ਮਹਿਮਾ ਸਰਜਾ ਪਿੰਡ ਨੂੰ ਮਿਲੇਗੀ ਪ੍ਰਦੂਸ਼ਣ ਤੋਂ ਰਾਹਤ

Mahima Sarja, Village , Relief, Pollution

ਪ੍ਰਾਈਵੇਟ ਕੰਪਨੀ ਵੱਲੋਂ ਪਰਾਲੀ ਸਮੇਟਣ ਦਾ ਕੰਮ ਸ਼ੁਰੂ, ‘ਸੱਚ ਕਹੂੰ ਦੀ ਰਿਪੋਰਟ ਦਾ ਅਸਰ

ਅਸ਼ੋਕ ਵਰਮਾ/ਬਠਿੰਡਾ। ਬਠਿੰਡਾ ਜਿਲ੍ਹੇ ਦੇ ਪਿੰਡ ਮਹਿਮਾ ਸਰਜਾ ‘ਚ ਝੋਨੇ ਦੀ ਪਰਾਲੀ ਦੇ ਪ੍ਰਦੂਸ਼ਣ ਤੋਂ ਰਾਹਤ ਦੀ ਆਸ ਬੱਝ ਗਈ ਹੈ ਪਰਾਲੀ ਤੋਂ ਕੋਕ ਵਰਗਾ ਪਦਾਰਥ ਬਨਾਉਣ ਦੇ ਮੰਤਵ ਨਾਲ ਪ੍ਰਜੈਕਟ ਲਾਉਣ ਵਾਲੀ ਕੰਪਨੀ ਨੇ ਪਿੰਡ ‘ਚੋਂ ਪਰਾਲੀ ਸਮੇਟਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਚੇਨਈ ਦੀ ਪ੍ਰਾਈਵੇਟ ਕੰਪਨੀ ‘ਨਿਊਵੇਅ ਰਿਨਿਊਏਬਲ ਐਨਰਜੀ (ਬਠਿੰਡਾ) ਪ੍ਰਾਈਵੇਟ ਲਿਮਟਿਡ’ ਵੱਲੋਂ ਮਹਿਮਾ ਸਰਜਾ ਦੀ ਕਰੀਬ 20 ਏਕੜ ਪੰਚਾਇਤੀ ਜਮੀਨ ‘ਤੇ ਇਹ ਪ੍ਰਜੈਕਟ ਲਾਇਆ ਜਾ ਰਿਹਾ ਹੈ ਹਾਲਾਂਕਿ ਪ੍ਰਜੈਕਟ ਤਾਂ ਫਿਲਹਾਲ ਅਧਵਾਟੇ ਹੀ ਹੈ ਫਿਰ ਵੀ ਪਿੰਡ ਵਾਸੀ ਪਰਾਲੀ ਸਮੇਟਣ ਦੇ ਕਾਰਜ ਤੋਂ ਖੁਸ਼ ਹਨ ਇਸ ਮਾਮਲੇ ‘ਚ ਮਹਿਮਾ ਸਰਜਾ ਦੀਆਂ ਜ਼ਮੀਨਾਂ ਨੂੰ ਪਹਿਲ ਦਿੱਤੀ ਜਾਣੀ ਹੈ ਪਿਛਲੇ ਵਰ੍ਹੇ ਕੰਪਨੀ ਵੱਲੋਂ ਹੋਰਨਾਂ ਪਿੰਡਾਂ ਚੋਂ ਤਾਂ ਪਰਾਲੀ ਚੁੱਕੀ ਗਈ ਪ੍ਰੰਤੂ ਮਹਿਮਾ ਸਰਜਾ ਕੰਨੀ ਦੇ ਕਿਆਰੇ ਵਾਂਗ ਸੁੱਕਾ ਰਹਿ ਗਿਆ ਸੀ ਪਿੰਡ ਵਾਸੀਆਂ ‘ਚ ਇਸ ਵਿਤਕਰੇ ਨੂੰ ਲੈਕੇ ਕਾਫੀ ਰੋਸ ਪਾਇਆ ਜਾ ਰਿਹਾ ਸੀ।

ਲੰਘੀ 7 ਅਕਤੂਬਰ ਨੂੰ ਬਠਿੰਡਾ ਕਿਸਾਨ ਮੇਲੇ ਦੌਰਾਨ ਮਹਿਮਾ ਸਰਜਾ ਦੇ ਕਿਸਾਨ ਵਫਦ ਦੇ ਰੂਪ ‘ਚ ਕੰਪਨੀ ਅਧਿਕਾਰੀਆਂ ਨੂੰ ਮਿਲੇ ਸਨ ਪਿੰਡ ਵਾਸੀਆਂ ਨੇ ਗਿਲਾ ਕੀਤਾ ਸੀ ਕਿ ਪਿੰਡ ਦੀ ਬੇਸ਼ਕੀਮਤੀ ਜਮੀਨ ਕੰਪਨੀ ਨੂੰ ਦੇਣ ਦੇ ਬਾਵਜੂਦ ਨਾ ਤਾਂ ਪਰਾਲੀ ਦੇ ਸੰਕਟ ਤੋਂ ਖਹਿੜਾ ਛੁੱਟਿਆ ਹੈ ਤੇ ਨਾ ਹੀ ਪਿੰਡ ਦੇ ਕਿਸੇ ਨੌਜਵਾਨ ਨੂੰ ਰੁਜਗਾਰ ਦਿੱਤਾ ਗਿਆ ਹੈ ‘ਸੱਚ ਕਹੂੰ’ ਵੱਲੋਂ ਪਿੰਡ ਵਾਸੀਆਂ ਦੀ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਜਿਲ੍ਹਾ ਪ੍ਰਸ਼ਾਸ਼ਨ ਅਤੇ ਕੰਪਨੀ ਦੇ ਸਾਹਮਣੇ ਲਿਆਂਦਾ ਗਿਆ ਸੀ ਇਸ ਤੋਂ ਬਾਅਦ ਕੰਪਨੀ ਦੇ ਪ੍ਰਬੰਧਕਾਂ ਨੇ ਮੰਨਿਆ ਸੀ ਕਿ ਐਤਕੀਂ ਮਹਿਮਾ ਸਰਜਾ ਦੀ ਪਰਾਲੀ ਨੂੰ ਪਹਿਲ ਦੇ ਅਧਾਰ ‘ਤੇ ਚੁੱਕਿਆ ਜਾਏਗਾ ਅੱਜ ਪਿੰਡ ਦੇ ਦੋ ਕਿਸਾਨਾਂ ਦੀ ਜ਼ਮੀਨ ‘ਚ ਕੰਪਨੀ ਦੀ ਵਿਦੇਸ਼ੀ ਮਸ਼ੀਨ ਪੁੱਜੀ ਅਤੇ ਪਰਾਲੀ ਦੀਆਂ ਗੱਠਾਂ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਇਹ ਪ੍ਰਜੈਕਟ ਪੂਰੀ ਸਮਰੱਥਾ ‘ਤੇ ਚਲਾਉਣ ਲਈ 25 ਹਜਾਰ ਹੈਕਟੇਅਰ ਰਕਬੇ ਵਿਚਲੀ ਪਰਾਲੀ ਦੀ ਜਰੂਰਤ ਪਵੇਗੀ  ਪ੍ਰਜੈਕਟ ਮੁਕੰਮਲ ਹੋਣ ਉਪਰੰਤ ਇਸ ਪਰਾਲੀ ਤੋਂ ਬਣੇ ਉਤਪਾਦਾਂ ਨੂੰ ਵਪਾਰਿਕ ਕਾਰਜਾਂ ਲਈ ਵਰਤਿਆ ਜਾ ਸਕੇਗਾ ਮੰਨਿਆ ਜਾ ਰਿਹਾ ਹੈ ਕਿ ਅਗਲੇ ਦੋ ਤਿੰਨ ਮਹੀਨਿਆਂ ਦੌਰਾਨ ਪ੍ਰਜੈਕਟ ‘ਚ ਲਾਉਣ ਵਾਲੀ ਮਸ਼ੀਨਰੀ ਪੁੱਜ ਜਾਏਗੀ ਜਦੋਂ ਪ੍ਰਜੈਕਟ ਲੀਹੇ ਪੈ ਗਿਆ ਤਾਂ ਪਿੰਡ ਵਾਸੀਆਂ ਨੂੰ ਲੰਮੇ ਸਮੇਂ ਲਈ ਰਾਹਤ ਦੇ ਆਸਾਰ ਹਨ ਦੱਸਣਯੋਗ ਹੈ ਕਿ ਇਸ ਪਾਇਲਟ ਪ੍ਰਜੈਕਟ ਦਾ ਨੀਂਹ ਪੱਥਰ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ 24 ਜੂਨ 2018 ਨੂੰ ਰੱਖਿਆ ਸੀ ਇਸ ਪ੍ਰਜੈਕਟ ਦੀ ਸਫਲਤਾ ਨੂੰ ਦੇਖਦਿਆਂ ਹੋਰਨਾਂ ਜਿਲ੍ਹਿਆਂ ‘ਚ ਵੀ ਇਸੇ ਤਰ੍ਹਾਂ ਦੇ ਪਲਾਂਟ ਲਾਉਣ ਦੀ ਯੋਜਨਾ ਹੈ ।

ਪਿੰਡ ਵਾਸੀ ਤੇ ਕਿਸਾਨ ਭੋਲਾ ਸਿੰਘ ਦਾ ਕਹਿਣਾ ਸੀ ਕਿ ਪਿਛਲੇ ਵਰ੍ਹੇ ਇਸ ਪਿੰਡ ‘ਚ ਕਿਸਾਨਾਂ ਨੂੰ ਇਸ ਪਲਾਂਟ ਦੇ ਬਿਲਕੁਲ ਨਾਲ ਲੱਗਦੇ ਖੇਤਾਂ ਵਿਚਲੀ ਪਰਾਲੀ ਸਾੜਨੀ ਪਈ ਸੀ ਉਨ੍ਹਾਂ ਆਖਿਆ ਕਿ ਕੰਪਨੀ ਨੂੰ ਦੱਸ ਦਿੱਤਾ ਗਿਆ ਸੀ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਐਤਕੀਂ ਵੀ ਕਿਸਾਨ ਇਸ ਰਹਿੰਦ ਖੂੰਹਦ ਨੂੰ ਅੱਗ ਲਾਉਣ ਲਈ ਮਜਬੂਰ ਹੋਣਗੇ ਉਨ੍ਹਾਂ ਆਖਿਆ ਕਿ ਚੰਗਾ ਸ਼ਗਨ ਹੈ ਕਿ ਪ੍ਰਾਈਵੇਟ ਕੰਪਨੀ ਨੇ ਪਰਾਲੀ ਨਾ ਸਾੜਨ ਲਈ ਬਦਲ ਦਿੱਤਾ ਹੈ।

ਪ੍ਰਦੂਸ਼ਣ ਕਾਰਨ ਹੁੰਦੇ ਰੋਗਾਂ ਤੋਂ ਛੁਟਕਾਰਾ

ਪਰਾਲੀ ਨਾ ਸਾੜਨ ਵਾਲੇ ਇਲਾਕੇ ‘ਚ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ਸਿਹਤ ਮਾਹਿਰਾਂ ਅਨੁਸਾਰ ਪਰਾਲੀ ਕਾਰਨ ਬਣਦੇ ਦੂਸ਼ਿਤ ਮਹੌਲ ਕਰਕੇ ਫੇਫੜਿਆਂ ਵਿੱਚ ਸੋਜ਼, ਸਾਹ, ਦਮਾ, ਅੱਖਾਂ ਦਾ ਜਲਣਾ ਅਤੇ ਚਮੜੀ ਦੇ ਰੋਗ ਹੋ ਜਾਂਦੇ ਹਨ ਸਿਵਲ ਹਸਪਤਾਲ ਬਠਿੰਡਾ ਦੇ ਮੈਡੀਕਲ ਅਫਸਰ ਡਾ. ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਜਹਿਰੀਲੀ ਹਵਾ ਰਾਹੀਂ ਮਨੁੱਖੀ ਸਰੀਰ ‘ਚ ਦਾਖਲ ਹੁੰਦੀਆਂ ਹਾਨੀਕਾਰਕ ਗੈਸਾਂ ਮਨੁੱਖ ਦੀ ਬਿਮਾਰੀਆਂ ਨਾਲ ਲੜਨ ਵਾਲੀ ਸ਼ਹਿਣ ਸ਼ਕਤੀ ਘਟਾ ਦਿੰਦੀਆਂ ਹਨ ਜਿਸ ਨਾਲ ਹੋਰ ਵੀ ਕਈ ਤਰ੍ਹਾਂ ਦੇ ਰੋਗਾਂ ਦਾ ਖਤਰਾ ਬਣ ਜਾਂਦਾ ਹੈ।

ਤਰਜੀਹ ਮਹਿਮਾ ਸਰਜਾ ਦਾ ਅਧਿਕਾਰ

ਪਿੰਡ ਮਹਿਮਾ ਸਰਜਾ ਦੇ ਕਿਸਾਨ ਸੁਖਰਾਜ ਸਿੰਘ ਦਾ ਕਹਿਣਾ ਸੀ ਕਿ ਪਰਾਲੀ ਨੂੰ ਤਰਜੀਹ ਉਨ੍ਹਾਂ ਦਾ ਹੱਕ ਹੈ ਕਿਉਂਕਿ ਪਿੰਡ ਨੇ ਜਮੀਨ ਦੀ ਕੁਰਬਾਨੀ ਦਿੱਤੀ ਹੈ ਉਨ੍ਹਾਂ ਸਵਾਲ ਕੀਤਾ ਕਿ ਜੇਕਰ ਥਰਮਲ ਹੋਣ ਕਾਰਨ ਬਠਿੰਡਾ ਨੂੰ ਬਿਨਾਂ ਕੱਟ ਬਿਜਲੀ ਦਿੱਤੀ ਜਾ ਸਕਦੀ ਹੈ ਤਾਂ ਉਨ੍ਹਾਂ ਦੇ ਪਿੰਡ ਨੂੰ ਪਰਾਲੀ ‘ਚ ਪਹਿਲ ਕਿਉਂ ਨਹੀਂ ਉਨ੍ਹਾਂ ਆਖਿਆ ਕਿ ਇੱਕ ਸਾਲ ਦੇਰ ਨਾਲ ਹੀ ਸਹੀ ਕੰਪਨੀ ਨੇ ਚੰਗਾ ਫੈਸਲਾ ਲਿਆ ਹੈ ਜਿਸ ਨੂੰ ਲਗਾਤਾਰ ਜਾਰੀ ਰੱਖਿਆ ਜਾਣਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਪਰਾਲੀ ਨਾ ਚੁੱਕਣ ਕਾਰਨ ਪਿੰਡ ਵਾਸੀਆਂ ‘ਚ ਨਰਾਜ਼ਗੀ ਸੀ ਜੋ ਹੁਣ ਘਟੇਗੀ।

ਪਰਾਲੀ ਸਮੇਟਣ ਦਾ ਕੰਮ ਸ਼ੁਰੂ: ਸੀਜੀਐਮ

ਨਿਊਵੇਅ ਕੰਪਨੀ ਦੇ ਚੀਫ ਜਨਰਲ ਮੈਨੇਜਰ (ਪ੍ਰਜੈਕਟ) ਕਰਿਸ਼ਨ ਜਯੋਤੀ ਦਾ ਕਹਿਣਾ ਸੀ ਕਿ ਕੰਪਨੀ ਨੇ ਮਹਿਮਾ ਸਰਜਾ ਦੇ ਖੇਤਾਂ ਚੋਂ ਪਰਾਲੀ ਦੀਆਂ ਗੱਠਾਂ ਬਨਾਉਣ ਦਾ ਕੰਮ ਆਰੰਭ ਕਰ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਜਦੋਂ ਪ੍ਰਜੈਕਟ ਮੁਕੰਮਲ ਹੋ ਗਿਆ ਤਾਂ ਇੱਥੋਂ ਤਾਂ ਕੀ ਆਸ ਪਾਸ ਦੇ ਪਿੰਡਾਂ ਦੀ ਪਰਾਲੀ ਨੂੰ ਵੀ ਸਮੇਟਿਆ ਜਾ ਸਕੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।