ਆਓ ਜਾਮਣਾਂ ਖਾਈਏ

ਆਓ ਜਾਮਣਾਂ ਖਾਈਏ

ਆਓ ਜਾਮਣਾਂ ਖਾਈਏ ਜੀਅ ਭਰਕੇ ਬਈ,
ਅਸੀਂ ਚੁਗਾਂਗੇ ਤੋੜੀਂ ਤੂੰ ਉੱਤੇ ਚੜ੍ਹਕੇ ਬਈ।
ਕਾਲੂ ਚੜ੍ਹ ਗਿਆ ਰੁੱਖ ਦੇ ਉੱਤੇ ਮਾਰ ਛੜੱਪੇ,
ਅਸੀਂ ਚੁਗੀਆਂ ਖੁਸ਼ ਹੋ ਕੇ ਨਾਲੇ ਨੱਚੇ ਟੱਪੇ।
ਅਸਾਂ ਝੋਲੀਆਂ, ਗੀਝੇ, ਜੇਬ੍ਹਾਂ ਲਈਆਂ ਭਰ,
ਕੁੜਤੇ ਉੱਤੇ ਦਾਗ ਜੋ ਪੈ ਗਏ ਲੱਗਦਾ ਡਰ।
ਸੋਚੋ ਤਰਕੀਬ ਬੇਲੀਓ ਕਾਹਤੋਂ ਗਏ ਖੜ੍ਹ,
ਇੰਝ ਗਏ ਤਾਂ ਕੁੱਟ ਬੜੀ ਹੈ ਪੈਣੀ ਘਰ।
ਕਹਿੰਦੇ ਵਿੱਚ ਖਾਲ ’ਚ ਨਹਾਕੇ ਕੱਪੜੇ ਧੋਈਏ,
ਰੰਗ ਲਹੇ ਨਾ ਸਗੋਂ ਗੂੜ੍ਹਾ ਹੋਵੇ ਜਿੰਨਾ ਧੋਈਏ।

ਚੱਲੋ ਘਰਾਂ ਨੂੰ ਚੱਲੀਏ ਦੇਖੀ ਜਾਊ ਬਣਦੀ ਜਿਹੜੀ,
ਭੱਜ ਕੇ ਰੋਕੋ ਦੇਖੋ ਉਹ ਆਉਂਦੀ ਬਾਬੇ ਕੀ ਰੇਹੜੀ।
ਡਰਦੇ-ਡਰਦੇ ਜਾ ਘਰਾਂ ’ਚ ਵੜ ਗਏ ਬੇਲੀ ਸਾਰੇ,
ਦਾਗ ਦੇਖ ਕੇ ਖੋਹੀਆਂ ਜਾਮਣਾਂ ਨਾਲੇ ਝੰਬੇ ਝਾੜੇ।
ਮੂਹਰੇ ਹੋ ਗਿਆ ਬਾਬਾ ਓਹਨੇ ਸੀ ਜਾਨ ਬਚਾਈ,
ਕਹਿੰਦਾ, ਦੱਸੋ ਹੋਰ ਕੀ ਨਿਆਣੇ ਕਰਦੇ ਹੁੰਦੇ ਭਾਈ।
ਜਦ ਸ਼ਾਮੀਂ ਸਾਰਾ ਟੱਬਰ ਲੱਗਾ ਜਾਮਣਾਂ ਖਾਵਣ,
ਮਨ ‘ਬਲਜੀਤ’ ਮੇਰਾ ਵੀ ਲੱਗਾ ਭੰਗੜੇ ਪਾਵਣ।
ਤੋੜਨ ਜਦ ਵੀ ਕਦੇ ਮਿੱਤਰੋ ਜਾਮਣਾਂ ਜਾਈਏ,
ਝੋਲਾ ਨਾਲ ਲਿਜਾਣਾ ਇਹੋ ਗੱਲ ਸਮਝਾਈਏ।
ਬਲਜੀਤ ਸਿੰਘ ਅਕਲੀਆ
ਸਰਕਾਰੀ ਹਾਈ ਸਕੂਲ ਕੁਤਬਾ (ਬਰਨਾਲਾ)।
ਮੋ. 98721-21002

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।