ਭੰਡਾਰੇ ਦੌਰਾਨ ਨਸ਼ਿਆਂ ਨੂੰ ਰੋਕਣ ਦਾ ਸਰਪੰਚਾਂ ਨੇ ਚੁੱਕਿਆ ਜ਼ਿੰਮਾ

ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਐੱਮਐੱਸਜੀ ਭੰਡਾਰਾ ਮਨਾਇਆ ਗਿਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਨਲਾਈਨ ਗੁਰੂਕੁਲ ਤਹਿਤ ਯੂਟਿਊਬ ਚੈਨਲ ਰਾਹੀਂ ਸਾਧ-ਸੰਗਤ ਨੂੰ ਅਨਮੋਲ ਬਚਨਾਂ ਤੇ ਦਰਸ਼ਨਾਂ ਨਾਲ ਨਿਹਾਲ ਕੀਤਾ ਤੇ ਸਾਧ-ਸੰਗਤ ਨਾਲ ਰੂ-ਬ-ਰੂ ਹੋਏ।

ਸੰਗਤ ਨਾਲ ਮਿਲ ਕੇ ਨਸ਼ੇ ਦੇ ਦੈਂਤ ਨੂੰ ਭਜਾਵਾਂਗੇ : ਸਰਪੰਚ ਗੁਰਸੇਵਕ ਸਿੰਘ

ਜ਼ਿਲ੍ਹਾ ਮਾਨਸਾ ਦੇ ਪਿੰਡ ਫੱਤਾ ਮਾਲੋਕਾ ਤੋਂ ਸਰਪੰਚ ਗੁਰਸੇਵਕ ਸਿੰਘ ਨੇ ਪੂਜਨੀਕ ਗੁਰੂ ਜੀ ਨਾਲ ਗੱਲਬਾਤ ਕਰਦਿਆਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਭਲਾਈ ਕਾਰਜਾਂ ਲਈ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨਸ਼ਾ ਤੇ ਹੋਰ ਬੁਰਾਈਆਂ ਨੂੰ ਖ਼ਤਮ ਕਰਨ ਲਈ ਬਹੁਤ ਹੀ ਵਧੀਆ ਕੰਮ ਕਰ ਰਹੀ ਅਤੇ ਸਾਨੂੰ ਵੀ ਸਹਿਯੋਗ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਚਾਇਤ ਬਣੀ ਹੈ ਅਸੀਂ ਮਤਾ ਪਾਇਆ ਸੀ ਕਿ ਨਸ਼ੇ ਵਾਲਿਆਂ ਦੇ ਹੱਕ ਵਿੱਚ ਕਦੇ ਨਹੀਂ ਜਾਵਾਂਗੇ ਅਤੇ ਕਦੇ ਗਏ ਵੀ ਨਹੀਂ।

ਇਸ ਲਈ ਉਨ੍ਹਾਂ ਨੂੰ ਵਿਰੋਧ ਵੀ ਬਹੁਤ ਝੱਲਣਾ ਪਿਆ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਦੋਂ ਵੀ ਸਾਧ-ਸੰਗਤ ਨੂੰ ਕਿਸੇ ਭਲਾਈ ਕਾਰਜ ਵਿੱਚ ਲੋੜ ਹੋਵੇਗੀ ਉਹ ਸਾਧ-ਸੰਗਤ ਦੇ ਨਾਲ ਖੜ੍ਹਨਗੇ। ਨਸ਼ਿਆਂ ਦੇ ਖਿਲਾਫ਼, ਸਫ਼ਾਈ ਮੁਹਿੰਮ ਵਿੱਚ ਅਤੇ ਹੋਰ ਸਮਾਜਿਕ ਬੁਰਾਂਈਆਂ ਨੂੰ ਖ਼ਤਮ ਕਰਨ ਲਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਉਨ੍ਹਾਂ ਕਿਹਾ ਕਿ ਨਸ਼ਾ ਪੰਜਾਬ ਲਈ ਇੱਕ ਰੋਗ ਬਣ ਚੁੱਕਿਆ ਹੈ। ਇਸ ਨੂੰ ਖ਼ਤਮ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਮੌਕੇ ਦੀਆਂ ਤਿੰਨ ਸਰਕਾਰਾਂ ਬਣੀਆਂ ਪਰ ਕਿਸੇ ਨੇ ਵੀ ਨਸ਼ਾ ਖ਼ਤਮ ਨਹੀਂ ਕੀਤਾ ਤੇ ਅਜੇ ਵੀ ਨਸ਼ਾ ਬਰਕਰਾਰ ਹੈ। ਉਨ੍ਹਾਂ ਮੰਗ ਕੀਤੀ ਕਿ ਜਿਹੜੇ ਪਰਿਵਾਰਾਂ ਨੂੰ ਨਸ਼ਾ ਖਾ ਗਿਆ ਉਨ੍ਹਾਂ ’ਤੇ ਤਰਸ ਆਉਂਦਾ ਹੈ ਇਸ ਲਈ ਸਾਧ-ਸੰਗਤ ਨਸ਼ਾ ਖ਼ਤਮ ਕਰਨ ਲਈ ਸਾਡਾ ਸਾਥ ਦੇਵੇ ਤੇ ਅਸੀਂ ਸੰਗਤ ਦਾ ਸਾਥ ਦੇਵਾਂਗੇ। ਅਸੀਂ ਸਾਰੇ ਰਲ ਕੇ ਇਸ ਕੋਹੜ ਨੂੰ ਵੱਢ ਸਕੀਏ।

ਪਿੰਡ ਨਦਗੜ੍ਹ ਕੋਟੜਾ ਦੇ ਸਰਪੰਚ ਅਵਤਾਰ ਸਿੰਘ ਦੀ ਜ਼ੁਬਾਨੀ

ਇਸ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਨਦਗੜ੍ਹ ਕੋਟੜਾ ਦੇ ਸਰਪੰਚ ਅਵਤਾਰ ਸਿੰਘ ਨੇ ਕਿਹਾ ਕਿ ਜਦੋਂ ਉਹ ਸਰਪੰਚ ਬਣੇ ਸੀ ਤਾਂ ਉਨ੍ਹਾਂ ਦੇ ਪਿੰਡ ਦੀ ਗਲੀ-ਗਲੀ ਵਿੱਚ ਨਸ਼ਾ ਵਿਕਦਾ ਸੀ। ਉਨ੍ਹਾਂ ਹਿੰਮਤ ਕਰਕੇ ਪਿੰਡ ਵਿੱਚੋਂ ਨਸ਼ਾ ਖ਼ਤਮ ਕਰ ਦਿੱਤਾ। ਨਸ਼ਾ ਵੇਚਣ ਵਾਲਿਆਂ ਨੂੰ ਪਿਆਰ ਤੇ ਸਖ਼ਤੀ ਨਾਲ ਰੋਕ ਕੇ ਪਿੰਡ ਵਿੱਚੋਂ ਨਸ਼ਾ ਖ਼ਤਮ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਨੇ ਸਾਧ-ਸੰਗਤ ਨਾਲ ਮਿਲ ਕੇ ਕਿਸੇ ਹੋਰ ਸਹਾਇਤਾ ਤੋਂ ਬਿਨਾ ਲੋੜਵੰਦ ਪਰਿਵਾਰਾਂ ਦੇ ਮਕਾਨ ਬਣਾ ਕੇ ਦਿੱਤੇ ਹਨ। ਇਹ ਮਕਾਨ ਉਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਹਨ ਜਿਨ੍ਹਾਂ ਦੇ ਸਿਰਾਂ ’ਤੇ ਛੱਤ ਨਹੀਂ ਸੀ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਤੇ ਸਾਧ-ਸੰਗਤ ਨੇ ਪਿੰਡ ਵਿੱਚ ਮਤਾ ਪਾਇਆ ਹੈ ਕਿ ਜਿਹੜੇ ਲੋੜਵੰਦ ਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਹਨ ਉਨ੍ਹਾਂ ਦੀਆਂ ਧੀਆਂ ਦੇ ਵਿਆਹ ਕਰਵਾਏ ਜਾਣਗੇ।

ਮਾਨਸਾ ਦੇ ਪਿੰਡ ਰਿਓਦ ਕਲਾਂ ਤੋਂ ਸਰਪੰਚ ਸੁਖਦੇਵ ਸਿੰਘ ਦੀ ਜ਼ੁਬਾਨੀ

ਇਸੇ ਤਰ੍ਹਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਰਿਓਦ ਕਲਾਂ ਤੋਂ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਨਸ਼ੇ ਨੇ ਨੌਜਵਾਨਾਂ ਤੇ ਰਿਸ਼ਤਿਆਂ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਹੈ। ਸਾਧ-ਸੰਗਤ ਵੱਲੋਂ ਨਸ਼ਿਆਂ ਖਿਲਾਫ ਕੀਤਾ ਜਾ ਰਿਹਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ‘ਜਾਗੋ ਦੁਨੀਆਂ ਦੇ ਲੋਕੋ’ ਸ਼ਬਦ ਸੁਣ ਕੇ ਪਿੰਡ ਵਿੱਚ ਮਤਾ ਪਾਇਆ ਹੈ ਕਿ ਕਿਸੇ ਨਸ਼ੇ ਵਾਲੇ ਦਾ ਸਾਥ ਨਹੀਂ ਦਿੱਤਾ ਜਾਵੇਗਾ। ਸਾਡੇ ਇਲਾਕੇ ਵਿੱਚ ਨਸ਼ਾ ਵਿਰੋਧੀ ਰੈਲੀ ਕੀਤੀ ਗਈ ਜੋ ਕਿ ਬਹੁਤ ਹੀ ਸਫ਼ਲ ਹੋਈ ਹੈ। ਸਾਧ-ਸੰਗਤ ਦੇ ਸਹਿਯੋਗ ਨਾਲ ਅਸੀਂ ਸਾਰੇ ਨਸ਼ੇ ਦੇ ਖਾਤਮੇ ਲਈ ਲੱਗੇ ਰਹਾਂਗੇ।

ਪਿੰਡ ਝਾੜੋਂ ਤੋਂ ਸਰਪੰਚ ਜਸਪਾਲ ਕੌਰ ਨੇ ਕਿਹਾ

ਜ਼ਿਲ੍ਹਾ ਸੰਗਰੂਰ ਦੇ ਪਿੰਡ ਝਾੜੋਂ ਤੋਂ ਸਰਪੰਚ ਜਸਪਾਲ ਕੌਰ ਨੇ ਕਿਹਾ ਕਿ ਸਾਡੇ ਪਿੰਡ ਨੇ ਸਭ ਤੋਂ ਪਹਿਲਾਂ ਨਸ਼ਿਆਂ ਖਿਲਾਫ਼ ਮਤਾ ਪਾਇਆ ਸੀ ਉਹ ਬਹੁਤ ਹੀ ਸਫ਼ਲ ਹੋਇਆ ਹੈ। ਪਿੰਡ ਬਹੁਤ ਜ਼ਿਆਦਾ ਨਸ਼ਾ ਸੀ ਤੇ ਪਿੰਡ ਦੀ ਸਾਧ-ਸੰਗਤ ਤੇ ਨੌਜਵਾਨਾਂ ਨੇ ਮਿਲ ਕੇ ਪਿੰਡ ਵਿੱਚੋਂ ਨਸ਼ੇ ਨੂੰ ਖ਼ਤਮ ਕਰ ਦਿੱਤਾ। ਪਿੰਡ ਦੇ ਦੁਕਾਨਦਾਰਾਂ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਤੇ ਅਸੀਂ ਉਨ੍ਹਾਂ ਦਾ ਸਾਥ ਦੇ ਕੇ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਕੰਮ ਨੂੰ ਨੇਪਰੇ ਚਾੜ੍ਹਿਆ ਹੈ।

ਹਿੰਮਤ ਕਰੋਗੇ ਤਾਂ ਪੂਰੇ ਦੇਸ਼ ਵਿੱਚੋਂ ਨਸ਼ੇ ਦਾ ਦੈਂਤ ਭੱਜ ਜਾਵੇਗਾ : ਪੂਜਨੀਕ ਗੁਰੂ ਜੀ

ਇਸ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਨਸ਼ੇ ਅਤੇ ਬਰਾਈਆਂ ਦੇ ਖਿਲਾਫ਼ ਬੋਲਣ ਲਈ ਦਿਲ ਗੁਰਦੇ ਦੀ ਲੋੜ ਹੁੰਦੀ ਹੈ। ਮਾਤਾ-ਪਿਤਾ ਦੇ ਚੰਗੇ ਸੰਸਕਾਰ ਹੀ ਇਸ ਤਰ੍ਹਾਂ ਦੇ ਵਿਚਾਰ ਪੈਦਾ ਕਰ ਸਕਦੇ ਹਨ। ਆਪ ਜੀ ਨੇ ਫਰਮਾਇਆ ਕਿ ਹਿੰਮਤ ਨਾਲ ਹੰਭਲਾ ਮਾਰ ਕੇ ਸਮਾਜ ਵਿੱਚੋਂ ਨਸ਼ੇ ਦਾ ਖ਼ਾਤਮਾ ਕਰ ਦਿਓ। ਨਾਲ ਹੀ ਪੂਜਨੀਕ ਗੁਰੂ ਜੀ ਨੇ ਆਸ਼ੀਰਵਾਦ ਨਾਲ ਨਿਵਾਜਿਆ।

ਆਪ ਜੀ ਨੇ ਫਰਮਾਇਆ ਕਿ ਤੁਹਾਡੇ ਨਾਲ ਅਸੀਂ ਵੀ ਹਾਂ ਤੇ ਸਾਧ-ਸੰਗਤ ਵੀ ਤੁਹਾਡੇ ਨਾਲ ਹੈ। ਨਸ਼ਾ ਛੁਡਵਾਉਣ ਦੇ ਨਾਲ-ਨਾਲ ਉਸ ਦੀ ਸੰਭਾਲ ਵੀ ਕਰਨੀ ਹੈ, ਇਲਾਜ਼ ਕਰਵਾਉਣ ਹੈ ਅਤੇ ਖੁਰਾਕ ਵੀ ਦੇਣੀ ਹੈ ਤਾਂ ਕਿ ਕਿਸੇ ਵਿਅਕਤੀ ਨੂੰ ਨਸ਼ਾ ਛੱਡਣ ਵਿੱਚ ਤਕਲੀਫ਼ ਨਾ ਆਵੇ। ਜੇਕਰ ਪਿੰਡਾਂ ਦੇ ਨੌਜਵਾਨ ਸਰਪੰਚ ਨਸ਼ੇ ਦੇ ਖਾਤਮੇ ਲਈ ਅੱਗੇ ਆ ਜਾਣ ਤਾਂ ਪੰਜਾਬ ਨੂੰ ਸਵਰਗ ਬਣਾ ਦਿਆਂਗੇ। ਭਾਵੇਂ ਸਫ਼ਾਈ ਹੋਵੇ ਜਾਂ ਨਸ਼ੇ ਛੁਡਾਉਣ ਦਾ ਕੰਮ ਹੋਵੇ ਪਿੰਡਾਂ ਦੇ ਨੌਜਵਾਨ ਤੇ ਪੰਚਾਇਤਾਂ ਵਧ-ਚੜ੍ਹ ਕੇ ਅੱਗੇ ਆਉਣ ਤਾਂ ਨਸ਼ੇ ਦਾ ਖ਼ਾਤਮਾ ਕਰਨ ਲਈ ਬਹੁਤਾ ਸਮਾਂ ਨਹੀਂ ਲੱਗਣਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ