ਦਲਿਤ ਸਮਾਜ ਦੇ ਰੋਹ ਅੱਗੇ ਝੁਕਿਆ ਮੈਡੀਕਲ ਕਾਲਜ ਪ੍ਰਸ਼ਾਸਨ

Medical college, Administration, Addictive Society

ਸਰਕਾਰੀ ਮੈਡੀਕਲ ਕਾਲਜ ਖਿਲਾਫ ਰੋਸ ਪ੍ਰਦਰਸ਼ਨ ਮੁਲਤਵੀ: ਡਾ. ਜਤਿੰਦਰ ਸਿੰਘ ਮੱਟ

ਨਰਿੰਦਰ ਸਿੰਘ ਚੌਹਾਨ/ਪਟਿਆਲਾ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਇੱਕ ਪ੍ਰੋਫੈਸਰ ਕੋਲੋਂ ਕਾਲਜ ਪ੍ਰਸ਼ਾਸਨ ਵੱਲੋਂ ਬਿਨਾਂ ਅਧਿਆਪਕ ਦੀ ਸਹਿਮਤੀ ਦੇ ਅਧਿਆਪਨ ਦਾ ਕੰਮ ਵਾਪਸ ਲੈਣ ਦੇ ਮਾਮਲੇ ਦੇ ਗਰਮਾਉਣ ਤੋਂ ਬਾਅਦ ਵੀਰਵਾਰ ਕਾਲਜ ਪ੍ਰਸ਼ਾਸਨ ਨੇ ਪੀੜਿਤ ਪ੍ਰੋਫੈਸਰ ਨੂੰ ਮੁੜ ਅਧਿਆਪਨ ਦਾ ਕੰਮ ਦੇਣ ਦੇ ਹੁਕਮ ਕਰ ਦਿੱਤੇ ਹਨ।

 ਜਿਕਰਯੋਗ ਹੈ ਕਿ ਪਿਛਲੇ ਦਿਨੀਂ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿੱਚ ਐਸ.ਸੀ ਪਾਵਰ ਇੰਜਨੀਅਰ ਆਫਿਸਰ ਐਸੋਸੀਏਸ਼ਨ ਪੰਜਾਬ, ਆਦਿ ਧਰਮ ਸਮਾਜ, ਆਧਸ, ਡਾ. ਅੰਬੇਡਕਰ ਵੈਲਫੇਅਰ ਸੁਸਾਇਟੀ ਪੰਜਾਬ ਆਦਿ ਦਲਿਤ ਜਥੇਬੰਦੀਆਂ ਵੱਲੋਂ ਕਾਲਜ ਪ੍ਰਸ਼ਾਸ਼ਨ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਸੀ ਅਤੇ ਕਾਲਜ ਪ੍ਰਸ਼ਾਸਨ ਨੂੰ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ ਇੱਕ ਹਫਤੇ ਅੰਦਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਪ੍ਰੋਫੈਸਰ ਨੂੰ ਉਸਦਾ ਟੀਚਿੰਗ ਵਿਸ਼ਾ ਵਾਪਸ ਨਾ ਦਿੱਤਾ ਗਿਆ ਤਾਂ ਦਲਿਤ ਸਮਾਜ ਵੱਲੋਂ ਮੈਡੀਕਲ ਕਾਲਜ ਪਟਿਆਲਾ ਦਾ ਘਿਰਾਓ ਕੀਤਾ ਜਾਵੇਗਾ। ਦਲਿਤ ਜਥੇਬੰਦੀਆਂ ਦੀ ਵਿਰੋਧਤਾ ਅੱਗੇ ਝੁਕਦਿਆਂ ਕਾਲਜ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਅਸਿਸਟੈਂਟ ਪ੍ਰੋਫੈਸਰ ਨੂੰ ਉਸ ਵੱਲੋਂ ਪਿਛਲੇ 13 ਸਾਲਾਂ ਤੋਂ ਪੜ੍ਹਾਇਆ ਜਾ ਰਿਹਾ ਵਿਸ਼ਾ ਵਾਪਸ ਪੜ੍ਹਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ।

ਇਸ ਮੌਕੇ ਕਾਲਜ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਮੈਡੀਕਲ ਕਾਲਜ ਪ੍ਰਸ਼ਾਸਨ ਖਿਲਾਫ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਜਾਤੀ ਵਿਤਕਰਾ ਕਰਨ ਵਾਲੇ ਅਧਿਕਾਰੀਆਂ ਨੂੰ ਬਾਜ ਆਉਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਵਿਭਾਗ ਵਿੱਚ ਜਾਤੀ ਭੇਦਭਾਵ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਪੰਜਾਬ ਸਰਕਾਰ ਦੀਆਂ 1991 ਅਤੇ 2003 ਦੀਆਂ ਨੋਟੀਫਿਕੇਸ਼ਨਾਂ ਨੂੰ ਨਜ਼ਰਅੰਦਾਜ ਕਰਕੇ ਅਨੁਸੂਚਿਤ ਜਾਤੀ ਦੇ ਉਕਤ ਅਧਿਆਪਕ ਦੀ ਤਰੱਕੀ ਵਿਚ ਵੀ ਅੜਿੱਕਾ ਡਾਹਿਆ ਗਿਆ ਹੈ। ਉਨ੍ਹਾਂ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਅਤੇ ਸਕੱਤਰ ਨੂੰ ਅਪੀਲ ਕੀਤੀ ਕਿ ਪੀੜਤ ਅਧਿਆਪਕ ਦੀ ਨਿਯਮਾਂ ਅਨੁਸਾਰ ਬਣਦੀ ਤਰੱਕੀ ਦਿੱਤੀ ਜਾਵੇ। ਐਸ.ਸੀ ਕੈਟਾਗਿਰੀ ਦੇ ਉਕਤ ਅਧਿਆਪਕ ਨੂੰ ਪੰਜਾਬ ਸਰਕਾਰ ਦੀਆਂ ਨੋਟੀਫਿਕੇਸ਼ਨ ਅਨੁਸਾਰ ਨਿਯੁਕਤੀ ਦੀ ਤਾਰੀਖ ਤੋਂ ਹੀ ਅਸਿਸਟੈਂਟ ਪ੍ਰੋਫੈਸਰ ਰੀਡੈਜ਼ੀਗਨੇਟ ਕੀਤਾ ਜਾਵੇ। ਇਸ ਮੌਕੇ ਹਾਜਰ ਨੁਮਾਇੰਦਿਆਂ ਵਿੱਚ ਕਰਮਚਾਰੀ ਮਹਾਂਸੰਘ ਦੇ ਬਲਬੀਰ ਸਿੰਘ, ਕੁਲਵਿੰਦਰ ਸਿੰਘ ਅਤੇ ਪੀੜਿਤ ਪ੍ਰੋਫੈਸਰ ਡਾ. ਇਕਬਾਲ ਸਿੰਘ ਵੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।