ਆਨਲਾਈਨ ਗੁਰੂਕੁਲ : ਮਾਨਸਾ ’ਚ ‘ਮਾਨਸ ਜਨਮ’ ਦਾ ਮੰਤਵ ਸਮਝਣ ਪੁੱਜੇ ਹਜ਼ਾਰਾਂ ਸ਼ਰਧਾਲੂ

ਆਨਲਾਈਨ ਗੁਰੂਕੁਲ : ਮਾਨਸਾ ’ਚ ‘ਮਾਨਸ ਜਨਮ’ ਦਾ ਮੰਤਵ ਸਮਝਣ ਪੁੱਜੇ ਹਜ਼ਾਰਾਂ ਸ਼ਰਧਾਲੂ

ਮਾਨਸਾ, (ਸੁਖਜੀਤ ਮਾਨ)। ਇੱਥੋਂ ਦੇ ਸਰਸਾ ਰੋਡ ’ਤੇ ਸਥਿਤ ‘ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ’ ਮਾਨਸਾ ’ਚ ਅੱਜ ਹੋ ਰਹੇ ਆਨਲਾਈਨ ਗੁਰੂਕੁਲ ’ਚ ਹਜ਼ਾਰਾਂ ਦੀ ਗਿਣਤੀ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੁੱਜੇ ਹਨ। ਪ੍ਰਬੰਧਕਾਂ ਨੇ ਭਾਵੇਂ ਹੀ ਆਪਣੇ ਪੱਧਰ ’ਤੇ ਪ੍ਰਬੰਧਾਂ ’ਚ ਕੋਈ ਕਮੀਂ ਨਾ ਰਹਿਣ ਦੇਣ ਦਾ ਦਾਅਵਾ ਕੀਤਾ ਹੈ ਪਰ ਰੂਹਾਨੀਅਤ ਦੇ ਇਸ ਸਮਾਗਮ ਦੇ ਸ਼ੁਰੂਆਤ ਵਿੱਚ ਹੀ ਸੰਗਤ ਦੇ ਉਤਸ਼ਾਹ ਅੱਗੇ ਪ੍ਰਬੰਧ ਛੋਟੇ ਪੈਂਦੇ ਜਾਪ ਰਹੇ ਹਨ।

ਵੇਰਵਿਆਂ ਮੁਤਾਬਿਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ‘ਆਨਲਾਈਨ ਗੁਰੂਕੁਲ’ ਤਹਿਤ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਆਪਣਾ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਇਸੇ ਕੜੀ ਤਹਿਤ ਹੀ ਅੱਜ ਮਾਨਸਾ ਸਥਿਤ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ’ਚ ਹੋ. ਰਹੇ ਇਸ ਰੂਹਾਨੀ ਸਮਾਗਮ ’ਚ ਮਾਨਸ ਜਨਮ ਦੇ ਅਸਲ ਮਕਸਦ ਬਾਰੇ ਜਾਣੂੰ ਹੋਣ ਲਈ ਹਜ਼ਾਰਾਂ ਦੀ ਗਿਣਤੀ ’ਚ ਸਾਧ ਸੰਗਤ ਪੁੱਜੀ ਹੈ।

ਆਨਲਾਈਨ ਗੁਰੂਕੁਲ ਅਤੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਡੇਰੇ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਸਾਧ ਸੰਗਤ ਦੇ ਭਾਰੀ ਇਕੱਠ ਦੌਰਾਨ ਕਿਸੇ ਨੂੰ ਵੀ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਵੱਡੀ ਗਿਣਤੀ ਸੇਵਾਦਾਰਾਂ ਵੱਲੋਂ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ।

ਦੱਸਣਯੋਗ ਹੈ ਕਿ ਆਨਲਾਈਨ ਗੁਰੂਕੁਲ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਹੋਰਨਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦੇ ਨਾਲ-ਨਾਲ ਨਸ਼ਿਆਂ ਦੇ ਖਿਲਾਫ਼ ਮੁਹਿੰਮ ਵਿੱਢੀ ਗਈ ਹੈ। ਪੂਜਨੀਕ ਗੁਰੂ ਜੀ ਵੱਲੋਂ ਸਮੁੱਚੇ ਦੇਸ਼ ’ਚੋਂ ਨਸ਼ਾ ਖਤਮ ਕਰਨ ਲਈ ਹਰ ਧਰਮ, ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਓ ਆਪਾਂ ਸਾਰੇ ਰਲਕੇ ਨਸ਼ਿਆਂ ਦੇ ਦੈਂਤ ਨੂੰ ਭਜਾਈਏ ਤਾਂ ਜੋ ਨਸ਼ਿਆਂ ਦੇ ਕਹਿਰ ਨਾਲ ਬਰਬਾਦ ਹੋ ਰਹੀ ਨੌਜਵਾਨ ਪੀੜੀ ਨੂੰ ਬਚਾਇਆ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ