ਲਾਲ ਸਿੰਘ ਤੋਂ ਨਰਾਜ਼ ਹੋਇਆ ਦੂਲੋਂ ਜੋੜਾ, ਪਤੀ-ਪਤਨੀ ਦੇ ਰਿਸ਼ਤੇ ‘ਤੇ ਚੁੱਕੀ ਸੀ ਉਂਗਲ

Lal Singh, Relationship Husband, Wife

ਲਾਲ ਸਿੰਘ ਨੇ ਟੀਵੀ ਚੈਨਲ ‘ਤੇ ਕਿਹਾ ਸੀ, ਨਹੀਂ ਬਣਦੀ ਐ ਦੂਲੋਂ ਦੀ ਆਪਣੀ ਪਤਨੀ ਨਾਲ

ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਰਾਜ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਤੋਂ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਤੇ ਉਨ੍ਹਾਂ ਦੀ ਪਤਨੀ ਹਰਬੰਸ ਕੌਰ ਦੂਲੋਂ ਕਾਫ਼ੀ ਜਿਆਦਾ ਨਰਾਜ਼ ਹੋ ਗਏ ਹਨ। ਲਾਲ ਸਿੰਘ ਨੇ ਸ਼ਮਸ਼ੇਰ ਸਿੰਘ ਦੂਲੋਂ ਦੀ ਪਤਨੀ ਹਰਬੰਸ ਕੌਰ ਦੂਲੋਂ ਨੂੰ ਲੈ ਕੇ ਇੱਕ ਟੀਵੀ ਚੈਨਲ ‘ਤੇ ਉਂਗਲ ਚੁੱਕੀ ਸੀ, ਜਿਸ ਨੂੰ ਲੈ ਕੇ ਉਹ ਖਫ਼ਾ ਹੋ ਗਏ ਹਨ
ਹਰਬੰਸ ਕੌਰ ਦੂਲੋਂ ਤੇ ਸ਼ਮਸ਼ੇਰ ਦੂਲੋਂ ਦੀ ਨਰਾਜ਼ਗੀ ਤੋਂ ਬਾਅਦ ਲਾਲ ਸਿੰਘ ਨੇ ਵੀ ਹੁਣ ਇਸ ਮਾਮਲੇ ਵਿੱਚ ਜਿਆਦਾ ਕੁਝ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਲਾਲ ਸਿੰਘ ਦਾ ਸਿਰਫ਼ ਇੰਨਾ ਹੀ ਕਹਿਣਾ ਹੈ ਕਿ ਇਸ ਸਬੰਧੀ ਸਾਰੀ ਦੁਨੀਆ ਨੂੰ ਹੀ ਪਤਾ ਹੈ ਕਿ ਕੀ ਚਲਦਾ ਹੈ ਜਾਂ ਫਿਰ ਨਹੀਂ ਚਲਦਾ ਹੈ। ਇਸ ਤੋਂ ਜ਼ਿਆਦਾ ਉਹ ਕੁਝ ਵੀ ਨਹੀਂ ਕਹਿਣਗੇ।
ਜਾਣਕਾਰੀ ਅਨੁਸਾਰ ਹਰਬੰਸ ਕੌਰ ਦੂਲੋਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਏ ਗਏ ਸਨ, ਜਿਸ ਤੋਂ ਬਾਅਦ ਇੱਕ ਖਬਰੀ ਚੈਨਲ ‘ਤੇ ਗੱਲਬਾਤ ਕਰਦੇ ਹੋਏ ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਪਰਿਵਾਰਕ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਇਨ੍ਹਾਂ ਦੋਵਾਂ ਪਤੀ ਪਤਨੀ ਦੀ ਆਪਸ ‘ਚ ਹੀ ਨਹੀਂ ਬਣਦੀ ਹੈ ਤੇ ਉਨ੍ਹਾਂ ਦੀ ਇਸ ਸਬੰਧੀ ਸ਼ਮਸ਼ੇਰ ਦੂਲੋਂ ਨਾਲ ਵੀ ਗੱਲਬਾਤ ਹੋ ਗਈ ਹੈ।
ਲਾਲ ਸਿੰਘ ਵੱਲੋਂ ਸ਼ਮਸ਼ੇਰ ਸਿੰਘ ਦੂਲੋਂ ਦੀ ਪਤਨੀ ਹਰਬੰਸ ਕੌਰ ਦੂਲੋਂ ਬਾਰੇ ਹੋਰ ਵੀ ਕੁਝ ਕਿਹਾ ਗਿਆ ਸੀ, ਜਿਹੜਾ ਸ਼ਮਸ਼ੇਰ ਸਿੰਘ ਦੂਲੋਂ ਵੀ ਬਰਦਾਸ਼ਤ ਨਹੀਂ ਕਰ ਸਕੇ ਹਨ। ਸ੍ਰੀ ਦੂਲੋਂ ਦੀ ਨਰਾਜ਼ਗੀ ਹੈ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਕੀ ਚੱਲ ਰਿਹਾ ਹੈ ਜਾ ਫਿਰ ਨਹੀਂ ਚੱਲ ਰਿਹਾ ਹੈ, ਉਹ ਕਿਸੇ ਸਮਾਚਾਰ ਚੈਨਲ ‘ਤੇ ਚਰਚਾ ਦਾ ਮੁੱਦਾ ਹੋਣਾ ਜਾਂ ਫਿਰ ਬਿਆਨ ਨਹੀਂ ਦੇਣਾ ਚਾਹੀਦਾ ਹੈ। ਇਸ ਗੱਲ ਤੋਂ ਉਹ ਕਾਫ਼ੀ ਜ਼ਿਆਦਾ ਖਫ਼ਾ ਹੋ ਗਏ ਹਨ।
ਸ਼ਮਸ਼ੇਰ ਦੂਲੋਂ ਨੇ ਕਿਹਾ ਕਿ ਉਹ ਮੀਡੀਆ ਵਿੱਚ ਇਸ ਸਬੰਧੀ ਕੁਝ ਵੀ ਨਹੀਂ ਕਹਿਣਗੇ ਪਰ ਇਸ ਸਬੰਧੀ ਲਾਲ ਸਿੰਘ ਨਾਲ ਜ਼ਰੂਰ ਗੱਲਬਾਤ ਕਰਨਗੇ।
ਇੱਥੇ ਹੀ ਹਰਬੰਸ ਕੌਰ ਦੂਲੋਂ ਨੇ ਕਿਹਾ ਕਿ  ਅਸੀਂ ਪਤੀ-ਪਤਨੀ ਇੱਕੋ ਘਰ ਵਿੱਚ ਰਹਿੰਦੇ ਹਾਂ ਤੇ ਹਮੇਸ਼ਾ ਹੀ ਸਾਡੀ ਹਰ ਮੁੱਦੇ ‘ਤੇ ਗੱਲਬਾਤ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਘਰ ਤੋਂ ਬਾਹਰ ਡਿਊਟੀ ਕਰਨ ਲਈ ਜਾਂਦੇ ਹਨ ਤਾਂ ਕੀ ਉਨ੍ਹਾਂ ਤੋਂ ਸਵਾਲ ਪੁੱਛੇ ਜਾਂਦੇ ਹਨ ਕਿ ਘਰ ‘ਚ ਤੁਸੀਂ ਕਿਵੇਂ ਹੋ ਜਾਂ ਫਿਰ ਤੁਹਾਡਾ ਘਰ ਕਿਵੇਂ ਚਲਦਾ ਹੈ। ਇਹ ਸਾਰੀਆਂ ਫਾਲਤੂ ਦੀਆਂ ਗੱਲਾਂ ਹਨ, ਜਿਹੜੀਆਂ ਕੀਤੀ ਜਾ ਰਹੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।