ਲਿੰਕ ਨਹਿਰ : ਡੀਜੀਪੀ ਨੇ ਲਿਆ ਸੁਰੱਖਿਆ ਦਾ ਜਾਇਜ਼ਾ

Link Canal

ਡੀਜੀਪੀ ਸੁਰੇਸ਼ ਅਰੋੜਾ ਨੇ ਸ਼ੰਭੂ ਬਾਰਡਰ ਤੇ ਕਪੂਰੀ ਦਾ ਕੀਤਾ ਦੌਰਾ

  • ਪੰਜਾਬ ਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋਂ 23 ਫਰਵਰੀ ਨੂੰ ਪੰਜਾਬ ਅੰਦਰ ਦਾਖਲ ਹੋ ਕੇ ਐੱਸਵਾਈਐੱਲ ਨਹਿਰ (Link Canal) ਕੱਢਣ ਸਬੰਧੀ ਦਿੱਤੀ ਗਈ ਚਿਤਾਵਨੀ ਦੇ ਮੱਦੇਨਜ਼ਰ ਅੱਜ ਪੰਜਾਬ ਦੇ ਡੀਜੀਪੀ ਸ੍ਰੀ ਸੁਰੇਸ਼ ਅਰੋੜਾ ਨੇ ਸ਼ੰਭੂ ਬਾਰਡਰ ਤੇ ਕਪੂਰੀ ਪਿੰਡ ਵਿਖੇ ਵੱਖ-ਵੱਖ ਐਂਟਰੀ ਪੁਆਇੰਟਾਂ ਦਾ ਦੌਰਾ ਕਰਕੇ ਸਰੁੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਉਨ੍ਹਾਂ ਵੱਲੋਂ ਪੰਜਾਬ ਦੇ ਪੁਲਿਸ ਅਧਿਕਾਰੀਆਂ ਸਮੇਤ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਕੇ ਸਥਿਤੀ ਨਾਲ ਨਿਪਟਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਪੰਜਾਬ ਦੇ ਡੀਜੀਪੀ ਸ੍ਰੀ ਸੁਰੇਸ਼ ਅਰੋੜਾ ਵੱਲੋਂ ਪਹਿਲਾ ਸ਼ੰਭੂ ਬਾਰਡਰ ਅਤੇ ਉਸ ਤੋਂ ਬਾਅਦ ਕਪੂਰੀ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਪਟਿਆਲਾ ਜੋਨ ਦੇ ਆਈ ਜੀ ਬੀ. ਚੰਦਰ ਸੇਖਰ, ਡੀਆਈਜੀ ਅਸ਼ੀਸ ਚੌਧਰੀ, ਪਟਿਆਲਾ ਦੇ ਐਸਐਸਪੀ ਸ੍ਰੀ. ਭੁਪਤੀ ਸਮੇਤ ਰਾਜਪੁਰਾ ਅਤੇ ਘਨੌਰ ਦੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਕਿਸੇ ਨੂੰ ਵੀ ਅਮਨ ਕਾਨੂੰਨ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੁਲਿਸ ਨੇ ਸੰਭੂ ਬਾਰਡਰ ਸਮੇਤ ਕਪੂਰੀ ਨੂੰ ਜਾਣ ਵਾਲੇ ਸਾਰੇ ਰਸਤਿਆਂ ਤੇ ਨਾਕਾਬੰਦੀ ਸਮੇਤ ਬਾਜ ਅੱਖ ਰੱਖੀ ਹੋਈ ਹੈ। ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਐਸਵਾਲੀਐਲ ਦੇ ਮਾਮਲੇ ਤੇ ਜੋ ਸਟੇਟਸ-ਕੋ ਦਿੱਤੀ ਗਈ ਹੈ ਉਸ ਅਨੁਸਾਰ ਇਸ ਨਹਿਰ ਦੀ ਸਥਿਤੀ ਜਿਊ ਦੀ ਤਿਊਂ ਰੱਖੀ ਜਾਵੇਗੀ ਅਤੇ ਕਿਸੇ ਵੀ ਵਿਅਕਤੀ ਨੂੰ ਮਾਨਯੋਗ ਅਦਾਲਤ ਦੇ ਨਿਯਮਾਂ ਦੀ ਉਲੰਘਨਾ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ 23 ਫਰਵਰੀ ਨੂੰ ਆਵਾਜਾਈ ਦੇ ਬਦਲਵੇਂ ਪ੍ਰਬੰਧਾਂ ਬਾਰੇ ਰੂਪ ਰੇਖਾ ਉਲੀਕੀ ਜਾ ਰਹੀ ਹੈ।

ਬਾਰਡਰ ਤੇ ਸਖਤ ਸਰੁੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ

ਇਸ ਤੋਂ ਪਹਿਲਾ ਡੀਜੀਪੀ ਵੱਲੋਂ ਸੰਭੂ ਬਾਰਡਰ ਨੇੜੇ ਪੁਲ ਉੱਪਰ ਹਰਿਆਣਾ ਦੇ ਏਡੀਜੀਪੀ ਆਰ ਸ੍ਰੀ ਮਿਸਰਾ, ਐਸਪੀ ਅੰਬਾਲਾ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੋਵਾਂ ਰਾਜਾਂ ਦੇ ਸਰੁੱਖਿਆ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਹਰਿਆਣਾ ਦੇ ਏਡੀਜੀਪੀ ਸ੍ਰੀ ਮਿਸਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੇਂਦਰ ਤੋਂ ਫੋਰਸ ਦੀਆਂ ਪੰਜ ਟੁਕੜੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਜਿਸ ਥਾਂ ਤੇ ਇਨੈਲੋ ਦੇ ਕਾਰਕੁੰਨਾਂ ਇਕੱਠੇ ਹੋਣਗੇ ਉੱਥੇ ਸਮੇਤ ਬਾਰਡਰ ਤੇ ਸਖਤ ਸਰੁੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ 23 ਫਰਵਰੀ ਨੂੰ ਤੜਕਸਾਰ ਹੀ ਪੰਜਾਬ ਪੁਲਿਸ ਦੇ ਨਾਲ ਕੇਂਦਰ ਦੀਆਂ ਪੁਲਿਸ ਬਲਾਂ ਦੀ ਟੁਕੜੀਆਂ ਆਪਣੇ ਮੋਰਚੇ ਸੰਭਾਲ ਲੈਣਗੀਆ ਅਤੇ ਇਨੈਲੋਂ ਦੇ ਵਰਕਰਾਂ ਨੂੰ ਹਰਿਆਣਾ ਵਿੱਚ ਰੋਕਣ ਦੀ ਹੀ ਕੋਸ਼ਿਸ ਕੀਤੀ ਜਾਵੇਗੀ। ਅੱਜ ਡੀਜੀਪੀ ਦੇ ਦੌਰੇ ਦੌਰਾਨ ਪੰਜਾਬ ਭਰ ਦੇ ਉੱਚ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

ਪੁਲਿਸ ਵੱਲੋਂ ਟਰੈਫਿਕ ਦੇ ਬਦਲਵੇਂ ਰੂਟ ਜਾਰੀ

ਐਸ.ਐਸ.ਪੀ. ਡਾ: ਐਸ. ਭੂਪਤੀ ਨੇ ਦੱਸਿਆ ਕਿ ਜੀ.ਟੀ.ਰੋਡ ਰਾਜਪੁਰਾ ਤੋਂ ਸ਼ੰਭੂ ਬੈਰੀਅਰ ਤੱਕ ਹਰ ਤਰ੍ਹਾਂ ਦੀਆਂ ਗੱਡੀਆਂ ਦੇ ਜਾਣ ਦੀ ਮਨਾਹੀ ਹੋਵੇਗੀ ਜਦ ਕਿ ਸਾਰੀਆਂ ਹੈਵੀ ਗੱਡੀਆਂ ਨੂੰ ਸਰਹਿੰਦ ਤੋਂ ਅੰਬਾਲਾ ਤੱਕ ਹਰ ਕਿਸਮ ਦੇ ਰਸਤੇ ਤੋਂ ਜਾਣ ਦੀ ਮਨਾਹੀ ਹੋਵੇਗੀ। ਸਾਰੇ ਛੋਟੇ ਵਾਹਨ ਜਿਹਨਾਂ ਨੇ ਲੁਧਿਆਣਾ, ਖੰਨਾ-ਪਟਿਆਲਾ ਸਾਈਡ ਤੋਂ ਅੰਬਾਲਾ ਦਿੱਲੀ ਨੂੰ ਜਾਣਾ ਹੋਵੇ ਤਾਂ ਉਹ ਵਾਇਆ ਸਰਹਿੰਦ, ਫਤਹਿਗੜ੍ਹ ਸਾਹਿਬ, ਲਾਂਡਰਾਂ ਚੌਂਕ, ਬਨੂੜ ਜਾਂ ਏਅਰ ਪੋਰਟ ਰੋਡ ਮੋਹਾਲੀ ਤੋਂ ਹੁੰਦੀਆਂ ਹੋਈਆਂ ਵਾਇਆ ਜੀਰਕਪੁਰ, ਡੇਰਾਬਸੀ, ਲਾਲੜੂ, ਅੰਬਾਲਾ ਸਿਟੀ ਜਾ ਸਕਣਗੀਆਂ। ਦਿੱਲੀ-ਅੰਬਾਲਾ ਹਰਿਆਣਾ ਸਾਈਡ ਤੋਂ ਆਉਣ ਵਾਲੀਆਂ ਗੱਡੀਆਂ ਜਿਹਨਾਂ ਨੇ ਪੰਜਾਬ ਜਾਂ ਚੰਡੀਗੜ੍ਹ ਆਉਣਾ ਹੋਵੇ ਵਾਇਆ ਅੰਬਾਲਾ ਸਿਟੀ, ਲਾਲੜੂ, ਡੇਰਾਬਸੀ, ਜ਼ੀਰਕਪੁਰ, ਬਨੂੜ ਜਾਂ ਏਅਰ ਪੋਰਟ ਚੌਂਕ ਮੋਹਾਲੀ ਰਾਹੀਂ ਲਾਂਡਰਾ ਚੌਕ, ਫਤਹਿਗੜ੍ਹ ਸਾਹਿਬ ਵਿਖੇ ਪੁੱਜ ਜਾਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ