਤਰਨਗੇ ਚੋਣ ਪ੍ਰਚਾਰ ‘ਚ

People, Sukhbir Badal, Election, Campaign

ਲੋਕ ਸਭਾ ਚੋਣਾਂ ਦੇ ਜ਼ਰੀਏ ਪਾਰਟੀ ‘ਚ ਸੁਖਬੀਰ ਵਿਰੋਧੀ ਚੁੱਪ ਕਰਾਉਣ ਦਾ ਯਤਨ

ਚੰਡੀਗੜ੍ਹ (ਅਸ਼ਵਨੀ ਚਾਵਲਾ) | ਸੁਖਬੀਰ ਬਾਦਲ ਦੀ ‘ਕਾਬਲੀਅਤ’ ਦਾ ਟੈਸਟ ਹੁਣ ਕੋਈ ਬਾਹਰਲਾ ਨਹੀਂ ਸਗੋਂ ਉਨ੍ਹਾਂ ਦੇ ਪਿਤਾ ਖ਼ੁਦ ਸ੍ਰ. ਪਰਕਾਸ਼ ਸਿੰਘ ਬਾਦਲ ਲੈਣਾ ਚਾਹੁੰਦੇ ਹਨ। ਇਸ ਕਾਰਨ ਇਨ੍ਹਾਂ ਲੋਕ ਸਭਾ ਚੋਣਾਂ ਵਿੱਚੋਂ ਪਰਕਾਸ਼ ਸਿੰਘ ਬਾਦਲ ਨੇ ਆਪਣੇ-ਆਪ ਨੂੰ ਬਾਹਰ ਕਰਦੇ ਹੋਏ ਚੋਣ ਪ੍ਰਚਾਰ ਨਾ ਕਰਨ ਦਾ ਫੈਸਲਾ ਕਰ ਲਿਆ ਹੈ। ਹਾਲਾਂਕਿ ਪੰਜਾਬ ਵਿੱਚ ਹੋਣ ਵਾਲੀਆਂ 3 ਵੱਡੀਆਂ ਰੈਲੀਆਂ ‘ਚ ਉਹ ਦਿਖਾਈ ਜ਼ਰੂਰ ਦੇਣਗੇ ਪਰ ਹਰ ਲੋਕ ਸਭਾ ਸੀਟ ‘ਤੇ ਉਮੀਦਵਾਰ ਅਨੁਸਾਰ ਪ੍ਰਚਾਰ ਕਰਦੇ ਪਰਕਾਸ਼ ਸਿੰਘ ਬਾਦਲ ਨਜ਼ਰ ਨਹੀਂ ਆਉਣਗੇ। ਇਸ ਲਈ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ‘ਚ ਪ੍ਰਚਾਰ ਕਰਨ ਦੀ ਸਾਰੀ ਕਮਾਨ ਇਸ ਵਾਰ ਸੁਖਬੀਰ ਬਾਦਲ ਦੇ ਮੋਢਿਆਂ ‘ਤੇ ਹੀ ਰਹੇਗੀ ਤਾਂ ਕਿ ਸੁਖਬੀਰ ਬਾਦਲ ਆਪਣੀ ਕਾਬਲੀਅਤ ਨੂੰ ਪੰਜਾਬ ਦੀ ਜਨਤਾ ਤੇ ਸ਼੍ਰੋਮਣੀ ਅਕਾਲੀ ਦਲ ਅੱਗੇ ਦਿਖਾ ਸਕਣ।
ਪੰਜਾਬ ਦੀ ਸੱਤਾ ‘ਚੋਂ ਬਾਹਰ ਹੁੰਦੇ ਸਾਰ ਹੀ ਕਈ ਟਕਸਾਲੀ ਅਕਾਲੀ ਆਗੂਆਂ ਸਣੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਸੁਖਬੀਰ ਬਾਦਲ ਦੀ ਕਾਬਲੀਅਤ ਤੇ ਫੈਸਲੇ ਲੈਣ ਦੀ ਸਮਰੱਥਾ ‘ਤੇ ਕਈ ਤਰ੍ਹਾਂ ਦੇ ਸੁਆਲ ਚੁੱਕਣੇ ਸ਼ੁਰੂ ਕਰ ਦਿੱਤੇ ਸਨ। ਜਿਸ ਤੋਂ ਬਾਅਦ ਕਈ ਅਕਾਲੀ ਲੀਡਰਾਂ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ‘ਤੇ ਵੀ ਉਂਗਲ ਚੁਕਦੇ ਹੋਏ ਉਨ੍ਹਾਂ ਦੇ ਅਧੀਨ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਸ ਵਿਰੋਧ ਨੂੰ ਦੇਖਦੇ ਹੋਏ ਹੁਣ ਪਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਪੁੱਤਰ ਦੀ ਕਾਬਲੀਅਤ ਦਾ ਟੈਸਟ ਲੈਣ ਦਾ ਫੈਸਲਾ ਕਰ ਲਿਆ ਹੈ।
ਪਰਕਾਸ਼ ਸਿੰਘ ਬਾਦਲ ਚਾਹੁੰਦੇ ਹਨ ਕਿ ਸੁਖਬੀਰ ਬਾਦਲ ਨਾ ਸਿਰਫ਼ ਇਹ ਟੈਸਟ ਦੇਣ, ਸਗੋਂ ਆਪਣੇ ਆਪ ਨੂੰ ਖ਼ੁਦ ਹੀ ਸਾਬਤ ਕਰਕੇ ਵੀ ਦਿਖਾਉਣ ਕਿ ਉਨ੍ਹਾਂ ਵਿੱਚ ਕਿੰਨੀ ਕੁ ਕਾਬਲੀਅਤ ਹੈ। ਇਸ ਲਈ ਉਹ ਆਪਣੇ ਆਪ ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਤੋਂ ਬਾਹਰ ਕਰ ਚੁੱਕੇ ਹਨ। ਪਰਕਾਸ਼ ਸਿੰਘ ਬਾਦਲ ਜਾਣਦੇ ਹਨ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਚੰਗੀ ਰਹੀ ਤਾਂ ਜਿੱਥੇ ਸੁਖਬੀਰ ਬਾਦਲ ਦੀ ਕਮਾਨ ‘ਤੇ ਉੱਠ ਰਹੀਆਂ ਉਂਗਲ ਨੂੰ ਜਵਾਬ ਮਿਲ ਜਾਏਗਾ ਤਾਂ ਉੱਥੇ ਹੀ ਵਿਰੋਧੀਆਂ ਦੇ ਮੂੰਹ ‘ਤੇ ਵੀ ਤਾਲੇ ਲੱਗ ਜਾਣਗੇ।
ਹਾਲਾਂਕਿ ਪੰਜਾਬ ਦੇ ਮਾਲਵਾ, ਮਾਝਾ ਤੇ ਦੋਆਬਾ ਵਿਖੇ ਹੋਣ ਵਾਲੀਆਂ ਵੱਡੀ 3 ਰੈਲੀਆਂ ‘ਚ ਪਰਕਾਸ਼ ਸਿੰਘ ਬਾਦਲ ਆਪਣੀ ਹਾਜ਼ਰੀ ਦਰਜ਼ ਕਰਵਾਉਂਦੇ ਹੋਏ ਵੋਟਰਾਂ ਨੂੰ ਅਪੀਲ ਕਰਨ ਲਈ ਜਰੂਰ ਆਉਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।