ਮੁੰਬਈ। ਹੁਣ ਤੱਕ ਦੇ ਸਭ ਤੋਂ ਵੱਡੇ ਗੁਰਦਾ ਕਾਂਡ ‘ਚ ਪੁਲਿਸ ਨੇ ਹੀਰਾਨੰਦਾਨੀ ਹਸਪਤਾਲ ਦੇ 5 ਡਾਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ‘ਚ ਹਸਪਤਾਲ ਦੇ ਸੀਈਓ ਡਾਕਟਰ ਸੁਜੀਤ ਚੈਟਰਜੀ ਤੇ ਮੈਡੀਕਲ ਡਾਇਰੈਕਟਰ ਵੀ ਸ਼ਾਮਲ ਹਨ। ਦੋਸ਼ ਹੈ ਕਿ ਹੀਰਾਨੰਦਾਨੀ ਹਸਪਤਾਲ ‘ਚ ਫਰਜ਼ੀ ਦਸਤਾਵੇਜ਼ਾਂ ਦੀ ਮੱਦਦ ਨਾਲ ਪਹਿਲਾਂ ਨਕਲੀ ਰਿਸ਼ਤੇਦਾਰ ਤਿਆਰ ਕੀਤੇ ਜਾਂਦੇ ਸਨ ਤੇ ਫਿਰ ਗੈਰ ਕਾਨੂੰਨੀ ਢੰਗ ਨਾਲ ਲੋੜਵੰਦਾਂ ਨੂੰ ਗੁਰਦਾ ਵੇਚਿਆ ਜਾਂਦਾ ਸੀ।
ਦੋਸ਼ ਹਨ ਕਿ ਇਸ ਰੈਕਟ ਦਾ ਸਰਗਨਾ ਇੱਕ ਕਿਡਨੀ ਟ੍ਰਾਂਸਪਲਾਂਟ ਦੇ ਬਦਲੇ 25 ਤੋਂ 30 ਲੱਖ ਰੁਪਏ ਲੈਂਦਾ ਸੀ। ਕਿਡਨੀ ਦੇਣ ਵਾਲੇ ਨੂੰ ਕੁਝ ਹਜ਼ਾਰ ਰੁਪਏ ਦੇ ਕੇ ਚੁੱਪ ਕਰਵਾ ਦਿੱਤਾ ਜਾਂਦਾ ਸੀ। ਪੁਲਿਸ ਸੂਤਰਾਂ ਮੁਤਾਬਕ ਹੁਣ ਤੱਕ ਇਸ ਪੂਰੇ ਮਾਮਲੇ ‘ਚ ਗੁਜਰਾਤ ਅਤੇ ਰਾਜਸਥਾਨ ਤੋਂ ਵੀ ਕੁਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਇਸ ਤਰ੍ਹਾਂ ਦਾ ਫਰਜ਼ੀਵਾੜਾ ਕਰਕੇ 50 ਦੇ ਲਗਭਗ ਗੁਰਦੇ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ।