ਮਾਂ ਦਾ ਝੋਲਾ

ਮਾਂ ਦਾ ਝੋਲਾ

‘‘ਕੁੜੇ ਇਨ੍ਹਾਂ ਦੀ ਬੀਬੀ ਦਾ ਝੋਲਾ ਕਿੱਥੇ ਆ?’’ ਕਰਤਾਰ ਦੀ ਮਾਂ ਦੇ ਸਸਕਾਰ ਤੋਂ ਬਾਅਦ ਸੱਥਰ ’ਤੇ ਬੈਠੀਆਂ ਔਰਤਾਂ ਵਿੱਚੋਂ ਗੁਆਂਢਣ ਨੇ ਅਸਿੱਧੇ ਤੌਰ ’ਤੇ ਬੀਬੀ ਦੀ ਭਰਜਾਈ ਨੂੰ ਸੰਬੋਧਨ ਹੁੰਦਿਆਂ ਸਵਾਲ ਕੀਤਾ ‘‘ਆਪਾਂ ਨੂੰ ਤਾਂ ਕੋਈ ਪਤਾ ਨੀ ਭਾਈ ਇਹਦੇ ਝੋਲੇ-ਝੁੂਲੇ ਦਾ ਆਹ ਬਹੂਆਂ ਨੂੰ ਪਤਾ ਹੋਣੈ ਜਦੋਂ ਮਿਲਣ ਜਾਂਦੀ ਸੀ ਇਨ੍ਹਾਂ ਕੋਲ ਈ ਰਹਿੰਦੀ ਸੀ ਮੈਥੋਂ ਤਾਂ ਆਪਦਾ ਆਪ ਨੀ ਸੰਭਾਲਿਆ ਜਾਂਦਾ।’’ ਭਰਜਾਈ ਨੇ ਕੋਲ ਬੈਠੀਆਂ ਆਪਣੀਆਂ ਨੂੰਹਾਂ ਜਾਣੀ ਕਿ ਬੀਬੀ ਦੀਆਂ ਭਤੀਜ ਨੂੰਹਾਂ ਵੱਲ ਇਸ਼ਾਰਾ ਕੀਤਾ। ‘‘ਝੋਲੇ ਦਾ ਤਾਂ ਉਹ ਭੋਰਾ ਵਸਾਹ ਨੀ ਸੀ ਖਾਂਦੀ। ਘਰ ਦਾ ਟੂਮ ਛੱਲਾ, ਬੈਂਕ ਦੀਆਂ ਕਾਪੀਆਂ ਅਤੇ ਪੈਸੇ-ਧੇਲੇ ਸਾਰੇ ਝੋਲੇ ’ਚ ਈ ਰੱਖਦੀ ਸੀ। ਇਹ ਤਾਂ ਬਾਹਲੀ ਮਾੜੀ ਗੱਲ ਆ ਵੀ ਉਹਦਾ ਝੋਲਾ ਈ ਨੀ ਪਤਾ ਕਿੱਧਰ ਨੂੰ ਗਿਆ?’’ ਗੁਆਂਢਣ ਨੇ ਬੀਬੀ ਦੇ ਝੋਲੇ ਬਾਰੇ ਹੋਰ ਸਪੱਸ਼ਟ ਕੀਤਾ।

ਮੌਤ ਵੇਲੇ ਕਰਤਾਰ ਦੀ ਮਾਂ ਆਪਣੇ ਪੇਕੇ ਪਿੰਡ ਜਾਣੀ ਕਿ ਕਰਤਾਰ ਦੇ ਨਾਨਕੀ ਮਿਲਣ ਗਈ ਹੋਈ ਸੀ। ਭਤੀਜ ਨੂੰਹਾਂ ਮੋਹ ਹੀ ਬਾਹਲਾ ਵਿਖਾਉਂਦੀਆਂ ਸਨ। ਉਂਝ ਆਪਣੇ ਸੱਸ ਅਤੇ ਸਹੁਰਾ ਉਨ੍ਹਾਂ ਨੂੰ ਫੁੱਟੀ ਅੱਖ ਨਹੀਂ ਸਨ ਭਾਉਂਦੇ। ਉਨ੍ਹਾਂ ਵਿਚਾਰਿਆਂ ਨੂੰ ਤਾਂ ਪੁਰਾਣੇ ਘਰ ਦੇ ਡਿੱਗੂੰ-ਡਿੱਗੂੰ ਕਰਦੇ ਕਮਰੇ ’ਚ ਅੱਡ ਕੀਤਾ ਹੋਇਆ ਸੀ। ਮੁੰਡੇ ਅਤੇ ਨੂੰਹਾਂ ਸਿੱਧੇ ਮੂੰਹ ਨਹੀਂ ਸਨ ਬੋਲਦੇ। ਜਦੋਂ ਕਦੇ ਕਰਤਾਰ ਨੇ ਨਾਨਕੀ ਮਿਲਣ ਜਾਣਾ ਤਾਂ ਮਾਮੇ ਨੇ ਬਹੁਤ ਅੱਥਰੂ ਵਹਾਉਣੇ। ‘‘ਭਾਣਜੇ ਹੁਣ ਔਖੇ ਆਂ ਅਸੀਂ। ਕੋਈ ਜੂਨ ਨੀ ਹੈਗੀ ਸਾਡੀ। ਆਹ ਵੱਡਾ ਮੁੰਡਾ ਤਾਂ ਨਿੱਤ ਰਾਤ ਨੂੰ ਦਾਰੂ ਪੀ ਕੇ ਸਿੱਧੀਆਂ ਗਾਲ੍ਹਾਂ ਕੱਢਦੈ। ਆਥਣੇ ਰੋਟੀ ਆਹ ਓਟੇ ’ਤੇ ਧਰ ਜਾਂਦੀਆਂ ਨੇ ਥਾਲੀ ’ਚ ਪਾ ਕੇ। ਐਂ ਤਾਂ ਭਾਣਜੇ ਕੁੱਤਿਆਂ ਵਾਂਗੂੰ ਖਾਣੀ ਵੀ ਔਖੀ ਆ। ਫਿਰ ਮੈਂ ਤਾਂ ਤੇਰੀ ਮਾਮੀ ਨੂੰ ਕਹਿ’ਤਾ ਵੀ ਜਿਹੋ-ਜਿਹੀਆਂ ਵਿੰਗੀਆਂ ਬੌਲੀਆਂ ਪੱਕਦੀਆਂ ਨੇ ਪਕਾ ਲਿਆ ਕਰ। ਭਾਣਜੇ ਪੈਸੇ-ਧੇਲੇ ਬੰਨਿਓ ਵੀ ਹੱਥ ਵਾਹਲਾ ਤੰਗ ਆ।

ਠੇਕਾ ਉਹ ਨੀ ਦਿੰਦੇ ਸਹੁਰੇ। ਮਸਾਂ ਸਾਲ ਦਾ ਤੀਹ ਹਜ਼ਾਰ ਦਿੰਦੇ ਨੇ। ਐਨੇ ਨਾਲ ਤਾਂ ਸਾਡੇ ਬੁੜ੍ਹੇ ਸਰੀਰਾਂ ਦੀਆਂ ਦਵਾਈਆਂ ਈ ਨੀ ਪੂਰੀਆਂ ਹੁੰਦੀਆਂ। ਬਾਕੀ ਤੈਨੂੰ ਤਾਂ ਪਤਾ ਈ ਆਹ ਚਮਚਾ ਲਾਉਣ ਦਾ ਰੋਗ ਲਾ ਲਿਆ ਜਵਾਨੀ ਪਹਿਰੇ ਕੰਮ ਕਰਨ ਦੇ ਚੱਕਰ ’ਚ। ਆਹ ਤੇਰੀ ਮਾਂ ਵੀ ਉਹਨਾਂ ਕੋਲ ਈ ਰਹਿੰਦੀ ਆ ਜਦੋਂ ਮਿਲਣ ਆਉਂਦੀ ਆ। ਉਹਨੂੰ ਆਪਣੀ ਜੀ ਹਜ਼ੂਰੀ ਦੀ ਰਹਿੰਦੀ ਆ। ਨਾਲੇ ਭਾਣਜੇ ਇਹ ਜੀ ਹਜ਼ੂਰੀ ਉਹਦੀ ਨੀ ਹੈਗੀ ਇਹ ਤਾਂ ਉਹਦੇ ਨਾ ਬੋਲਦੇ ਚਾਰ ਸਿਆੜਾਂ ਦੀ ਜੀ ਹਜੂਰੀ ਆ। ਵੇਖ ਲੈ ਉਹ ਕਦੇ ਵੀ ਇਹ ਨੀ ਪੁੱਛਦੀ ਵੀ ਭਾਈ ਤੁਸੀਂ ਮੇਰੇ ਭਰਾ-ਭਰਜਾਈ ਨੂੰ ਕਿਉਂ ਨੀ ਸਾਂਭਦੇ?’’

ਕਰਤਾਰ ਦੀ ਮਾਂ ਦਾ ਸੁਭਾਅ ਆਦਤ ਤੋਂ ਹੀ ਰੁੱਖਾ ਸੀ। ਕਰਤਾਰ ਦਾ ਵਿਆਹ ਹੋਇਆ ਤਾਂ ਕਰਤਾਰ ਦੀ ਵੱਡੀ ਭੈਣ ਨੇ ਮਾਂ ਦੇ ਕੰਨਾਂ ਵਿੱਚ ਇੱਕੋ ਫੂਕ ਮਾਰਨੀ, ‘‘ਬੀਬੀ ਡਰਾ ਕੇ ਰੱਖੀਂ ਇਨ੍ਹਾਂ ਨੂੰ। ਐਵੇਂ ਨਾ ਸਿਰ ਚੜ੍ਹਾ ਲਈਂ। ਨਹੀਂ ਤਾਂ ਸਾਡਾ ਵੀ ਪੇਕੀਂ ਆਉਣਾ-ਜਾਣਾ ਔਖਾ ਹੋ ਜੂ।’’
ਵੱਡੀ ਧੀ ਦੇ ਕਹਿਣੇ ਲੱਗ ਕਰਤਾਰ ਦੀ ਮਾਂ ਨੇ ਕਰਤਾਰ ਦੀ ਘਰ ਵਾਲੀ ਨਾਲ ਸਦਾ ਲੜਾਈ ਪਾਈ ਰੱਖਣੀ। ਕਰਤਾਰ ਤੇ ਕਰਤਾਰ ਦੀ ਘਰ ਵਾਲੀ ਇਸ ਗੱਲੋਂ ਡਰਦੇ ਕਿ ਲੋਕ ਕੀ ਕਹਿਣਗੇ? ਪਰ ਮਾਂ ਤਾਂ ਜਿਵੇਂ ਉਨ੍ਹਾਂ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾਉਂਦੀ ਸੀ। ਮਾਂ ਨੇ ਕਲੇਸ ਕਰਨਾ ਤਾਂ ਕਰਤਾਰ ਤੇ ਕਰਤਾਰ ਦੀ ਘਰਵਾਲੀ ਨੇ ਹੱਥ ਜੋੜਨੇ, ‘‘ਬੀਬੀ ਕਲੇਸ ਨਾ ਕਰ। ਸਾਥੋਂ ਕਲੇਸ ਨੀ ਝੱਲਿਆ ਜਾਂਦਾ। ਹੁਣ ਤੂੰ ਸਾਰਾ ਕੁੱਝ ਆਪਣੇ ਮੁਤਾਬਿਕ ਤਾਂ ਕਰੀ ਜਾਨੀ ਐਂ। ਤੈਨੂੰ ਕਦੇ ਰੋਕਿਆ ਅਸੀਂ?’’
ਮਾਂ ਅੱਗੋ ਟੁੱਟ ਕੇ ਪੈ ਜਾਂਦੀ, ‘‘ਤੁਸੀਂ ਹੁੰਦੇ ਕੌਣ ਓ ਮੈਨੂੰ ਰੋਕਣ ਵਾਲੇ।’’

ਸਮੇਂ ਦੀ ਜਰੂਰਤ ਅਨੁਸਾਰ ਕਰਤਾਰ ਨੇ ਸ਼ਹਿਰ ’ਚ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਸ਼ਹਿਰ ਵਿਚਲੇ ਘਰ ’ਚ ਉਸ ਨੇ ਮਾਂ-ਬਾਪ ਸਣੇ ਸਾਰੇ ਮੈਂਬਰਾਂ ਲਈ ਵੱਖਰੇ-ਵੱਖਰੇ ਕਮਰਿਆਂ ਦੀ ਵਿਵਸਥਾ ਕੀਤੀ। ਸ਼ਹਿਰ ਵਾਲਾ ਘਰ ਤਿਆਰ ਹੋ ਗਿਆ ਤਾਂ ਕਰਤਾਰ ਦੇ ਘਰਵਾਲੀ ਨੇ ਸ਼ਹਿਰ ਵਾਲੇ ਘਰ ’ਚ ਰਿਹਾਇਸ਼ ਕਰਨ ਲਈ ਕਿਹਾ, ‘‘ਬੀਬੀ ਆਪਾਂ ਸ਼ਹਿਰ ਵਾਲੇ ਘਰ ’ਚ ਕਰੀਏ ਰਿਹਾਇਸ਼? ਜਦੋਂ ਥੋਡਾ ਜੀਅ ਕਰਿਆ ਕਰੂ ਪਿੰਡ ਗੇੜਾ ਮਾਰ ਲਿਆ ਕਰਿਓ।’’ ‘‘ਨਾ ਭਾਈ ਸਾਡਾ ਨੀ ਸ਼ਹਿਰ ’ਚ ਜੀਅ ਲੱਗਣਾ। ਨਾਲੇ ਮੇਰੀਆਂ ਧੀਆਂ ਦਾ ਤਾਂ ਜਮ੍ਹਾ ਈ ਸਾਹ ਬੰਦ ਹੋ ਜੂ ਸ਼ਹਿਰ ’ਚ ਆੳੇੁਣ-ਜਾਣ ਬੰਨਿਓ। ਏਥੇ ਤਾਂ ਉਹਨਾਂ ਦੇ ਪਿਉ ਦਾ ਘਰ ਆ ਜਦੋਂ ਮਰਜੀ ਆਉਣ ਜਦੋਂ ਮਰਜੀ ਜਾਣ।’’

ਕਰਤਾਰ ਦੇ ਮਾਪਿਆਂ ਵੱਲੋਂ ਸ਼ਹਿਰ ਵਾਲੇ ਘਰ ’ਚ ਰਿਹਾਇਸ਼ ਕਰਨ ਤੋਂ ਇਨਕਾਰ ਕਰਨ ’ਤੇ ਕਰਤਾਰ ਨੇ ਸ਼ਹਿਰ ਵਾਲਾ ਘਰ ਕਿਰਾਏ ’ਤੇ ਦੇ ਦਿੱਤਾ। ਕਰਤਾਰ ਸੋਚਦਾ ਸੀ ਇਨ੍ਹਾਂ ਨੂੰ ਏਥੇ ਛੱਡ ਕੇ ਕਾਹਨੂੰ ਜਾਣੈ। ਕਰਤਾਰ ਦੇ ਘਰਵਾਲੀ ਵੀ ਅਕਸਰ ਇਹੋ ਕਹਿੰਦੀ, ‘‘ਚੱਲੋ ਕਦੇ ਤਾਂ ਹਾਂ ਕਰਨਗੇ ਹੀ। ਆਪਾਂ ਉਦੋਂ ਈ ਕਰਾਂਗੇ ਸ਼ਹਿਰ ’ਚ ਰਿਹਾਇਸ਼।’’

ਪਰ ਉਹ ਦਿਨ ਨਾ ਆਇਆ ਕਰਤਾਰ ਦੇ ਮਾਪਿਆਂ ਨੇ ਸ਼ਹਿਰ ਨਾ ਜਾਣ ਦੀ ਜ਼ਿੱਦ ਫੜੀ ਰੱਖੀ। ਸਗੋਂ ਘਰ ’ਚ ਕਿਸੇ ਨਾ ਕਿਸੇ ਗੱਲੋਂ ਕਲੇਸ ਪਿਆ ਈ ਰਹਿੰਦਾ। ਕਲੇਸ ਤੋਂ ਅੱਕੇ ਕਰਤਾਰ ਨੇ ਪਤਨੀ ਅਤੇ ਬੱਚੇ ਸਮੇਤ ਸ਼ਹਿਰ ’ਚ ਆ ਰਿਹਾਇਸ਼ ਕਰ ਲਈ। ਕਰਤਾਰ ਨੇ ਸੋਚਿਆ ’ਕੱਲੇ ਕਿੱਥੇ ਰਹਿਣਗੇ ਪਿੰਡ ’ਚ ਆਪੇ ਆ ਜਾਣਗੇ ਮਗਰ ਈ। ਪਰ ਇਹ ਵੀ ਕਰਤਾਰ ਦਾ ਨਿਰਾ ਵਹਿਮ ਈ ਨਿੱਕਲਿਆ। ਕਰਤਾਰ ਦੇ ਮਾਪਿਆਂ ਨੇ ਪਿੰਡ ਹੀ ਰਹਿਣ ਦੀ ਜ਼ਿੱਦ ਫੜੀ ਰੱਖੀ।

ਕਰਤਾਰ ਦੇ ਪਿੰਡ ਵਾਲੇ ਘਰ ਵਿੱਚੋਂ ਹੌਲੀ-ਹੌਲੀ ਸਾਰਾ ਸਾਮਾਨ ਗਾਇਬ ਹੋਣ ਲੱਗਾ। ਕਰਤਾਰ ਦੇ ਪਿਉ ਵੱਲੋਂ ਸ਼ੌਂਕ ਨਾਲ ਖਰੀਦੀ ਹਰਾ ਚਾਰਾ ਕੁਤਰਨ ਵਾਲੀ ਮਸ਼ੀਨ ਅਤੇ ਇੰਜਣ ਸਮੇਤ ਹੋਰ ਨਿੱਕ-ਸੁੱਕ ਸਭ ਵਿਕਣ ਲੱਗਾ। ਕਰਤਾਰ ਦਾ ਪਿਉ ਘਰ ਦੇ ਹਾਲਾਤਾਂ ਬਾਰੇ ਸੋਚਦਾ ਰਹਿੰਦਾ।

ਪਰ ਕਹਿਣ ਦੀ ਹਿੰਮਤ ਨਾ ਕਰਦਾ। ਮਾਨਸਿਕ ਤਣਾਅ ਦੇ ਚੱਲਦਿਆਂ ਕਰਤਾਰ ਦੇ ਪਿਉ ਨੂੰ ਪਾਰਕਿਸਿਜ਼ਮ ਨਾਂਅ ਦੀ ਭਿਆਨਕ ਬਿਮਾਰੀ ਨੇ ਘੇਰਾ ਪਾ ਲਿਆ। ਉਸ ਦੀ ਯਾਦ ਸ਼ਕਤੀ ਖਤਮ ਹੋਣ ਲੱਗੀ ਤੇ ਸਰੀਰ ਕੰਬਣ ਲੱਗਾ। ਕਰਤਾਰ ਨੇ ਡਾਕਟਰਾਂ ਨੂੰ ਵਿਖਾਇਆ ਤਾਂ ਡਾਕਟਰਾਂ ਨੇ ਲਾਇਲਾਜ ਬਿਮਾਰੀ ਹੋਣ ਬਾਰੇ ਦੱਸਿਆ। ਕਰਤਾਰ ਦਾ ਬਾਪ ਵਾਰ-ਵਾਰ ਕਰਤਾਰ ਨੂੰ ਯਾਦ ਕਰਦਾ ਅਤੇ ਉਸ ਵੱਲ ਭਜਦਾ। ਪਰ ਕਰਤਾਰ ਦੀ ਮਾਂ ਅਤੇ ਭੈਣ ਪੇਸ਼ ਨਾ ਜਾਣ ਦਿੰਦਿਆਂ। ਕਰਤਾਰ ਦੀ ਮਾਂ ਅਤੇ ਭੈਣ ਨੇ ਤਾਂ ਜਿਵੇਂ ਸਾਰਾ ਜ਼ੋਰ ਕਰਤਾਰ ਅਤੇ ਉਸਦੀ ਪਤਨੀ ਨੂੰ ਸਮਾਜ ’ਚ ਬਦਨਾਮ ਕਰਨ ’ਤੇ ਹੀ ਲਾ ਰੱਖਿਆ ਸੀ।

ਅਖੀਰ ਕਰਤਾਰ ਦਾ ਬਾਪ ਵਿਚਾਰਾ ਦੁਨੀਆਂ ਤੋਂ ਕੂਚ ਕਰ ਗਿਆ। ਭੋਗ ਉਪਰੰਤ ਕਰਤਾਰ ਦੀ ਪਤਨੀ ਨੇ ਰਿਸ਼ਤੇਦਾਰਾਂ ਦੀ ਹਾਜ਼ਰੀ ’ਚ ਕਰਤਾਰ ਦੀ ਮਾਂ ਨੂੰ ਉਨ੍ਹਾਂ ਨਾਲ ਸ਼ਹਿਰ ਚੱਲਣ ਦੀ ਬੇਨਤੀ ਕੀਤੀ। ਪਰ ਮਾਂ ਇਨਕਾਰ ਕਰਦੀ ਰਹੀ। ਕਰਤਾਰ ਦੀ ਭੈਣ ਨੇ ਮਾਂ ਨੂੰ ਸਮਝਾੳਣ ਦੀ ਬਜਾਏ ਪਿੰਡ ਇਕੱਲੀ ਰਹਿਣ ਦੀ ਹੱਲਾਸ਼ੇਰੀ ਦਿੱਤੀ, ‘‘ਬੀਬੀ ਦੀ ਮਰਜੀ ਆ ਜਿਵੇਂ ਜੀਅ ਕਰਦਾ ਕਰ ਲਵੇ। ਜੇ ਇਹਦਾ ਪਿੰਡ ਰਹਿਣ ਨੂੰ ਜੀਅ ਕਰਦਾ ਤਾਂ ਪਿੰਡ ਰਹੀ ਜਾਵੇ।’’
ਕਰਤਾਰ ਦੀ ਮਾਂ ਇਕੱਲੀ ਪਿੰਡ ਰਹਿੰਦੀ ਰਹੀ। ਪਿੰਡ ਕੀ ਧੀਆਂ ਕੋਲ ਹੀ ਰਹਿੰਦੀ ਜਿਆਦਾ ਸਮਾਂ। ਕੁੜੀਆਂ ਨੇ ਕਦੇ ਵੀ ਮਾਂ ਨੂੰ ਕਰਤਾਰ ਕੋਲ ਰਹਿਣ ਲਈ ਨਾ ਸਮਝਾਇਆ। ਹੌਲੀ-ਹੌਲੀ ਮਾਂ ਦਾ ਮੋਹ ਕਰਤਾਰ ਦੇ ਪਰਿਵਾਰ ਦੀ ਬਜਾਏ ਧੀਆਂ ਦੇ ਪਰਿਵਾਰਾਂ ਨਾਲ ਵਧਣ ਲੱਗਾ। ਕਰਤਾਰ ਪਿੰਡ ਗੇੜਾ ਮਾਰਦਾ ਤਾਂ ਕਦੇ ਮਾਂ ਪਿੰਡ ਵਾਲੇ ਘਰ ’ਚ ਮਿਲ ਜਾਂਦੀ ਕਦੇ ਜਿੰਦਾ ਲੱਗਾ ਹੀ ਮਿਲਦਾ।

ਸਾਰੀ ਬਾਜੀ ਕਰਤਾਰ ਦੀ ਭੈਣ ਵੱਲੋਂ ਚੱਲੀ ਜਾ ਰਹੀ ਚਾਲ ਅਨੁਸਾਰ ਸਿੱਧੀ ਪੈ ਗਈ ਸੀ। ਇੱਕ ਦਿਨ ਕਰਤਾਰ ਦੀ ਮਾਂ ਆਪਣੇ ਪੇਕੇ ਪਿੰਡ ਮਿਲਣ ਗਈ ਹੋਈ ਸੀ ਕਿ ਅਚਾਨਕ ਤਬੀਅਤ ਖਰਾਬ ਹੋਈ। ਕਰਤਾਰ ਨੂੰ ਤਾਂ ਵੱਡੇ ਮਾਮੇ ਦੇ ਵੱਡੇ ਮੁੰਡੇ ਵੱਲੋਂ ਆਏ ਫੋਨ ਨਾਲ ਹੀ ਪਤਾ ਲੱਗਾ ਕਿ ਮਾਂ ਦਾ ਭੌਰ ਉਡਾਰੀ ਮਾਰ ਗਿਆ ਹੈ, ‘‘ਹੈਲੋ ਕਰਤਾਰ ਭੂਆ ਢਿੱਲੀ ਆ ਤੁਸੀਂ ਆ ਜਾਂਦੇ।’’
ਕਰਤਾਰ ਦਾ ਮੱਥਾ ਜਿਵੇਂ ਪਹਿਲਾਂ ਹੀ ਠਣਕ ਰਿਹਾ ਸੀ, ‘‘ਢਿੱਲੀ ਓ ਈ ਆ ਕਿ ਕੁਝ ਹੋ ਗਿਆ?’’ ‘‘ਭੂਆ ਤਾਂ ਪੂਰੀ ਹੋ ਗਈ। ਆ ਜਾਓ ਤੁਸੀਂ।’’

ਕਰਤਾਰ ਨੇ ਪਿੰਡ ਲਿਜਾ ਕੇ ਮਾਂ ਦਾ ਅੰਤਿਮ ਸਸਕਾਰ ਕਰਨ ਲਈ ਕਿਹਾ ਤਾਂ ਕਰਤਾਰ ਦੀ ਵੱਡੀ ਭੈਣ ਅਤੇ ਮਾਮੇ ਦੀਆਂ ਨੂੰਹਾਂ ਤੇ ਮੁੰਡੇ ਅੰਦਰੋਂ-ਅੰਦਰੀ ਇਹ ਨਹੀਂ ਸਨ ਚਾਹੁੰਦੇ। ਮਾਮੇ ਅਤੇ ਇੱਕ-ਦੋ ਹੋਰ ਰਿਸ਼ਤੇਦਾਰਾਂ ਦੇ ਵਿੱਚ ਪੈਣ ’ਤੇ ਸਸਕਾਰ ਕਰਤਾਰ ਦੇ ਪਿੰਡ ਕਰਨ ਦਾ ਫੈਸਲਾ ਹੋਇਆ। ਕਰਤਾਰ ਨੇ ਸਾਰੀ ਰਾਤ ਮਾਂ ਦੇ ਮਿ੍ਰਤਕ ਸਰੀਰ ਕੋਲ ਜਾਗ ਕੇ ਕੱਟੀ। ਮਾਂ ਵੱਲੋਂ ਝੋਲੇ ਵਿੱਚ ਰੱਖੇ ਘਰ ਦੇ ਗਹਿਣੇ-ਗੱਟਿਆਂ ਅਤੇ ਬੈਂਕ ਦੀਆਂ ਕਾਪੀਆਂ ਆਦਿ ਬਾਰੇ ਕਰਤਾਰ ਨੂੰ ਵੀ ਪਤਾ ਸੀ। ਪਰ ਉਸਨੇ ਕਦੇ ਵੀ ਇਹ ਗੱਲ ਜ਼ਾਹਿਰ ਨਹੀਂ ਸੀ ਕੀਤੀ। ਮਾਂ ਦੇ ਮਿ੍ਰਤਕ ਸਰੀਰ ਕੋਲ ਉਹ ਝੋਲਾ ਨਾ ਵੇਖ ਕਰਤਾਰ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲਾਂ ਦਾ ਘੜਮੱਸ ਪਿਆ। ਪਿੰਡ ਵਾਲੇ ਘਰ ਦੀਆਂ ਚਾਬੀਆਂ ਵੀ ਮਾਂ ਨੇ ਝੋਲੇ ਵਿੱਚ ਹੀ ਰੱਖੀਆਂ ਹੋਈਆਂ ਸਨ।

ਸਵੇਰ ਸਮੇਂ ਮਾਂ ਦਾ ਮਿ੍ਰਤਕ ਸਰੀਰ ਪਿੰਡ ਲਿਆਉਣ ਸਮੇਂ ਕਰਤਾਰ ਨੇ ਮਾਮੇ ਦੇ ਮੁੰਡੇ ਨੂੰ ਕਿਹਾ, ‘‘ਬਾਈ ਬੀਬੀ ਦੇ ਝੋਲੇ ਵਿੱਚ ਪਿੰਡ ਵਾਲੇ ਘਰ ਦੀਆਂ ਚਾਬੀਆਂ ਸਨ। ਉਹ ਦਿਓ।’’ ਕਰਤਾਰ ਨੂੰ ਜਾਪਦਾ ਸੀ ਕਿ ਸਮਾਜਿਕ ਮਰਿਆਦਾ ਅਨੁਸਾਰ ਹੁਣ ਮਾਂ ਦਾ ਸਾਰਾ ਝੋਲਾ ਹੀ ਫੜਾ ਦੇਣਗੇ।

ਮਾਮੇ ਦੇ ਮੁੰਡੇ ਨੇ ਅੰਦਰ ਬੈਠੀ ਕਰਤਾਰ ਦੀ ਵੱਡੀ ਭੈਣ ਨਾਲ ਗਿੱਟਮਿੱਟ ਕੀਤੀ ਤੇ ਝੋਲੇ ਵਿੱਚੋਂ ਚਾਬੀਆਂ ਕੱਢ ਕਰਤਾਰ ਨੂੰ ਫੜਾ ਦਿੱਤੀਆਂ। ਕਰਤਾਰ ਨੇ ਮਾਂ ਦਾ ਮਿ੍ਰਤਕ ਸਰੀਰ ਗੱਡੀ ਵਿੱਚ ਪਾ ਘਰ ਲਿਆਂਦਾ। ਪਰ ਕਰਤਾਰ ਦੀ ਵੱਡੀ ਭੈਣ ਮਾਂ ਦੇ ਮਿ੍ਰਤਕ ਸਰੀਰ ਨਾਲ ਆਉਣ ਦੀ ਬਜਾਏ ਝੋਲੇ ਦੀ ਸਾਂਭ-ਸੰਭਾਲ ਵਿੱਚ ਰੁੱਝ ਗਈ। ਤੇ ਮਾਂ ਪ੍ਰਤੀ ਧੀਆਂ, ਭਤੀਜਿਆਂ ਅਤੇ ਭਤੀਜ ਨੂੰਹਾਂ ਵੱਲੋਂ ਵਿਖਾਏ ਜਾ ਰਹੇ ਮੋਹ ਦੇ ਪਾਜ਼ ਉਦੇੜਦਾ ਝੋਲਾ ਹਮੇਸ਼ਾ-ਹਮੇਸ਼ਾ ਲਈ ਗੁੰਮ ਹੋ ਗਿਆ ਸ਼ਾਇਦ ਵੰਡਿਆ ਗਿਆ ਸੀ।
ਬਿੰਦਰ ਸਿੰਘ ਖੁੱਡੀ ਕਲਾਂ,
ਸ਼ਕਤੀ ਨਗਰ, ਬਰਨਾਲਾ
ਮੋ. 98786-05965

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ