ਸੱਭਿਆਚਾਰ ਦੇ ਨਾਂਅ ’ਤੇ ਪਰੋਸੀ ਜਾਂਦੀ ਅਸ਼ਲੀਲਤਾ ਚਿੰਤਾਜਨਕ

Obscenity Worrying Sachkahoon

ਸੱਭਿਆਚਾਰ ਦੇ ਨਾਂਅ ’ਤੇ ਪਰੋਸੀ ਜਾਂਦੀ ਅਸ਼ਲੀਲਤਾ ਚਿੰਤਾਜਨਕ

ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਹੀ ਇਸ ਸਮੇਂ ਅਸ਼ਲੀਲਤਾ ਫੈਲੀ ਹੋਈ ਹੈ ਸਭ ਤੋਂ ਜ਼ਿਆਦਾ ਅਸ਼ਲੀਲਤਾ ਤਾਂ ਪੰਜਾਬੀ ਗਾਣਿਆਂ ਵਿੱਚ ਵੇਖਣ ਨੂੰ ਮਿਲਦੀ ਹੈ ਇਨ੍ਹਾਂ ਪੰਜਾਬੀ ਗਾਣਿਆਂ ਦਾ ਫਿਲਮਾਂਕਣ ਇੰਨਾ ਜ਼ਿਆਦਾ ਅਸ਼ਲੀਲ ਕੀਤਾ ਹੁੰਦਾ ਹੈ ਕਿ ਇਹ ਪੰਜਾਬੀ ਗਾਣੇ ਪਰਿਵਾਰ ਵਿੱਚ ਬੈਠ ਕੇ ਦੇਖੇ-ਸੁਣੇ ਵੀ ਨਹੀਂ ਜਾ ਸਕਦੇ ਇਸ ਤੋਂ ਇਲਾਵਾ ਇੰਟਰਨੈਟ ਅਤੇ ਸੋਸ਼ਲ ਸਾਈਟਾਂ ਨਾਲ ਵੀ ਬਹੁਤ ਅਸ਼ਲੀਲਤਾ ਫੈਲਾਈ ਜਾ ਰਹੀ ਹੈ ਕਿਤਾਬਾਂ ਦੀ ਦੁਕਾਨ ਉੱਪਰ ਵੀ ਅਸ਼ਲੀਲ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ, ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਉੱਪਰ ਸਥਿਤ ਕਿਤਾਬਾਂ ਦੀਆਂ ਦੁਕਾਨਾਂ ਉੱਪਰ ਵੀ ਅਜਿਹੀਆਂ ਕਿਤਾਬਾਂ ਵਿਕਦੀਆਂ ਦੱਸੀਆਂ ਜਾਂਦੀਆਂ ਹਨ ਸਾਡੇ ਸਮਾਜ ਵਿੱਚ ਹਰ ਪਾਸੇ ਹੀ ਅਸ਼ਲੀਲਤਾ ਫੈਲ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ ਇਸ ਤਰ੍ਹਾਂ ਅਸ਼ਲੀਲਤਾ ਬਹੁਤ ਵੱਡੀ ਬੁਰਾਈ ਬਣ ਗਈ ਹੈ ਇਸ ਬੁਰਾਈ ਦਾ ਸ਼ਿਕਾਰ ਨੌਜਵਾਨਾਂ ਦੇ ਨਾਲ-ਨਾਲ ਬੱਚੇ ਵੀ ਹੋ ਰਹੇ ਹਨ।

ਅਕਸਰ ਹੀ ਬੱਚਿਆਂ ਨੂੰ ਕੰਪਿਊਟਰ ਅਤੇ ਮੋਬਾਇਲਾਂ ਉੱਪਰ ਅਸ਼ਲੀਲ ਫਿਲਮਾਂ ਵੇਖਦਿਆਂ ਦੇਖਿਆ ਜਾਂਦਾ ਹੈ ਇਸ ਤੋਂ ਇਲਾਵਾ ਹਰ ਗਲੀ ਵਿੱਚ ਹੀ ਖੋਲ੍ਹੇ ਹੋਏ ਸਾਈਬਰ ਕੈਫਿਆਂ ਵਿੱਚ ਵੀ ਨੌਜਵਾਨ ਅਸ਼ਲੀਲ ਫਿਲਮਾਂ ਅਤੇ ਫੋਟੋਆਂ ਵੇਖਣ ਲਈ ਹੀ ਜ਼ਿਆਦਾ ਜਾਂਦੇ ਹਨ ਕੁੱਝ ਸਾਲਾਂ ਤੋਂ ਪੰਜਾਬੀ ਗਾਣਿਆਂ ਵਿੱਚ ਸੱਭਿਆਚਾਰ ਦੇ ਨਾਂਅ ’ਤੇ ਅੱਜ-ਕੱਲ੍ਹ ਜਿਹੜੀ ਅਸ਼ਲੀਲਤਾ ਅਤੇ ਲੱਚਰਤਾ ਪਰੋਸੀ ਜਾ ਰਹੀ ਹੈ ਉਸ ਨੇ ਪੰਜਾਬੀ ਸੱਭਿਆਚਾਰ ਨੂੰ ਬੁਰੀ ਤਰ੍ਹਾਂ ਸ਼ਰਮਸਾਰ ਕਰ ਛੱਡਿਆ ਹੈ। ਹਾਲਾਤ ਤਾਂ ਇਹ ਹਨ ਆਏ ਦਿਨ ਬਣਨ ਵਾਲੇ ਇਨ੍ਹਾਂ ਗਾਣਿਆਂ (ਜਿਹਨਾਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਂਅ ’ਤੇ ਤਿਆਰ ਕੀਤਾ ਜਾਂਦਾ ਹੈ) ਵਿੱਚ ਪੰਜਾਬੀ ਸੱਭਿਆਚਾਰ ਕਿਤੇ ਦੂਰ-ਦੂਰ ਤੱਕ ਨਜ਼ਰ ਨਹੀਂ ਆਉਂਦਾ। ਇਨ੍ਹਾਂ ਗਾਣਿਆਂ ਦੀਆਂ ਜਿਹੜੀਆਂ ਵੀਡੀਓ ਟੀ. ਵੀ. ਚੈਨਲਾਂ ’ਤੇ ਪ੍ਰਸਾਰਿਤ ਹੁੰਦੀਆਂ ਹਨ ਉਨ੍ਹਾਂ ਵਿੱਚ ਇਸ ਕਦਰ ਅਸ਼ਲੀਲਤਾ ਪਰੋਸੀ ਜਾਂਦੀ ਹੈ ਕਿ ਇਨ੍ਹਾਂ ਨੂੰ ਪਰਿਵਾਰ ਵਿੱਚ ਬੈਠ ਕੇ ਸੁਣਿਆ ਅਤੇ ਦੇਖਿਆ ਨਹੀਂ ਜਾ ਸਕਦਾ ਅਤੇ ਪਰਿਵਾਰਕ ਮੈਂਬਰਾਂ ਨੂੰ ਸ਼ਰਮਸਾਰ ਵੀ ਹੋਣਾ ਪੈਂਦਾ ਹੈ।

ਬਾਕੀ ਦੀ ਕਸਰ ਗਾਣਿਆਂ ਦੇ ਦੋ-ਅਰਥੀ ਬੋਲ ਪੂਰੀ ਕਰ ਦਿੰਦੇ ਹਨ ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਸੰਗੀਤ ਅਤੇ ਗਾਇਕੀ ਦੇ ਖੇਤਰ ਵਿੱਚ ਕਲਾ ਦੇ ਕਦਰਦਾਨਾਂ ਦੀ ਥਾਂ ਹੁਣ ਵਪਾਰੀਆਂ ਦੀ ਤੂਤੀ ਬੋਲਦੀ ਹੈ ਜਿਹੜੇ ਆਪਣਾ ਮਾਲ ਵੇਚਣ ਲਈ ਹਰ ਹੱਥਕੰਡਾ ਅਪਣਾਉਣ ਲਈ ਤਿਆਰ ਰਹਿੰਦੇ ਹਨ। ਇਹੀ ਕਾਰਨ ਹੈ ਕਿ ਪੰਜਾਬੀ ਗਾਣਿਆਂ ਵਿੱਚ ਲੱਚਰਤਾ ਲਗਾਤਾਰ ਵਧਦੀ ਜਾ ਰਹੀ ਹੈ। ਜ਼ਿਆਦਾਤਰ ਗਾਣਿਆਂ ਦੇ ਸ਼ਬਦ ਦੋਹਰੇ ਅਰਥਾਂ ਵਾਲੇ ਹੁੰਦੇ ਹਨ ਤੇ ਲਗਭਗ ਹਰ ਗਾਣੇ ਵਿੱਚ ਹੀ ਕੁੜੀਆਂ, ਨਸ਼ਿਆਂ ਅਤੇ ਹਥਿਆਰਾਂ ਦੀ ਗੱਲ ਕੀਤੀ ਜਾਂਦੀ ਹੈ।

ਜਿਸ ਤਰ੍ਹਾਂ ਦੀ ਗੁੰਡਾਗਰਦੀ ਅਤੇ ਅਸ਼ਲੀਲਤਾ ਅੱਜ-ਕੱਲ੍ਹ ਪੰਜਾਬੀ ਗਾਣਿਆਂ ਵਿੱਚ ਪੇਸ਼ ਕੀਤੀ ਜਾ ਰਹੀ ਹੈ, ਉਹ ਕੁੱਝ ਤਾਂ ਹਿੰਦੀ ਫਿਲਮਾਂ ਵਿੱਚ ਵੀ ਨਹੀਂ ਹੁੰਦਾ। ਇਨ੍ਹਾਂ ਗਾਣਿਆਂ ਦੀਆਂ ਵੀਡੀਓ ਫਿਲਮਾਂ ਵਿੱਚ ਹੁੰਦਾ ਅਸ਼ੀਲਲਤਾ ਦਾ ਇਹ ਨਾਚ ਇਨ੍ਹਾਂ ਗਾਇਕਾਂ ਦੇ ਸਫਲ ਹੋਣ ਦੀ ਗਾਰੰਟੀ ਮੰਨਿਆ ਜਾਂਦਾ ਹੈ ਤੇ ਜਿਆਦਾਤਰ ਗਾਇਕ (ਜਿਹੜੇ ਕਾਫੀ ਹੱਦ ਤੱਕ ਬੇਸੁਰੇ ਵੀ ਹੁੰਦੇ ਹਨ) ਆਪਣਾ ਗਾਣਾ ਹਿੱਟ ਕਰਵਾਉਣ ਲਈ ਇਸੇ ਫਾਰਮੂਲੇ ਦਾ ਸਹਾਰਾ ਲੈਂਦੇ ਹਨ। ਹਰ ਗਾਇਕ ਹੀ ਆਪਣੇ ਅਸ਼ਲੀਲ ਗਾਣੇ ਨੂੰ ਸੱਭਿਆਚਾਰਕ ਗੀਤ ਦਾ ਨਾਂਅ ਦੇ ਦਿੰਦਾ ਹੈ, ਜਦੋਂ ਉਸ ਨੂੰ ਇਸ ਤਰੀਕੇ ਨਾਲ ਫੈਲਾਈ ਜਾ ਰਹੀ ਅਸ਼ਲੀਲਤਾ ਬਾਰੇ ਸਵਾਲ ਕੀਤਾ ਜਾਂਦਾ ਹੈ ਤਾਂ ਉਸਦਾ ਜਵਾਬ ਹੁੰਦਾ ਹੈ ਕਿ ਲੋਕ ਇਸ ਤਰ੍ਹਾਂ ਦੇ ਹੀ ਗਾਣੇ ਪਸੰਦ ਕਰਦੇ ਹਨ।

ਵੱਖ-ਵੱਖ ਗਾਇਕ ਆਪਣੇ ਅਸ਼ਲੀਲ ਫਿਲਮਾਂਕਣ ਵਾਲੇ ਗਾਣਿਆਂ ਨੂੰ ਟੀ. ਵੀ. ਚੈਨਲਾਂ ਉੱਪਰ ਚਲਾਉਣ ਲਈ ਮੋਟੀ ਫੀਸ ਅਦਾ ਕਰਦੇ ਹਨ ਅਤੇ ਚੈਨਲਾਂ ਵਾਲੇ ਇਹ ਗਾਣੇ ਚੈਨਲ ’ਤੇ ਲਗਾਤਾਰ ਚਲਾਉਂਦੇ ਰਹਿੰਦੇ ਹਨ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਸ ਤਰੀਕੇ ਨਾਲ ਪਰੋਸੀ ਜਾਣ ਵਾਲੀ ਅਸ਼ਲੀਲਤਾ ਦੀ ਇਸ ਕਾਰਵਾਈ ਦਾ ਵਿਰੋਧ ਨਹੀਂ ਹੁੰਦਾ।

ਅਜਿਹੀਆਂ ਕਈ ਸੰਸਥਾਵਾਂ ਹਨ ਜਿਹੜੀਆਂ ਪੰਜਾਬੀ ਗਾਣਿਆਂ ਵਿੱਚ ਪਰੋਸੀ ਜਾਣ ਵਾਲੀ ਇਸ ਅਸ਼ਲੀਲਤਾ ਦੇ ਖਿਲਾਫ ਲੰਬੇ ਸਮੇਂ ਤੋਂ ਮੁਹਿੰਮ ਚਲਾ ਰਹੀਆਂ ਹਨ। ਪੰਜਾਬੀ ਸੱਭਿਆਚਾਰ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ, ਸਾਫ-ਸੁਥਰੀ ਗਾਇਕੀ ਗਾਉਣ ਵਾਲੇ ਕਲਾਕਾਰਾਂ ਅਤੇ ਉਹਨਾਂ ਦੇ ਸਰੋਤਿਆਂ ਵੱਲੋਂ ਇਸ ਲਚਰ ਗਾਇਕੀ ਦੇ ਖਿਲਾਫ ਆਵਾਜ ਬੁਲੰਦ ਕੀਤੀ ਜਾਂਦੀ ਹੈ। ਇਨ੍ਹਾਂ ਸਾਰਿਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾਂਦੀ ਰਹੀ ਹੈ ਕਿ ਪੰਜਾਬੀ ਗਾਇਕੀ ਦੇ ਨਾਂਅ ’ਤੇ ਪਰੋਸੀ ਜਾਣ ਵਾਲੀ ਲੱਚਰਤਾ ਅਤੇ ਅਸ਼ਲੀਲਤਾ ’ਤੇ ਕਾਬੂ ਕਰਨ ਲਈ ਇੱਕ ਵਿਸ਼ੇਸ਼ ਸੈਂਸਰ ਬੋਰਡ ਦਾ ਗਠਨ ਕੀਤਾ ਜਾਵੇ ਪਰੰਤੂ ਸਰਕਾਰ ਵੱਲੋਂ ਹੁਣ ਤੱਕ ਇਸ ਮੰਗ ਨੂੰ ਅਣਸੁਣਿਆ ਕੀਤਾ ਜਾਂਦਾ ਰਿਹਾ ਹੈ।

ਇਨ੍ਹਾਂ ਅਸ਼ਲੀਲ ਗਾਣਿਆਂ ਰਾਹੀਂ ਫੈਲਾਈ ਜਾ ਰਹੀ ਲੱਚਰਤਾ ਅਤੇ ਇਸ ਕਾਰਨ ਪੰਜਾਬੀ ਸੱਭਿਆਚਾਰ ਨੂੰ ਹੋ ਰਹੇ ਨੁਕਸਾਨ ’ਤੇ ਕਾਬੂ ਕਰਨ ਲਈ ਜ਼ਰੂਰੀ ਹੈ ਕਿ ਸੂਬਾ ਸਰਕਾਰ ਵੱਲੋਂ ਇਸ ਸਬੰਧੀ ਸੈਂਸਰ ਬੋਰਡ ਦਾ ਗਠਨ ਕੀਤਾ ਜਾਵੇ ਤਾਂ ਜੋ ਦਿਨੋੋ-ਦਿਨ ਧੁੁੰਦਲੇ ਹੁੰਦੇ ਜਾ ਰਹੇ ਸਾਡੇ ਪੰੰਜਾਬੀ ਸੱਭਿਆਚਾਰ ਨੂੰ ਬਚਾਇਆ ਜਾ ਸਕੇ ।

ਡਾ. ਵਨੀਤ ਸਿੰਗਲਾ
ਬੁਢਲਾਡਾ, ਮਾਨਸਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ