ਨਵੀਂ ਸਰਕਾਰ ਅਤੇ ਲੋਕਾਂ ਦੀਆਂ ਉਮੀਦਾਂ

New Government and Hopes Sachkahoon

ਨਵੀਂ ਸਰਕਾਰ ਅਤੇ ਲੋਕਾਂ ਦੀਆਂ ਉਮੀਦਾਂ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਨੂੰ ਜਿੱਥੇ ਕੁਝ ਲੋਕ ਸਮਾਜ ਵਿੱਚ ਵੱਡੀ ਤਬਦੀਲੀ ਦੱਸ ਰਹੇ ਹਨ, ਉੱਥੇ ਇੱਕ ਵੱਡਾ ਭਾਗ ਇਸ ਨੂੰ ਪੰਜਾਬ ਦੇ ਹਰ ਪੱਖ ’ਚ ਨਵੀਂ ਸੋਚ ਤੇ ਵਿਕਾਸ ਵਾਸਤੇ ਆਸ ਦੀ ਕਿਰਨ ਵਜੋਂ ਦੇਖ ਰਿਹਾ ਹੈ ਚੋਣ ਨਤੀਜਿਆਂ ਦਾ ਸਭ ਤੋਂ ਵੱਧ ਹੈਰਾਨੀ ਵਾਲਾ ਪੱਖ ਇਹ ਹੈ ਕਿ ਸੂਬੇ ਦੀ ਰਾਜਨੀਤੀ ਵਿੱਚ ਵੱਡੇ ਕੱਦ ਵਾਲੇ ਲੀਡਰਾਂ ਦੀ ਹਾਰ ਅਤੇ ਅਜੋਕੇ ਪੰਜਾਬ ਦੀ ਹੋਂਦ ਤੋਂ ਲੈ ਕੇ ਹੁਣ ਤੱਕ ਦਾ ਇੱਕਪਾਸੜ ਫਤਵਾ ਆਮ ਆਦਮੀ ਪਾਰਟੀ ਦੀ ਜਿੱਤ ਤੇ ਨਵੀਂ ਸਰਕਾਰ ਦੀ ਕਾਰਗੁਜ਼ਾਰੀ ਤਾਂ ਸਮਾਂ ਦੱਸੇਗਾ ਪਰ ਸੂਬੇ ਵਿਚਲੀਆਂ ਦੋ ਵੱਡੀਆਂ ਪਾਰਟੀਆਂ ਦੇ ਥੱਲੇ ਜਾਣ ਅਤੇ ਨਵੀਂ ਸਰਕਾਰ ਦੇ ਸਨਮੁੱਖ ਤਰਜੀਹੀ ਕੰਮਾਂ ਬਾਰੇ ਵਿਚਾਰ ਢੁੱਕਵਾਂ ਲੱਗਦਾ ਹੈ ਹਿੰਦੋਸਤਾਨ ਦੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਜੋ 1885 ਵਿੱਚ ਅੰਗਰੇਜੀ ਹਕੂਮਤ ਵੇਲੇ ਅਜ਼ਾਦੀ ਦੀ ਲਹਿਰ ਵੇਲੇ ਮੁੰਬਈ ਸਥਿਤ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿੱਚ 72 ਡੈਲੀਗੇਟਾਂ ਦੇ ਇੱਕਠ ਤੋਂ ਹੋਂਦ ਵਿੱਚ ਆਈ।

ਸੇਵਾ ਮੁਕਤ ਬਿ੍ਰਟਿਸ਼ ਇੰਡੀਅਨ ਸਿਵਿਲ ਸਰਵਿਸ ਅਧਿਕਾਰੀ ਐਲਨ ਓਕਟੈਵਿਇੰਨ ਹਿਊਮ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਪੜ੍ਹੇ-ਲਿਖੇ ਭਾਰਤੀਆਂ ਲਈ ਨਾਗਰਿਕ ਤੇ ਰਾਜਨੀਤਿਕ ਵਿਚਾਰ-ਵਟਾਂਦਰੇ ਹਿੱਤ ਕੀਤੀ ਹੌਲੀ-ਹੌਲੀ ਇਸ ਦੀ ਬਣਤਰ ਦੀ ਦਰੁਸਤੀ ਤੇ ਹੋਰ ਮੁੱਦਿਆਂ ਨੂੰ ਪਾਰਟੀ ਦਾ ਹਿੱਸਾ ਬਣਾਉਣ ਲਈ ਮਤੇ ਪਾਸ ਕੀਤੇ, ਪਾਰਟੀ ਢਾਂਚਾ ਬਣਾ ਦਿੱਤਾ ਤੇ ਭਾਰਤੀ ਰਾਜਨੀਤਕ ਪਾਰਟੀ ਚਲਾਉਣ ਲੱਗੇ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਸਰਦਾਰ ਪਟੇਲ, ਭੀਮ ਰਾਓ ਅੰਬੇਡਕਰ, ਸੁਭਾਸ਼ ਚੰਦਰ ਬੋਸ, ਮੁਹੰਮਦ ਅਲੀ ਜਿਨਾਹ ਆਦਿ ਦੇ ਸਮੇਂ ਤੋਂ ਇਹ ਪਾਰਟੀ ਹਿੰਦੋਸਤਾਨ ਦੀ ਆਜ਼ਾਦੀ ਦੇ ਸੰਘਰਸ਼ ਲਈ ਕੇਂਦਰ ਬਿੰਦੂ ਬਣ ਗਈ ਆਜ਼ਾਦੀ ਪਾ੍ਰਪਤੀ ਪਿੱਛੋਂ ਲਗਭਗ ਦੋ ਦਹਾਕਿਆਂ ਤੱਕ ਰਾਜਨੀਤਕ ਪੱਖ ਤੋਂ ਕੁਝ ਕੁ ਰਾਜਾਂ ਤੋਂ ਛੁੱਟ ਸਾਰੇ ਦੇਸ਼ ਵਿੱਚ ਇਸ ਦੀ ਸਰਦਾਰੀ ਰਹੀ ਤੇ ਵੱਖ-ਵੱਖ ਕਾਰਨਾਂ ਕਰਕੇ ਅੱਜ ਦੋ ਰਾਜਾਂ ਤੋਂ ਬਿਨਾ ਇਸ ਕੋਲ ਹੋਰ ਰਾਜਨੀਤਕ ਕੰਟਰੋਲ ਨਹੀਂ ਅੱਜ ਹਾਲਤ ਇਹ ਹੈ ਕਿ ਕੌਮੀ ਪੱਧਰ ’ਤੇ ਵਿਰੋਧੀ ਧਿਰ ਬਣਨ ਜੋਗੇ ਲੋਕ ਸਭਾ ਮੈਂਬਰ ਵੀ ਇਸ ਕੋਲ ਨਹੀਂ ਹੈ ਪਾਰਟੀ ਦੀ ਫੱੁਟ ਇਸ ਨੂੰ ਕਿੱਥੇ ਲੈ ਜਾਵੇਗੀ, ਪਤਾ ਨਹੀਂ ਬਹੁਤ ਸਾਰੇ ਵਿਦਵਾਨ ਇਸ ਨੂੰ ਕਾਂਗਰਸ ਲਈ ਹੀ ਨਹੀਂ ਬਲਕਿ ਲੋਕਤੰਤਰ ਲਈ ਮਾੜਾ ਦੱਸ ਰਹੇ ਹਨ, ਕਿਉਂਕਿ ਮਜ਼ਬੂਤ ਵਿਰੋਧੀ ਧਿਰ ਤੋਂ ਬਿਨਾਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਕਾਨੂੰਨ ਤੋਂ ਬਾਹਰ ਮਨਮਰਜ਼ੀ ਉੱਪਰ ਕੋਈ ਨਿਗਰਾਨੀ ਨਹੀਂ ਰਹਿੰਦੀ।

ਹਿੰਦੋਸਤਾਨ ਦੀ ਦੂਸਰੀ ਪੁਰਾਣੀ ਰਾਜਨੀਤਕ ਪਾਰਟੀ ਹੈ ਸ਼ੋ੍ਰਮਣੀ ਅਕਾਲੀ ਦਲ ਜੋ 19ਵੀਂ ਸਦੀ ਦੇ ਅਖੀਰਲੇ ਤੇ 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਪ੍ਰਚਲਤ ਸਮਾਜਿਕ ਧਾਰਮਿਕ ਲਹਿਰਾਂ ਦੇ ਸੰਘਰਸ਼ਾਂ ਵਿੱਚੋਂ ਨਿੱਕਲੀ ਇਸਾਈ ਮਿਸ਼ਨਰੀਆਂ ਦਾ ਰੋਲ ਕਾਫੀ ਵਧ ਚੁੱਕਾ ਸੀ ਉਸ ਸਮੇਂ ਧਰਮ ਪਰਿਵਰਤਨ ਜਾਂ ਇਸ ਨੂੰ ਰੋਕਣ ਤੇ ਕੁਝ ਹੋਰ ਸੁਧਾਰਾਂ ਹਿੱਤ ਆਰੀਆ ਸਮਾਜ, ਬ੍ਰਹਮੋ ਸਮਾਜ਼, ਸ਼ੁੱਧੀ ਲਹਿਰ, ਤਬਲੀਗੀ ਜਮਾਤ, ਸਿੰਘ ਸਭਾ ਲਹਿਰ ਚਲਾਈਆਂ ਗਈਆਂ ਅੰਗਰੇਜ਼ਾਂ ਦੀ ਚਲਾਕੀ ਤੇ ਕੁਝ ਹੋਰ ਕਾਰਨਾਂ ਕਰਕੇ ਸਿੱਖ ਇਤਿਹਾਸ ਤੇ ਹੋਰ ਗੁਰਦੁਆਰਿਆਂ ਦੀ ਦੁਰਵਰਤੋਂ ਕਰਨ ਤੇ ਸਿੱਖੀ ਰਹਿਤ-ਮਰਿਆਦਾ ਨੂੰ ਢਾਹ ਲਾਉਣ ਕਰਕੇ ਸਿੱਖਾਂ ਦੇ ਰੋਸ ਵਿਚੋਂ 1870 ਦੇ ਕਰੀਬ ਸਿੰਘ ਸਭਾ ਲਹਿਰ ਹੋਂਦ ਵਿੱਚ ਆਈ।

ਇਨ੍ਹਾਂ ਕੋਸ਼ਿਸ਼ਾਂ ਤੇ ਕੁਰਬਾਨੀਆਂ ਸਦਕਾ ਗੁਰਦੁਆਰਿਆਂ ਦੀ ਸੰਭਾਲ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 28 ਜੁਲਾਈ 1925 ਵਿੱਚ ਹੋਂਦ ਵਿੱਚ ਆਈ ਸਿੰਘ ਸਭਾ ਲਹਿਰ ਦੀ ਰਾਜਨੀਤਕ ਇਕਾਈ ਵਜੋਂ ਅਕਾਲੀ ਦਲ ਦੀ ਸਥਾਪਨਾ 14 ਦਸੰਬਰ 1920 ਨੂੰ ਹੋਈ ਜਿਸ ਦੇ ਪਹਿਲੇ ਪ੍ਰਧਾਨ ਸੁਰਮੁਖ ਸਿੰਘ ਝਬਾਲ ਸਨ ਆਜ਼ਾਦੀ ਤੋਂ ਪਹਿਲਾਂ ਅਣਵੰਡੇ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਕਿ ਅਕਾਲੀ ਦਲ ਵਿਰੋਧੀ ਧਿਰ ਹੀ ਨਾ ਬਣ ਸਕਿਆ ਤੇ 2022 ਵਿੱਚ ਸਿਰਫ 3 ਸੀਟਾਂ ਹੀ ਅਕਾਲੀ ਦਲ ਦੇ ਹੱਥ ਆਈਆਂ ਇਸ ਦੇ ਬਹੁਤ ਸਾਰੇ ਕਾਰਨ ਹਨ ਪੰਜਾਬ ਵਿੱਚ ਖੱਬੇਪੱਖੀ ਰਾਜਨੀਤਕ ਪਾਰਟੀਆਂ ਦਾ ਵੀ ਕਾਫੀ ਰੋਲ ਰਿਹਾ ਪਰ ਕਈ ਕਾਰਨਾਂ ਕਰਕੇ ਇਹ ਹੁਣ ਪਿਛਾਂਹ ਰਹਿ ਗਈਆਂ ਹਨ ਮੁੱਖ ਅਕਾਲੀ ਦਲ ਨਾਲੋਂ ਟੁੱਟ ਅਲੱਗ ਬਣੇ ਅਕਾਲੀ ਦਲ ਆਪਣੀ ਸਾਰਥਿਕ ਰਾਜਨੀਤਕ ਥਾਂ ਨਹੀਂ ਬਣਾ ਸਕੇ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸ਼ੁਰੂਆਤ 2014 ਦੀਆਂ ਲੋਕ ਸਭਾ ਚੋਣਾਂ ਤੋਂ ਹੋਈ ਜਿਸ ਵੇਲੇ ਲੋਕਾਂ ਦੇ ਕਿਆਸ ਤੋਂ ਉਲਟ 4 ਲੋਕ ਸਭਾ ਸੀਟਾਂ ਇਸ ਦੀ ਝੋਲੀ ਪਈਆਂ ਜਦਕਿ ਮੁਲਕ ਦੇ ਹੋਰ ਹਿੱਸਿਆਂ ਵਿੱਚ ਖੜ੍ਹੇ ਕੀਤੇ ਸੈਂਕੜੇ ਉਮੀਦਵਾਰ ਬੁਰੀ ਤਰ੍ਹਾਂ ਹਾਰ ਗਏ 2017 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਹ 20 ਸੀਟਾਂ ਤੋਂ ਜਿੱਤੀ ਅਤੇ ਵਿਰੋਧੀ ਧਿਰ ਦਾ ਰੁਤਬਾ ਹਾਸਲ ਕੀਤਾ 2022 ਵਿੱਚ ਇਸ ਪਾਰਟੀ ਨੇ ਅਚੰਭਾ ਕਰ ਦਿਖਾਇਆ ਹੁਣੇ ਹੋਈਆਂ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਵਿੱਚੋਂ ਯੂਪੀ ਅਤੇ ਪੰਜਾਬ ਬਾਰੇ ਵੱਖ-ਵੱਖ ਵਿਸ਼ਲੇਸ਼ਕ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਪੁਰਾਣੇ ਸਮੇਂ ਤੋਂ ਉਲਟ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ ਹਨ ਜਿਨ੍ਹਾਂ ਨੇ ਜ਼ਮੀਨ ’ਤੇ ਕੰਮ ਕੀਤਾ ਹੈ।

ਯੋਗੀ ਆਦਿੱਤਿਆਨਾਥ ਅਤੇ ਅਰਵਿੰਦ ਕੇਜਰੀਵਾਲ, ਦੋਵਾਂ ਨੇ ਹੀ ਆਪਣੇ ਬਲਬੂਤੇ ਰਾਜਨੀਤਕ ਸਫਾਂ ਵਿੱਚ ਆਪਣੀ ਥਾਂ ਬਣਾਈ ਅਤੇ ਲੋਕ ਮੁੱਦਿਆਂ ਨੂੰ ਰੋਜ਼ਾਨਾ ਜੀਵਨ ਦੇ ਕੰਮਾਂ ਨੂੰ ਆਧਾਰ ਬਣਾਇਆ ਹੈ ਇਹੀ ਹਾਲ ਪੱਛਮੀ ਬੰਗਾਲ ਵਿੱਚ ਹੋਇਆ ਜਿੱਥੇ ਮਮਤਾ ਬੈਨਰਜ਼ੀ ਨੇ ਕਰਿਸ਼ਮਾ ਕਰ ਦਿਖਾਇਆ ਕਿਸੇ ਵੇਲੇ ਮੁਲਾਇਮ ਸਿੰਘ ਯਾਦਵ ਅਤੇ ਬਾਅਦ ਵਿੱਚ ਉਸ ਦੇ ਲੜਕੇ ਅਖਿਲੇਸ਼ ਯਾਦਵ ਦੀ ਤੂਤੀ ਬੋਲਦੀ ਸੀ ਪਰ ਹੁਣ ਪਰਿਵਾਰਵਾਦ ਦੀ ਰਾਜਨੀਤੀ ਫਿੱਕੀ ਲੱਗਣ ਲੱਗ ਪਈ ਹੈ ਪੰਜਾਬ ਵਿੱਚ ਵੀ ਅਕਾਲੀ ਦਲ ਅਤੇ ਕਾਂਗਰਸ ਦੇ ਭੋਗ ਬਾਰੇ ਇਹੀ ਵਿਚਾਰ ਬਣਦੇ ਹਨ ਕਿ ਲੋਕਾਈ ਦੇ ਮੌਜੂਦਾ ਮੁੱਦਿਆਂ ਨੂੰ ਛੱਡ ਧਾਰਮਿਕ, ਸਮਾਜਿਕ ਮੁੱਦਿਆਂ ਵਿੱਚ ਉਲਝਾਈ ਰੱਖਣਾ ਤੇ ਆਪਣੇ ਪਰਿਵਾਰਾਂ ਤੱਕ ਸਭ ਕੁਝ ਸੀਮਤ ਕਰ ਦੇਣ ਦਾ ਸਮਾਂ ਲੰਘ ਗਿਆ ਹੈ ਕਿਸੇ ਵੀ ਸਰਕਾਰ ਦੁਆਰਾ ਲੋਕਤੰਤਰੀ ਢਾਂਚੇ ਨੂੰ ਨਿੱਜੀਤੰਤਰ ਬਣਾ ਦੇਣਾ, ਪਾਰਟੀਆਂ ਦੇ ਆਪਣੇ ਢਾਂਚਿਆਂ ਵਿੱਚ ਲੋਕਤੰਤਰ ਨਾ ਹੋਣਾ, ਚੋਣਾਂ ਵੇਲੇ ਮੁਫਤਖੋਰੀ ਦੇ ਲਾਰਿਆਂ ਦਾ ਜ਼ਮਾਨਾ ਵੀ ਲੱਦ ਗਿਆ ਹੈ ਕਿਉਂਕਿ ਮਨੁੱਖੀ ਜੀਵਨ ਵਿੱਚ ਆਈ ਤਕਨਾਲੋਜੀ ਤੇ ਮਾਸ ਮੀਡੀਆ ਨੇ ਲੋਕਾਂ ਨੂੰ ਕਾਫੀ ਹੱਦ ਤੱਕ ਜਾਗਰੂਕ ਕਰ ਦਿੱਤਾ ਹੈ।

ਅਜੋਕੀ ਪੰਜਾਬ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹਨ ਪੰਜਾਬ ਇਸ ਵੇਲੇ ਵੱਖ-ਵੱਖ ਕਾਰਨਾਂ ਕਰਕੇ ਕਈ ਸੰਕਟਾਂ ਵਿੱਚ ਘਿਰਿਆ ਹੋਇਆ ਹੈ ਇਸ ਬਾਰੇ ਨਵੀਂ ਸਰਕਾਰ ਨੂੰ ਛੇਤੀ-ਛੇਤੀ ਕਮਰ ਕੱਸਣੀ ਪਵੇਗੀ ਸਭ ਤੋਂ ਅਹਿਮ ਹੈ ਸਰਕਾਰੀ ਤੰਤਰ ਵਿੱਚ ਲੋਕਾਂ ਦਾ ਭਰੋਸਾ ਬਹਾਲ ਕਰਨਾ ਜਿਸ ਤੋਂ ਆਮ ਪੰਜਾਬੀ ਟੱੁਟੇ ਹੋਏ ਹਨ ਇਸ ਪੱਖੋਂ ਮੁੱਖ ਮੰਤਰੀ ਦੀ ਹਦਾਇਤ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ ਤਿੰਨ ਲੱਖ ਕਰੋੜ ਦਾ ਕਰਜ਼ਾ ਭੂਤ ਬਣਿਆ ਖੜ੍ਹਾ ਹੈ ਜਿਸ ਦੀ ਵਿਆਜ਼ ਅਦਾਇਗੀ ’ਤੇ ਹੀ ਅੱਧੇ ਤੋਂ ਵੱਧ ਸਰਕਾਰੀ ਆਮਦਨ ਖਰਚ ਹੋ ਜਾਂਦੀ ਹੈ ਜ਼ਰੂਰੀ ਸਰਕਾਰੀ ਖਰਚਿਆਂ ਅਤੇ ਹੋਰ ਦੇਣਦਾਰੀਆਂ ਸਦਕਾ ਵਿਕਾਸ ਕੰਮਾਂ ਲਈ ਆਮਦਨ ਨਾਮਾਤਰ ਬਚਦੀ ਹੈ ਰਿਸ਼ਵਤਖੋਰੀ ’ਤੇ ਕਾਬੂ, ਟੈਕਸ ਚੋਰੀਆਂ ਨੂੰ ਰੋਕਣਾ ਅਤੇ ਕੁਦਰਤੀ ਸਾਧਨਾਂ ਦੀ ਲੱੁਟ ’ਤੇ ਕਾਬੂ ਪਾ ਕੇ ਅਤੇ ਵਿੱਤੀ ਮਾਹਿਰਾਂ ਦੀ ਰਾਇ ਨਾਲ ਹੋਰ ਸ੍ਰੋਤਾਂ ਤੋਂ ਆਮਦਨ ਵਧਾਉਣ ਨਾਲ ਸਹਿਜੇ ਹੀ ਸਰਕਾਰੀ ਖਜ਼ਾਨਾ ਭਰਨਾ ਸ਼ੁਰੂ ਹੋ ਸਕਦਾ ਹੈ ਸਰਕਾਰੀ ਨੌਕਰੀਆਂ?ਬਾਰੇ ਕੀਤਾ ਐਲਾਨ ਸਲਾਹੁਣਯੋਗ ਹੈ।

ਇਸ ਦੇ ਨਾਲ ਹੀ ਸਰਕਾਰੀ ਭਰਤੀ ਵਾਲੀਆਂ ਸੰਸਥਾਵਾਂ ਵਿੱਚ ਵਿਸ਼ਵਾਸ ਬਹਾਲੀ ਵੀ ਓਨੀ ਹੀ ਜ਼ਰੂਰੀ ਹੈ ਕਿਉਂਕਿ ਪਹਿਲਾਂ ਕਈ ਸਰਕਾਰਾਂ ਨੇ ਕਾਰਪੋਰੇਸ਼ਨਾਂ ਤੇ ਬੋਰਡਾਂ ਨੂੰ ਆਪਣੇ ਚਹੇਤਿਆਂ ਦੀ ਭਰਤੀ ਲਈ ਹੀ ਰੱਖਿਆ ਹੋਇਆ ਸੀ ਬਹੁਤ ਸਾਰੇ ਉਦਯੋਗ ਪੰਜਾਬ ਵਿੱਚੋਂ ਬਾਹਰ ਚਲੇ ਗਏ ਹਨ ਤੇ ਹੋਰ ਵੀ ਜਾ ਰਹੇ ਹਨ ਇਹ ਪ੍ਰਕਿਰਿਆ ਗੰਭੀਰ ਵਿਚਾਰ ਮੰਗਦੀ ਹੈ ਉਦਯੋਗਾਂ, ਖਾਸਕਰ ਖੇਤੀ ਆਧਾਰਿਤ ਉਦਯੋਗਾਂ ਦੀ ਸਥਾਪਨਾ ਬੇਰੁਜਗਾਰੀ ’ਤੇ ਕਾਬੂ ਪਾਉਣ ਲਈ ਜ਼ਰੂਰੀ ਹੈ ਖੇਤੀ ਸੈਕਟਰ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਇਸ ਦੀਆਂ ਸਾਰੀਆਂ ਸਮੱਸਿਆਵਾਂ, ਖੇਤੀ ਲਾਗਤਾਂ, ਮੁੱਲ, ਕਰਜ਼ਾ, ਖੁਦਕੁਸ਼ੀਆਂ ਆਦਿ ਬਾਰੇ ਮਾਹਿਰਾਂ ਦੀ ਕਮੇਟੀ ਬਣਾ ਕੇ ਦਰੁਸਤੀ ਬਹੁਤ ਜ਼ਰੂਰੀ ਹੈ ਪ੍ਰਾਈਵੇਟ ਸਿੱਖਿਆ ਤੇ ਸਿਹਤ ਸਹੂਲਤਾਂ ਬਾਰੇ ਸਰਵੇਖਣ ਇਸ਼ਾਰਾ ਕਰਦੇ ਹਨ ਕਿ ਆਮ ਕਿਸਾਨ ਤੇ ਹੋਰ ਲੋਕਾਂ ਦੀ ਆਮਦਨ ਦਾ ਵੱਡਾ ਹਿੱਸਾ ਇਸ ਉੱਪਰ ਖਰਚ ਹੋ ਜਾਂਦਾ ਹੈ ਅਜੋਕਾ ਸਮਾਂ ਤਕਨਾਲੋਜੀ ਦਾ ਹੈ, ਇਸ ਲਈ ਆਈਟੀ ਤੇ ਕੰਪਿਊਟਰ ਇੰਡਸਟ੍ਰੀਅਲ ਸੈਂਟਰ ਦੀ ਸਥਾਪਨਾ ਨਵਾਂ ਗਿਆਨ ਹਾਸਲ ਨੌਜਵਾਨਾਂ ਦੇ ਰੁਜ਼ਗਾਰ ਲਈ ਸਹਾਈ ਹੋ ਸਕਦੇ ਹਨ।

ਇੱਕ ਹੋਰ ਉੱਭਰ ਰਹੀ ਸਮੱਸਿਆ ਹੈ ਸੜਕਾਂ ਉੱਪਰ ਵਧ ਰਹੀ ਟਰੈਫਿਕ ਦੀ ਜਿਸ ਕਾਰਨ ਹੋ ਰਹੇ ਹਾਦਸਿਆਂ ਵਿੱਚ ਕਮਾਊ ਹੱਥ ਵਾਲਿਆਂ ਦੀ ਮੌਤ ਹੋ ਰਹੀ ਹੈ ਪੰਜਾਬ ’ਚ ਹਰ ਰੋਜ਼ ਔਸਤਨ 12 ਲੋਕ ਹਾਦਸਿਆਂ ਕਰਕੇ ਫ਼ੌਤ ਹੋ ਜਾਂਦੇ ਹਨ ਨੌਜਵਾਨ ਪੀੜ੍ਹੀ ਦਾ ਪੰਜਾਬ ਵਿੱਚੋਂ ਪਰਵਾਸ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਸਮਾਜ ਲਈ ਨਵੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਇਹ ਗੰਭੀਰਤਾ ਨਾਲ ਸੋਚਣ ਵਾਲਾ ਮਸਲਾ ਹੈ ਧਰਤੀ ਹੇਠਲਾ ਪਾਣੀ, ਨਸ਼ਾ ਮੁਕਤੀ, ਵਾਤਾਵਰਨ ਦੀ ਸੰਭਾਲ ਆਦਿ ਹੋਰ ਮਸਲੇ ਹਨ ਜਿਨ੍ਹਾਂ ਬਾਰੇ ਵਿਚਾਰ-ਵੰਟਾਦਰੇ ਦੀ ਜ਼ਰੂਰਤ ਹੈ ਪੰਜਾਬ ਲਈ ਸਮਾਂ ਔਖਾ ਜ਼ਰੂਰ ਹੈ ਪਰ ਇਸ ਨੂੰ ਰਾਹ ’ਤੇ ਲਿਆਉਣਾ ਨਾਮੁਮਕਿਨ ਨਹੀਂ ਉਸਤਾਦ ਦਾਮਨ ਦਾ ਕਥਨ ਹੈ :
ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ,
ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ
ਰਾਂਝਾ ਤਖ਼ਤ ਹਜ਼ਾਰਿਓਂ ਟੁਰੇ ਤੇ ਸਹੀ,
ਪੈਰਾਂ ਹੇਠ ਸਿਆਲਾਂ ਦਾ ਝੰਗ ਆਉਦਾ

ਡਾ. ਸੁਖਦੇਵ ਸਿੰਘ
ਸਾਬਕਾ ਪ੍ਰੋਫੈਸਰ, ਸਮਾਜ ਵਿਗਿਆਨ, ਪੀਏਯੂ ਲੁਧਿਆਣਾ ਮੋ. 94177-15730

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ